ਚੋਣਾਂ ਮੌਕੇ ਏਨਾ ਧੱਕਾ
ਕਦੇ ਨੀ ਹੋਇਆ।
ਸਾਡੇ ਵੇਲੇ ਚੋਣਾਂ ਮੌਕੇ
ਚਲਦੀਆਂ ਸੀ ਡਾਂਗਾਂ
ਇੱਟਾਂ-ਰੋੜ੍ਹੇ ਹੱਦ ਤਲਵਾਰਾਂ
ਪਰ ਇਸ ਵਾਰੀ…
ਗੋਲੀਆਂ ਚੱਲੀਆਂ ਲਹੂ ਡੁਲਿਆ
ਕਤਲ ਨੇ ਹੋਏ
ਏਨਾ ਧੱਕਾ!
ਏਨਾ ਧੱਕਾ ਕਦੇ ਨੀ ਹੋਇਆ।
ਸਾਡੇ ਵੇਲੇ ਨਾਗਣੀ-ਭੁੱਕੀ
ਚੱਲਦੀ ਦੇਸੀ ਹੱਦ ਅੰਗਰੇਜ਼ੀ
ਪਰ ਇਸ ਵਾਰੀ…
ਚਿੱਟਾ ਚਲਿਆ ਟੀਕੇ ਚੱਲੇ
ਕੈਪਸੂਲ-ਗੋਲੀਆਂ
ਏਨਾ ਧੱਕਾ!
ਏਨਾ ਧੱਕਾ ਕਦੇ ਨੀ ਹੋਇਆ।
ਆਪਣੇ ਵੇਲੇ ਪਾਉਂਦੇ ਸਾਂ ਵੰਡੀਆਂ
ਜਾਤਾਂ-ਪਾਤਾਂ ਦੇ ਨਾਂ ਉੱਤੇ
ਪਰ ਇਸ ਵਾਰੀ…
ਮਜ਼੍ਹਬਾਂ ਦੀਆਂ ਵੰਡੀਆਂ
ਅਗਜ਼ਨੀ-ਦੰਗੇ
ਏਨਾ ਧੱਕਾ!
ਏਨਾ ਧੱਕਾ ਕਦੇ ਨੀ ਹੋਇਆ।
ਆਪਣੇ ਵੇਲੇ ਵਰਤੀ ਮਸ਼ੀਨਰੀ
ਪੁਲਿਸ-ਪ੍ਰਸਾਸ਼ਨ ਧੱਕਾਜ਼ੋਰੀ
ਪਰ ਇਸ ਵਾਰੀ…
ਚੋਣ ਕਮਿਸ਼ਨ ਗੱਠਿਆ
ਏਨਾ ਧੱਕਾ!
ਏਨਾ ਧੱਕਾ ਕਦੇ ਨੀ ਹੋਇਆ।
ਸਾਡੇ ਵੇਲੇ
ਜਿੱਤਦੀ ਬਾਲਟੀ ਕਦੇ ਲਾਲਟੈਨ
ਪਰ ਇਸ ਵਾਰੀ…
ਨੋਟਾ ਜਿੱਤਿਆ
ਏਨਾ ਧੱਕਾ!
ਏਨਾ ਧੱਕਾ ਕਦੇ ਨੀ ਹੋਇਆ।