ਅੰਮ੍ਰਿਤਸਰ – ਭਾਜਪਾ ਦੇ ਆਗੂ ਅਤੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪਿੰਗਲਵਾੜਾ ਦੇ ਮਾਨਾਵਾਲਾ ਕੰਪਲੈਕਸ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨ ਪਦਮ ਭੂਸ਼ਣ ਡਾ. ਇੰਦਰਜੀਤ ਕੌਰ ਨਾਲ ਉਨ੍ਹਾਂ ਦੀ ਭਾਣਜੀ ਅਤੇ ਪਿੰਗਲਵਾੜਾ ਦੀ ਪਲਸੌਰਾ ਸ਼ਾਖਾ, ਚੰਡੀਗੜ੍ਹ ਦੇ ਪ੍ਰਬੰਧਕ ਬੀਬੀ ਰਵਿੰਦਰ ਕੌਰ ਚੰਨੀ ਦੇ ਬੇਵਕਤ ਅਕਾਲ ਚਲਾਣੇ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਸੰਧੂ ਸਮੁੰਦਰੀ ਨੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀਆਂ ਸੇਵਾਵਾਂ ਅਤੇ ਦੂਰ ਅੰਦੇਸ਼ੀ ਸੋਚ ਦੀ ਸ਼ਲਾਘਾ ਕੀਤੀ। ਸੰਧੂ ਸਮੁੰਦਰੀ ਨੇ ਡਾ. ਇੰਦਰਜੀਤ ਕੌਰ ਨਾਲ ਨਿਰਸਵਾਰਥ ਲੋਕ ਸੇਵਾ ਲਈ ਆਪਸੀ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਵਾਸੀ ਭਾਈਚਾਰਾ ਪਿੰਗਲਵਾੜਾ ਵੱਲੋਂ ਜਾਤ, ਨਸਲ, ਰੰਗ ਅਤੇ ਧਾਰਮਿਕ ਪਛਾਣ ਤੋਂ ਉਪਰ ਉੱਠ ਕੇ ਬੇਘਰੇ ਅਤੇ ਬੇਸਹਾਰਿਆਂ ਨੂੰ ਆਸਰਾ ਦੇਣ, ਗ਼ਰੀਬਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਮੇਤ ਸਰੀਰਕ ਅਤੇ ਮਾਨਸਿਕ ਤੌਰ ‘ਤੇ ਅਪਾਹਜਾਂ ਦੀ ਸੇਵਾ ਸਹਾਇਤਾ ’ਚ ਆਪਣਾ ਯੋਗਦਾਨ ਪਾਉਣਾ ਪ੍ਰਤੀ ਗਹਿਰੀ ਦਿਲਚਸਪੀ ਅਤੇ ਤਤਪਰ ਹੈ। ਉਨ੍ਹਾਂ ਸਮਾਜ ਨੂੰ ਬਿਹਤਰ ਐਜੂਕੇਸ਼ਨ, ਹੈਲਥ, ਨਸ਼ਾ ਮੁਕਤੀ ਅਤੇ ਸਕਿੱਲ ਡਿਵੈਲਪਮੈਂਟ ਆਦਿ ਖੇਤਰਾਂ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਵਿਦੇਸ਼ੀ ਸੰਸਥਾਵਾਂ ਨਾਲ ਸੰਪਰਕ ਬਣਾਉਣ ’ਚ ਸਹਿਯੋਗ ਕਰਨ ਅਤੇ ਮਿਲ ਕੇ ਚਲਣ ’ਤੇ ਵੀ ਵਿਸਥਾਰ ’ਚ ਚਰਚਾ ਕੀਤੀ।
ਇਸ ਮੌਕੇ ਡਾ. ਇੰਦਰਜੀਤ ਕੌਰ ਵੱਲੋਂ ਸੰਧੂ ਸਮੁੰਦਰੀ ਨੂੰ ਮਾਨਾਵਾਲਾ ਕੰਪਲੈਕਸ ਵਿਖੇ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਪ੍ਰੋਸਥੈਟਿਕ ਸੈਂਟਰ ਜਿੱਥੇ ਅਪਾਹਜ ਵਿਅਕਤੀਆਂ ਲਈ ਨਕਲੀ ਅੰਗ ਬਣਾਉਣ ’ਚ ਨਵੀਂ ਅਤੇ ਆਧੁਨਿਕ ਤਕਨਾਲੋਜੀ ਪ੍ਰਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਜਿਸ ਨੂੰ ਸੰਧੂ ਵੱਲੋਂ ਦ੍ਰਿੜ੍ਹਤਾ ਨਾਲ ਪ੍ਰਵਾਨ ਕੀਤਾ ਗਿਆ ਅਤੇ ਕਿਹਾ ਕਿ ਉਹ ਅਪਾਹਜ ਵਿਅਕਤੀਆਂ ਲਈ ਪ੍ਰੋਥੇਸਿਸ, ਆਰਥੋਸਿਸ, ਸਪਲਿੰਟ, ਰੀੜ੍ਹ ਦੀ ਹੱਡੀ, ਸਰਵਾਈਕਲ ਆਰਥੋਸਿਸ, ਸਰਜੀਕਲ ਜੁੱਤੇ ਅਤੇ ਸਹਾਇਕ ਉਪਕਰਨ ਤਿਆਰ ਕਰਨ ਦੇ ਮਕਸਦ ਲਈ ਵਿਸ਼ਵ ਪੱਧਰ ਦੀ ਨਵੀਂ ਤਕਨਾਲੋਜੀ ਅਤੇ ਉੱਨਤ ਮਸ਼ੀਨਰੀ ਸੰਸਥਾ ਲਈ ਲੈ ਕੇ ਆਵੇਗਾ ਅਤੇ ਪਿੰਗਲਵਾੜੇ ਨੂੰ ਇਸ ਸਹੂਲਤ ਤੇ ਸੇਵਾ ਪੱਖੋਂ ਪੂਰੇ ਉੱਤਰੀ ਭਾਰਤ ਵਿੱਚ ਵਿਲੱਖਣ ਬਣਾਇਆ ਜਾਵੇਗਾ।
ਇਸ ਮੌਕੇ ਬੋਲਦਿਆਂ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸੰਸਥਾ ਨਿਰਸਵਾਰਥ ਲੋਕ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਗੁਰਮਤਿ ਫ਼ਲਸਫ਼ੇ ਨੂੰ ਫੈਲਾਉਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਦਾਚਾਰਕ ਕਦਰਾਂ ਕੀਮਤਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦਾ ਭਲਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਉਪਦੇਸ਼ ’ਤੇ ਅਮਲ ਕੀਤੇ ਬਿਨਾ ਬਿਹਤਰ ਸਮਾਜ ਨਹੀਂ ਸਿਰਜਿਆ ਜਾ ਸਕਦਾ। ਉਨ੍ਹਾਂ ’ਕਿਰਤ’ ਦੀ ਖ਼ਤਮ ਹੋ ਰਹੀ ਅਹਿਮੀਅਤ ਅਤੇ ਬੱਚਿਆਂ ਦੇ ਭਵਿਖ ਬਾਰੇ ਚਿੰਤਾ ਜ਼ਾਹਿਰ ਕੀਤਾ ਅਤੇ ਮੌਜੂਦਾ ਨਿਜ਼ਾਮ ’ਤੇ ਰੋਸ ਜਤਾਉਂਦਿਆਂ ਕਿਹਾ ਕਿ ਬਚਿਆਂ ਨੂੰ ਟੇਲੈਂਟ ਤੇ ਸਕਿੱਲ ਪ੍ਰਦਾਨ ਕਰਨ ’ਚ ਸਾਹਮਣੇ ਆਈ ਨਾਕਾਮੀ ਕਾਰਨ ਭੇਡ ਚਾਲ ਵੱਸ ਬਾਹਰ ਜਾ ਰਹੇ ਸਾਡੇ ਬਚੇ ਉੱਥੇ ਟੇਲੈਂਟ ਤੋਂ ਬਿਨਾ ਧੱਕੇ ਖਾ ਰਹੇ ਹਨ। ਇਸ ਮੌਕੇ ਸੰਧੂ ਸਮੁੰਦਰੀ ਨੂੰ ਬੀਬੀ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਸ. ਪਰਮਿੰਦਰ ਸਿੰਘ ਸੰਧੂ ਸਰਹਾਲੀ ਵੀ ਮੌਜੂਦ ਸਨ।