ਪੰਜਾਬ ਸੂਬੇ ਦੀ ਖੇਡਾਂ ਦੀ ਕਹਾਣੀ ਕਦੇ ਗੌਰਵਸ਼ਾਲੀ ਰਹੀ ਹੈ। ਕਈ ਸਮੇਂ ਪਹਿਲਾਂ, ਪੰਜਾਬ ਦੇ ਖਿਡਾਰੀ ਜਿੱਤਣ ਵਿੱਚ ਸਿਰਮੌਰ ਸਾਬਤ ਹੁੰਦੇ ਸਨ ਅਤੇ ਰਾਜ ਪੱਧਰ ਤੇ ਖੇਡਾਂ ਵਿੱਚ ਉਪਲਬਧੀਆਂ ਦੇ ਮਾਮਲੇ ਵਿੱਚ ਅੱਗੇ ਸਨ। ਪਰ ਜੇਕਰ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ, ਤਾਂ ਸੂਬੇ ਦੇ ਖੇਡਾਂ ਦਾ ਗਰਾਫ ਹੌਲੀ-ਹੌਲੀ ਹੇਠਾਂ ਆ ਰਿਹਾ ਹੈ। ਰਿਕਾਰਡ ਬੋਲਦੇ ਹਨ ਕਿ ਸਰਕਾਰੀ ਉਪਰਾਲਿਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ, ਵੱਡੇ ਪੱਧਰ ਤੇ ਖੇਡਾਂ ਵਿੱਚ ਪੰਜਾਬ ਦਾ ਕੱਦ ਘਟਦਾ ਜਾ ਰਿਹਾ ਹੈ। ਸਾਡਾ ਸੂਬਾ ਪੰਜਾਬ, ਜੋ ਇੱਕ ਸਮੇਂ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਸੀ, ਅੱਜ ਕਾਫ਼ੀ ਹੱਦ ਤੱਕ ਆਪਣਾ ਪੁਰਾਣਾ ਸਨਮਾਨ ਗੁਆ ਬੈਠਾ ਹੈ। ਭਾਵੇਂ ਕਿ ਸਰਕਾਰਾਂ ਵੱਲੋਂ ਖੇਡਾਂ ਨੂੰ ਉੱਚਾ ਉਠਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਗਏ ਹਨ, ਫਿਰ ਵੀ ਅਸਲ ਪ੍ਰਾਪਤੀਆਂ ਪੰਜਾਬ ਦੇ ਹਿੱਸੇ ਨਹੀਂ ਆ ਰਹੀਆਂ। ਰਿਕਾਰਡ ਗਵਾਹ ਹਨ ਕਿ ਇਸ ਵਾਰ ਦੇ ਰਾਸ਼ਟਰੀ ਖੇਡ ਮੈਦਾਨਾਂ ਵਿੱਚ ਪੰਜਾਬ ਦੀ ਹਿਸੇਦਾਰੀ ਘੱਟ ਰਹੀ ਹੈ। ਖੇਡਾਂ ਵਿੱਚ ਸੂਬੇ ਦੀ ਇਸ ਪਤਨ ਦਾ ਕਾਰਨ ਸਮੇਂ ਦੇ ਨਾਲ ਬਦਲਦੇ ਹਾਲਾਤ ਅਤੇ ਸਿਸਟਮ ਵਿੱਚ ਆਈਆਂ ਕਈ ਖਾਮੀਆਂ ਹਨ, ਜਿਸ ਵਿੱਚ ਬਿਊਰੋਕਰੈਸੀ, ਵਿਭਾਗੀ ਸਿਆਸਤ ਅਤੇ ਨਿਜੀ ਸੰਚਾਲਤ ਐਸੋਸੀਏਸ਼ਨਾਂ ਦੇ ਹੱਥਾਂ ਵਿੱਚ ਖੇਡਾਂ ਦਾ ਭਵਿੱਖ ਦਾਅ ਤੇ ਲੱਗਿਆ ਦਿਸਦਾ ਹੈ।
ਖੇਡਾਂ ਵਿੱਚ ਪੰਜਾਬ ਦੀ ਗਿਰਾਵਟ ਦੇ ਬਹੁਤ ਸਾਰੇ ਕਾਰਨ ਹਨ। ਪੰਜਾਬ ਦੇ ਨੌਜਵਾਨਾਂ ਵਿੱਚ ਕਦੇ ਜੋ ਉਤਸ਼ਾਹ ਸੀ, ਉਹ ਹੁਣ ਮੋਬਾਇਲ,ਸੋਸ਼ਲ ਮੀਡੀਆ ਅਤੇ ਕਈ ਪ੍ਰਕਾਰ ਦੀਆਂ ਹੋਰ ਗਲਤ ਆਦਤਾਂ ਦੀ ਜੱਕੜ ਵਿੱਚ ਫਸਦਾ ਜਾ ਰਿਹਾ ਹੈ। ਪਰ ਨੌਜਵਾਨਾਂ ਦੀ ਤਕਲੀਫ਼ ਸਿਰਫ ਇਸ ਤੱਕ ਹੀ ਸੀਮਿਤ ਨਹੀਂ ਹੈ। ਵਿਭਾਗੀ ਪੱਧਰ ਤੇ ਸਬੰਧਤ ਜਿਆਦਾਤਰ ਕਰਮਚਾਰੀ ਅਤੇ ਪ੍ਰਾਈਵੇਟ ਐਸੋਸੀਏਸ਼ਨਾਂ ਦੇ ਦਰਮਿਆਨ ਇਕ ਸਾਂਝ ਦਾ ਘੇਰਾ ਬਣ ਚੁੱਕਾ ਹੈ, ਜੋ ਕਿ ਖਿਡਾਰੀਆਂ ਦੀ ਚੋਣ ‘ਚ ਬੇਇਮਾਨੀ ਕਰਦੇ ਹਨ। ਜਿਸ ਕਾਰਨ ਸਿਰਫ ਉਹੀ ਖਿਡਾਰੀ ਅੱਗੇ ਵਧਦਾ ਹੈ ਜੋ ਵਿਭਾਗੀ ਕਰਮਚਾਰੀਆਂ ਦੀਆਂ ਮਨਮਰਜ਼ੀਆਂ ਤੇ ਸਹਿਮਤ ਹੁੰਦਾ ਹੈ। ਜਿਹੜੇ ਸਚਮੁਚ ਉਪਲਬਧੀਆਂ ਹਾਸਿਲ ਕਰਨ ਦੇ ਯੋਗ ਹਨ, ਉਹਨਾਂ ਨੂੰ ਜ਼ਰੂਰੀ ਸਹਿਯੋਗ ਨਹੀਂ ਮਿਲਦਾ। ਇਸੇ ਕਾਰਨ, ਕਈ ਯੋਗ ਖਿਡਾਰੀ ਪਹਿਲਾਂ ਹੀ ਆਪਣੀ ਉਮੀਦ ਖਤਮ ਕਰ ਚੁੱਕੇ ਹਨ ਅਤੇ ਖੇਡਾਂ ਤੋਂ ਹੱਥ ਖਿੱਚ ਲਿਆ ਹੈ। ਖੇਡਾਂ ਨਾਲ ਸੰਬੰਧਿਤ ਜਿਆਦਾਤਰ ਕਰਮਚਾਰੀ ਅਤੇ ਕਈ ਵਾਰ ਸਪੋਰਟਸ ਐਸੋਸੀਏਸ਼ਨਾਂ ਦੇ ਹਥਕੰਡੇ ਖਿਡਾਰੀਆਂ ਦੇ ਭਵਿੱਖ ਨੂੰ ਖਤਰੇ ‘ਚ ਪਾ ਦਿੰਦੇ ਹਨ। ਪੈਸੇ ਦੇ ਦਬਾਅ ਤੇ ਬਾਹਰੀ ਹਸਤੀ ਤੋਂ ਪ੍ਰਭਾਵਿਤ ਹੋ ਕੇ ਮੌਕੇ ਦੇਣ ਦਾ ਰਿਵਾਜ ਹੋ ਰਿਹਾ ਹੈ। ਇਸ ਲੇਖ ਵਿੱਚ, ਮੈਂ ਆਪਣੀ ਨਿੱਜੀ ਜ਼ਿੰਦਗੀ ਦਾ ਤਜਰਬਾ ਵੀ ਸ਼ਾਮਿਲ ਕਰ ਰਿਹਾ ਹਾਂ, ਜੋ ਮੈਂ ਖੇਡ ਦੇ ਮੈਦਾਨ ਵਿੱਚ ਵਿਦਿਆਰਥੀਆਂ ਨੂੰ ਖਿਡਾਉਂਦੇ ਹੋਏ ਅਨੁਭਵ ਕੀਤਾ ਹੈ।।
ਮੈਂ ਆਪਣੇ 18-19 ਸਾਲ ਦੇ ਅਧਿਆਪਨ ਦੇ ਤਜਰਬੇ ਵਿੱਚ ਸਿਰਫ ਸਿੱਖਿਆ ਵਿੱਚ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਹਮੇਸ਼ਾ ਇੱਕ ਮਜ਼ਬੂਤ ਯੋਗਦਾਨ ਦਿੱਤਾ ਹੈ। ਸਕੂਲੀ ਜੀਵਨ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਖੇਡਾਂ ਵਿੱਚ ਮੈਨੂੰ ਹਮੇਸ਼ਾ ਦਿਲਚਸਪੀ ਰਹੀ ਹੈ। ਇਸ ਦੌਰਾਨ, ਮੈਂ ਸਾਡੇ ਸੂਬੇ ਵਿੱਚ ਖੇਡਾਂ ਦੀ ਮੌਜੂਦਾ ਹਾਲਤ ਨੂੰ ਨਜ਼ਦੀਕੀ ਨਾਲ ਦੇਖਿਆ ਹੈ। ਪਰ ਜਿਵੇਂ ਜਿਵੇਂ ਮੈਂ ਖੇਡਾਂ ਦੇ ਮੈਦਾਨ ‘ਚ ਅੱਗੇ ਵਧਿਆ, ਮੇਰੇ ਸਾਹਮਣੇ ਖੇਡਾਂ ਦੇ ਪ੍ਰਬੰਧਨ ਨਾਲ ਜੁੜੇ ਕਈ ਕਾਲੇ ਸੱਚ ਬੇਨਕਾਬ ਹੋਏ। ਸਾਨੂੰ ਆਪਣੀ ਪੀੜ੍ਹੀ ਅਤੇ ਭਵਿੱਖ ਦੇ ਨੌਜਵਾਨਾਂ ਲਈ ਖੇਡਾਂ ਵਿੱਚ ਇੱਕ ਚੰਗੀ ਬਰਾਬਰੀ ਵਾਲੇ ਪੱਧਰ ਦੀ ਲੋੜ ਹੈ। ਸਿਰਫ ਕੋਸ਼ਿਸ਼ਾਂ ਹੀ ਕਾਫ਼ੀ ਨਹੀਂ ਹਨ, ਸਾਨੂੰ ਇਸ ਸੰਬੰਧ ਵਿੱਚ ਵਿਵਹਾਰਕ ਤਬਦੀਲੀਆਂ ਲਿਆਉਣ ਦੀ ਲੋੜ ਹੈ। ਖੇਡਾਂ ਨੂੰ ਸਿਰਫ ਇੱਕ ਗਤੀਵਿਧੀ ਵਜੋਂ ਨਹੀਂ, ਸਗੋਂ ਇੱਕ ਤੰਦਰੁਸਤ ਜੀਵਨ ਦੇ ਨਾਲ-ਨਾਲ ਪ੍ਰਤੀਯੋਗਤਾ ਅਤੇ ਪ੍ਰਾਪਤੀਆਂ ਦਾ ਮਾਧਿਅਮ ਬਣਾਉਣਾ ਹੋਵੇਗਾ।
ਨਸ਼ਿਆਂ ਦਾ ਸਿੱਧਾ ਪ੍ਰਭਾਵ ਸਿਰਫ ਖਿਡਾਰੀਆਂ ਤੱਕ ਸੀਮਿਤ ਨਹੀਂ, ਸਗੋਂ ਖੇਡਾਂ ਨਾਲ ਸਬੰਧਤ ਜਿਆਦਾਤਰ ਵਿਭਾਗੀ ਕਰਮਚਾਰੀ ਵੀ ਇਸ ਲਤ ਦੇ ਗ੍ਰਸਤ ਹਨ। ਇਹਨਾਂ ਕਰਮਚਾਰੀਆਂ ਦੀ ਕੈਬਿਨਾਂ ‘ਚ ਬੈਠਕੇ ਮਨਮਰਜੀਆਂ ਦੇ ਨਾਲ ਖਿਡਾਰੀਆਂ ਦੀ ਚੋਣ ਕਰਨ ਅਤੇ ਮਸਲੇ ਨੂੰ ਹੱਲ ਕਰਨ ਦੀਆਂ ਕਹਾਣੀਆਂ ਅਜਿਹੀਆਂ ਹਨ, ਜਿਹੜੀਆਂ ਸਾਡਾ ਖੇਡਾਂ ਦਾ ਭਵਿੱਖ ਖਤਰੇ ‘ਚ ਪਾ ਸਕਦੀਆਂ ਹਨ। ਇਸ ਤੋਂ ਇਲਾਵਾ, ਪ੍ਰਾਈਵੇਟ ਖੇਡ ਐਸੋਸੀਏਸ਼ਨਾਂ ਦਾ ਵਧਦਾ ਹਸਤੀਕਰਨ ਵੀ ਇੱਕ ਵੱਡਾ ਮੁੱਦਾ ਹੈ। ਇਹ ਐਸੋਸੀਏਸ਼ਨਾਂ ਖੇਡਾਂ ਵਿੱਚ ਪੈਸੇ ਦੇ ਸਾਧਨਾਂ ਨਾਲ ਦਬਦਬਾ ਬਣਾਉਂਦੀਆਂ ਹਨ, ਜਿਸ ਨਾਲ ਸਿਰਫ ਉਹ ਖਿਡਾਰੀ ਅੱਗੇ ਆਉਂਦੇ ਹਨ ਜੋ ਉਨ੍ਹਾਂ ਦੇ ਹੱਕ ਵਿੱਚ ਹਨ। ਇਹ ਪ੍ਰਕਿਰਿਆ ਸੱਚੇ ਯੋਗ ਖਿਡਾਰੀਆਂ ਦੀ ਚੋਣ ਵਿੱਚ ਵੱਡੀ ਰੁਕਾਵਟ ਪੈਦਾ ਕਰਦੀ ਹੈ। ਮੌਜੂਦਾ ਹਾਲਾਤਾਂ ਵਿੱਚ, ਮੌਜੂਦਾ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਕਿ ਨੌਜਵਾਨ ਅਤੇ ਬਜ਼ੁਰਗ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ, ਤਾਂ ਜੋ ਸਰੀਰਕ ਤੰਦਰੁਸਤੀ ਬਨਾਈ ਰੱਖੀ ਜਾਵੇ ਅਤੇ ਸੂਬੇ ਲਈ ਖੇਡਾਂ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਜਾ ਸਕਣ। “ਖੇਡਾਂ ਵਤਨ ਪੰਜਾਬ” ਵਰਗੇ ਪ੍ਰੋਗਰਾਮ ਇਹੋ ਜਿਹੀਆਂ ਉਪਰਾਲਿਆਂ ਦੀ ਤਾਜਾ ਮਿਸਾਲ ਹਨ, ਜਿਹਨਾਂ ਦਾ ਮਕਸਦ ਹੈ ਪੰਜਾਬ ਨੂੰ ਖੇਡਾਂ ਦੇ ਮੈਦਾਨ ਵਿੱਚ ਫਿਰ ਤੋਂ ਸਨਮਾਨਿਤ ਸਥਾਨ ਤੇ ਲੈ ਜਾਣਾ। ਪਰ ਇਹਨਾਂ ਯਤਨਾਂ ਦੇ ਬਾਵਜੂਦ ਵੀ, ਖੇਡਾਂ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਕਾਫੀ ਘਟੀਆਂ ਹਨ।
ਇਸ ਗਿਰਾਵਟ ਦਾ ਮੁੱਖ ਕਾਰਨ ਜਿਆਦਾਤਰ ਖੇਡ ਪ੍ਰਬੰਧਕੀ ਕ੍ਰਮਚਾਰੀਆਂ ਦਾ ਆਪਣੇ ਅਹੁਦਿਆਂ ਤੇ ਬੈਠ ਕੇ ਮੋਨੋਪਲੀ ਬਣਾਉਣਾ ਹੈ । ਇਹਨਾਂ ਕ੍ਰਮਚਾਰੀਆਂ ਅਤੇ ਕਈ ਵਾਰ ਖੇਡ ਐਸੋਸੀਏਸ਼ਨਾਂ ਨੇ ਸਿਰਫ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ, ਜੋ ਉਨ੍ਹਾਂ ਦੀਆਂ ਮਨਮਰਜ਼ੀਆਂ ਅਤੇ ਨਿਯਮਾਂ ਨਾਲ ਸਹਿਮਤ ਰਹੇ। ਜੋ ਖਿਡਾਰੀ ਅਪਣੇ ਹੱਕ ਦੀ ਗੱਲ ਕਰਦਾ ਹੈ, ਉਸਦਾ ਖੇਡ ਕੈਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਂਦਾ ਹੈ। ਇੱਕ ਹੋਰ ਚਿੰਤਾਜਨਕ ਗੱਲ ਖੇਡਾਂ ਨੂੰ ਖਿਡਾਉਣ ਵਾਲੇ ਜਿਆਦਾਤਰ ਕਰਮਚਾਰੀਆਂ ਦਾ ਖੁਦ ਨਸ਼ੇ ਦੀ ਆਦਤ ਨਾਲ ਗ੍ਰਸਤ ਹੋਣਾ ਵੀ ਹੈ। ਖੇਡਾਂ ਵਿੱਚ ਕਈ ਪ੍ਰਬੰਧਕ ਅਤੇ ਜਿਆਦਾਤਰ ਕ੍ਰਮਚਾਰੀ ਖੁਦ ਨਸ਼ਿਆਂ ਦੇ ਗਲਾਮ ਬਣੇ ਹੋਏ ਹਨ। ਜਦੋਂ ਅਸੀਂ ਖੇਡਾਂ ਦੇ ਮੈਦਾਨ ਵਿੱਚ ਪੈਰ ਧਰਦੇ ਹਾਂ, ਸਾਨੂੰ ਸਿਖਾਇਆ ਜਾਂਦਾ ਹੈ ਕਿ ਨਸ਼ਾ ਖਿਡਾਰੀ ਲਈ ਜ਼ਹਿਰ ਹੈ, ਫਿਰ ਉਹ ਭਾਵੇਂ ਸ਼ਰਾਬ ਹੀ ਕਿਉਂ ਨਾ ਹੋਵੇ। । ਪਰ ਅਫਸੋਸ, ਜਿਆਦਾਤਰ ਖੇਡ ਪ੍ਰਬੰਧਨ ਦੇ ਅਧਿਕਾਰੀ ਹੀ ਅਕਸਰ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਲੱਤ ਵਿੱਚ ਫਸੇ ਹੁੰਦੇ ਹਨ। ਸ਼ਾਮ ਹੁੰਦਿਆਂ ਹੀ ਜਿਆਦਾਤਰ ਖੇਡ ਕਰਮਚਾਰੀਆਂ ਅਤੇ ਪ੍ਰਾਈਵੇਟ ਐਸੋਸੀਏਸ਼ਨਾਂ ਦੀਆਂ ਪਾਰਟੀਆਂ ਵਿੱਚ ਸ਼ਰਾਬ ਦੀ ਗਲਾਸੀਆਂ ਖੜਕਨ ਲੱਗ ਜਾਂਦੀਆਂ ਹਨ। ਇਹ ਸਥਿਤੀ ਖੇਡਾਂ ਦੇ ਸਾਫ਼ ਸਫ਼ਲ ਭਵਿੱਖ ਵੱਲ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ, ਕਿ ਇਹ ਲੋਗ ਕਿਸ ਤਰ੍ਹਾਂ ਖਿਡਾਰੀਆਂ ਨੂੰ ਸਹੀ ਦਿਸ਼ਾ ਦੇ ਸਕਦੇ ਹਨ?
ਇਸ ਮੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਨੂੰ ਖੇਡ ਪ੍ਰਬੰਧਨ ਵਿੱਚ ਕੁਝ ਮਹੱਤਵਪੂਰਨ ਬਦਲਾਅ ਲਿਆਉਣ ਦੀ ਲੋੜ ਹੈ। ਸਭ ਤੋਂ ਪਹਿਲਾ, ਖੇਡਾਂ ਨਾਲ ਸਬੰਧਤ ਕਰਮਚਾਰੀਆਂ ਦੀ ਸਥਿਰਤਾ ਦੇ ਕਾਰਨ ਵਿਭਾਗੀ ਪੱਧਰ ਤੇ ਮਕੜਜਾਲ ਬਣ ਚੁੱਕਾ ਹੈ। ਖੇਡ ਪ੍ਰਬੰਧਕ ਅਹੁਦਿਆਂ ਦੀ ਰੋਟੇਸ਼ਨ ਕਰਨੀ ਚਾਹੀਦੀ ਹੈ, ਤਾਂ ਜੋ ਇੱਕ ਹੀ ਵਿਅਕਤੀ ਲੰਮੇ ਸਮੇਂ ਤੱਕ ਅਹੁਦਾ ‘ਤੇ ਬੈਠ ਕੇ ਮੋਨੋਪਲੀ ਨਾ ਬਣਾ ਸਕੇ। ਰੋਟੇਸ਼ਨ ਵਾਈਜ਼ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਨਾਲ, ਜੋ ਕਰਮਚਾਰੀ ਹੈਕੜਬਾਜ਼ੀ ਵਿੱਚ ਫਸੇ ਹੋਏ ਹਨ, ਉਹਨਾਂ ਨੂੰ ਆਪਣੀ ਅਸਲੀ ਜਿੰਮੇਵਾਰੀ ਦਾ ਅਹਿਸਾਸ ਹੋਵੇਗਾ। ਦੂਜਾ, ਖਿਡਾਰੀਆਂ ਅਤੇ ਖੇਡਾਂ ਨਾਲ ਜੁੜੇ ਕਰਮਚਾਰੀਆਂ ਲਈ ਨਸ਼ਾ ਮੁਕਤ ਜੀਵਨ ਅਤਿ ਜਰੂਰੀ ਹੋਣਾ ਚਾਹੀਦਾ ਹੈ। ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਖੇਡ ਕਰਮਚਾਰੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੌਰਾਨ ਨਸ਼ਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਿੰਮੇਵਾਰ ਅਹੁਦੇ ਤੋਂ ਹਟਾਇਆ ਜਾਵੇ। ਤੀਜਾ ,ਪ੍ਰਾਈਵੇਟ ਖੇਡ ਐਸੋਸੀਏਸ਼ਨਾਂ ਦਾ ਦਬਦਬਾ ਖਤਮ ਕੀਤਾ ਜਾਵੇ। ਖੇਡਾਂ ਵਿੱਚ ਪ੍ਰਾਈਵੇਟ ਸੰਸਥਾਵਾਂ ਦੀ ਦਖ਼ਲਅੰਦਾਜ਼ੀ ਬੰਦ ਕਰਕੇ ਸਾਫ਼ ਖੇਡ ਸਿਸਟਮ ਬਣਾਇਆ ਜਾ ਸਕਦਾ ਹੈ। ਖੇਡਾਂ ਨੂੰ ਪ੍ਰਾਈਵੇਟ ਸੰਸਥਾਵਾਂ ਦੇ ਹਵਾਲੇ ਕਰਨ ਦੀ ਬਜਾਏ ਸਰਕਾਰੀ ਸੰਸਥਾਵਾਂ ਨੂੰ ਅਹਿਮ ਭੂਮਿਕਾ ਦਿੱਤੀ ਜਾਣੀ ਚਾਹੀਦੀ ਹੈ। ਕਿਸੇ ਵੀ ਪੱਧਰ ਦੀਆਂ ਵਿਭਾਗੀ ਖੇਡਾਂ ਵਿੱਚ ਪ੍ਰਾਈਵੇਟ ਸੰਸਥਾਵਾਂ ਦੇ ਮੁਲਾਜਮਾਂ ਦੀਆਂ ਡਿਊਟੀਆਂ ਨਹੀਂ ਲਗਾਉਣੀਆਂ ਚਾਹੀਦੀ ਹਨ। ਬਿਨਾਂ ਕਿਸੇ ਸਿਆਸੀ ਜਾਂ ਮਾਲੀ ਦਬਾਅ ਦੇ, ਸਿਰਫ ਯੋਗ ਖਿਡਾਰੀਆਂ ਨੂੰ ਹੀ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ ।
ਸੂਬੇ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਪੋਰਟਸ ਕੋਟੇ ਅਧੀਨ ਭਰਤੀ ਕੀਤੇ ਗਏ ਵਿਸ਼ਾ ਅਧਿਆਪਕਾਂ ਦਾ ਸਹਿਯੋਗ ਲੈਣ ਦੀ ਯੋਜਨਾ ਬੇਹਦ ਸਮਰੱਥ ਹੈ। ਇਹ ਅਧਿਆਪਕ ਸਿਰਫ ਅਕਾਦਮਿਕ ਸਿਖਲਾਈ ਹੀ ਨਹੀਂ ਦਿੰਦੇ, ਸਗੋਂ ਆਪਣੇ ਖੇਡਾਂ ਵਿੱਚ ਦੇਸ਼ੀ ਅਤੇ ਵਿਦੇਸ਼ੀ ਪੱਧਰ ਤੇ ਕੀਤੀਆਂ ਉਪਲਬਧੀਆਂ ਦੇ ਆਧਾਰ ‘ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਵੀ ਕਰ ਸਕਦੇ ਹਨ। ਇਹਨਾਂ ਅਧਿਆਪਕਾਂ ਨੂੰ ਖੇਡਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਕੇ, ਉਨ੍ਹਾਂ ਦੀ ਖੇਡਾਂ ਦੀ ਤਜਰਬੇਦਾਰੀ ਨੂੰ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਅਧਿਆਪਕ ਖੇਡਾਂ ਦੇ ਮਾਪਦੰਡਾਂ ਨੂੰ ਸਮਝਦੇ ਹਨ, ਅਤੇ ਉਹ ਵਿਦਿਆਰਥੀਆਂ ਨੂੰ ਰਾਜ, ਰਾਸ਼ਟਰੀ, ਅਤੇ ਅੰਤਰਰਾਸ਼ਟਰੀ ਪੱਧਰਾਂ ‘ਤੇ ਖੇਡਣ ਲਈ ਤਿਆਰ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਖੇਡਾਂ ਦੇ ਮਾਰਗਦਰਸ਼ਨ, ਪ੍ਰੈਕਟੀਸ ਸੈਸ਼ਨ ਅਤੇ ਮਾਨਸਿਕ ਤਿਆਰੀ ਵਿੱਚ ਇਹਨਾਂ ਅਧਿਆਪਕਾਂ ਦੀ ਯੋਗਤਾ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਸਿਰਫ ਸਿੱਖਿਆ ਦੇ ਪੱਖ ਤੋਂ ਹੀ ਨਹੀਂ, ਸੂਬੇ ਦੀਆਂ ਖੇਡਾਂ ਦੇ ਪੱਧਰ ਨੂੰ ਵੀ ਇਸ ਮਾਹਰਤ ਦਾ ਲਾਭ ਮਿਲ ਸਕਦਾ ਹੈ। ਜੇ ਸਪੋਰਟਸ ਕੋਟੇ ਵਿੱਚ ਚੁਣੇ ਅਧਿਆਪਕਾਂ ਨੂੰ ਖੇਡਾਂ ਨਾਲ ਸੰਬੰਧਿਤ ਜ਼ਿੰਮੇਵਾਰੀਆਂ ਅਤੇ ਖੇਡਾਂ ਦੇ ਵਿਕਾਸ ਲਈ ਯੋਜਨਾਬੰਦੀ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਇਹ ਸੂਬੇ ਵਿੱਚ ਖੇਡਾਂ ਦੇ ਪੱਧਰ ਨੂੰ ਸੁਧਾਰਨ ਲਈ ਇੱਕ ਵੱਡਾ ਕਦਮ ਹੋਵੇਗਾ। ਇਹਨਾਂ ਬਦਲਾਵਾਂ ਰਾਹੀਂ ਹੀ ਪੰਜਾਬ ਫਿਰ ਤੋਂ ਖੇਡਾਂ ਦੇ ਖੇਤਰ ਵਿੱਚ ਆਪਣਾ ਪੁਰਾਣਾ ਸਨਮਾਨ ਹਾਸਲ ਕਰ ਸਕੇਗਾ ਅਤੇ ਮੌਜੂਦਾ ਪੰਜਾਬ ਸਰਕਾਰ ਦੀ ਖੇਡਾਂ ਦੇ ਖੇਤਰ ਲਈ ਅਗਾਂਹ ਵਧੂ ਸੋਚ ਤਹਿਤ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਨੂੰ ਵੀ ਸਫਲਤਾ ਦਾ ਮੁਕਾਮ ਮਿਲ ਜਾਵੇਗਾ।