ਯੂਬਾ ਸਿਟੀ- ਪਿਛਲੇ ਸਾਲਾਂ ਵਾਂਗ ਇਸ ਵਾਰ ਵੀ 45ਵੇਂ ਨਗਰ ਕੀਰਤਨ ਦਾ ਆਯੋਜਨ ਯੂਬਾ ਸਿਟੀ ਦੀਆਂ ਸੰਗਤਾਂ ਵਲੋਂ ਕੀਤਾ ਗਿਆ। ਜਿਵੇਂ ਇਸ ਵਾਰ ਇਹ 45ਵਾਂ ਨਗਰ ਕੀਰਤਨ ਸੀ ਉਸ ਹਿਸਾਬ ਨਾਲ ਇਹ ਇਕ ਆਮ ਨਾਲੋਂ ਵੀ ਘੱਟ ਰਿਹਾ। ਕਾਰਣ ਭਾਵੇਂ ਕੁਝ ਵੀ ਹੋਣ ਨਾ ਹੀ ਨਗਰ ਕੀਰਤਨ ਵਿੱਚ ਪਹਿਲਾਂ ਵਾਂਗ ਭੀੜ ਦਿਸੀ ਅਤੇ ਨਾ ਹੀ ਨੇੜਲੇ ਸ਼ਹਿਰਾਂ ਤੋਂ ਆਉਣ ਵਾਲੇ ਫਲੋਟ ਹੀ ਦਿਖਾਈ ਦਿੱਤੇ।
ਯੂਬਾ ਸਿਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਯੂਬਾ ਸਿਟੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸੜਕਾਂ ਦੇ ਕਿਨਾਰਿਆਂ ‘ਤੇ ਲੰਗਰ ਦੀ ਸੇਵਾ ਕਰਨ ਵਾਲੇ ਜੱਥਿਆਂ ਵਲੋਂ ਸੰਗਤ ਦੀ ਭਰਪੂਰ ਸੇਵਾ ਭਾਂਤ ਭਾਂਤ ਦੇ ਲੰਗਰ ਨਾਲ ਕੀਤੀ ਗਈ। ਇਹ ਸਭ ਵੇਖਕੇ ਇੰਜ ਲੱਗ ਰਿਹਾ ਸੀ ਜਿਵੇਂ ਇਹ ਨਗਰ ਕੀਰਤਨ ਆਪਣੀ ਇਤਿਹਾਸਕ ਯਾਦ ਸੰਗਤਾਂ ਦੇ ਦਿਲਾਂ ਵਿੱਚ ਛੱਡਕੇ ਜਾਵੇਗਾ।
ਸੰਗਤਾਂ ਵਲੋਂ ਲੰਮੀ ਉਡੀਕ ਤੋਂ ਬਾਅਦ ਜਦ ਇਹ ਨਗਰ ਕੀਰਤਨ ਸ਼ੁਰੂ ਹੋਇਆ ਤਾਂ ਪ੍ਰਬੰਧਕਾਂ ਵਲੋਂ ਵੀ ਕੋਈ ਖਾਸ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ 45ਵੇਂ ਨਗਰ ਕੀਰਤਨ ਦਾ ਆਰੰਭ ਹੋਇਆ। ਸੰਗਤਾਂ ਨੇ ਜੈਕਾਰਿਆਂ ਦੇ ਨਾਲ ਇਸ ਨਗਰ ਕੀਰਤਨ ਵਿੱਚ ਪੰਜਾਂ ਪਿਆਰਿਆਂ ਅਤੇ ਪਾਲਕੀ ਸਾਹਿਬ ਦਾ ਭਰਪੂਰ ਸੁਆਗਤ ਕੀਤਾ। ਨਗਰ ਕੀਰਤਨ ਦੇ ਸ਼ੁਰੂ ਵਿੱਚ ਬਰੂਮ/ਝਾੜੂ ਫੜਕੇ ਸੰਗਤ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀ ਸੀ। ਕੀਰਤਨ ਦੀਆਂ ਆਵਾਜ਼ਾਂ ਨਾਲ ਪੂਰਾ ਵਾਤਾਵਰਣ ਪੂਰੀ ਤਰ੍ਹਾਂ ਗੂੰਜ ਰਿਹਾ ਸੀ। ਪਾਲਕੀ ਸਾਹਿਬ ਦੇ ਉਪਰ ਹੈਲੀਕਾਪਟਰ ਫੁੱਲਾਂ ਦੀ ਵਰਖਾ ਕਰ ਰਿਹਾ ਸੀ। ਯੂਬਾ ਸਿਟੀ ਦਾ ਪੂਰਾ ਮਾਹੌਲ ਇਕ ਧਾਰਮਿਕ ਰੰਗਤ ਵਿੱਚ ਰੰਗਿਆ ਹੋਇਆ ਸੀ। ਲੰਗਰ ਵਰਤਾਉਣ ਵਾਲੇ ਪੂਰੀ ਸ਼ਰਧਾ ਨਾਲ ਸੰਗਤ ਦੀ ਸੇਵਾ ਕਰ ਰਹੇ ਸਨ ਅਤੇ ਸ਼ਬਦਾਂ ਅਤੇ ਧਾਰਮਿਕ ਗੀਤਾਂ ਦੀਆਂ ਧੁੰਨਾਂ ਨਾਲ ਪੂਰਾ ਮਾਹੌਲ ਇਹ ਅਦੁੱਤੀ ਰੰਗ ਵਿੱਚ ਰੰਗਿਆ ਹੋਇਆ ਸੀ। ਲੰਗਰ ਦੀ ਸੇਵਾ ਕਰਨ ਵਾਲੇ ਜੱਥੇ ਪੂਰਨ ਉਤਸ਼ਾਹ ਨਾਲ ਲੰਗਰ, ਜਲ, ਸੋਡੇ ਆਦਿ ਦੀ ਸੇਵਾ ਵਿੱਚ ਰੁੱਝੇ ਹੋਏ ਸਨ।
ਪਾਲਕੀ ਸਾਹਿਬ ਦੇ ਨਾਲ ਨਾਲ ਅਤੇ ਆਉਣ ਜਾਣ ਵਾਲੀਆਂ ਰਾਹਾਂ ‘ਤੇ ਯੂਬਾ ਸਿਟੀ ਦੀ ਪੁਲਿਸ ਵਲੋਂ ਬਹੁਤ ਹੀ ਸੁੱਚਜੇ ਢੰਗ ਨਾਲ ਇੰਤਜ਼ਾਮ ਕੀਤੇ ਗਏ ਸਨ। ਇਸ ਨਗਰ ਕੀਰਤਨ ਨੂੰ ਬੜੇ ਹੀ ਸੁਲਝੇ ਹੋਏ ਢੰਗ ਸੰਪੂਰਨ ਕਰਨ ਲਈ ਯੂਬਾ ਸਿਟੀ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਤੋਂ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦਾ ਫਲੋਟ ਆ ਰਿਹਾ ਸੀ। ਉਸਤੋਂ ਉਪਰੰਤ ਸ੍ਰੀ ਖਡੂਰ ਸਾਹਿਬ, ਸ੍ਰੀ ਹੇਮਕੁੰਟ ਸਾਹਿਬ, 84 ਦੇ ਦੰਗਿਆਂ ਦੀ ਯਾਦ ਨੂੰ ਤਾਜ਼ਾ ਕਰਾਉਂਦੇ ਫਲੋਟ ਅਤੇ ਗਤਕਾ ਟੀਮ ਆਪਣੀ ਬਹਾਦੁਰੀ ਦੇ ਜੌਹਰ ਵਿਖਾ ਰਹੀਆਂ ਸਨ। ਇਸ ਦੌਰਾਨ ਛੋਟੇ ਬੱਚੇ, ਨੌਜਵਾਨ ਸਿੰਘ, ਨੌਜਵਾਨ ਸਿੰਘਣੀਆਂ ਅਤੇ ਬਜ਼ੁਰਗ ਸਿੰਘਾਂ ਵਲੋਂ ਆਪਣੀ ਕਲਾ ਦੇ ਕਰਤਬ ਮਨ ਨੂੰ ਮੋਹ ਰਹੇ ਸਨ। ਇਸਤੋਂ ਉਪਰੰਤ ਅਕਾਲੀ ਦਲ ਅੰਮ੍ਰਿਤਸਰ ਦਾ ਫਲੋਟ ਸੀ। ਸੰਗਤਾਂ ਪਹਿਲਾਂ ਵਾਂਗ ਬੜੇ ਹੀ ਉਤਸ਼ਾਹ ਨਾਲ ਹੋਰਨਾਂ ਨੇੜਲੇ ਸ਼ਹਿਰਾਂ ਤੋਂ ਆਉਣ ਵਾਲੇ ਫਲੋਟਾਂ ਦੀਆਂ ਝਾਕੀਆਂ ਦੀ ਉਡੀਕ ਕਰ ਰਹੀਆਂ ਸਨ। ਕੁੱਝ ਗਿਣਤੀ ਦੇ ਫਲੋਟ/ਝਾਕੀਆਂ ਤੋਂ ਉਪਰੰਤ ਸੰਗਤਾਂ ਦੇ ਹਿੱਸੇ ਕੋਈ ਫਲੋਟ ਵੇਖਣ ਦੀ ਖੁਸ਼ੀ ਤਾਂ ਨਸੀਬ ਨਹੀਂ ਹੋਈ, ਸਗੋਂ ਉਨ੍ਹਾਂ ਦੇ ਹਿੱਸੇ ਖਾਲੀ ਸੜਕ ਵੇਖਣ ਦੀ ਨਿਰਾਸ਼ਾ ਹੀ ਵੇਖਣ ਨੂੰ ਹੱਥ ਆਈ।
ਕਈ ਘੰਟਿਆਂ ਤੱਕ ਸੰਗਤਾਂ ਦੇ ਜੈਕਾਰਿਆਂ ਅਤੇ ਦੂਰ ਦੁਰੇਡੇ ਸ਼ਹਿਰਾਂ ਤੋਂ ਆਏ ਫਲੋਟਾਂ/ਝਾਕੀਆਂ ਨਾਲ ਭਰਪੂਰ ਇਕ ਲੰਮਾ ਨਗਰ ਕੀਰਤਨ ਕੁਝ ਹੀ ਮਿੰਟਾਂ ਵਿੱਚ ਸੰਪੂਰਨ ਹੋ ਗਿਆ। ਪੁਰਾਣੇ ਨਗਰ ਕੀਰਤਨ ਦੀਆਂ ਯਾਦਾਂ ਵਿੱਚ ਗੁਆਚੀ ਸੰਗਤ ਆਪੋ ਆਪਣੀਆਂ ਕਾਰਾਂ ‘ਤੇ ਬੈਠ ਵਾਪਸ ਆਪਣੇ ਘਰਾਂ ਨੂੰ ਪਰਤ ਆਈ।