ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਆਦਿ ਸਿੰਘਾਂ ਨੇ ਇੰਟਰਨੈਸ਼ਨਲ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਭਾਰਤ ਨੂੰ ਦੁਸ਼ਮਣ ਦੇਸ਼ ਦੀ ਸੂਚੀ ਵਿੱਚ ਦਰਜ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਕੈਨੇਡਾ ਸਰਕਾਰ ਵੱਲੋਂ ਭਾਰਤ ਅੰਦਰ ਡੈਮੋਕਰੇਸੀ ਦਾ ਵਿਖਾਵਾ ਕਰ ਰਹੀ ਕੱਟੜਪੰਥੀ ਸਰਕਾਰ ਦਾ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਅੰਦਰ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਵਿਹਾਰ ਨੂੰ ਚੰਗੀ ਤਰਾਂ ਘੋਖ ਪਰਖ ਕੇ ਹੀ ਇਹ ਕਦਮ ਉਠਾਇਆ ਗਿਆ ਹੈ। ਇਹ ਇੱਕ ਬਹੁਤ ਵਧੀਆ ਸੰਕੇਤ ਹੈ, ਜੋ ਕਿ ਭਾਰਤ ਦੇ ਪੰਜੇ ਵਿੱਚੋਂ ਨਿਜਾਤ ਪਾਉਣ ਲਈ ਸੰਘਰਸ਼ ਕਰ ਰਹੀਆਂ ਕੌਮਾਂ ਲਈ ਚਾਨਣ ਮੁਨਾਰਾ ਸਿੱਧ ਹੋ ਸਕਦਾ ਹੈ। ਖਾਸ ਕਰਕੇ ਪੰਜਾਬ, ਜੰਮੂ ਕਸ਼ਮੀਰ, ਮਨੀਪੁਰ, ਤਾਮਿਲਨਾਡੂ ਅਤੇ ਮਿਜ਼ੋਰਮ ਆਦਿ ਲਈ। ਸਿੱਖਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਜੇਕਰ ਸਿੱਖ ਅਜ਼ਾਦੀ ਦੀ ਤੜਪ ਮਹਿਸੂਸ ਕਰਦਿਆਂ ਇਮਾਨਦਾਰੀ ਨਾਲ ਆਪਣੇ ਕਦਮ ਅਜ਼ਾਦੀ ਵੱਲ ਵਧਾਉਣ। ਕਿਉਂਕਿ ਇਸ ਵੇਲੇ ਭਾਰਤ ਸਰਕਾਰ ਦਾ ਸਿੱਖਾਂ ਪ੍ਰਤੀ ਰਵੀਆ ਦੁਨੀਆਂ ਭਰ ਵਿੱਚ ਨੰਗਾ ਹੋ ਚੁੱਕਾ ਹੈ। ਸਿੱਖ ਦੁਨੀਆਂ ਭਰ ਵਿੱਚ ਇੱਕ ਮੁਕਾਮ ਹਾਸਲ ਵੀ ਕਰ ਚੁੱਕੇ ਹਨ। ਬੱਸ ਗਰਮ ਲੋਹੇ ਤੇ ਸੱਟ ਮਾਰਨ ਦੀ ਲੋੜ ਹੈ।
ਭਾਵੇਂ ਕਿ 1947 ਤੋਂ ਬਾਅਦ ਪੈਰ ਪੈਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ, ਪਰ ਹੁਣ ਜਦੋਂ ਭਾਰਤ ਦੇ ਹਵਾਈ ਅੱਡਿਆਂ ਤੇ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਤੇ ਪਾਬੰਦੀ ਲਗਾਈ ਹੈ, ਇਹ ਸਾਡੀ ਸੰਘੀ ਨੂੰ ਹੱਥ ਪਾਉਣ ਦੇ ਤੁੱਲ ਹੈ। ਕੀ ਕੁੱਝ ਕੂ ਹਕੂਮਤ ਦੇ ਝੋਲੀ ਚੁੱਕ ਸਿੱਖ ਗੁਲਫਤ ਦੀ ਨੀਂਦ ਵਿੱਚੋਂ ਬਾਹਰ ਆਉਣਗੇ? ਕੀ ਮੰਡੀਆਂ ਵਿੱਚ ਪੰਦਰਾਂ, ਪੰਦਰਾਂ ਦਿਨ ਆਪਣੀ ਫਸਲ ਵੇਚਣ ਲਈ ਰੁੱਲ ਰਿਹਾ ਕਿਸਾਨ ਇਨ੍ਹਾਂ ਨੂੰ ਨਜ਼ਰ ਆਵੇਗਾ? ਇਹ ਜੋ ਕੁੱਝ ਵਾਪਰ ਰਿਹਾ ਹੈ ਸਭ ਭਾਰਤ ਸਰਕਾਰ ਦੀ ਤਹਿਸ਼ੁਦਾ ਨੀਤੀ ਰਾਹੀਂ ਵਾਪਰ ਰਿਹਾ ਹੈ। ਉਹ ਭਾਵੇਂ ਭਾਰਤ ਅੰਦਰ ਹੈ ਜਾਂ ਵਿਦੇਸ਼ਾਂ ਵਿੱਚ। ਹਾਲ ਹੀ ਕੈਨੇਡਾ ਵਿੱਚ ਵਾਪਰੀਆਂ ਘਟਨਾਵਾਂ ਸਭ ਕੁੱਝ ਕਲੀਅਰ ਕਰ ਰਹੀਆਂ ਹਨ ਕਿ ਕਿਵੇਂ ਵਿਦੇਸ਼ਾਂ ਵਿੱਚ ਸਿੱਖ ਸੰਘਰਸ਼ ਅਤੇ ਸਿੱਖਾਂ ਦੀ ਚੜ੍ਹਤ ਨੂੰ ਢਾਅ ਲਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕੈਨੇਡਾ ਦੇ ਇੱਕ ਮੰਦਰ ਦੇ ਬਾਹਰ ਥੋੜੇ ਜਿਹੇ ਸਿੱਖ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ। ਜਿਨ੍ਹਾਂ ਨੂੰ ਗੋਦੀ ਮੀਡੀਏ ਅਤੇ ਕੁੱਝ ਝੋਲੀ ਚੁੱਕ ਪੰਜਾਬੀ ਮੀਡੀਏ ਨੇ ਮੰਦਿਰ ਉਤੇ ਹਮਲੇ ਵਜੋਂ ਪੇਸ਼ ਕੀਤਾ। ਉਥੇ ਹੀ ਗੁਰਦੁਆਰਾ ਸਾਹਿਬ ਉਤੇ ਸਹੀ ਰੂਪ ਵਿੱਚ ਹਮਲਾਵਰ ਹੋ ਕੇ ਆਏ ਹਿੰਦੂ ਗੁੰਡਿਆਂ ਵਾਰੇ ਇਨ੍ਹਾਂ ਮੀਡੀਆ ਵਾਲਿਆਂ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ।
ਅੰਤ ਵਿੱਚ ਅਸੀਂ ਕੈਨੇਡਾ ਸਰਕਾਰ, ਇਸ ਦੀਆਂ ਸਹਿਯੋਗੀ ਸਰਕਾਰਾਂ ਅਤੇ ਯੂ.ਐਨ.ਓ ਨੂੰ ਬੇਨਤੀ ਕਰਦੇ ਹਾਂ ਕਿ ਭਾਰਤ ਨੂੰ ਦੁਸ਼ਮਣ ਦੇਸ਼ ਐਲਾਨਣ ਤੋਂ ਬਾਅਦ ਪਹਿਲਾਂ ਹੀ ਇੱਕ ਸਫਲ ਰਾਜ ਕਰ ਚੁੱਕੀ ਕੌਮ ਨੂੰ ਉਸ ਦਾ ਖੁਸਿਆ ਰਾਜ ਵਾਪਸ ਦੁਆਇਆ ਜਾਵੇ। ਸਿੱਖ ਕੌਮ ਨੂੰ ਵੀ ਹੁਣ ਕਿਸੇ ਗੱਲ ਦਾ ਭੁਲੇਖਾ ਨਹੀ ਰਹਿ ਜਾਣਾ ਚਾਹੀਦਾ ਕਿ ਉਸ ਦਾ ਆਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਹੱਲ ਨਹੀ। ਸੋ ਆਓ ਆਪਣੇ ਫਰਜ਼ ਨੂੰ ਪਹਿਚਾਣਦੇ ਹੋਏ ਆਪਣੀ ਮੰਜ਼ਿਲ ਪ੍ਰਾਪਤ ਕਰੀਏ।