ਸੰਸਾਰ ਵਿੱਚ ਫੈਲੀ ਅਫੜਾਦਫੜੀ ਸਵਾਰਥ ਅਤੇ ਹਉਮੈ ਵਿੱਚ ਪਿਸਦੀ ਮਨੁੱਖਤਾ ਅਤੇ ਪਦਾਰਥਕ ਵਸਤੂਆਂ ਤੋਨ ਖੁਸ਼ੀ ਲੱਭਦੀ ਲੋਕਾਈ ਨੂੰ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਅਨਮੋਲ ਖਜਾਨਾ ਕੋਲ ਹੁੰਦੇ ਹੋਏ ਵੀ ਮਾਨਸਿਕ ਪੱਖ ਤੋਂ ਕੰਗਾਲ ਕਿਉਂ ਹੋਏ ਬੈਠੇ ਹਾਂ ?? ਗੁਰੂ ਨਾਨਕ ਜੀ ਨੇ ਜਦੋਂ ਜਗਤ ਜਲੰਦਾ ਤੱਕਿਆ ਸੀ, ਤਾਂ ਆਪ ਸੱਚ ਦਾ ਪਰਚਾਰ ਕਰਨ ਲਈ ਉਦਾਸੀਆਂ ਤੇ ਨਿਕਲ ਤੁਰੇ ਸਨ ਅਤੇ ਆਪਣੇ ਗਿਆਨ ਅਤੇ ਤਜਰਬੇ ਨੂੰ ਸਾਡੇ ਸਭ ਦੇ ਕਲਿਆਣ ਲਈ ਆਪਣੀ ਰਚਨਾ ਵਿੱਚ ਸੰਭਾਲ ਕੇ ਦੇ ਗਏ ਸਨ। ਇੱਕ ਜੌਹਰੀ ਵਾਂਗ ਉਹਨਾਂ ਵੱਖ ਵੱਖ ਥਾਵਾਂ ਤੋਂ ਭਗਤ-ਬਾਣੀ ਵੀ ਇਕੱਤਰ ਕੀਤੀ ਜਿਸ ਦਾ ਆਸ਼ਾ ਗੁਰਮਤਿ ਸਿਧਾਂਤ ਨਾਲ ਮਿਲਦਾ ਸੀ।ਇਹ ਸਾਰੀ ਬਾਣੀ ਸਮੇਤ ਹੋਰ ਗੁਰੂ ਸਾਹਿਬਾਨ ਦੀ ਬਾਣੀ ਦੇ ਅੱਜ ਸਾਡੇ ਕੋਲ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੂਦ ਹੈ। ਪਰ ਅਸੀਂ ਇਸ ਗ੍ਰੰਥ ਨੂੰ ਮੱਥਾ ਹੀ ਟੇਕਣਾ ਸਿੱਖੇ ਹਾਂ ਸ਼ਾਇਦ। ਇਸ ਵਿੱਚ ਦੱਸੀ ਹੋਈ ਜੀਵਨ-ਜੁਗਤਿ ਸਾਡੇ ਜੀਵਨ ਦਾ ਅੰਗ ਕਿਉਂ ਨਹੀਂ ਬਣ ਸਕੀ ??ਕਿਉਂ ਅੱਜ ਅਸੀਂ ਕਿਤੇ ਤਾਂ ਇੰਨੇ ਕੱਟੜ ਹੋ ਗਏ ਹਾਂ ਕਿ ਹਲਕੀ ਜਿਹੀ ਗਲਤੀ ਕਰਨ ਵਾਲੇ ਸਾਡੇ ਹੀ ਭਰਾਵਾਂ ਨੂੰ ਗੁਰੂ ਗ੍ਰੰਥ ਦੇ ਸਤਿਕਾਰ ਦੇ ਨਾਂ ਹੇਠ ਮਾਰਨ-ਕੁੱਟਣ ਲੱਗ ਜਾਂਦੇ ਹਾਂ। ਅਤੇ ਕਿਤੇ ਇੰਨੇ ਉਦਾਰ ਧਰਮ-ਨਿਰਪੱਖ ਅਤੇ ਸਾਂਝੀਵਾਲ ਬਣ ਬੈਠਦੇ ਹਾਂ ਕਿ ਆਪਣਾ ਨਿਆਰਾਪਣ ਤੱਕ ਗੁਆ ਬੈਠਦੇ ਹਾਂ।ਸਾਨੂੰ ਏਕਤਾ ਅਤੇ ਅਨੇਕਤਾ ਵਿੱਚ ਸੰਤੁਲਨ ਬਣਾਉਣਾ ਸਿੱਖਣਾ ਪਵੇਗਾ। ਨਿਆਰੇਪਣ ਅਤੇ ਸਾਂਝੀਵਾਲਤਾ ਨੂੰ ਨਾਲੋ ਨਾਲ ਚਲਾਉਣਾ ਪਵੇਗਾ।
ਜਿਸ ਗੁਰੂ ਨਾਨਕ ਦੇ ਮਿੱਠੇ ਸ਼ਬਦਾਂ ਦੀ ਗੂੰਜ ਹਜਾਰਾਂ ਪੰਡਿਤਾਂ, ਸਾਧੂਆਂ,ਜੋਗੀਆਂ,ਕਾਜੀਆਂ,ਮੌਲਵੀਆਂ ਨੂੰ ਸਿੱਖੀ ਦੇ ਦਾਇਰੇ ਵਿੱਚ ਸ਼ਾਮਲ ਕਰ ਲੈਂਦੀ ਸੀ, ਅੱਜ ਉਸੇ ਗੁਰੂ ਨਾਨਕ ਦੇ ਸਿੱਖ ਧਰਮ-ਪਰੀਵਰਤਨ ਕਰ ਰਹੇ ਹਨ। ਅਤੇ ਗੈਰ-ਸਿੱਖ ਰਸਮਾਂ ਅਤੇ ਸਿਧਾਂਤਾਂ ਨੂੰ ਖੁਸ਼ੀ ਨਾਲ ਆਪਣਾ ਰਹੇ ਹਨ।ਅਸਾਨੂੰ ਇਹ ਸਮਝ ਕਦੋਂ ਆੇੲਗੀ ਕਿ ਜੇ ਗੁਰਮਤਿ ਜਨੇਊ ਦੀ ਰਾਖੀ ਲਈ ਕਰਬਾਨੀ ਦੇਣਾ ਜਾਣਦੀ ਹੈ, ਤਾਂ ਖੁਦ ਜਨੇਊ ਧਾਰਨ ਕਰਨ ਤੋਂ ਭਰੀ ਸਭਾ ਵਿੱਚ ਇਨਕਾਰ ਕਰਨ ਦਾ ਹੌਂਸਲਾ ਵੀ ਰੱਖਦੀ ਹੈ।ਸਾਂਝੀਵਾਲਤਾ ਦਾ ਅਰਥ ਦੂਜੇ ਦੇ ਸਿਧਾਂਤਾਂ ਨੂੰ ਅਪਣਾ ਲੈਣਾ ਹਰਗਿਜ ਨਹੀਂ ਹੁੰਦਾ। ਕੀ ਸਾਡਾ ਸਿਦਕ ਇੰਨਾ ਡੋਲ ਗਿਆ ਹੈ ਕਿ ਸਾਨੂੰ ਹੁਣ ਗੁਰਬਾਣੀ ਤੋਂ ਬਾਹਰ ਯਾਨੀ ਗੁਰਮਤਿ ਤੋਂ ਵੱਡਾ ਵੀ ਕੁਝ ਨਜਰ ਆਉਣ ਲੱਗਿਆ ਹੈ? ਸ਼ਪਸਟ ਹੈ ਕਿ ਸਾਡਾ ਆਪਣਾ ਬਾਣੀ ਦਾ ਅਧਿਐਨ ਇੰਨਾ ਛੋਟਾ ਹੋ ਗਿਆ ਹੈ ਕਿ ਸਾਨੂੰ ਉਸ ਵਿੱਚ ਆਪਣੀਆਂ ਸਮੱਸਿਆਵਾਂ ਦਾ ਹੱਲ ਨਜਰ ਨਹੀਂ ਆਉਂਦਾ।
ਜਾ ਕੋ ਠਾਕੁਰੁ ਊਚਾ ਹੋਈ।
ਤਾ ਜਨੁ ਪਰ ਘਰ ਜਾਤ ਨ ਸੋਹੀ।….(ਗਉੜੀ ਕਬੀਰ ਜੀ, ਪੰਨਾ 331)
ਜਿਸ ਸਿੱਖੀ ਨੇ ਰਾਜਿਆਂ ਮਾਹਾਰਾਜਿਆਂ ਨੂੰ ਬਿਪਤਾ ਪਾਈ ਰੱਖੀ, ਜਿਸ ਨੇ ਨਵਾਬੀ ਠੁਕਰਾ ਦਿੱਤੀ, ਉਸ ਦੇ ਅਜੋਕੇ ਨੇਤਾ ਕੁਰਸੀ ਖਾਤਰ ਹਰ ਨੀਵਾਂ ਕੰਮ ਕਰਦੇ ਦਿਖਾਈ ਦਿੰਦੇ ਹਨ।ਅੱਜ ਅਹੁਦੇਦਾਰੀਆਂ, ਮਾਇਆ, ਅਤੇ ਹੋਰ ਨਿੱਜੀ ਸਵਾਰਥ ਮੁੱਖ ਹੋ ਗਏ ਹਨ ਅਸੀਂ ਚੰਗਾ ਬਣਨਾ ਨਹੀਂ ਚਾਹੁੰਦੇ, ਕਹਾਉਣਾ ਚਾਹੁੰਦੇ ਹਾਂ। ਗੁਰੂ ਨਾਨਕ ਦੇਵ ਜੀ ਦੇ ਬੋਲ ਅੱਜ ਵੀ ਸਾਡੇ ਮਾਰਗ-ਦਰਸ਼ਕ ਬਣ ਸਕਦੇ ਹਨ, ਅੱਜ ਵੀ ਸਾਡਾ ਸਵੈ-ਮਾਣ ਜਾਗ ਜਾਏ ਅਤੇ ਬਿਗਾਨੀ ਝਾਕ ਛੱਡ ਕੇ ਨਿਰਭਉ ਅਤੇ ਨਿਰਵੈਰ ਬਣ ਕੇ ਵਿਚਰ ਸਕੀਏ, ਤਾਂ ਪਾਤਸਾਹੀਆਂ ਅੱਜ ਵੀ ਸਾਡੇ ਪੈਰਾਂ ਵਿੱਚ ਰੁਲ ਸਕਦੀਆਂ ਹਨ। ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਅਸੀਂ “ਆਪਨੜੇ ਗਿਰੀਵਾਨ ਮਹਿ” ਦੇਖਣਾ ਭੁੱਲ ਚੁੱਕੇ ਹਾਂ। ਬਾਣੀ ਤੋਂ ਅਗਵਾਈ ਲੈਣਾ ਛੱਡ ਚੁੱਕੇ ਹਾਂ। ਆਪਣੀਆਂ ਦੁਨਿਆਵੀ ਸ਼ੋਹਰਤਾਂ, ਕੁਰਸੀਆਂ ਅਤੇ ਪਦਾਰਥਕ ਹਿਤਾਂ ਦੇ ਪਿੱਛੇ ਲੱਗ ਕੇ ਗੁਰੂ ਸਾਹਿਬ ਜੀ ਦੇ ਸਿਧਾਥਾਂ ਨੂੰ ਪਿੱਠ ਦੇ ਕੇ ਆਪੋ ਆਪਣੇ ਧੜਿਆਂ ਵਿੱਚ ਵੰਡੇ ਬੈਠੇ ਹਾਂ। ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈ ਸਕਣ ਦੀ ਸਮਰੱਥਾ ਵਾਲਾ ਸਿੱਖ ਅੱਜ ਆਪਣੇ ਸਿੱਖ ਭਰਾ ਤੋਂ ਹੀ ਔਖਾ ਹੈ ਕਿਉਂਕਿ ਉਹ ਹੋਰ ਧੜੇ ਨਾਲ ਸੰਬੰਧ ਰੱਖਦਾ ਹੈ।ਕਿਤੇ ਜਾਤ,ਕਿਤੇ ਧਰਮ,ਕਿਤੇ ਬੋਲੀ,ਕਿਤੇ ਇਲਾਕਾ ਸਾਨੂੰ ਮਨੁੱਖਤਾ ਨਾਲ ਇੱਕਮਿੱਕ ਨਹੀਂ ਹੋਣ ਦਿੰਦੇ।
ਆਪਣੇ ਸ਼ਾਨਾਮੱਤੇ ਇਤਿਹਾਸ ਤੇ ਮਾਣ ਕਿਸ ਤਰਾਂ ਕਰੀਏ, ਕੀ ਅੱਜ ਓਹੀ ਕਿਰਦਾਰ ਸਾਡੇ ਸਿੱਖ ਦਿਖਾਈ ਦੇਣ ਵਾਲੇ ਚਿਹਰਿਆਂ ਵਿੱਚੋਂ ਨਜਰ ਆਉਂਦਾ ਹੈ ?? ਜੇ ਅੱਜ ਦਾ ਨੌਜਵਾਨ ਸਿੱਖੀ ਛੱਡ ਕੇ ਨਾਸਤਕ ਬਣ ਰਿਹਾ ਹੈ, ਜੇ ਉਹ ਹੋਰ ਡੇਰਿਆਂ, ਸੰਪਰਦਾਵਾਂ ਅਤੇ ਧਰਮਾਂ ਵੱਲ ਨੂੰ ਉੱਲਰ ਰਿਹਾ ਹੈ, ਜੇ ਉਹ ਨਸ਼ਿਆਂ ਵਿੱਚ, ਫੈਸ਼ਨ ਪ੍ਰਸਤੀ ਵਿੱਚ ਜਾਂ ਖਪਤਵਾਦ ਵਿੱਚ ਗਰਕ ਰਿਹਾ ਹੈ ਤਾਂ ਇਸ ਵਿੱਚ ਕੁਝ ਹੱਦ ਤੱਕ ਕਸੂਰਵਾਰ ਅਸੀਂ ਆਪ ਵੀ ਹਾਂ। ਅਜੋਕੇ ਨੌਜਵਾਨ ਨੂੰ ਸਿਰਫ ਸਾਖੀਆਂ ਸੁਣਾਉਣ ਨਾਲ ਹੀ ਗੱਲ ਨਹੀਂ ਬਣਨੀ, ਉਸ ਦੇ ਹਰੇਕ ਪ੍ਰਸ਼ਨ ਦਾ ਵਿਗਿਆਨਕ ਜਵਾਬ ਦੇਣਾ ਪਵੇਗਾ। ਉਸ ਦੇ ਅੱਗੇ ਸਿੱਕ ਕਿਰਦਾਰ ਦਾ ਮਾਡਲ ਬਣ ਕੇ ਵਿਚਰਨਾ ਹੋਵੇਗਾ ਵਰਨਾ ਹਾਲਾਤ ਦਿਨੋ ਦਿਨ ਬਦਤਰ ਹੀ ਹੋਣੇ ਹਨ। ਗੁਰੂ ਪਾਤਸ਼ਾਹ ਮਿਹਰ ਕਰਨ ,ਸਾਨੂੰ ਭੁੱਲਿਆਂ ਨੂੰ ਸੇਧ ਦੇਣ , ਅਸੀਂ ਮੁੜ ਬਾਣੀ-ਗੁਰੂ ਨਾਲ ਜੁੜ ਸਕੀਏ । ਗੁਰੂ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਤਦ ਹੀ ਸਾਰਥਕ ਹੈ ਜੇ ਅਸੀਂ ਆਪਣੇ ਜੀਵਨ ਵਿੱਚ ਕੋਈ ਤਬਦੀਲੀ ਲਿਆ ਸਕੀਏ। ਸਿਰਫ ਲੰਗਰ ਲਗਾਉਣੇ, ਕੀਰਤਨ ਦਰਬਾਰ ਕਰਵਾਉਣੇ ਅਤੇ ਵੱਡੇ ਵੱਡੇ ਸਮਾਗਮ ਰਚਾ ਦੇਣੇ ਹੀ ਕਾਫੀ ਨਹੀਂ। ਜਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ, ਸ਼ੁਰੂ ਸਾਨੂੰ ਆਪਣੇ ਘਰ ਤੋਂ ਹੀ ਕਰਨਾ ਪਵੇਗਾ।