ਚਿੱਕੜ ਵਿੱਚ ਗਰਕੇ ਪੁਰਾਣੇ ਸਮਾਜ ਦੇ ਖਿ਼ਲਾਫ਼ ਲੜਨ ਵਾਲ਼ੀ ਬਹਾਦਰ ਕੁੜੀ ਦੀ ਗਾਥਾ ਹੈ ਸ਼ਗੁਫ਼ਤਾ ਗਿੰਮੀ ਲੋਧੀ ਦਾ ਨਾਵਲ ‘ਝੱਲੀ’: ਸ਼ਿਵਚਰਨ ਜੱਗੀ ਕੁੱਸਾ

Jhalli Title.resizedਅਸਲ ਲੇਖਕ ਜਾਂ ਲੇਖਿਕਾ ਮੰਨਿਆਂ ਹੀ ਉਸ ਨੂੰ ਜਾਂਦਾ ਹੈ, ਜੋ ਕਲੰਕਿਤ ਸਮਾਜ ਅਤੇ ਉਸ ਦੀਆਂ ਬੁਰਾਈਆਂ ਨਾਲ਼ ਸਿੱਧੀ ਟੱਕਰ ਲੈ ਕੇ ਲਿਖੇ। ਜੋ ਨਾ ਤਾਂ ਕਿਸੇ ਦਬਾਅ ਹੇਠ ਆਵੇ ਅਤੇ ਨਾ ਹੀ ਕਿਸੇ ਲਾਲਚ ਵੱਸ ਹੋ ਕੇ ਚੱਲੇ। ਉਹੀ ਲੇਖਕ ਲੋਕਾਂ ਨੇ ਕਬੂਲ ਕੀਤੇ ਹਨ, ਜਿੰਨ੍ਹਾਂ ਨੇ ਲੋਕਾਂ ਦੇ ਹੱਕ-ਸੱਚ ਦੀ ਨੰਗੇ ਧੜ ਗੱਲ ਕੀਤੀ ਅਤੇ ਸਮਾਜ ਦੇ ਵੈਰੀਆਂ ਨੂੰ ਲਲਕਾਰਿਆ। ਸ਼ਗੁਫ਼ਤਾ ਗਿੰਮੀ ਲੋਧੀ ਪਾਕਿਸਤਾਨ ਮੂਲ ਦੀ ਚਰਚਿਤ ਲੇਖਿਕਾ ਹੈ, ਜੋ ਆਪਣੇ ਪ੍ਰੀਵਾਰ ਸਮੇਤ ਪੱਕੇ ਤੌਰ ਉਪਰ ਲੰਡਨ ਵਸ ਰਹੀ ਹੈ। ਉਸ ਦਾ ਇਹ ਛੋਟਾ ਜਿਹਾ ਨਾਵਲ ਮੈਨੂੰ ਕਿਤੇ-ਕਿਤੇ ਰਸੂਲ ਹਮਜ਼ਾਤੋਵ ਦੀ ਅਮਰ ਕਿਰਤ “ਮੇਰਾ ਦਾਗਿਸਤਾਨ” ਦੀ ਯਾਦ ਦਿਵਾਉਂਦਾ ਹੈ। “ਝੱਲੀ” ਨਾਵਲ ਦਾ ਇੱਕ ਪਾਤਰ ਜਦ ਵਾਰਤਾਲਾਪ ਕਰਦੇ ਕਾਮਰੇਡਾਂ ਨੂੰ ਇੱਕ ਤਰ੍ਹਾਂ ਨਾਲ਼ ਵੰਗਾਰ ਕੇ ਮਾਰਗ ਦਰਸ਼ਕ ਬਣਦਾ ਆਖਦਾ ਹੈ, “ਉਏ ਝੱਲਿਉ ਇਨਕਲਾਬੀਉ……! ਮੇਰੀ ਗੱਲ ਧਿਆਨ ਨਾਲ਼ ਸੁਣੋ…! ਸਮਾਜਿਕ ਤਬਦੀਲੀਆਂ ਲਈ ਬੁਨਿਆਦੀ ਤਬਦੀਲੀਆਂ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਸਿੱਖਿਆ ਨੂੰ ਹਰ ਤਬਕੇ ਤੱਕ ਪਹੁੰਚਾਉਣਾ ਜ਼ਰੂਰੀ ਹੈ…। ਸਿੱਖਿਆ ਨੂੰ ਸਿਰਫ਼ ਅਮੀਰ ਤਬਕੇ ਤੱਕ ਹੀ ਸੀਮਤ ਨਾ ਰੱਖਿਆ ਜਾਵੇ…। ਸਗੋਂ ਹਰ ਬੱਚੇ ਨੂੰ ਉੱਚ-ਸਿੱਖਿਆ ਤੱਕ ਪਹੁੰਚ ਹਾਸਲ ਹੋਣੀ ਚਾਹੀਦੀ ਹੈ..। ਹਕੂਮਤ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਅਜਿਹੇ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ, ਜੋ ਪਿੰਡਾਂ ਅਤੇ ਸ਼ਹਿਰਾਂ, ਦੋਹਾਂ ਇਲਾਕਿਆਂ ਵਿੱਚ ਸਿੱਖਿਆਈ ਮੌਕੇ ਪ੍ਰਦਾਨ ਕਰ ਸਕਣ..।” ਇਹ ਸਿੱਖਿਆ ਕਿਸੇ ਜੰਗ ਦੀ ਮਿਸ਼ਾਲ ਨੂੰ ਪੁਲੀਤਾ ਲਾਉਣ ਵਾਲ਼ੀ ਸੀ, ਜੋ ਸੁੱਤੇ ਜਾਂ ਸੁਸਤ ਦਿਮਾਗਾਂ ਵਿੱਚ ਕਿਸੇ ਰੋਹ ਅਤੇ ਜਜ਼ਬੇ ਦਾ ਭਾਂਬੜ ਬਾਲ਼ਦੇ ਹਨ।

Jaggi Kussa Pic(1).resizedਜਿੱਥੇ ਲੇਖਿਕਾ ਪਛੜੀਆਂ ਸ੍ਰੇਣੀਆਂ ਅਤੇ ਕਿਰਤੀ ਲਾਣੇ ਪ੍ਰਤੀ ਹਮਦਰਦੀ ਰੱਖਦੀ ਹੈ, ਉਥੇ ਉਹ ਔਰਤ ਦੇ ਹੱਕਾਂ ਪ੍ਰਤੀ ਵੀ ਸੁਚੇਤ ਹੈ, “ਔਰਤਾਂ ਦੇ ਹੱਕ ਅਤੇ ਮੌਕਿਆਂ ‘ਚ ਵਾਧਾ ਇੱਕ ਅਹਿਮ ਕਦਮ ਹੈ। ‘ਜੈਂਡਰ’ ਬਰਾਬਰੀ ਨੂੰ ਪਹਿਲ, ਔਰਤਾਂ ਨੂੰ ਸਿੱਖਿਆ ਮੁਹੱਈਆ ਕਰਵਾਉਣਾ, ਰੁਜ਼ਗਾਰ ਅਤੇ ਸਮਾਜਿਕ ਮੌਕਿਆਂ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ…।” ਇਹ ਲੇਖਿਕਾ ਦੀ ਖੁੱਲ੍ਹੀ ਅੱਖ ਵਾਲ਼ੀ ਸੋਚ ਦਾ ਪ੍ਰਮਾਣ ਹੈ। ਦੂਜਾ ਪ੍ਰਮਾਣ ਇਹ ਹੈ, ਜਦ ਉਹ, “ਧੀਆਂ ਵਾਕਿਆ ਹੀ ਰੱਬ ਦੀ ਇੱਕ ਰਹਿਮਤ ਹੁੰਦੀਆਂ ਹਨ।” ਲਿਖਦੀ ਅਤੇ ਜਾਗਰੂਕ ਕਰਦੀ ਹੈ। ਅਸਲਮ ਵਰਗਾ ਘੱਟ ਪੜ੍ਹਿਆ ਮੁੰਡਾ ਵੀ ਅਗਾਂਹ-ਵਧੂ ਸੋਚ ਦਾ ਮਾਲਕ ਹੋਣ ਦੇ ਬਾਵਜੂਦ ਇਸ ਪੁਰਾਣੇ ਖਿ਼ਆਲਾਂ ਦੇ ਧੁੰਦੂਕਾਰੇ ਵਿੱਚ ਫ਼ਸ ਕੇ ਰਹਿ ਜਾਂਦਾ ਹੈ, ਜਿਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਭਵਿੱਖ ਕੀ ਹੈ? ਉਹ ਆਪਣੇ ਆਪ ਨੂੰ ਸੁਆਲ ਕਰਦਾ ਹੈ, “ਇਹ ਦੁਨੀਆਂ ਕੀ ਹੈ…? ਮੈਂ ਇਸ ਵਿੱਚ ਕਿੱਥੇ ਫਿੱਟ ਹੁੰਦਾ ਹਾਂ??” ਜਦ ਤੁਸੀਂ ਇਹ ਨਾਵਲ ਪੜ੍ਹਦੇ ਹੋ, ਤਾਂ ਬੇਹੱਦ ਹੈਰਾਨ ਹੋ ਜਾਂਦੇ ਹੋ, ਜਦ ਲੇਖਿਕਾ ਇਹ ਲਿਖਦੀ ਹੈ, “ਦੂਜੇ ਪਾਸੇ ਪਿੰਡ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਸਨ, ਜੋ ਗਿਆਨ ਅਤੇ ਸਿੱਖਿਆ ਦੇ ਵਿਰੋਧੀ ਸਨ, ਸਮਾਜਿਕ ਤਬਦੀਲੀ ਦਾ ਵਿਰੋਧ ਕਰਦੇ ਸਨ, ਅਤੇ ਅਸਲਮ ਵਰਗੇ ਨੌਜਵਾਨਾਂ ਤੋਂ ਨਫ਼ਰਤ ਕਰਦੇ ਸਨ।” ਸ਼ੁਰੂ-ਸ਼ੁਰੂ ਵਿੱਚ ਇਹ ਨਾਵਲ ਪੁਰਾਣੇ ਜ਼ਮਾਨੇ ਅਤੇ ਪੁਰਾਣੇ ਖਿ਼ਆਲਾਂ ਵਾਲੇ ਇਨਸਾਨਾਂ ਦੇ ਇਰਦ-ਗਿਰਦ ਘੁੰਮਦਾ ਹੈ, ਜਦੋਂ ਧੀ ਨੂੰ ਇੱਕ ‘ਜ਼ਹਿਮਤ’ ਮੰਨਿਆਂ ਜਾਂਦਾ ਸੀ। ਪਰ ਜਦ ਅਸਲਮ ਦੇ ਘਰ ਧੀ ਜੰਮਦੀ ਹੈ, ਤਾਂ ਉਹ ਆਪਣੀ ਧੀ ਫਿ਼ਰਦੌਸ ਦੇ ਭਵਿੱਖ ਬਾਰੇ ਚਿੰਤਤ ਵੀ ਅਤੇ ਸੁਹਿਰਦ ਵੀ ਹੁੰਦਾ ਹੈ। ਲੇਖਿਕਾ ਅਨੁਸਾਰ, “ਉਸ ਦੇ ਖ਼ਵਾਬਾਂ ਅਤੇ ਹਕੀਕਤ ਦੇ ਵਿਚਕਾਰ ਇੱਕ ਵੱਡੀ ‘ਖਾਈ’ ਸੀ, ਜੋ ਉਸ ਦੇ ਦਿਲ ਨੂੰ ਹਰ ਰੋਜ਼ ਚੀਰਦੀ ਰਹਿੰਦੀ। ਪਰ ਅਸਲਮ ਇੱਕ ਮਜਬੂਤ ਇਰਾਦੇ ਵਾਲਾ ਵਿਅਕਤੀ ਸੀ, ਉਸ ਨੇ ਆਪਣੀ ਧੀ ਦੀ ਪਰਵਰਿਸ਼ ਨੂੰ ਇੱਕ ਮਕਸਦ ਸਮਝ ਕੇ ਕਬੂਲ ਕੀਤਾ। ਉਹ ਆਪਣੀ ਧੀ ਨੂੰ ਇੱਕ ਚੰਗਾ ਭਵਿੱਖ ਦੇਣਾ ਚਾਹੁੰਦਾ ਸੀ। ਉਸ ਦਾ ਖ਼ਵਾਬ ਸੀ ਕਿ ਉਸ ਦੀ ਧੀ ਫਿ਼ਰਦੌਸ ਇੱਕ ਦਿਨ ਕਾਮਯਾਬ ਅਤੇ ਖ਼ੁਦਮੁਖ਼ਤਿਆਰ ਔਰਤ ਬਣੇ, ਜੋ ਆਪਣੇ ਮਾਪਿਆਂ ਦਾ ਮਾਣ ਵਧਾ ਸਕੇ।”

ਜਿੱਥੇ ਲੇਖਿਕਾ ਖ਼ੁਦ ਕਈ ਵਾਰ ਸਮਾਜ ਦੇ ਬੰਧਨਾਂ ਦੀ ਉਲਝਣ ਵਿੱਚ ਉਲ਼ਝ ਕੇ ਰਹਿ ਜਾਂਦੀ ਹੈ, ਉਥੇ ਉਹ ਹੌਸਲਾ ਨਹੀਂ ਹਾਰਦੀ, ਸਗੋਂ ਹਿੰਮਤ ਅਤੇ ਦਲੇਰੀ ਦਾ ਪਰਚਮ ਚੁੱਕ ਕੇ ਬੜੇ ਸਾਹਸ ਨਾਲ ਅੱਗੇ ਵਧਦੀ ਹੈ। ਇਸੇ ਲਈ ਉਹ ਅਸਲਮ ਦੀ ਧੀ ਫਿ਼ਰਦੌਸ ਨੂੰ ਉਸ ਗੰਧਲ਼ੇ ਅਤੇ ਆਪਹੁਦਰੇ ਸਿਸਟਮ ਨਾਲ਼ ਟੱਕਰ ਲੈਣ ਲਈ ਅੱਗੇ ਵਧਾਉਂਦੀ ਹੈ। ਲੇਖਿਕਾ ਫਿ਼ਰਦੌਸ ਨੂੰ ਚਾਰਦੀਵਾਰੀ ਦੀ ਸ਼ੋਭਾ ਨਹੀਂ ਬਣਾਉਣਾ ਚਾਹੁੰਦੀ, ਸਗੋਂ ਇੱਕ ‘ਲੜਾਕੂ’ ਅਤੇ ਆਪਣੇ ਹੱਕਾਂ ਦੀ ਖਾਤਰ ਲੜਨ ਵਾਲ਼ੀ ‘ਜੰਗਜੂ’ ਅਤੇ ਇੱਕ ਮਹਾਨ ਕੁੜੀ ਬਣਾਉਣਾ ਚਾਹੁੰਦੀ ਹੈ। ਫਿ਼ਰਦੌਸ ਸਮਾਜ ਦੇ ਗੰਧਲ਼ੇ ਸਿਸਟਮ ਦੀ ਅਸਮਾਨਤਾ ਦੇ ਖਿ਼ਲਾਫ਼ ਅਵਾਜ਼ ਉਠਾਉਣ ਦਾ ਨਿਸ਼ਚਾ ਕਰਦੀ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਸਦੀਆਂ ਤੋਂ ਚੱਲੇ ਆ ਰਹੇ ਚਿੱਕੜ ਵਿੱਚ ਗਰਕੇ ਇਸ ਸਿਸਟਮ ਵਿਰੁੱਧ ਖੜ੍ਹਨਾ ਕਿਸੇ ਖ਼ਤਰੇ ਤੋਂ ਖਾਲੀ ਨਹੀਂ। ਪਰ ਸੀਨੇ ਸੱਟ ਜਿੰਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ.. ਅਨੁਸਾਰ ਉਹ ਇਸ ਨਿੱਘਰ ਚੁੱਕੇ ਸਿਸਟਮ ਦੇ ਖਿ਼ਲਾਫ਼ ਬਗਾਵਤ ਕਰਨ ਦਾ ਪ੍ਰਣ ਕਰ ਲੈਂਦੀ ਹੈ ਅਤੇ ਮੈਦਾਨ ਵਿੱਚ ਨਿੱਤਰਦੀ ਹੈ।

ਪਰ ਸਾਡੇ ਸਮਾਜ ਦਾ ਇੱਕ ਕਮੀਨਾਂ ਅਤੇ ਬੇਈਮਾਨ ਪੱਖ ਇਹ ਵੀ ਹੈ, ਕਿ ਜਦ ਕੋਈ ਫਿਰਦੌਸ ਵਰਗੀ ਸਾਹਸੀ ਅਤੇ ਦਲੇਰ ਕੁੜੀ ਜਿ਼ੰਦਗੀ ਦੀ ਦੌੜ ਵਿੱਚ ਅੱਗੇ ਲੰਘਣ ਦੀ ਕੋਸਿ਼ਸ਼ ਕਰਦੀ ਹੈ, ਤਾਂ ਉਸ ਨੂੰ ਵੱਖ-ਵੱਖ ਹੱਥਕੰਡੇ ਵਰਤ ਕੇ ਦਬਾਇਆ ਜਾਂਦਾ ਹੈ। ਉਸ ਦੀ ਹਿੰਮਤ ਕੁਚਲਣ ਲਈ ਉਸ ਉਪਰ ਮਨੋਵਿਗਿਆਨਕ ਦਬਾਅ ਪਾਇਆ ਜਾਂਦਾ ਹੈ। ਉਸ ਦੀ ਮਾਨਸਕਿਤਾ ਕਮਜ਼ੋਰ ਕਰਨ ਲਈ ਉਸ ਨੂੰ ਉਸ, ਅਤੇ ਉਸ ਦੇ ਭਰਾ ਦਾ ‘ਫ਼ਰਕ’ ਦੱਸ ਕੇ ਉਸ ਦਾ ਹੌਸਲਾ ਪਸਤ ਕੀਤਾ ਜਾਂਦਾ ਹੈ। ਹੋਰ ਤਾਂ ਹੋਰ, ਬੱਚੀਆਂ ਨੂੰ ਸਕੂਲਾਂ ਵਿੱਚ ਵੀ ਇਸ ਫ਼ਰਕ ਦਾ ‘ਅਹਿਸਾਸ’ ਕਰਵਾਇਆ ਜਾਂਦਾ ਹੈ, ਕਿ ਉਹ ਮੁੰਡੇ ਦੀ ਜਗਾਹ ਕਦੇ ਵੀ ਨਹੀਂ ਲੈ ਸਕਣਗੀਆਂ। ਲੜਕੀ ਨੂੰ ਇਹ ਅਹਿਸਾਸ ਕਰਵਾ ਕੇ, ਕਿ ਮਾਂ-ਬਾਪ, ਭਰਾ ਅਤੇ ਸਾਰੇ ਖ਼ਾਨਦਾਨ ਦੀ ਇੱਜ਼ਤ ਉਸ ਦੇ ਹੱਥ ਹੀ ਹੈ ਦਰਸਾ ਕੇ ਉਸ ਦੇ ਪੈਰਾਂ ਵਿੱਚ ਬੇੜੀਆਂ ਦੀ ਜਕੜ ਮਜਬੂਤ ਕੀਤੀ ਜਾਂਦੀ ਹੈ ਅਤੇ ਦਿਲ ਪਤਲਾ ਪਾਇਆ ਜਾਂਦਾ ਹੈ। ਫਿ਼ਰਦੌਸ ਦੇ ਬਾਪ ਅਸਲਮ ਨੇ ਬਚਪਨ ਵਿੱਚ ਕਈ ਵਾਰ ਆਪਣੀ ਮਾਂ ਨੂੰ ਬੇਇੱਜ਼ਤ ਹੁੰਦੀ ਦੇਖਿਆ, ਅਤੇ ਹੁਣ ਉਹ ਇਹ ਨਹੀਂ ਚਾਹੁੰਦਾ ਕਿ ਹੂ-ਬ-ਹੂ ਉਹਨਾਂ ਹਾਲਾਤਾਂ ਦਾ ਸਾਹਮਣਾ ਉਸ ਦੀ ਬੇਟੀ ਫਿ਼ਰਦੌਸ ਕਰੇ। ਕਿਉਂਕਿ ਅਸਲਮ ਦਾ ਬਾਪ ਇੱਕ ਗੁੱਸੇਖੋਰਾ ਬੰਦਾ ਸੀ, ਅਤੇ ਉਸ ਦੇ ਗੁੱਸੇ ਦਾ ਸਿ਼ਕਾਰ ਖ਼ੁਦ ਉਸ ਦੀ ਮਾਂ ਬਣਦੀ ਸੀ। ਮਾਂ ਦੇ ਚਿਹਰੇ ਉਪਰ ਛਾਈ ਬੇਵੱਸੀ ਨੂੰ ਅਸਲਮ ਅੱਜ ਤੱਕ ਭੁਲਾ ਨਹੀਂ ਸਕਿਆ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਉਸ ਦੀ ਬੇਟੀ ਬੇਵੱਸ ਨਹੀਂ, ਇੱਕ ਸ਼ੀਹਣੀ ਹੋਵੇ, ਜੋ ਸਮਾਜ ਵਿੱਚ ਅਣਖ਼ ਅਤੇ ਸਵੈਮਾਣ ਨਾਲ਼ ਜੀਅ ਅਤੇ ਵਿਚਰ ਸਕੇ।

ਬੇਬ ਰੁਥ ਦਾ ਕਥਨ ਮੈਨੂੰ ਵਾਰ-ਵਾਰ ਯਾਦ ਆਉਂਦਾ ਹੈ, “ਉਸ ਵਿਅਕਤੀ ਨੂੰ ਹਰਾਉਣਾ ਔਖਾ ਹੈ, ਜੋ ਕਦੇ ਹਾਰ ਨਹੀਂ ਮੰਨਦਾ।” ਕੁਝ ਇਸੇ ਤਰ੍ਹਾਂ ਹੀ ਮਾਇਆ ਐਂਜਲੋ ਨੇ ਵੀ ਕਿਹਾ ਸੀ, “ਤੁਹਾਨੂੰ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਤੁਹਾਨੂੰ ਹਾਰ ਨਹੀਂ ਮੰਨਣੀ ਚਾਹੀਦੀ…।” ਉਸੀ ਤਰ੍ਹਾਂ ਜਿੱਥੇ ਬੋਹੜ ਦਾ ਰੁੱਖ ਫਿ਼ਰਦੌਸ ਵਾਸਤੇ ਕਿਵੇਂ ਪ੍ਰੇਰਣਾ ਸਰੋਤ ਬਣਦਾ ਹੈ, ਉਥੇ ਉਸ ਦੇ ਆਪਣੇ ‘ਕਜ਼ਨ’ ਵੱਲੋਂ ਕੀਤਾ ਸਰੀਰਕ ਸ਼ੋਸ਼ਣ ਵੀ ਉਸ ਨੂੰ ਅੰਦਰੋਂ ਤੋੜ ਧਰਦਾ ਹੈ। ਪਰ ਉਹ ਬਹਾਦਰ ਕੁੜੀ ਮੁੜ ਹੰਭਲਾ ਮਾਰ ਕੇ ਉਠਦੀ ਹੈ ਅਤੇ ਕਿਸੇ ਮੁਕਾਮ ‘ਤੇ ਪਹੁੰਚਣ ਲਈ ਆਪਣਾ ਮਾਨਸਿਕ ਬਲ ਇਕੱਠਾ ਕਰਦੀ, ਮੰਜਿ਼ਲ ਵੱਲ ਤੁਰਦੀ ਹੈ। ਜਦੋਂ ਤੁਸੀਂ “ਝੱਲੀ” ਨਾਵਲ ਪੜ੍ਹਦੇ ਹੋ, ਤਾਂ ਪਾਉਲੋ ਕੋਲਹੋ ਦੁਆਰਾ ਰਚਿਆ ਨਾਵਲ “ਦਾ ਅਲਕਾਮਿਸਟ” ਦੀ ਪ੍ਰੇਰਨਾ ਵੀ ਤੁਹਾਡੇ ਸਾਹਮਣੇ ਆਉਂਦੀ ਹੈ ਅਤੇ ਤੁਹਾਨੂੰ ਡੋਲਣ ਜਾਂ ਡਿੱਗਣ ਨਹੀਂ ਦਿੰਦੀ, ਸਗੋਂ ਕਿਸੇ ਅਣਥੱਕ ਰਾਹੀ ਵਾਂਗ ਤੁਰਦੇ ਰਹਿਣ ਦਾ ਉਪਦੇਸ਼ ਵੀ ਦਿੰਦੀ ਹੈ ਅਤੇ ਹਿੱਕ ਡਾਹ ਕੇ ਲੜਨ ਦਾ ਬਲ ਵੀ ਪ੍ਰਦਾਨ ਕਰਦੀ ਹੈ। ਸ਼ਗੁਫ਼ਤਾ ਗਿੰਮੀ ਲੋਧੀ ਨੇ ਇਹ ਸੰਖਿਪਤ ਨਾਵਲ ਲਿਖ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ, ਜਿਸ ਨੂੰ ਪੜ੍ਹ ਕੇ ਤੁਹਾਨੂੰ ਆਨੰਦ ਤਾਂ ਆਵੇਗਾ ਹੀ, ਅਸਲਮ ਦੀ ਧੀ ਫਿ਼ਰਦੌਸ ਦੀ ਜੱਦੋਜਹਿਦ ਦੀ ਕਹਾਣੀ ਤੁਹਾਨੂੰ ਬੇਹੱਦ ਰੌਚਿਕ ਲੱਗੇਗੀ। ਕਈ ਥਾਂ ਉਰਦੂ ਤੋਂ ਪੰਜਾਬੀ ਦਾ ਅੱਘੜ-ਦੁੱਘੜਾ ਅਨੁਵਾਦ ਅਤੇ ਛਪਾਈ ਵਿੱਚ ਹੋਈਆਂ ਗਲਤੀਆਂ ਪਾਠਕ ਨੂੰ ਬੇਹੱਦ ਰੜਕਦੀਆਂ ਹਨ।

ਪਰ ਅਖ਼ੀਰ ਵਿੱਚ ਮੈਂ ਇਸ ਨਾਵਲ ਦੀ ਲੇਖਿਕਾ ਸ਼ਗੁਫ਼ਤਾ ਗਿੰਮੀ ਲੋਧੀ ਨੂੰ ਇੱਕ ਸਫ਼ਲ ਨਾਵਲ ਰਚਣ ਲਈ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ। ਮੈਨੂੰ ਅੱਗੇ ਤੋਂ ਵੀ ਉਸ ਵੱਲੋਂ ਅਜਿਹੇ ਸਾਰਥਿਕ ਅਤੇ ਉਸਾਰੂ ਸਾਹਿਤ ਦੀ ਆਸ ਰਹੇਗੀ। ਪਾਠਕਾਂ ਨੂੰ ਮੈਂ ਨਾਵਲ “ਝੱਲੀ” ਪੜ੍ਹਨ ਲਈ ਪੁਰਜ਼ੋਰ ਅਪੀਲ ਕਰਾਂਗਾ, ਜੋ ਪਛੜੇ ਅਤੇ ਲਿਤਾੜੇ ਲੋਕਾਂ ਲਈ ਆਸ ਦੀ ਸੁਨਿਹਰੀ ਕਿਰਨ ਮੁਹੱਈਆ ਕਰਵਾਉਂਦਾ ਹੈ, ਅਤੇ ਹਨ੍ਹੇਰੇ ਵਿੱਚੋਂ ਖਿੱਚ ਕੇ ਨੂਰੋ-ਨੂਰ ਅੰਬਰ ਵੱਲ ਉੜਾਨ ਭਰਨ ਲਈ ਉਤਸ਼ਾਹਿਤ ਕਰਦਾ ਹੈ। ਚਾਹੇ ਫਿ਼ਰਦੌਸ ਨੂੰ ਆਪਣੇ ਆਸ਼ਕ ਫ਼ਰੀਦ, ਭਰਾ ਜ਼ਮੀਲ, ਸਹੁਰੇ ਖ਼ਾਲਿਦ, ਸੱਸ ਆਇਸ਼ਾ, ਮਨਸੂਰ ਪਤੀ ਵੱਲੋਂ ਧੱਕੇ-ਧੋੜੇ ਹੀ ਨਸੀਬ ਹੋਏ, ਪਰ ਉਹ ਇੱਕ ਚੱਟਾਨ ਵਾਂਗ ਡਟ ਕੇ ਖੜ੍ਹੀ ਰਹੀ। ਚਾਹੇ ਉਸ ਨੂੰ ਲੱਖ ਤੋੜਨ ਦੀ ਕੋਸਿ਼ਸ਼ ਕੀਤੀ ਗਈ, ਪਰ ਉਹ ਤਿੜਕਣ ਦੇ ਬਾਵਜੂਦ ਵੀ ਆਪਣੀ ਧੀ ਦੇ ਭਵਿੱਖ ਲਈ ਸਾਬਤ ਹੀ ਰਹੀ। ਇਸ ਦਿਲਚਸਪ ਨਾਵਲ ਲਈ ਸ਼ਗੁਫ਼ਤਾ ਗਿੰਮੀ ਲੋਧੀ ਨੂੰ ਇੱਕ ਵਾਰ ਫਿ਼ਰ ਮੁਬਾਰਕਬਾਦ! ਆਮੀਨ!!

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>