ਸਿਨਸਿਨੈਟੀ, ਓਹਾਇਓ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਗੁਰਪੁਰਬ ਦੇ ਸੰਬੰਧ ਵਿੱਚ ਤਿੰਨ ਦਿਨਾਂ ਵਿਸ਼ੇਸ਼ ਦੀਵਾਨ ਸਜਾਏ ਗਏ। ਇਹਨਾਂ ਸਮਾਗਮਾਂ ‘ਚ ਸ਼ਾਮਲ ਹੋਣ ਲਈ ਸੰਗਤਾਂ ਦੀ ਬੇਨਤੀ ‘ਤੇ ਭਾਈ ਮਹਿਲ ਸਿੰਘ. ਭਾਈ ਗੁਰਲਾਲ ਸਿੰਘ ਜੀ, ਭਾਈ ਜੁਗਰਾਜ ਸਿੰਘ ਦਾ ਕਵੀਸ਼ਰੀ ਜੱਥਾ ਸਿਨਸਿਨੈਟੀ ਪੁੱਜਾ। ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਸ਼ੀ ਅਬਾਦੀਆਂ ਵਿੱਚੋਂ ਦੀ ਲੰਗਿਆ। ਵੱਡੀ ਗਿਣਤੀ ਵਿੱਚ ਸਿਨਸਿਨੈਟੀ ਦੇ ਨਾਲ ਲੱਗਦੇ ਸ਼ਹਿਰ ਡੇਟਨ, ਅਤੇ ਸੂਬੇ ਇੰਡਿਆਣਾ ਅਤੇ ਕੈਨਟੱਕੀ ਤੋਂ ਵੀ ਸੰਗਤਾਂ ਇਸ ਵਿੱਚ ਸ਼ਾਮਲ ਹੋਈਆਂ।
ਛੋਟੇ, ਵੱਡੇ ਬੱਚੇ ਬੱਚੀਆਂ ਅਤੇ ਇੰਡਿਆਣਾ ਤੋਂ ਪੁੱਜੇ ਜੱਥੇ ਨੇ ਗਤਕੇ ਦੇ ਜੋਹਰ ਵੀ ਦਿਖਾਏ। ਇੱਥੇ ਇਹ ਵਰਨਣਯੋਗ ਹੈ ਕਿ ਸਿਰਫ ਇੱਕ ਮਹੀਨੇ ਪਹਿਲਾਂ ਹੀ 10ਵੀਂ ਜਮਾਤ ਦੇ ਵਿਦਿਆਰਥੀ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਜੀ ਦੇ ਸਪੁੱਤਰ ਸ਼ਾਹਬਾਜ਼ ਸਿੰਘ ਅੰਮ੍ਰਿਤਸਰ ਅਤੇ ਨੌਜਵਾਨ ਜਗਜੀਤ ਸਿੰਘ ਵੱਲੋਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਨੇ ਵੀ ਬਹੁਤ ਮਿਹਨਤ ਨਾਲ ਕੁੱਝ ਹੀ ਦਿਨਾਂ ‘ਚ ਗਤਕਾ ਸਿੱਖ ਕੇ ਆਪਣੇ ਜੋਹਰ ਦਿਖਾਏ। ਰਸਤੇ ਵਿੱਚ ਇਹਨਾਂ ਅਬਾਦੀਆਂ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਵਲੋਂ ਗਰਮ ਦੁੱਧ, ਪਾਣੀ, ਫਲਾਂ, ਮਿਠਾਈ ਆਦਿ ਦੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ। ਅਮਰੀਕਨਾਂ ਨੇ ਵੀ ਆਪਣੇ ਘਰਾਂ ਦੇ ਬਾਹਰ ਆ ਕੇ ਸਿੱਖ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਨਾਲ ਉਹਨਾਂ ਨੂੰ ਵੀ ਸਿੱਖਾਂ ਬਾਰੇ ਜਾਣਕਾਰੀ ਮਿਲੀ।
ਸਮਾਗਮ ਦੇ ਅਖੀਰਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਹੈੱਡ ਗ੍ਰੰਥੀ ਅਤੇ ਕਥਾਵਾਚਕ ਭਾਈ ਜਗਬੀਰ ਸਿੰਘ ਜੀ ਨੇ ਕਥਾ ਰਾਹੀਂ ਗੁਰੂ ਜੀ ਦੀ ਜੀਵਨੀ ਤੇ ਚਾਨਣਾ ਪਾਇਆ। ਭਾਈ ਗੁਰਬੰਤ ਸਿੰਘ, ਭਾਈ ਜੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੇ ਕੀਰਤਨ ਜੱਥੇ ਨੇ ਅੰਮ੍ਰਿਤ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਮਹਿਲ ਸਿੰਘ ਜੀ ਦੇ ਜੱਥੇ ਨੇ ਆਪਣੀ ਰੱਸ ਭਿੰਨੀ ਅਵਾਜ ਅਤੇ ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਦੌਰਾਨ ਤਿੰਨੋ ਦਿਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਨੇ ਇਹਨਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ, ਸੰਗਤ ਅਤੇ ਨਗਰ ਕੀਰਤਨ ਦੋਰਾਨ ਆਪਣੀਆਂ ਸੇਵਾਵਾਂ ਦੇਣ ਲਈ ਵੈਸਟ ਚੈਸਟਰ ਪੁਲਿਸ ਦਾ ਧੰਨਵਾਦ ਕੀਤਾ।