ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥਾ ਦੀ ਦਿੱਲੀ ਇਕਾਈ ਵਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧਿਤ ਦਿੱਲੀ ਦੇ ਇਤਿਹਾਸਿਕ ਗੁਰੂਦੁਆਰਾ ਸੀਸ ਗੰਜ ਸਾਹਿਬ ਵਿਖ਼ੇ ਵਿਸ਼ੇਸ਼ ਕੀਰਤਨੀ ਅਖਾੜੇ ਸਜਾਏ ਗਏ । ਇਸ ਮੌਕੇ ਭਾਈ ਇੰਦਰਪ੍ਰੀਤ ਸਿੰਘ ਪਾਣੀਪਤ, ਬੀਬੀ ਜਪਨੀਤ ਕੌਰ ਫਰੀਦਾਬਾਦ, ਭਾਈ ਗੁਰਸ਼ਰਨ ਸਿੰਘ ਫਰੀਦਾਬਾਦ, ਭਾਈ ਪ੍ਰਿਤਪਾਲ ਸਿੰਘ ਅਸਟ੍ਰੇਲੀਆ ਸਮੇਤ ਹੋਰ ਕੀਰਤਨੀਆਂ ਨੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਸੀ । ਜੱਥੇ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਹਰਜਿੰਦਰ ਸਿੰਘ, ਭਾਈ ਅਰੁਣਪਾਲ ਸਿੰਘ ਅਤੇ ਹੋਰ ਸਿੰਘਾਂ ਨੇ ਬੀਤੇ ਦਿਨੀਂ ਵਾਇਰਲ ਹੋਈ ਵੀਡੀਓ ਜਿਸ ਵਿਚ ਇਕ ਆਮ ਇਨਸਾਨ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਸਵਰੂਪ ਧਰਨ ਅਤੇ ਕੁਰਸੀ ਤੇ ਬਿਠਾਇਆ ਦੇਖਣ ਨੂੰ ਮਿਲੀ ਸੀ, ਬਾਰੇ ਕਿਹਾ ਕਿ ਇਹ ਜਾਣਬੁਝ ਕੇ ਸਿੱਖ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਕਰਣ ਦੇ ਕੰਮ ਹਨ, ਜਿਸਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੰਥਕ ਜਥੇਬੰਦੀਆਂ ਨੂੰ ਇਸ ਦਾ ਸਖ਼ਤ ਨੌਟਿਸ ਲੈਣਾ ਚਾਹੀਦਾ ਹੈ । ਉਨ੍ਹਾਂ ਦਸਿਆ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਪ ਕੇ ਦੇਹਧਾਰੀ ਪ੍ਰਥਾ ਖ਼ਤਮ ਕਰ ਦਿੱਤੀ ਸੀ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜਿਰ ਨਾਜ਼ੀਰ ਗੁਰੂ ਹਨ ਤੇ ਕੌਈ ਵੀ ਮਨੁੱਖ ਉਨ੍ਹਾਂ ਦਾ ਸਵਰੂਪ ਨਹੀਂ ਰਚ ਸਕਦਾ ਹੈ । ਅਸੀ ਸਮੂਹ ਬਿਪ੍ਰਵਾਦੀ ਤਾਕਤਾਂ ਨੂੰ ਚੇਤਾਵਨੀ ਦੇਂਦੇ ਹਾਂ ਕਿ ਸਿੱਖਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰੋ, ਖਾਲਸਾ ਪੰਥ “ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ” ਤੇ ਪਹਿਰਾ ਦੇਣਾ ਜਾਣਦਾ ਹੈ । ਸਾਡੀ ਸਮੂਹ ਪੰਥ ਨੂੰ ਅਪੀਲ ਹੈ ਕਿ ਇਸਦਾ ਵੱਧ ਤੋਂ ਵੱਧ ਵਿਰੋਧ ਕਰਣ ਦੇ ਨਾਲ ਪੰਥਕ ਮਰਿਆਦਾ ਅਨੁਸਾਰ ਇੰਨ੍ਹਾ ਸ਼ਰਾਰਤੀ ਤੱਤਾਂ ਨੂੰ ਸਜ਼ਾ ਦੇਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਕੌਈ ਵੀ ਪੰਥ ਦੀ ਭਾਵਨਾਵਾਂ ਨਾਲ ਛੇੜਖਾਣੀ ਨਾ ਕਰ ਸਕੇ ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਵਿਸ਼ੇਸ਼ ਕੀਰਤਨ ਅਖਾੜੇ ਸਜਾਏ ਗਏ
This entry was posted in ਭਾਰਤ.