ਸਿੰਘ ਸਭਾ ਲਹਿਰ ਲਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ

( ਡਾ. ਜਗਮੇਲ ਸਿੰਘ ਭਾਠੂਆਂ)

ਪੰਜਾਬ ਉੱਤੇ ਅੰਗਰੇਜਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਪੰਜਾਬ ਵਿੱਚ ਇੱਕ ਹੋਰ ਨਵਾਂ ਦੌਰ ਸ਼ੁਰੂ ਹੁੰਦਾ ਹੈ । ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਅਤੇ ਆਰੀਆ ਸਮਾਜ ਦੀ ਚਲਾਈ ‘ਸ਼ੁੱਧ’ ਕਰਨ ਦੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਆਪਣੇ ਮੂਲ ਧਰਮ, ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਸਨ । ਪਰ ਇਹ ਵਾਤਾਵਰਨ ਬਹੁਤੀ ਦੇਰ ਕਾਇਮ ਨਾ ਰਹਿ ਸਕਿਆ । ਉਨੀਂਵੀ ਸਦੀ ਦੇ ਪਿਛਲੇਰੇ ਅੱਧ ਵਿੱਚ ਪੰਜਾਬ  ਦੀ ਸੰਸਕ੍ਰਿਤਕ ਅਤੇ ਆਤਮਿਕ ਚੇਤਨਾ ਲਈ ਸਿੰਘ ਸਭਾ ਲਹਿਰ ਨੇ ਜਨਮ ਲਿਆ, ਜਿਸਨੇ ਪੰਜਾਬ ਦੇ ਜੀਵਨ ਨੂੰ ਨਿਰਮਲ ਤੇ ਨਰੋਆ ਰੱਖਣ ਤੇ ਪ੍ਰਫੁੱਲਤ ਕਰਨ ਦਾ ਭਰਪੂਰ ਉਪਰਾਲਾ ਕੀਤਾ । ਸੰਨ 1872 ਚ ਆਰੰਭ ਹੋਈ ‘ਸਿੰਘ ਸਭਾ ਲਹਿਰ’ ਜਦੋਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਸੀ । ਅਜਿਹੇ ਮੋਕੇ ਭਰ ਜੁਆਨੀ ਦੀ ਉਮਰੇ ਭਾਈ ਕਾਨ੍ਹ ਸਿੰਘ ਨਾਭਾ  (1861-1938 ਈ) ਦਾ ਮੇਲ ਮਿਲਾਪ ਲਾਹੌਰ ਚ ਸਿੰਘ ਸਭਾਈ ਆਗੂਆਂ ਪ੍ਰੋ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਸਰ ਅਤਰ ਸਿੰਘ ਭਦੌੜ ਨਾਲ ਹੋਇਆ । ਭਾਈ ਸਾਹਿਬ ਦੀ ਵਿਦਵਤਾ ਦਾ ਇਨਾਂ ਸਿੱਖ ਆਗੂਆਂ  ਨੇ ਬਹੁਤ ਗਹਿਰਾ ਅਸਰ ਕਬੂਲ ਕੀਤਾ ਅਤੇ ਭਾਈ ਸਾਹਿਬ ਨੂੰ ਲਹਿਰ ਨਾਲ ਜੋੜਿਆ ।

ਸਮੇਂ ਦੀ ਮੰਗ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਸਿੰਘ ਸਭਾ ਲਹਿਰ ਦੇ ਮੁੱਖ ਉਦੇਸ਼ ਸਿੱਖੀ ਸਿਧਾਂਤਾਂ ਤੇ ਸਿੱਖੀ ਜੀਵਨ ਦੇ ਪ੍ਰਚਾਰ ਲਈ ‘ਹਮ ਹਿੰਦੂ ਨਹੀਂ’ ‘ਗੁਰੁਮਤ ਪ੍ਰਭਾਕਰ’ ਤੇ ‘ਗੁਰੁਮਤ ਸੁਧਾਕਰ’ ਵਰਗੀਆਂ ਦਰਜਨਾਂ ਲਾਸਾਨੀ ਪੁਸਤਕਾਂ ਦੀ ਰਚਨਾ ਕਰਕੇ ਸਿੱਖ ਸੰਗਠਨ ਦੀ ਧਾਰਮਿਕ ਵਿੱਲਖਣਤਾ ਅਤੇ ਸਮਾਜਿਕ ਵੱਖਰੇਪਨ ਨੂੰ ਦ੍ਰਿੜਇਆ , ਜਿਸ ਨਾਲ ਈਸਾਈ ਮਿਸ਼ਨਰੀਆਂ ਅਤੇ ਸਿੱਖ ਧਰਮ ਦੇ ਹੋਰ ਵਿਰੋਧੀਆਂ, ਖਾਸ ਕਰਕੇ ਆਰੀਆ ਸਮਾਜ ਵਲੋਂ ਸਿੱਖਾਂ ਨੂੰ ਹੜੱਪਣ ਤੇ ਉਨਾਂ ਦੀ ਸੁਤੰਤਰ ਹਸਤੀ ਨੂੰ ਖਤਮ ਕਰਨ ਦੇ ਯਤਨਾਂ ਦੀ ਸਮਾਪਤੀ ਹੋਈ । ਸਿੰਘ ਸਭਾ ਲਹਿਰ ਦੀ ਸਿੱਖੀ ਪ੍ਰਚਾਰ ਮੁਹਿੰਮ ਚ ਸ਼ਾਮਿਲ ਹੋਣ ਦੇ ਨਾਲ ਨਾਲ ਭਾਈ ਕਾਨ੍ਹ ਸਿੰਘ ਨਾਭਾ ਮਹਾਰਾਜਾ ਹੀਰਾ ਸਿੰਘ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਸੰਨ 1884 ਤੋਂ ਨਾਭਾ ਦਰਬਾਰ ਵਿੱਚ ਵੀ ਪੱਕੇ ਪੈਰੀਂ ਸਥਾਪਿਤ ਹੋ ਗਏ ਸਨ, ਜਿਸ ਬਾਰੇ ਸਿੰਘ ਸਭਾਈ ਆਗੂ ਵੀ ਭਲੀ-ਭਾਂਤ ਜਾਣੂ ਸਨ ।

ਸਿੱਖੀ ਸਿਧਾਂਤਾਂ ਦੇ ਪ੍ਰਚਾਰ ਤੋਂ ਇਲਾਵਾ ਸਿੰਘ ਸਭਾ ਲਹਿਰ ਦਾ ਦੂਜਾ ਮੁੱਖ ਤੇ ਵੱਡਾ ਉਦੇਸ਼ ਸੀ , ਸਿੱਖਾਂ  ਵਿੱਚ ਵਿੱਦਿਆ ਦਾ ਪ੍ਰਚਾਰ-ਪ੍ਰਸਾਰ ਕਰਨਾ । ਇਸ ਉਦੇਸ ਦੀ ਪੂਰਤੀ ਲਈ ਵੀ ਪ੍ਰੋ. ਗੁਰਮੁਖ ਸਿੰਘ ਜੀ ਨੂੰ ਭਾਈ ਕਾਨ੍ਹ ਸਿੰਘ ਵਲੋਂ ਭਰਪੂਰ ਸਹਿਯੋਗ ਮਿਲਿਆ । ਲਗਭਗ ਸੰਨ 1880 ਵਿੱਚ ਪ੍ਰੋ. ਗੁਰਮੁਖ ਸਿੰਘ ਅਤੇ ਸਭਾ ਦੇ ਹੋਰ ਆਗੂਆਂ ਨੂੰ ਸਿੱਖਾਂ ਵਿੱਚ ਵਿੱਦਿਆ ਦੇ ਪ੍ਰਚਾਰ ਲਈ ਖਾਲਸਾ ਕਾਲਜ ਬਣਵਾਉਣ ਦਾ ਫੁਰਨਾ ਫੁਰਿਆ ਤਾਂ ਇਸ ਤੋਂ ਕੁਝ ਸਾਲਾਂ ਬਾਅਦ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਤੇ ਆਰਥਿਕ ਮਦਦ ਲਈ ਸਿੱਖ ਮਹਾਰਾਜਿਆਂ ਤੇ ਸਿੱਖ ਰਈਸਾਂ ਨੂੰ ਆਪਣੇ ਨਾਲ ਜੋੜਨ ਲਈ ਭਾਈ ਕਾਨ੍ਹ ਸਿੰਘ ਨੇ ਸਿੰਘ ਸਭਾ ਦੇ ਆਗੂਆਂ ਸਾਮ੍ਹਣੇ ਸੁਝਾਅ ਪੇਸ਼ ਕੀਤਾ । ਬੇਸੱਕ ਪੰਜਾਬ ਦੀਆਂ ਸਾਰੀਆਂ ਹੀ ਰਿਆਸਤਾਂ ਨੇ ਖਾਲਸਾ ਕਾਲਜ ਦੀ ਸਥਾਪਤੀ ਲਈ ਖੁੱਲ ਕੇ ਮੱਦਦ ਕੀਤੀ ਪਰ ਨਾਭਾ ਅਤੇ ਪਟਿਆਲਾ ਰਿਆਸਤ ਦੇ ਮਹਾਰਾਜਿਆਂ ਨਾਲ ਭਾਈ ਕਾਨ੍ਹ ਸਿੰਘ ਦੇ ਬਹੁਤ ਨਜਦੀਕੀ ਸਬੰਧ ਬਣ ਚੁੱਕੇ ਸਨ ਅਤੇ ਭਾਈ ਸਾਹਿਬ ਦੀ ਪ੍ਰੇਰਨਾ ਨਾਲ ਦੋਵਾਂ ਹੀ ਰਿਆਸਤਾਂ ਨਾਭਾ, ਪਟਿਆਲਾ ਨੇ ਖਾਲਸਾ ਕਾਲਜ, ਸ਼੍ਰੀ ਅੰਮ੍ਰਿਤਸਰ ਨੂੰ ਮਨ, ਵਚਨ, ਕਰਮ ਤੋਂ ਸਹਾਇਤਾ ਦੇਣ ਦਾ ਵਚਨ ਦਿੱਤਾ ।

ਸਿੱਖ ਕੌਮ ਦੀ ਵਿੱਦਿਅਕ ਉੱਨਤੀ ਲਈ ਖਾਲਸਾ ਕਾਲਜ ਲਈ ਚੰਦਾ ਇੱਕਤ੍ਰ ਕਰਨ ਲਈ ਪਹਿਲ ਵੀ ਭਾਈ ਕਾਨ੍ਹ ਸਿੰਘ ਆਪਣੇ ਘਰੋਂ ਆਰੰਭ ਕੀਤੀ । ਭਾਈ ਸਾਹਿਬ ਦੀ ਸੁਪਤਨੀ ਬੀਬੀ ਬੰਸਤ ਕੌਰ ਨੇ ਆਪਣਾ ਚੂੜਾ ਅਤੇ ਭਰਜਾਈ ਪ੍ਰਤਾਪ ਕੌਰ ਨੇ ਆਪਣੇ ਕੜੇ, ਰਿਆਸਤ ਨਾਭਾ ਦੇ ਚੋਬਦਾਰਾਂ ਨੂੰ ਸਪੁਰਦ ਕੀਤੇ । ਮਹਾਰਾਜਾ ਹੀਰਾ ਸਿੰਘ ਦੀ ਆਗਿਆ ਨਾਲ ਰਿਆਸਤ ਦੇ ਫੌਜੀ ਤੇ ਸਿਵਲ ਅਧਿਕਾਰੀਆਂ ਨੂੰ  ਪ੍ਰੇਰਿਤ ਕਰਕੇ ਭਾਈ ਸਾਹਿਬ ਨੇ ਚੰਦੇ ਦੀ ਫਹਿਰਿਸਤ ਖੋਲੀ, ਜਿਸਨੂੰ ਸਭ ਨੇ ਮਨਜੂਰ ਕੀਤਾ ।

ਇਸ ਉਪੰਰਤ 12 ਅਪ੍ਰੈਲ 1904 ਈ. ਨੂੰ ਖਾਲਸਾ ਕਾਲਜ ਅੰਮ੍ਰਿਤਸਰ ਚ ਸਿੱਖਾਂ ਮਸ਼ਹੂਰ ਦਰਬਾਰ ਹੋਇਆ ਜਿਸਦੀ ਪ੍ਰਧਾਨਗੀ ਮਹਾਰਾਜਾ ਹੀਰਾ ਸਿੰਘ ਨੇ ਕੀਤੀ ਅਤੇ ਮਹਾਰਾਜਾ ਦਾ ਪ੍ਰਧਾਨਗੀ ਐਡਰੈਸ ਭਾਈ ਕਾਨ੍ਹ ਸਿੰਘ ਨੇ ਪੜ੍ਹ ਕੇ ਸੁਣਾਇਆ । ਲੈਫਟੀਨੈਂਟ ਗਵਰਨਰ ਪੰਜਾਬ ਸਰ ਚਾਰਲਸ ਰਿਵਾਜ ਤੇ ਹੋਰ ਅੰਗਰੇਜ ਉੱਚ ਅਧਿਕਾਰੀਆਂ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ ਅਤੇ ਅੰਗਰੇਜ ਗਵਰਨਮੈਂਟ ਨੇ ਇਸ ਸ਼ੁੱਭ ਕਾਰਜ ਲਈ ਇੱਕ ਲੱਖ ਦਸ ਹਜਾਰ ਦੇ ਕੇ ਸਿੱਖਾਂ ਦਾ ਉਤਸਾਹ ਵਧਾਇਆ । ਅਜਿਹੇ ਮੌਕੇ ਭਾਵੁਕ ਹੋ ਕੇ ਸਿੱਖ ਬੱਚਿਆਂ ਦੀ ਵਿੱਦਿਆ ਦੇ ਦਾਨ ਲਈ ਜਦ ਪੰਥਕ ਆਗੂ ਸ. ਸੁੰਦਰ ਸਿੰਘ ਮਜੀਠੀਆ ਨੇ ਝੋਲੀ ਅੱਡੀ ਤਾਂ ਲਗਭਗ ਵੀਹ ਲੱਖ ਦੀ ਰਾਸੀ ਦਾ ਚੰਦਾ ਇੱਕਠਾ ਹੋਇਆ । ਇਸ ਤਰਾਂ ਪੈਸੇ ਦੀ ਘਾਟ ਕਾਰਨ ਉਸ ਮੌਕੇ ਟੁੱਟਣ ਜਾਂ ਖਤਮ ਹੋਣ ਜਾ ਰਹੇ ਖਾਲਸਾ ਕਾਲਜ ਨੂੰ ਪੱਕੇ ਪੈਰੀ ਕਰਨ ਲਈ ਭਾਈ ਕਾਨ੍ਹ ਸਿੰਘ ਨਾਭਾ ਨੇ ਸਿੰਘ ਸਭਾਈ ਆਗੂਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ।

ਇੱਥੇ ਇਹ ਵੀ ਵਰਨਣ ਯੋਗ ਹੈ ਕਿ ਕਰਨਲ ਡਬਲਯੂ ਆਰ.ਐਮ. ਹੋਲਰੋਇਡ ਦੀ ਪ੍ਰਧਾਨਗੀ ਹੇਠ ਬਣੀ ਖਾਲਸਾ ਕਾਲਜ ਸਥਾਪਨਾ ਕਮੇਟੀ ਦੀ 121 ਮੈਂਬਰੀ ਕਮੇਟੀ ਮੈਬਰਾਂ ਵਿੱਚ ਵੀ ਬਤੌਰ ਮੈਂਬਰ ਭਾਈ ਕਾਨ੍ਹ ਸਿੰਘ ਸ਼ਾਮਲ ਸਨ ਅਤੇ ਸੰਨ 1902 ਚ ਬਣਾਈ ਗਈ ਖਾਲਸਾ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਵੀ ਭਾਈ ਕਾਨ੍ਹ ਸਿੰਘ ਦੀ ਰਾਏ ਨਾਲ ਚੁਣ ਗਏ ਸਨ । ਇਸ ਤਰਾਂ ਸਿੰਘ ਸਭਾ ਦੇ ਉਦੇਸ਼ਾਂ ਦੀ ਪੂਰਤੀ ਲਈ ਖਾਲਸਾ ਕਾਲਜ ਸਥਾਪਤੀ ਲਈ ਭਾਈ ਸਾਹਿਬ ਨੇ ਜਿੱਥੇ ਨਾਭਾ ਰਿਆਸਤ ਰਾਹੀਂ ਆਪਣਾ ਵਿਸ਼ੇਸ ਯੋਗਦਾਨ ਪਾਇਆ ਉਥੇ ‘ਹਮ ਹਿੰਦੂ ਨਹੀਂ’ ਵਰਗੀਆਂ ਬਹੁ-ਚਰਚਿੱਤ ਪੁਸਤਕਾਂ ਲਿਖ ਕੇ ਹਿੰਦੂ ਤੇ ਮੁਸਲਮਾਨਾਂ ਦੇ ਨਾਲ ਨਾਲ ਉਸ ਸਮੇ ਸਿੱਖ ਹੱਕਾਂ ਦੀ ਅਲਹਿਦਗੀ ਤੇ ਸਿੱਖ ਸੁਤੰਤਰ ਕੌਮ ਦਾ ਵੀ ਮੁੱਢ ਬੰਨਿਆ ।

ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸਿੱਖਾਂ ਦੀ ਵਿੱਦਿਅਕ ਉੱਨਤੀ ਦੇ ਉਦੇਸ਼ ਦੀ ਪੂਰਤੀ ਲਈ ਬਤੌਰ ਲਿਖਾਰੀ ਸਿੰਘ ਸਭਾ ਲਹਿਰ ਲਈ ਭਾਈ ਸਾਹਿਬ ਨੇ ਪੂਰੀ ਉਮਰ ਕੰਮ ਕੀਤਾ ਅਤੇ ਵਿਸ਼ਵ ਕੋਸ਼ੀ ਵਿਦਿਆ ਪ੍ਰਣਾਲੀ ਨਾਲ ਸਮੂਹ ਸਿੱਖਾਂ ਤੇ ਪੰਜਾਬੀਆਂ ਨੂੰ ਜੋੜਨ ਲਈ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਦੀ ਰਚਨਾ ਕੀਤੀ ।

ਉੱਘੇ ਵਿਦਵਾਨ ਸਰਦਾਰ ਖੁਸਵੰਤ ਸਿੰਘ ਨੇ ਮਹਾਨ ਕੋਸ਼ ਨੂੰ ਸਿੰਘ ਸਭਾ ਲਹਿਰ ਦੀਆਂ ਸਭ ਤੋ ਵੱਧ ਪ੍ਰਭਾਵਸ਼ਾਲੀ ਰਚਨਾਵਾਂ ਵਿੱਚ ਗਿਣਿਆ ਹੈ । ਸਿੱਖ ਪੁਨਰ-ਜਾਗ੍ਰਤੀ ਦੇ ਆਰੰਭ ਚ ਸਿੰਘ ਸਭਾ ਲਹਿਰ ਲਈ ਕੰਮ ਕਰਨ ਵਾਲੇ ਸਮੂਹ ਵਿਦਵਾਨਾਂ ਚ ਭਾਈ ਕਾਨ੍ਹ ਸਿੰਘ ਦਾ ਜੋ ਵੀ ਰੰਗ ਉਘੜਿਆ ਹੈ , ਉਹ ਨੀਤੀਵਾਨ ਤੇ ਬੁੱਧੀਵਾਨ ਹੋਣ ਦੇ ਨਾਤੇ ਉਘੜਿਆ ਹੈ , ਪਰ ਉਨਾਂ ਦਾ ਸਮੁੱਚਾ ਦ੍ਰਿਸ਼ਟੀਕੋਣ ਆਧੁਨਿਕ, ਤਰਕਸ਼ੀਲ, ਵਿਗਿਆਨਕ ਤੇ ਮਾਨਵਵਾਦੀ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>