ਬਰਫ਼ ‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ : ਉਜਾਗਰ ਸਿੰਘ

IMG_2343.resizedਗੁਰਿੰਦਰਜੀਤ ਦੀ ਪੁਸਤਕ ‘ਬਰਫ਼ ‘ਚ ਉੱਗੇ ਅਮਲਤਾਸ’ ਪਰੰਪਰਾਤਕ ਪੁਸਤਕਾਂ ਤੋਂ ਨਿਵੇਕਲੀ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਵਿੱਚ ਵਾਰਤਕ ਤੇ ਕਵਿਤਾ ਦਾ ਸੁਮੇਲ ਵੀ ਕੀਤਾ ਹੈ। ਇਸ ਪੁਸਤਕ ਨੂੰ ਵਿਰਾਸਤ ਤੇ ਆਧੁਨਿਕਤਾ ਅਤੇ ਦੇਸ ਤੇ ਪ੍ਰਦੇਸ ਦੀਆਂ ਵਿਵਹਾਰਿਕ ਪ੍ਰਸਥਿਤੀਆਂ ਦਾ ਸੁਮੇਲ ਵੀ ਕਿਹਾ ਜਾ ਸਕਦਾ ਹੈ। ਇੱਕ ਪਾਸੇ ਗੁਰਿੰਦਰਜੀਤ ਆਪਣੀ ਭਾਰਤੀ ਤੇ ਪੰਜਾਬੀ ਵਿਰਾਸਤ ਦਾ ਗੁਣਗਾਨ ਕਰਦਾ ਨਹੀਂ ਥੱਕਦਾ ਪ੍ਰੰਤੂ ਇਸ ਦੇ ਨਾਲ ਹੀ ਆਧੁਨਿਕਤਾ ਦਾ ਹੇਜ ਅਤੇ ਪ੍ਰਵਾਸ ਦੀ ਰਹਿਤਲ ਦੀਆਂ ਸੁੱਖਦਾਇਕ, ਦੁੱਖਦਾਇਕ ਤੇ ਉਥੇ ਸੈਟਲ ਹੋਣ ਦੇ ਹੱਥ ਕੰਡਿਆਂ ਬਾਰੇ ਜਾਣਕਾਰੀ ਦਿੰਦਾ ਵੀ ਵਿਖਾਈ ਦਿੰਦਾ ਹੈ। ਸਮੇਂ ਦੇ ਬੀਤਣ ਨਾਲ ਸਮਾਜਿਕ ਤਾਣੇ ਵਿੱਚ ਵਿਲੱਖਣ ਤਬਦੀਲੀ ਆਈ ਹੈ।  ਇਹ ਪੁਸਤਕ ਦੋਵੇਂ ਸਮਿਆਂ ਦੀ ਤਸਵੀਰ ਖਿੱਚ ਕੇ ਸਾਹਮਣੇ ਰੱਖ ਦਿੰਦੀ ਹੈ। ਲੇਖਕ ਨੇ ਬਹੁਤੀਆਂ ਘਟਨਾਵਾਂ/ਗੱਲਾਂ ਸਿੰਬਾਲਿਕ ਲਿਖੀਆਂ ਹਨ। ਇਸ ਪੁਸਤਕ ਦੇ 8 ਅਧਿਆਇ ਬਿੰਬਾਵਲੀ, ਗੂਗ਼ਲ ਤੋਂ ਪਹਿਲਾਂ, ਪਰਵਾਸ, ਬਰਫ਼ ‘ਚ ਉੱਗੇ ਅਮਲਤਾਸ, ਕਾਵਿਆਲੋਜੀ, ਗਰੇਟਾ ਥਨਬਰਗ ਦੇ ਖ਼ਾਬ, ਟਿੱਕਰੀ ਬਾਰਡਰ ਅਤੇ ਨਾਗੋ ਆਇਆ ਨਾਗੋ ਜਾਸੀ ਹਨ। ਸਾਰੀ ਪੁਸਤਕ ਵਿੱਚ ਪੁਰਾਤਨ ਤੇ ਆਧੁਨਿਕ ਸਮੇਂ ਦੇ ਫ਼ਰਕ ਨੂੰ ਉਦਾਹਰਨਾ ਦੇ ਦੱਸਿਆ ਗਿਆ ਹੈ। ਪੁਸਤਕ, ਪੁਰਾਤਨਤਾ, ਨਵੀਨਤਾ, ਦੇਸ ਤੇ ਪ੍ਰਦੇਸ ਦੇ ਧੁਰੇ ਦੁਆਲੇ ਘੁੰਮਦੀ ਹੈ। ਮੁੱਢਲੇ ਤੌਰ ‘ਤੇ ਗੁਰਿੰਦਰਜੀਤ ਨੇ ਇਹ ਪੁਸਤਕ ਆਪਣੇ ਜੀਵਨ ਦੇ ਨਿੱਜੀ ਤਜ਼ਰਬਿਆਂ ‘ਤੇ ਅਧਾਰਤ ਲਿਖੀ ਹੈ ਪ੍ਰੰਤੂ ਉਸਦੀ ਕਾਬਲੀਅਤ ਇਹ ਹੈ ਕਿ ਉਸ ਨੇ ਇਸਨੂੰ ਲੋਕਾਈ ਦੀ ਬਣਾ ਦਿੱਤਾ ਹੈ। ਇੱਕ ਕਿਸਮ ਨਾਲ ਇਸਨੂੰ ਗੁਰਿੰਦਰਜੀਤ ਦੀ ਆਤਮ ਕਥਾ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਵਿੱਚਲੀਆਂ ਘਟਨਾਵਾਂ ਉਸਦੀ ਅਤੇ ਪਰਿਵਾਰ ਦੀ ਜ਼ਿੰਦਗੀ ਨਾਲ ਸੰਬੰਧਤ ਹਨ। ਲੇਖਕ ਨੇ ਇਸ ਪੁਸਤਕ ਵਿੱਚ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਜਾਣਕਾਰੀ ਦਿੰਦਿਆਂ ਕਮਾਲ ਦੇ ਨੁਕਤੇ ਉਠਾਏ ਹਨ, ਜਿਨ੍ਹਾਂ ਦੀ ਸਮਾਜਿਕ ਤਾਣੇ ਬਾਣੇ ਵਿੱਚ ਵਿਸ਼ੇਸ਼ ਮਹੱਤਤਾ ਹੈ। ਪਹਿਲਾ ਅਧਿਆਇ ਬਿੰਬਾਵਲੀ ਵਿੱਚ 14 ਨਿੱਕੇ-ਨਿੱਕੇ ਲੇਖ ਹਨ, ਜਿਨ੍ਹਾਂ ਵਿੱਚ ਉਸਨੇ ਪੰਜਾਬੀ ਪੁਰਾਤਨ ਸਭਿਅਚਾਰ ਨੂੰ ਕਾਵਿਕ ਰੂਪ ਦੇ ਕੇ ਉਸ ਤੋਂ ਦੂਰ ਹੋਣ ਦਾ ਹੰਦੇਸ਼ਾ ਪ੍ਰਗਟ ਕੀਤਾ ਹੈ। ਵਰਤਮਾਨ ਦੀ ਆਧੁਨਿਕਤਾ ਵੀ ਪੁਰਾਤਨਤਾ ਦਾ ਮੁਕਾਬਲਾ ਨਹੀਂ ਕਰ ਸਕਦੀ। ਸਬਰ ਸੰਤੋਖ, ਮਿਲਵਰਤਨ, ਮੁਹੱਬਤ, ਪਰਿਵਾਰਾਂ ਦਾ ਇਕੱਠਿਆਂ ਰਹਿਣਾ, ਬਿਨਾ ਭੇਦ ਭਾਵ, ਦੋਸਤਾਂ ਮਿੱਤਰਾਂ, ਰਿਸ਼ਤੇਦਾਰੀਆਂ, ਮਾਪਿਆਂ ਦੀ ਅਹਿਮੀਅਤ ਨੂੰ ਸਮਝਣਾ, ਅਧਿਆਪਕਾਂ ਦਾ ਸਤਿਕਾਰ,  ਸਾਧਾਰਨ ਪਹਿਰਾਵਾ, ਤਪੜਾਂ ਤੇ ਪੜ੍ਹਾਈ, ਆਦਿ ਪੁਰਾਤਨ ਵਿਰਾਸਤ ਦੇ ਗੁਣ ਸਨ। ਹੁਣ ਅਧਿਆਪਕ ਮੁਰਗੇ ਨਹੀਂ ਬਣਾਉਂਦੇ ਪੜ੍ਹਾਈਆਂ ਮਹਿੰਗੀਆਂ ਹੋ ਗਈਆਂ ਤੇ ਆਧੁਨਿਕਤਾ ਨਾਲ ਇਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ।  ਪਰਿਵਾਰ ਇਕੱਠੇ ਨਹੀਂ, ਵੰਡਾਂ ਨੇ ਨਫ਼ਰਤ ਫੈਲਾ ਦਿੱਤੀ,  ਵੰਡ ਭਾਵੇਂ 1947 ਵਿੱਚ ਦੇਸ ਦੀ ਹੋਵੇ, ਦੇਸ਼ ਦੀ ਵੰਡ ਨੇ ਖ਼ੂਨ ਵਹਾਏ। ਲੜਾਈ ਝਗੜੇ, ਨਸਲੀ ਜੰਗਾਂ ਨੇ ਚਾਚੀਆਂ, ਤਾਈਆਂ ਵਿੱਚ ਵੀ ਵੰਡੀਆਂ ਪਾ ਦਿੱਤੀਆਂ, ਹੁਣ ਦਾਦੇ ਪੋਤਰਿਆਂ, ਦੋਹਤਰਿਆਂ ਲਈ ਘੋੜੇ ਨਹੀਂ ਬਣਦੇ। ਗ਼ਾਲਾਂ ਦੀ ਭਰਮਾਰ ਹੈ। ਵਿਆਹ ਘਰਾਂ ਤੋਂ ਮੈਰਿਜ ਪੈਲਸਾਂ ਵਿੱਚ ਚਲੇ ਗਏ। ਝੂਠੀਆਂ ਵਸੀਅਤਾਂ ਬਣਾਕੇ ਠੱਗੀ ਮਾਰੀ ਜਾ ਰਹੀ ਹੈ। ਬੱਚੇ ਵਿਦੇਸ਼ ਭੱਜੇ ਜਾ ਰਹੇ ਹਨ, ਪਰਿਵਾਰ ਸੈਟ ਕਰਵਾਉਣ ਦੇ ਜੁਗਾੜ ਬਣਾਉਂਦੇ ਹਨ, ਜੁਗਾੜੂ ਸਫਲ ਹੁੰਦੇ ਹਨ। IMG_2342.resizedਲੇਖਕ ਨੇ ਵਾਰਤਕ ਅਤੇ ਕਵਿਤਾ ਰਾਹੀਂ ਬਿਜਲੀ ਦੇ ਲਾਭ ਅਤੇ ਨੁਕਸਾਨ ਦਰਸਾਏ ਹਨ। ਦੀਵੇ ਦੀ ਰੌਸ਼ਨੀ ਵਿੱਚ ਮਿਲ ਬੈਠਣ ਦਾ ਮੌਕਾ ਮਿਲਦਾ ਸੀ, ਬਿਜਲੀ ਆਉਣ ਨਾਲ ਮਿੰਟਾਂ ਸਕਿੰਟਾਂ ਵਿੱਚ ਕੰਮ ਹੋ ਜਾਂਦੇ ਹਨ ਪ੍ਰੰਤੂ ਪਰਿਵਾਰ ਬਿਖਰ ਜਾਂਦੇ ਹਨ।

ਗੁਰਦੁਆਰਿਆਂ ਵਿੱਚ ਸੰਗਮਰਮਰ ਲੱਗ ਗਏ ਹਨ ਪ੍ਰੰਤੂ ਦੇਗ ਮੰਗ ਕੇ ਖਾਣ ਦੀ ਪਰੰਪਰਾ ਖ਼ਤਮ ਹੋ ਗਈ, ਪਾਠੀ ਪਾਠ ਕਰਦੇ ਹਨ, ਘਰ ਦੇ ਮੈਂਬਰ ਕੋਲ ਬੈਠਕੇ ਸੁਣਦੇ ਨਹੀਂ। ਬਚਪਨਾ ਵੀ ਗਾਇਬ ਹੋ ਗਿਆ। ਕੜਕਦੀ ਗਰਮੀ ਵਿੱਚ ਬਰਫ ਦੀ ਵਰਤੋਂ, ਜ਼ਮੀਨਾ ਠੇਕੇ ਤੇ ਹੋ ਗਈਆਂ, ਭਾਵੇਂ ਗੁਰਦੁਆਰੇ ਜਾਂਦੇ ਹਨ ਪ੍ਰੰਤੂ ਇਸਤਰੀਆਂ ਜ਼ਾਤ ਪਾਤ ਦੀਆਂ ਧਾਰਨੀ ਹੁੰਦੀਆਂ ਸਨ।  ਦਾਲ਼ਾਂ ਦੀਆਂ ਕਈ ਕਿਸਮਾਂ ਤੇ ਤੜਕੇ ਤੇ ਗੁਰੂ ਘਰਾਂ ਵਾਲੀਆਂ ਦਾਲ਼ਾਂ ਸੁਆਦੀ ਹੁੰਦੀਆਂ ਹਨ। ਗੂਗ਼ਲ ਤੋਂ ਪਹਿਲਾਂ ਅਧਿਆਇ ਵਿੱਚ ਦੱਸਿਆ ਹੈ ਕਿ ਪਹਿਲਾਂ ਜ਼ਿੰਦਗੀ ਇਨਸਾਨੀਅਤ ਦੇ ਸਹਾਰੇ ਪ੍ਰੰਤੂ ਹੁਣ ਜੀ.ਪੀ.ਐਸ.ਵਰਗੇ ਯੰਤਰਾਂ ਦੇ ਸਹਾਰੇ ਚਲਦੀ ਹੈ। ਲੋਕ ਮੁਹੱਬਤੀ ਤੇ ਦੁੱਖ ਸੁੱਖ ਦੇ ਸਾਂਝੀਵਾਲ ਹੁੰਦੇ ਸਨ। ਹੁਣ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਹੈ, ਪਿੰਨੀ ਤੇ ਗਜਰੇਲੇ ਨਹੀਂ। ਚਿੱਠੀ ਪੱਤਰ ਦੀ ਥਾਂ ਈ.ਮੇਲ ਨੇ ਲੈ ਲਈ, ਜੋ ਭਾਵਨਾਵਾਂ ਤੋਂ ਰਹਿਤ ਹੁੰਦੀ ਹੈ। ਬਜ਼ੁਰਗਾਂ ਨਾਲ ਮੋਹ ਮੁਹੱਬਤ ਖ਼ਤਮ ਹੋ ਗਈ। ਸਭ ਕੁਝ ਕੋਲ ਹੁੰਦੇ ਗੁਆਚ ਗਿਆ। ਪਰਵਾਸ ਅਧਿਆਇ ਵਿੱਚ ਦੂਰ ਸੰਚਾਰ ਕਰਕੇ ਸੰਸਾਰ ਇੱਕ ਵੱਡਾ ਪਿੰਡ ਬਣ ਗਿਆ। ਵਿਕਾਸ ਦੇ ਨਾਮ ‘ਤੇ ਕਦਰਾਂ ਕੀਮਤਾਂ ਅਣਡਿਠ ਹੋ ਜਾਂਦੀਆਂ ਹਨ। ਗ਼ੈਰ ਕਾਨੂੰਨੀ ਪਰਵਾਸ ਦੁੱਖਾਂ ਦੀ ਪੰਡ, ਕੋੜਮਿਆਂ ਨੂੰ ਬੁਲਾ ਲੈਂਦੇ ਹਨ, ਡਾਲਰਾਂ ਦੇ ਸਬਜ਼ਬਾਗ ਵਿੱਚ ਫਸ ਜਾਂਦੇ ਹਨ, ਮਸ਼ੀਨੀ ਜ਼ਿੰਦਗੀ ਹੈ, ਵੱਟੇ ਦੇ ਵਿਆਹ ਤੇ ਫਿਰ ਡਾਈਵੋਰਸ, ਪੈਸੇ ਦੀ ਦੋਸਤੀ, ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਮ ਤੇ ਇਸ ਨੂੰ ਵੈਲ ਸੈਟਲਡ ਕਹਿੰਦੇ ਹਨ। ਪ੍ਰੰਤੂ ਨਾ ਏਧਰ ਤੇ ਨਾ ਓਧਰ ਜੋਗੇ ਰਹਿੰਦੇ ਹਨ। ਫਿਰ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਦਾ ਮੋਹ ਜਾਗਦਾ ਤੇ ਉਨ੍ਹਾਂ ਨੂੰ ਪਰਵਾਸ ਵਿੱਚ ਲੈ ਜਾਂਦੇ ਹਨ। ਕਾਰਾਂ ਚਲਾਉਂਦੇ ਸਮੇਂ ਬਾਪੂ ਦਾ ਸਾਈਕਲ ਯਾਦ ਆਉਂਦੈ। ਪਿੰਡ ਆ ਕੇ ਵੱਟਾ ਬੰਨਿ੍ਹਆਂ ਤੇ ਗੋਹਰਾਂ ਸੰਤੁਸ਼ਟੀ ਦਿੰਦੀਆਂ ਹਨ। ਮਾਪਿਆਂ ਦੇ ਮੋਹ ਨੂੰ ਪਸ਼ੂਆਂ ਦੇ ਮੋਹ ਨਾਲ ਜੋੜਕੇ ਸਿੰਬਾਲਿਕ ਲਿਖਿਆ ਹੈ। ਪਰ ਧੀਅ ਪੁਤ ਮਾਪੇ ਗੁਆ ਚੁੱਕੇ ਹੁੰਦੇ ਹਨ। ਵੱਡੇ ਘਰ ਪ੍ਰੰਤੂ ਸਾਂਭ ਸੰਭਾਲ ਔਖੀ ਹੈ। ਪਰਵਾਸ ਵਿੱਚ ਜਾ ਕੇ ਪੰਜਾਬ ਦੇ ਦਰਿਆਵਾਂ ਦੀ ਯਾਦ ਸਤਾਉਂਦੀ ਹੈ।  ਗੋਰਿਆਂ ਦੇ ਤਿਓਹਾਰਾਂ ਨੂੰ ਆਪਣੇ ਤਿਓਹਾਰ ਸਮਝਕੇ ਮਨਾਇਆ ਜਾਂਦਾ ਹੈ। ਪੰਜਾਬ ਦੀ ਬੇਰੋਜ਼ਗਾਰੀ, ਰਿਸ਼ਵਤਖ਼ੋਰੀ, ਧੱਕੇਸ਼ਾਹੀ ਤੇ ਪ੍ਰਦੂਸ਼ਣ ਆਦਿ ਤੋਂ ਪਰਵਾਸ ਵਿੱਚ ਨਿਜਾਤ ਪ੍ਰੰਤੂ ਪਰਿਵਾਰ ਵਿੱਚ ਬੈਠਿਆਂ ਵੀ ਇਕੱਲਾਪਣ ਤੰਗ ਕਰਦਾ ਹੈ। ਭਾਂਤ ਸੁਭਾਂਤੇ ਗੁਆਂਢੀ ਡਰ ਪੈਦਾ ਕਰਦੇ ਹਨ। ਪ੍ਰੰਤੂ ਪਰਵਾਸ ਵਿੱਚ ਗਏ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਦਾ ਜਾਗ ਲੱਗਿਆ। ਬਰਫ਼ ‘ਚ ਉੱਗੇ ਅਮਲਤਾਸ ਅਧਿਆਇ ਦਾ ਮੁੱਖ ਤੌਰ ‘ਤੇ ਭਾਵ ਪਰਵਾਸ ਦੇ ਠੰਡੇ ਵਾਤਾਵਰਨ ਵਿੱਚ ਆ ਕੇ ਪਰਵਾਸੀਆਂ ਨੇ ਮੱਲਾਂ ਮਾਰੀਆਂ ਹਨ, ਇਥੋਂ ਤੱਕ ਕਿ ਉੱਚੇ ਅਹੁਦਿਆਂ ਤੱਕ  ਪਹੁੰਚੇ ਹਨ। ਕੁਝ ਲੋਕ ਪਰਵਾਸ ਵਿੱਚ ਆ ਕੇ ਅਡਜਸਟ ਹੋ ਜਾਂਦੇ ਹਨ ਤੇ ਕੁਝ ਵਿਦੇਸ਼ੀ ਵਹਾਅ ਵਿੱਚ ਵਹਿ ਜਾਂਦੇ ਹਨ। ਪੰਜਾਬੀ ਆਪਣੀ ਵਿਰਾਸਤ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ। ਦਾਦੀਆਂ ਨਾਨੀਆਂ  ਕਹਾਣੀਆਂ ਸੁਣਾਉਂਦੀਆਂ ਸਨ ਪ੍ਰੰਤੂ ਏਥੇ ਅਧਿਆਪਕ ਉਹ ਕਹਾਣੀਆਂ ਸੁਣਾਉਂਦੇ ਹਨ। ਬਹੁ ਸਭਿਆਚਾਰ ਹੈ ਤੇ ਰੰਗ ਬਰੰਗੇ ਲੋਕਾਂ ਨਾਲ ਮੇਲ ਮਿਲਾਪ ਹੁੰਦਾ ਹੈ। ਪਰਵਾਸ ਵਿੱਚ ਜਾ ਕੇ ਮਾੜੀਆਂ ਆਦਤਾਂ/ਗੱਲਾਂ ਛੱਡ ਕੇ ਚੰਗੀਆਂ ਸਿੱਖਣ ਨੂੰ ਮਿਲਦੀਆਂ ਹਨ ਪ੍ਰੰਤੂ ਮਾਪਿਆਂ ਦੇ ਸ਼ਿਫਟਾਂ ਲਾਉਣ, ਨੈਟ ਕਰਕੇ ਪਰਿਵਾਰ ਬਿਖਰ ਰਹੇ ਹਨ, ਜਿਹੜੇ ਮਾਪੇ ਅਡਜਸਟ ਕਰ ਜਾਂਦੇ ਹਨ, ਉਹ ਸਫ਼ਲ ਪ੍ਰੰਤੂ ਜਿਹੜੇ ਅਡਜਸਟ ਨਹੀਂ ਕਰਦੇ ਉਹ ਝਗੜੇ ਝਮੇਲਿਆਂ ਵਿੱਚ ਪੈ ਜਾਂਦੇ ਹਨ। ਕੁਝ ਬੱਚੇ ਆਪਣੇ ਹਮਸਫਰ ਆਪ ਲੱਭਦੇ ਹਨ ਤੇ ਮਾਪੇ ਸ਼ਗਨ ਮਨਾਉਣ ਜੋਗੇ ਨਹੀਂ ਰਹਿੰਦੇ ਤੇ ਕੁਝ ਮਾਪਿਆਂ ਵੱਲੋਂ ਚੰਗੇ ਸੰਸਕਾਰ ਦੇਣ ਕਰਕੇ ਸੁਹਾਵਣਾ ਜੀਵਨ ਬਸਰ ਕਰਦੇ ਤੇ ਬਰਫ਼ ‘ਚ ਉੱਗੇ ਅਮਲਤਾਸ ਬਣ ਜਾਂਦੇ ਹਨ। ਕਾਵਿਆਲੋਜੀ ਅਧਿਆਇ ਪਰਵਾਸ ਵਿੱਚ ਬੋਲੀ ਦੇ ਆਪਣੇ ਇਤਿਹਾਸ, ਮਾਤ ਭਾਸ਼ਾ ਦੀ ਮਹੱਤਤਾ, ਵਿਕਾਸ, ਅਨੁਵਾਦ ਤੇ ਇਸ ਲਈ ਨਵੀਂ ਤਕਨਾਲੋਜੀ, ਅਨੁਵਾਦ ਦੇ ਸਭਿਆਚਾਰ, ਧਾਰਮਿਕ ਗ੍ਰੰਥਾਂ ਦੇ ਅਨੁਵਾਦ ਵਿੱਚ ਗ਼ੈਰ ਜ਼ਿਮੇਵਾਰੀ, ਬੋਲੀ ਵਿੱਚ ਮੁਸ਼ਕਲ, ਕਵਿਤਾ ਦਾ ਅਨੁਵਾਦ ਸਮੇਂ ਅਰਥਾਂ ਦਾ ਬਦਲਣਾ/ ਅਨਰਥ, ਕਵਿਤਾ ਵਿੱਚ ਵਿਅਕਰਨ ਨਹੀਂ, ਲਗਾਂ ਮਾਤਰਾਂ ਦੀ ਅਹਿਮੀਅਤ ਆਦਿ ਪ੍ਰਚਲਤ ਹਨ। ਪਰਵਾਸੀ ਸੋਚਦੇ ਪੰਜਾਬੀ ਵਿੱਚ ਤੇ ਲਿਖਦੇ/ਬੋਲਦੇ ਅੰਗਰੇਜ਼ੀ ਵਿੱਚ ਹਨ। ਕਵਿਤਾ ਦਾ ਪ੍ਰਵਾਹ ਆਪ ਮੁਹਾਰੇ ਹੁੰਦਾ ਹੈ ਗੁਰਿੰਦਰਜੀਤ ਦੀ ਕਵਿਤਾ ਦਾ ਸਫਰ ਵੀ ਦਰਸਾਇਆ ਹੈ। ਕਵਿਤਾ ਪੜਾਅ ਵਾਰ ਵਿਕਸਤ ਹੁੰਦੀ ਰਹਿੰਦੀ ਹੈ, ਕਵਿਤਾ ਦੇ ਪੜਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਕਵੀ ਆਪਣੀ ਕਵਿਤਾ ਨੂੰ ਹਮੇਸ਼ਾ ਬਿਹਤਰੀਨ ਸਮਝਦਾ ਹੈ, ਸ੍ਰੋਤੇ ਭਾਵੇਂ ਕੁਝ ਵੀ ਕਹਿਣ। ਕਵਿਤਾ ਕੁਦਰਤ ਦੇ ਵਹਿਣ ਦੀ ਤਰ੍ਹਾਂ ਹੈ, ਇਹ ਕਿਸੇ ਫਾਰਮੂਲੇ ਦੀ ਮੁਹਤਾਜ ਨਹੀਂ, ਇਸਨੂੰ ਅਲੰਕਾਰਾਂ ਦੀ ਲੋੜ ਨਹੀਂ ਪ੍ਰੰਤੂ ਤੁਕ ਤੁਕਾਂਤ, ਲੈ ਤੇ ਛੰਦ ਬੱਧ ਵਾਲੀ ਹੀ ਪ੍ਰਵਾਨ ਚੜ੍ਹਦੀ ਹੈ। ਗੁਰਿੰਦਰਜੀਤ ਦੇ ਵਿਸ਼ੇ ਅਥਾਹ ਹਨ ਜਿਵੇਂ ਸੌਣ ਮਹੀਨਾ, ਪਸ਼ੂ, ਪੰਛੀ, ਪ੍ਰਾਹੁਣੇ, ਕਰੋਸ਼ੀਏ, ਧੀਆਂ, ਰਸੋਈ ਤੇ ਖਾਣ ਦਾ ਸਾਮਾਨ ਅਤੇ ਮਠਿਆਈਆਂ ਆਦਿ। ਕਵਿਤਾ ਦਾ ਸਥਾਨ ਨਿਸਚਤ ਨਹੀਂ, ਜਦੋਂ ਪਰਿਵਾਰ ਵਿੱਚ ਸਾਹਿਤਕ ਮਾਹੌਲ ਹੋਵੇ ਤਾਂ ਬੱਚੇ ਸਾਹਿਤਕ ਹੋ ਜਾਂਦੇ ਹਨ। ਪੋਤੇ ਪੋਤੀਆਂ ਬਜ਼ੁਰਗਾਂ ਲਈ ਚਿੰਤਤ ਹੁੰਦੇ ਹਨ। ‘ਰੋਟੀ ਮਨੁੱਖ ਨੂੰ’ ਬਹੁਤ ਹੀ ਸੰਵੇਦਨਸ਼ੀਲ ਸਮਾਜਿਕ ਸਰੋਕਾਰਾਂ ਵਾਲੀ ਕਵਿਤਾ ਹੈ। ਗਰੇਟਾ ਥਨਬਰਗ ਦੇ ਖ਼ਾਬ ਅਧਿਆਇ ਵਿੱਚ ਲੇਖਕ ਨੇ ਸ੍ਰੀ ਗੁਰੂ ਨਾਨਕ ਦੇ ਸਮੇਂ ਵੇਈਂ ਦੀ ਪਵਿਤਰਤਾ ਅਤੇ ਹਰੀ ਕ੍ਰਾਂਤੀ ਤੋਂ 45 ਸਾਲ ਬਾਅਦ ਰਸਾਇਣਕ ਖਾਦਾਂ ਦੀ ਵਰਤੋਂ ਤੇ ਸਨਅਤਾਂ ਦੇ ਪ੍ਰਦੂਸ਼ਤ ਪਾਣੀ ਨਾਲ ਗੰਧਲੀ ਹੋ ਗਈ, ਜਿਸ ਦੇ ਕਰਕੇ ਧਰਤੀ ਹੇਠਲਾ ਪਾਣੀ ਅਤੇ ਵੇਈਂ ਤੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਨਾਲ ਮੱਛੀਆਂ ਮਰ ਰਹੀਆਂ ਹਨ ਅਤੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਫੈਲ ਰਹੀਆਂ ਹਨ। ਟੋਭੇ ਸੁਕ ਗਏ ਪਾਣੀ ਤੇ ਹਵਾ ਪ੍ਰਦੂਸ਼ਤ ਹੋ ਗਏ। ਕੈਂਸਰ ਟ੍ਰੇਨ ਚਲ ਪਈ। ਖਾਦ ਪਦਾਰਥਾਂ ਵਿੱਚ ਮਿਲਾਵਟ, ਕਰਜ਼ੇ ਲੈ ਕੇ ਫੈਕਟਰੀਆਂ, ਫੈਕਟਰੀਆਂ ਵਿੱਚ ਮਾਸ ਨਾਲ ਸੰਬੰਧਤ ਉਤਪਾਦਨ, ਮਸ਼ੀਨੀ ਖੇਤੀ ਇਕ ਕਿਸਮ ਨਾਲ ਮਸ਼ੀਨੀ ਗੁੰਡਾਗਰਦੀ ਬਣ ਗਈ ਹੈ। ਪਾਣੀ ਖੂਹਾਂ, ਦਰਿਆਵਾਂ ਤੋਂ ਬੋਤਲਾਂ ਵਿੱਚ ਆ ਗਿਆ ਹੈ। ਟਿੱਕਰੀ ਬਾਰਡਰ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਕਿਸਾਨ ਅੰਦੋਲਨ ਨਾਲ ਹਰ ਭਾਰਤੀ ਭਾਵੇਂ ਸੰਸਾਰ ਵਿੱਚ ਕਿਸੇ ਵੀ ਦੇਸ ਵਿੱਚ ਬੈਠਾ, ਉਹ ਭਾਵਨਾਤਮਿਕ ਤੌਰ ‘ਤੇ ਜੁੜਿਆ ਹੋਇਆ ਸੀ। ਇਥੋਂ ਤੱਕ ਸਾਰਾ ਸੰਸਾਰ ਜੁੜ ਗਿਆ ਸੀ। ਭਾਰਤੀਆਂ ਵਿੱਚ ਸਦਭਾਵਨਾ ਪੈਦਾ ਹੋਈ, ਰੰਗ, ਜ਼ਾਤਪਾਤ ਅਤੇ ਇਲਾਕਾਈ ਅੰਤਰ ਖ਼ਤਮ ਹੋ ਗਿਆ। ਸਿੱਖ ਵਿਚਾਰਧਾਰਾ ਨੂੰ ਮਾਣਤਾ ਮਿਲੀ। ਸਰਕਾਰੀ ਹੱਥਕੰਡੇ ਤੇ ਬੇਰੁਖੀ ਦਾ ਨੰਗਾ ਨਾਚ ਹੋਇਆ। ਸਰਕਾਰ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਅਣਡਿਠ ਕਰ ਰਹੀ ਸੀ। ਨਾਗੋ ਆਇਆ ਨਾਗੋ ਜਾਸੀ ਅਧਿਆਇ ਮਨੁੱਖਤਾ ਦੀ ਉਤਪਤੀ, ਵਿਕਾਸ, ਵਰਤਾਰਾ ਅਤੇ ਸਰਬ ਸ਼ਕਤੀਮਾਨ ਅਗੰਮ, ਅਨੰਤ ਅਤੇ ਸਰਬ ਸ੍ਰੇਸ਼ਟਤਾ ਦੀ ਹੋਂਦ ਬਾਰੇ ਜਗਿਆਸਾ ਉਤਪਨ ਕਰਦਾ ਹੈ। ਕੋਵਿਡ ਦੇ ਮਨੁੱਖਤਾ ‘ਤੇ ਪਏ ਪ੍ਰਭਾਵ ਅਤੇ ਸਿੱਖ ਧਰਮ ਦੀ ਵਿਲੱਖਣਤਾ ਸੇਵਾ ਦਾ ਮੇਵਾ ਬਾਰੇ ਲੇਖਕ ਵਿਆਖਿਆ ਕਰਦਾ ਹੈ।
256 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਪਰੀਤ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>