ਇਨਸਾਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਸਦੇ ਕੋਲ ਸੋਚਣ, ਸਮਝਣ ਅਤੇ ਸਿੱਖਣ ਦੀ ਕਾਬਲੀਅਤ ਹੈ। ਇਹ ਸਮਰੱਥਾ ਉਸਨੂੰ ਹੋਰ ਪ੍ਰਾਣੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਉਸ ਦੇ ਕੋਲ ਸਮਰੱਥਾ ਹੈ ਕਿ ਉਹ ਇਮਾਨਦਾਰੀ, ਮਾਨਵਤਾ ਅਤੇ ਵਫ਼ਾਦਾਰੀ ਵਰਗੇ ਗੁਣਾਂ ਨੂੰ ਸਿੱਖ ਸਕਦਾ ਹੈ, ਸਮਝ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਦਾ ਹੈ। ਪਰ ਇਹ ਵੀ ਇੱਕ ਹਕੀਕਤ ਹੈ ਕਿ ਬਹੁਤ ਵਾਰ ਇਨਸਾਨ ਇਹਨਾਂ ਗੁਣਾਂ ਬਾਰੇ ਦਿਮਾਗ ਵਿੱਚ ਤਾਂ ਰੱਖਦਾ ਹੈ,ਪਰ ਆਪਣੇ ਕਿਰਦਾਰ ਵਿੱਚ ਉਹਨਾਂ ਨੂੰ ਨਹੀਂ ਅਪਣਾਉਂਦਾ ਹੈ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਸਮਾਜ ਵਿੱਚ ਧੋਖੇ, ਝੂਠ ਅਤੇ ਨਿਆਂ ਦੀ ਕਮੀ ਵਰਗੇ ਮਸਲੇ ਪੈਦਾ ਹੁੰਦੇ ਹਨ। ਇਸ ਲਈ ਜਦੋਂ ਅਸੀਂ ਇਨਸਾਨ ਦੀ ਤੁਲਨਾ ਜਾਨਵਰਾਂ ਦੇ ਵਿਵਹਾਰ ਨਾਲ ਕਰਦੇ ਹਾਂ, ਤਾਂ ਜਾਨਵਰ ਬਿਨਾ ਕੋਈ ਧੋਖੇ ਜਾਂ ਮੰਨਮਾਨੀਆਂ ਦੇ ਆਪਣੇ ਜੀਵਨ ਨੂੰ ਸੱਚਾਈ ਨਾਲ ਜਿੰਦੇ ਹਨ। ਉਹ ਬਿਨਾ ਕਿਸੇ ਹੋਰ ਦੀ ਭਾਵਨਾ ਨੂੰ ਤਕਲੀਫ਼ ਪਹੁੰਚਾਉਣ ਦੇ ਇਰਾਦੇ ਦੇ, ਸਿਰਫ਼ ਆਪਣੀਆਂ ਪ੍ਰਾਕ੍ਰਿਤਿਕ ਲੋੜਾਂ ਪੂਰੀਆਂ ਕਰਨ ਲਈ ਜਿਉਂਦੇ ਹਨ । ਜਾਨਵਰ ਆਪਣੇ ਸੰਸਾਰ ਵਿੱਚ ਮਾਨਵਿਕ ਸੰਵੇਦਨਾਵਾਂ ਨੂੰ ਸਮਝਦੇ ਨਹੀਂ, ਪਰ ਫਿਰ ਵੀ ਉਹ ਸਾਫ਼ਦਿਲ ਅਤੇ ਵਫ਼ਾਦਾਰ ਰਹਿੰਦੇ ਹਨ। ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਵਿਲੱਖਣਤਾ, ਚਲਾਕੀਆਂ ਅਤੇ ਦੂਸਰੇ ਜਾਨਵਰਾਂ ਤੋਂ ਸਿੱਖੇ ਗੁਣ, ਸਮਾਜ ਵਿੱਚ ਉਸ ਦੇ ਵਿਹਾਰ ਤੇ ਅਧਾਰਿਤ ਹੁੰਦੇ ਹਨ। ਇਸ ਲਈ ਮਾਨਵੀ ਜੀਵਨ ਵਿੱਚ ਆਪਣੀ ਲੋੜ ਮੁਤਾਬਿਕ ਮਨੁੱਖੀ ਵਿਵਹਾਰ ਦੇ ਬਦਲਦੇ ਸਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਮਨੁੱਖ ਜਾਨਵਰਾਂ ਦੇ ਸੰਪਰਕ ਵਿੱਚ ਹੋਣ ਜਾਂ ਨਾ ਹੋਣ ਦੇ ਬਾਅਦ ਵੀ ਚਲਾਕੀਆਂ ,ਹੇਰਾ-ਫੇਰੀਆਂ,ਕਰੂਰਤਾ ਅਤੇ ਈਰਖਾ ਆਪਣੇ ਮਨ ਅੰਦਰ ਧਾਰਨ ਕਰ ਲੈਂਦਾ ਹੈ।
ਆਪਣੇ ਮਾਨਵੀ ਜੀਵਨ ਵਿੱਚ ਇਨਸਾਨ ਕਦੇ ਲੂੰਬੜੀ ਦੇ ਨਾਲ ਨਹੀਂ ਰਹਿੰਦਾ, ਪਰ ਫਿਰ ਵੀ ਚਲਾਕੀ ਸਿੱਖ ਜਾਂਦਾ ਹੈ, ਤਾਂ ਇਸ ਵਿਚਾਰ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਚਲਾਕੀ, ਚੁਗਲੀਆਂ, ਅਤੇ ਵਕਤ ਦੇ ਅਨੁਸਾਰ ਫ਼ਾਇਦੇ ਦੀ ਖੋਜ ਕਰਨ ਲਈ ਆਪਣੀਆਂ ਸੀਮਾਵਾਂ ਤੋਂ ਬਾਹਰ ਜਾਂਦਾ ਹੈ। ਇਸ ਸਧਾਰਨ ਜਹਾਨ ਵਿੱਚ, ਇਨਸਾਨ ਅਕਸਰ ਚਲਾਕੀ, ਚੁਗਲੀਆਂ ਨੂੰ ਆਪਣੀ ਸਵਾਰਥ ਭਰੀ ਜ਼ਿੰਦਗੀ ਦੇ ਇੱਕ ਅਹਿਮ ਹਿੱਸੇ ਵਜੋਂ ਵਰਤਦਾ ਹੈ, ਜਿਥੇ ਉਸ ਦੀਆਂ ਕਾਰਵਾਈਆਂ ਵਿੱਚ ਸਿਰਫ਼ ਆਪਣੀ ਜਿੱਤ ਹੀ ਮਤਲਬ ਹੁੰਦੀ ਹੈ। ਲੂੰਬੜੀ ਦੀ ਚਲਾਕੀ ਇੱਕ ਪ੍ਰਾਕ੍ਰਿਤਿਕ ਗੁਣ ਹੈ, ਜੋ ਉਸਨੂੰ ਜੀਵਨ ਵਿੱਚ ਟਿਕਣ ਲਈ ਸਿਖਾਇਆ ਜਾਂਦਾ ਹੈ, ਪਰ ਇਨਸਾਨ ਇਸੇ ਗੁਣ ਨੂੰ ਜ਼ਿਆਦਾ ਹਾਵੀ ਕਰਕੇ ਆਪਣੇ ਹੀ ਸਮਾਜਕ ਅਤੇ ਨੈਤਿਕ ਮੂਲਾਂ ਨੂੰ ਥੱਲੇ ਰੱਖ ਕੇ ਵਰਤਦਾ ਹੈ।
ਆਪਣੇ ਮਾਨਵੀ ਜੀਵਨ ਇਨਸਾਨ ਕਦੇ ਸ਼ੇਰ ਨਾਲ ਨਹੀਂ ਰਹਿੰਦਾ, ਪਰ ਫਿਰ ਵੀ ਕਰੂਰਤਾ ਸਿੱਖ ਜਾਂਦਾ ਹੈ, ਤਾਂ ਇਸ ਵਿਚਾਰ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ, ਇੱਕ ਸਮਾਜਿਕ ਜੀਵ ਹੋਣ ਦੇ ਬਾਵਜੂਦ, ਅਕਸਰ ਆਪਣੇ ਜਜ਼ਬਾਤਾਂ ‘ਤੇ ਕਾਬੂ ਪਾਉਣ ਦੀ ਥਾਂ ਉਲਟਾ ਹਿੰਸਕ ਰਵੱਈਆ ਅਪਣਾਉਂਦਾ ਹੈ। ਸ਼ੇਰ ਦੀ ਕਰੂਰਤਾ ਉਸਦੇ ਜੀਵਨ-ਸੰਘਰਸ਼ ਨਾਲ ਜੁੜੀ ਹੋਈ ਹੈ, ਜਿੱਥੇ ਜੀਵਨ ਜਿਊਣ ਲਈ ਲੜਾਈ ਉਸ ਦੀ ਲਾਜ਼ਮੀ ਹਕੀਕਤ ਹੈ। ਪਰ ਇਨਸਾਨ, ਜਿਹੜਾ ਸਮਾਜ ਵਿੱਚ ਰਿਹਾਇਸ਼ੀ ਹੈ ਅਤੇ ਜਿਸ ਨੂੰ ਮਾਨਵਤਾ ਦੀ ਸਿਖਿਆ ਮਿਲੀ ਹੈ, ਕਈ ਵਾਰ ਗੁੱਸੇ ਵਿੱਚ ਕਰੂਰਤਾ ਦਾ ਮਾਰਾ ਹੋ ਜਾਂਦਾ ਹੈ। ਇਸ ਕਰੂਰਤਾ ਨੂੰ ਸਿਰਫ਼ ਸਰੀਰਕ ਹਿੰਸਾ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ, ਬਲਕਿ ਇਹ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਪੱਖਾਂ ਵਿੱਚ ਵੀ ਨਜ਼ਰ ਆਉਂਦੀ ਹੈ। ਇਨਸਾਨ ਕਈ ਵਾਰ ਆਪਣੇ ਹੀ ਹਿੱਤਾਂ ਲਈ ਹਿੰਸਕ ਰਵੱਈਆ ਅਪਣਾਉਂਦਾ ਹੈ, ਜੋ ਉਸਦੀ ਮੂਲ ਸੋਚ ਤੋਂ ਬਿਲਕੁਲ ਭਿੰਨ ਹੁੰਦਾ ਹੈ।
ਇਸੇ ਤਰ੍ਹਾਂ, ਆਪਣੇ ਮਾਨਵੀ ਜੀਵਨ ਇਨਸਾਨ ਕਦੇ ਸੱਪ ਨਾਲ ਨਹੀਂ ਰਹਿੰਦਾ ਪਰ ਫਿਰ ਵੀ ਜਹਿਰ ਉਗਲਣਾ ਸਿੱਖ ਜਾਂਦਾ ਹੈ, ਤਾਂ ਇਸ ਵਿਚਾਰ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਆਪਣੇ ਸ਼ਬਦਾਂ ਰਾਹੀਂ ਵੀ ਕਦੇ ਕਦੇ ਅਜਿਹਾ ਕੁਝ ਕਹਿ ਜਾਂਦਾ ਹੈ, ਜੋ ਹੋਰਾਂ ਦੇ ਦਿਲਾਂ ਵਿੱਚ ਜਹਿਰ ਵਰਗਾ ਅਸਰ ਛੱਡਦਾ ਹੈ। ਇਨਸਾਨ ਦੇ ਕਹੇ ਸ਼ਬਦ ਕਈ ਵਾਰ ਅਜਿਹੇ ਹੁੰਦੇ ਹਨ ਕਿ ਉਹ ਹੋਰਾਂ ਲਈ ਤਕਲੀਫ਼ਦਾਈ ਬਣ ਜਾਂਦੇ ਹਨ। ਸੱਪ ਦਾ ਜਹਿਰ ਉਸਦੇ ਸਰੀਰਕ ਰੱਖਿਆ ਮਕਸਦ ਲਈ ਹੈ, ਪਰ ਇਨਸਾਨ ਜਿਹੜਾ ਆਪਣੀ ਬੋਲੀ ‘ਤੇ ਕੰਟਰੋਲ ਨਹੀਂ ਕਰਦਾ, ਉਹ ਹੋਰਾਂ ਦੇ ਮਨਾਂ ਨੂੰ ਜ਼ਹਿਰੀਲੇ ਸ਼ਬਦਾਂ ਨਾਲ ਸੜਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਇਨਸਾਨ ਕਈ ਵਾਰ ਆਪਣੇ ਮਨੁੱਖੀ ਹੋਣ ਦਾ ਮੂਲ ਸਵਰੂਪ ਭੁਲਾ ਦਿੰਦਾ ਹੈ ਅਤੇ ਇੱਕ ਐਸਾ ਰਾਹ ਪਕੜ ਲੈਂਦਾ ਹੈ ਜੋ ਉਸਨੂੰ ਬਾਕੀ ਜਾਨਵਰਾਂ ਤੋਂ ਵੱਖਰਾ ਨਹੀਂ ਬਲਕਿ ਬਦਤਰ ਬਣਾਉਂਦਾ ਹੈ।
ਪਰ ਸਭ ਤੋਂ ਵੱਡੀ ਹੈਰਾਨੀ ਇਸ ਗੱਲ ਨਾਲ ਹੈ ਕਿ ਇਨਸਾਨ, ਜਿਹੜਾ ਆਪਣੀ ਜ਼ਿੰਦਗੀ ਵਿੱਚ ਕੁੱਤੇ ਦੇ ਨਾਲ ਬਹੁਤ ਸਮਾਂ ਬਿਤਾਉਂਦਾ ਹੈ, ਫਿਰ ਵੀ ਉਸ ਤੋਂ ਵਫ਼ਾਦਾਰੀ ਨਹੀਂ ਸਿੱਖਦਾ। ਕੁੱਤਾ ਆਪਣੇ ਮਾਲਕ ਲਈ ਆਪਣੀ ਜਾਨ ਤੱਕ ਦੇਣ ਲਈ ਤਿਆਰ ਹੁੰਦਾ ਹੈ। ਉਸ ਦੀ ਵਫ਼ਾਦਾਰੀ ਅਤੇ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ। ਪਰ ਇਨਸਾਨ ਲਈ, ਜਦੋਂ ਆਪਣੇ ਹੀ ਪਰਿਵਾਰ, ਦੋਸਤਾਂ ਜਾਂ ਸਮਾਜਕ ਰਿਸ਼ਤਿਆਂ ਵਿੱਚ ਵਫ਼ਾਦਾਰੀ ਦੀ ਗੱਲ ਆਉਂਦੀ ਹੈ, ਤਾਂ ਕਈ ਵਾਰ ਫ਼ੁਰਤੀ ਨਾਲ ਆਪਣੇ ਮੂਲ ਗੁਣਾਂ ਨੂੰ ਥੱਲੇ ਰੱਖ ਦਿੰਦਾ ਹੈ। ਇਸ ਗੱਲ ਨੂੰ ਸਮਝਦਿਆਂ, ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਇਨਸਾਨ ਬਹੁਤ ਕੁਝ ਸਿੱਖ ਸਕਦਾ ਹੈ, ਪਰ ਜਿਹੜੀ ਵਫ਼ਾਦਾਰੀ ਉਸਨੂੰ ਸਿੱਖਣੀ ਚਾਹੀਦੀ ਹੈ, ਉਹ ਉਹਦਾ ਪ੍ਰਤੱਖ ਗੁਣ ਨਹੀਂ ਬਣਦੀ।
ਇਸ ਤਰ੍ਹਾਂ, ਸਵਾਲ ਹੈ ਕਿ ਫਿਰ ਇਨਸਾਨ ਅਤੇ ਜਾਨਵਰ ਵਿੱਚ ਕੀ ਫਰਕ ਹੈ? ਜਾਨਵਰ ਆਪਣੇ ਜਨਮ ਦੇ ਗੁਣਾਂ ਦੇ ਨਾਲ ਜਿਉਂਦੇ ਹਨ, ਉਹਨਾ ਦਾ ਵਿਹਾਰ, ਮੌਜੂਦਗੀ ਅਤੇ ਜੀਵਨ ਦੇ ਨਿਯਮ ਸਹੀ ਮਾਇਨੇ ਵਿੱਚ ਸਧਾਰਨ ਹੁੰਦੇ ਹਨ। ਉਹ ਅਪਣੀ ਜ਼ਿੰਮੇਵਾਰੀਆਂ ਨੂੰ ਸਿਧੇ ਰਾਹ ‘ਤੇ ਪੂਰੀ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਉਂਦੇ ਹਨ। ਜਾਨਵਰ ਆਪਣੇ ਪਰਾਕ੍ਰਿਤਿਕ ਗੁਣਾਂ ਵਿੱਚ ਸ਼ੁੱਧ ਰਹਿੰਦੇ ਹਨ, ਜਦੋਂ ਕਿ ਇਨਸਾਨ ਕਈ ਵਾਰ ਆਪਣੀ ਅਸਲੀਅਤ ਨੂੰ ਭੁਲਾ ਕੇ, ਚਲਾਕੀ, ਕਰੂਰਤਾ ਅਤੇ ਧੋਖੇਬਾਜ਼ੀ ਦਾ ਰਾਹ ਪਕੜ ਲੈਂਦਾ ਹੈ। ਇਨਸਾਨ ਵਿੱਚ ਸਿਰਫ਼ ਇਸ ਗੱਲ ਦੀ ਸਮਰੱਥਾ ਹੈ ਕਿ ਉਹ ਸੋਚ ਸਕਦਾ ਹੈ, ਅਨੁਭਵ ਕਰ ਸਕਦਾ ਹੈ ਅਤੇ ਸਿੱਖ ਸਕਦਾ ਹੈ, ਪਰ ਇਸ ਗੱਲ ਦਾ ਕੀ ਫਾਇਦਾ ਜੇ ਉਹ ਸਿੱਖੀ ਗਈ ਇਮਾਨਦਾਰੀ, ਮਾਨਵਤਾ ਅਤੇ ਵਫ਼ਾਦਾਰੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਾ ਬਣਾਵੇ? ਇਸੇ ਨਾਲ ਜਾਨਵਰਾਂ ਵਿੱਚ ਵੱਡਾ ਫ਼ਰਕ ਇਹ ਵੀ ਹੈ ਕਿ ਉਹ ਸਧਾਰਨ ਰੂਪ ਵਿੱਚ ਸਚੇ ਅਤੇ ਸਾਫ਼ਦਿਲ ਹੁੰਦੇ ਹਨ, ਜਦੋਂ ਕਿ ਇਨਸਾਨ, ਆਪਣੇ ਮਨੁੱਖੀ ਵਿਹਾਰ ਵਿੱਚ, ਕਈ ਵਾਰ ਝੂਠ, ਦਗ਼ਾ, ਅਤੇ ਧੋਖੇਬਾਜ਼ੀ ਨਾਲ ਭਰ ਜਾਂਦਾ ਹੈ। ਇਸ ਲਈ ਇਸ ਗੱਲ ਤੋਂ ਸਿੱਖਣ ਲਈ ਇਨਸਾਨ ਨੂੰ ਸਮਝਣ ਦੀ ਲੋੜ ਹੈ ਕਿ ਉਸਦੀ ਅਸਲ ਤਾਕਤ ਉਸਦੀ ਸਮਰੱਥਾ ਵਿੱਚ ਨਹੀਂ, ਸਗੋਂ ਉਸਦੇ ਵਿਹਾਰ ਵਿੱਚ ਹੈ। ਜੇ ਇਨਸਾਨ ਵਫ਼ਾਦਾਰੀ, ਇਮਾਨਦਾਰੀ ਅਤੇ ਸੱਚਾਈ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਵੇ, ਤਾਂ ਉਹ ਸਿਰਫ਼ ਖੁਦ ਨੂੰ ਹੀ ਨਹੀਂ, ਸਗੋਂ ਪੂਰੇ ਸਮਾਜ ਨੂੰ ਬਿਹਤਰ ਬਣਾ ਸਕਦਾ ਹੈ। ਇਨਸਾਨ ਜੇ ਆਪਣੇ ਜੀਵਨ ਦੇ ਅਨੁਭਵਾਂ ਵਿੱਚੋਂ ਇਹ ਸਿੱਖੇ ਕਿ ਉਹ ਚਲਾਕੀ, ਕਰੂਰਤਾ ਅਤੇ ਧੋਖੇਬਾਜ਼ੀ ਵਰਗੇ ਅਵਗੁਣਾਂ ਨੂੰ ਆਪਣੀ ਜਿੰਦਗੀ ਜਾਂ ਵਿਹਾਰ ਦਾ ਹਿੱਸਾ ਨਹੀਂ ਬਣਾਏਗਾ, ਤਾਂ ਉਹ ਆਪਣੇ ਆਪ ਨੂੰ ਉਹ ਸਵਰੂਪ ਦੇ ਸਕੇਗਾ ਜੋ ਉਸਨੂੰ ਮਨੁੱਖਤਾ ਦੇ ਸੱਚੇ ਮਾਪਦੰਡਾਂ ‘ਤੇ ਪੂਰਾ ਉਤਰਨ ਵਿੱਚ ਮਦਦ ਕਰੇਗੀ । ਇਸੇ ਤਰ੍ਹਾਂ, ਇਨਸਾਨ ਦਾ ਕਿਰਦਾਰ ਜਾਨਵਰਾਂ ਦੇ ਮੁਕਾਬਲੇ ਉੱਚਾ ਹੋ ਸਕਦਾ ਹੈ ਅਤੇ ਇੱਕ ਸਭਿਅਕ ਤੇ ਸ਼ਾਨਦਾਰ ਸਮਾਜ ਦਾ ਨਿਰਮਾਣ ਹੋ ਸਕੇਗਾ।