ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿਘ ਸਾਹਿਬਾਨ ਵੱਲੋਂ ਸਿੱਖ ਪਰੰਪਰਾ ਅਨੁਸਾਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਜੋ ਕਿ ਸਿੱਖ ਕੌਮ ਨੂੰ ਢਾਹ ਲਾਉਣ ਵਾਲੀਆਂ ਗਤੀਵਿਧੀਆਂ ਵਿੱਚ ਭਾਈਵਾਲ ਸਨ। ਸਿਘ ਸਾਹਿਬਾਨ ਨੇ ਇਤਿਹਾਸਿਕ ਫਸੀਲ ਤੋਂ ਸੰਗਤ ਦੀ ਹਾਜ਼ਰੀ ਵਿੱਚ ਸਿਰਸਾ ਸਾਧ ਨੂੰ ਦਿੱਤੀ ਗਈ ਮੁਆਫ਼ੀ, ਬੇਅਦਬੀ ਦੇ ਮਾਮਲਿਆਂ ਅਤੇ ਸਿੱਖ ਕੌਮ ਨਾਲ ਕੀਤੀਆਂ ਗਈਆਂ ਹੋਰ ਵੀ ਬਹੁਤ ਸਾਰੀਆਂ ਗਦਾਰੀਆਂ ਦੇ ਸਬੰਧ ਵਿੱਚ ਸਵਾਲ ਪੁਛੇ ਗਏ ਜਿੰਨ੍ਹਾਂ ਦਾ ਜਵਾਬ ਹਾਂ ਜਾਂ ਨਾਂਹ ਵਿੱਚ ਦੇਣ ਲਈ ਕਿਹਾ ਗਿਆ। ਸੁਖਬੀਰ ਸਿੰਘ ਬਾਦਲ ਸਮੇਤ ਸੱਭ ਨੇ ਆਪਣੇ ਗੁਨਾਹ ਕਬੂਲ ਕੀਤੇ ਅਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਏ। ਬਾਗੀ ਅਤੇ ਦਾਗੀ ਸੱਭ ਦੋਸ਼ੀਆਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਅਨੁਸਾਰ ਧਾਰਮਿਕ ਸਜ਼ਾ ਲਗਾਈ ਗਈ। ਸੱਭ ਨੇ ਸਿਰ ਝੁਕਾ ਕੇ ਸਜ਼ਾ ਪ੍ਰਵਾਨ ਕੀਤੀ।
ਅੱਜ ਤੋਂ ਸਾਰੇ ਦੋਸ਼ੀ12 ਵਜੇ ਤੋਂ ਇੱਕ ਵਜੇ ਤੱਕ ਪਖਾਨੇ ਸਾਫ਼ ਕਰਨਗੇ। ਫਿਰ ਇਸ਼ਨਾਨ ਕਰਕੇ ਲੰਗਰ ਹਾਲ ਵਿੱਚ ਇਕ ਘੰਟੇ ਤੱਕ ਭਾਂਡੇ ਧੋਣ ਦੀ ਸੇਵਾ ਕਰਨਗੇ। ਬਾਦ ਵਿੱਚ ਇਕ ਘੰਟਾ ਕੀਰਤਨ ਸੁਣਨਗੇ। ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਆਪਣੀ ਸਿਹਤ ਸਬੰਧੀ ਦਿਕਤਾਂ ਦੇ ਚਲਦਿਆਂ ਪਖਾਨਿਆਂ ਦੀ ਸੇਵਾ ਨਹੀਂ ਕਰ ਸਕਣਗੇ। ਇਸ ਲਈ ਉਹ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਕੋਲ ਸੇਵਾਦਾਰ ਦੀ ਪੋਸ਼ਾਕ ਪਹਿਨ ਕੇ ਹੱਥ ਵਿੱਚ ਬਰਸ਼ਾ ਫੜ ਕੇ ਵਹੀਲਚੇਅਰ ਤੇ ਬੈਠ ਕੇ ਇਹ ਸੇਵਾ ਨਿਭਾਉਣਗੇ। ਬਰਸ਼ਾ ਫੜ ਕੇ ਸੇਵਾ ਨਿਭਾਉਣ ਦਾ ਸਮਾਂ 9 ਤੋਂ 10 ਵਜੇ ਤੱਕ ਦਾ ਹੋਵੇਗਾ। ਦੋ ਦਿਨ ਸ੍ਰੀ ਦਰਬਾਰ ਸਾਹਿਬ ਵਿੱਚ ਇਹ ਸੇਵਾ ਕਰਨ ਤੋਂ ਬਾਅਦ ਉਹ 2-2 ਦਿਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ,ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਖੇ ਸੇਵਾ ਕਰਕੇ ਆਪਣੀ ਧਾਰਮਿਕ ਸਜ਼ਾ ਪੂਰੀ ਕਰਨਗੇ। ਉਨ੍ਹਾਂ ਦੋਵਾਂ ਦੇ ਗਲ ਵਿੱਚ ਤਖ਼ਤੀ ਵੀ ਪਾਈ ਜਾਵੇਗੀ। ਇਸ ਤੋਂ ਬਾਅਦ ਉਹ ਭਾਂਡੇ ਸਾਫ਼ ਕਰਨ ਦੀ ਸੇਵਾ ਵੀ ਕਰਨਗੇ। ਕੀਰਤਨ ਅੁਣਨ ਤੋਂ ਬਾਅਦ ਉਅਹ ਸੁਖਮਨੀ ਸਾਹਿਬ ਦਾ ਪਾਠ ਕਰਨਗੇ।
ਸੌਦਾ ਸਾਧ ਦੀ ਮੁਆਫ਼ੀ ਸਬੰਧੀ ਇਸ਼ਤਿਹਾਰਾਂ ਤੇ ਵਰਤੇ ਗਏ ਸ੍ਰੀ ਦਰਬਾਰ ਸਾਹਿਬ ਦੀ ਗੋਲਕ ਦੇ ਪੈਸੈ ਨੂੰ ਵਿਆਜ਼ ਸਮੇਤ ਅਕਾਊਂਟ ਬਰਾਂਚ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। ਸਿੰਘ ਸਾਹਿਬਾਨ ਦਾ ਹੁਕਮ ਹੈ ਕਿ ਇਸ ਰਕਮ ਦੀ ਅਦਾਇਗੀ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ,ਭੂੰਦੜ,ਸੁਚਾ ਸਿੰਘ ਲੰਗਾਹ ਅਤੇ ਹੀਰਾ ਸਿੰਘ ਗਾਬੜੀਆ ਕਰਨਗੇ।