ਕੈਲਗਰੀ: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ, ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ, 27 ਦਸੰਬਰ ਤੋਂ 30 ਦਸੰਬਰ ਤੱਕ, ਚਾਰ ਰੋਜ਼ਾ ਰੋਗ ਨਿਵਾਰਣ ਕੈਂਪ- ਦਸ਼ਮੇਸ਼ ਕਲਚਰ ਸੈਂਟਰ, ਨੌਰਥ ਈਸਟ ਕੈਲਗਰੀ- ਗੁਰੂ ਘਰ ਵਿਖੇ, ਲਾਇਆ ਗਿਆ ਜਿਸ ਵਿੱਚ ਇਲਾਜ ਦੇ ਨਾਲ ਨਾਲ, ਨਾਮ-ਦਾਰੂ ਦੀ ਦਵਾਈ ਵਰਤ ਕੇ, ਦੁੱਖਾਂ ਰੋਗਾਂ ਤੋਂ ਛੇਤੀ ਛੁਟਕਾਰਾ ਪਾਉਣ ਦੀ ਵਿਧੀ ਦਰਸਾਈ ਗਈ।
ਇਸ ਕੈਂਪ ਲਈ, ਮਿਸ਼ਨ ਦੀ ਕੈਨੇਡਾ ਇਕਾਈ ਵਲੋਂ, ਦਵਿੰਦਰ ਸਿੰਘ ਸਹੋਤਾ, ਗਿਆਨ ਸਿੰਘ ਜੀ ਅਤੇ ਰਣਜੀਤ ਸਿੰਘ ਜੀ ਟੋਰੰਟੋ ਤੋਂ- ਉਚੇਚੇ ਤੌਰ ਤੇ ਕੈਲਗਰੀ ਪਹੁੰਚੇ। ਸਮਾਗਮ ਦੀ ਸ਼ੁਰੂਆਤ- ਅਰਦਾਸ ਅਤੇ ਹੁਕਮਨਾਮੇ ਕੀਤੀ ਗਈ। ਲੇਖਕਾ ਗੁਰਦੀਸ਼ ਕੌਰ ਗਰੇਵਾਲ ਜੋ ਕਿ ਇਸ ਮਿਸ਼ਨ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ- ਨੇ ਮਿਸ਼ਨ ਦੇ ਇਤਹਾਸ ਦੀ ਸੰਖੇਪ ਜਾਣਕਾਰੀ ਦੇਣ ਉਪਰੰਤ, ਚਾਰ ਦਿਨ ਦੇ ਸਮਾਗਮਾਂ ਦੀ ਰੂਪ ਰੇਖਾ ਸੰਗਤ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ- ਇਹ ਮਿਸ਼ਨ ਸ. ਹਰਦਿਆਲ ਸਿੰਘ ਜੀ ਆਈ. ਏ. ਐਸ. (ਰਿਟਾ.) ਚੰਡੀਗੜ੍ਹ, ਦੁਆਰਾ, 1983 ਵਿੱਚ ਉਦੋਂ ਸਥਾਪਿਤ ਕੀਤਾ ਗਿਆ- ਜਦੋਂ ਉਹ ਆਪਣੀ ਲਾ- ਇਲਾਜ ਬੀਮਾਰੀ ਤੋਂ ‘ਨਾਮੁ ਦਾਰੂ’ ਦੀ ਵਿਧੀ ਰਾਹੀਂ ਪੂਰੀ ਤਰ੍ਹਾਂ ਛੁਟਕਾਰਾ ਪਾ ਚੁੱਕੇ ਸਨ। ਸੋ ਪਹਿਲਾ ਕੈਂਪ ਉਹਨਾਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ, ਡਾਕਟਰਾਂ ਦੀ ਮੌਜੂਦਗੀ ਵਿੱਚ ਲਾਇਆ, ਜਿਸ ਦੇ ਨਤੀਜੇ ਕਾਫੀ ਸਾਰਥਕ ਰਹੇ। ਇਹਨਾਂ ਕੈਂਪਾਂ ਤੋਂ ਪ੍ਰਭਾਵਤ ਹੋ ਕੇ, ਡਾ. ਬਲਵੰਤ ਸਿੰਘ ਨੇ 1987 ਵਿੱਚ ਲੁਧਿਆਣਾ ਵਿਖੇ, ਇਸ ਮਿਸ਼ਨ ਦਾ ਇੱਕ ਯੂਨਿਟ ਸਥਾਪਿਤ ਕਰਕੇ, ਹੋਰ ਕੈਂਪਾਂ ਰਾਹੀਂ, ਇਸ ਵਿਧੀ ਦਾ ਪ੍ਰਚਾਰ ਕਰਕੇ, ਸਫਲ ਤਜਰਬੇ ਕੀਤੇ। ਹੁਣ ਇਸ ਦੀਆਂ ਸ਼ਾਖਾਵਾਂ- ਚੰਡੀਗੜ੍ਹ, ਲੁਧਿਆਣਾ, ਟੋਰੰਟੋ, ਵੈਨਕੂਵਰ ਤੋਂ ਇਲਾਵਾ, ਸਾਰੀ ਦੁਨੀਆਂ ਵਿੱਚ ਫੈਲ ਚੁੱਕੀਆਂ ਹਨ, ਜਿਸ ਤੋਂ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਹਨ।
ਸਮਾਗਮ ਦੀ ਆਰੰਭਤਾ ਸੁਖਮਨੀ ਸਾਹਿਬ ਦੀਆਂ 6 ਅਸਟਪਦੀਆਂ ਸੰਗਤੀ ਰੂਪ ਵਿੱਚ ਪੜ੍ਹ ਕੇ ਹੀ ਰੋਜ਼ਾਨਾ ਕੀਤੀ ਗਈ। ਸ. ਦਵਿੰਦਰ ਸਿੰਘ ਸਹੋਤਾ ਤੇ ਸ. ਗਿਆਨ ਸਿੰਘ ਤੋਂ ਇਲਾਵਾ- ਬੀਬੀ ਜਸਵੀਰ ਕੌਰ, ਗੁਰਦੀਸ਼ ਕੌਰ ਤੇ ਦਲਬੀਰ ਸਿੰਘ ਰਤਨ ਨੇ ਬਹੁਤ ਹੀ ਪ੍ਰੇਮ ਨਾਲ, ਗੁਰਬਾਣੀ ਦੇ ਭਰੋਸੇ ਵਾਲੇ ਸ਼ਬਦਾਂ ਦਾ ਜਾਪ ਅਤੇ ਸਿਮਰਨ ਕਰਾ ਕੇ, ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਮਿਸ਼ਨ ਦੇ ਸੇਵਾਦਾਰਾਂ ਵਲੋਂ ਸੰਗਤ ਨੂੰ, ਦੁੱਖ- ਕਲੇਸ਼ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਣ ਲਈ, ਗੁਰਬਾਣੀ ਨਾਲ ਜੁੜਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਸੰਗਤ ਦੀ ਮੰਗ ਅਨੁਸਾਰ, ਤਿੰਨਾਂ ਭਾਸ਼ਾਵਾਂ ਵਿੱਚ ਛਪੇ ਮਿਸ਼ਨ ਦੇ ਲਿਟਰੇਚਰ, ਗੁਰਬਾਣੀ ਰੇਡੀਓ ਤੇ ਸੀ. ਡੀਜ਼- ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਕਲਮ ਨੇ, ਸੰਗਤ ਨੂੰ ਮਿਸ਼ਨ ਦੀਆਂ ਵੈਬਸਾਈਟ ਤੋਂ ਇਲਾਵਾ, ਕੇਂਦਰੀ ਸਥਾਨਾਂ ਤੇ ਹੋਣ ਵਾਲੇ ਪਰੋਗਰਾਮ, ਰੇਡੀਓ ਅਤੇ ਟੀ. ਵੀ. ਦੇ ਪ੍ਰੋਗਰਾਮਾਂ ਤੋਂ ਵੀ ਜਾਣੂੰ ਕਰਵਾਇਆ ਅਤੇ ਲੁਧਿਆਣੇ ਦੇ ਕੈਂਪਾਂ ਦੇ ਆਪਣੇ ਕੁੱਝ ਨਿੱਜੀ ਤਜਰਬੇ ਵੀ ਸੰਗਤ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ- ‘ਧੁਰ ਕੀ ਬਾਣੀ ਆਈ॥ਤਿਨਿ ਸਗਲੀ ਚਿੰਤ ਮਿਟਾਈ॥’ ਅਨੁਸਾਰ ਇਹ ਬਾਣੀ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ।
ਇਸ ਮਿਸ਼ਨ ਦੇ ਕੈਲਗਰੀ ਯੁਨਿਟ ਦੇ ਵੋਲੰਟੀਅਰ- ਬੀਬੀ ਗੁਰਦੀਸ਼ ਕੌਰ ਗਰੇਵਾਲ, ਬੀਬੀ ਜਸਵੀਰ ਕੌਰ ਅਤੇ ਸਰਦਾਰ ਦਲਬੀਰ ਸਿੰਘ ਰਤਨ ਵਲੋਂ ਇਸ ਕੈਂਪ ਦਾ ਸਾਰਾ ਪ੍ਰਬੰਧ ਕੀਤਾ ਗਿਆ ਸੀ। ਟੋਰੰਟੋ ਤੋਂ ਆਈ ਟੀਮ ਨੇ, ਕੈਲਗਰੀ ਯੂਨਿਟ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਸੰਗਤ ਦੀ ਭਰਵੀਂ ਹਾਜ਼ਰੀ ਤੋਂ ਇਲਾਵਾ- ਕੈਂਪ ਦੇ ਆਖਰੀ ਦਿਨ ਸੰਗਤ ਤੋਂ ਮਿਲਿਆ ਲਿਖਤੀ ਤੇ ਬੋਲ ਕੇ ਦੱਸਿਆ ਗਿਆ ਫੀਡ ਬੈਕ, ਇਸ ਗੱਲ ਦੀ ਗਵਾਹੀ ਭਰਦਾ ਸੀ ਕਿ- ਕੈਲਗਰੀ ਦੀ ਸੰਗਤ ਨੇ ਇਸ ਕੈਂਪ ਨੂੰ ਕਿੰਨਾ ਵੱਡਾ ਹੁੰਗਾਰਾ ਦਿੱਤਾ। ਪੁਰਾਣੇ ਕੈਂਪਾਂ ਦਾ ਲਿਖਤੀ ਫੀਡ ਬੈਕ ਵੀ ਰੋਜ਼ਾਨਾ ਸੰਗਤ ਨਾਲ ਸਾਂਝਾ ਕੀਤਾ ਜਾਂਦਾ ਰਿਹਾ।
ਜੈਕਾਰਿਆਂ ਦੀ ਗੂੰਜ ਵਿੱਚ ਇਸ ਸਮਾਗਮ ਦੀ ਸਮਾਪਤੀ ਹੋਈ। ਟੋਰੰਟੋ ਤੋਂ ਆਏ ਵੋਲੰਟੀਅਰ ਸੇਵਾਦਾਰਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬੀ ਜਸਵੀਰ ਕੌਰ ਨੇ ਅੱਤ ਦੀ ਸਰਦੀ ਤੇ ਬਰਫਵਾਰੀ ਵਿੱਚ, ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਅਤੇ ਪ੍ਰਬੰਧਕਾਂ ਅਤੇ ਵੋਲੰਟੀਅਰਜ਼ ਦਾ ਧੰਨਵਾਦ ਕੀਤਾ। ਅਰਦਾਸ ਤੇ ਹੁਕਮਨਾਮੇ ਦੀ ਸੇਵਾ ਗ੍ਰੰਥੀ ਸਿੰਘਾਂ ਵਲੋਂ ਪ੍ਰੇਮ ਨਾਲ ਨਿਭਾਈ ਗਈ। ਗੁਰਦੁਆਰਾ ਸਾਹਿਬ ਵਿਖੇ ਸੰਗਤ ਵਲੋਂ, ਲੰਗਰ ਦੇ ਨਾਲ ਵੰਨ-ਸੁਵੰਨੇ ਸਨੈਕਸ ਤੇ ਚਾਹ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸੋ ਇਸ ਤਰ੍ਹਾਂ ਇਹ ਸਮਾਗਮ, ਸੰਗਤ ਦੇ ਮਨਾਂ ਤੇ ਅਮਿੱਟ ਛਾਪ ਛੱਡਦਾ ਹੋਇਆ, ਸਫਲ ਹੋ ਨਿਬੜਿਆ।
ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ 403-404-1450 ਜਾਂ ਜਸਵੀਰ ਕੌਰ ਨਾਲ 403-805-4787 ਤੇ ਸੰਪਰਕ ਕੀਤਾ ਜਾ ਸਕਦਾ ਹੈ।