ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ) – ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਲੀ ਧਾਰਮਿਕ ਸਜਾ ਭੁਗਤ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੇ ਸੰਬੰਧ ਵਿੱਚ ਵਿਸ਼ਵ ਭਰ ਵਿੱਚੋਂ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਯੂਕੇ ਦੇ ਪ੍ਰਧਾਨ ਬਲਿਹਾਰ ਸਿੰਘ ਰਾਮੇਵਾਲ ਵੱਲੋਂ ਵੀ ਇਸ ਸੰਬੰਧੀ ਆਪਣਾ ਬਿਆਨ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਸਰਬਉੱਚ ਸੰਸਥਾ ਵੱਲੋਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜਾ ਸੁਣਾਈ ਗਈ ਹੈ ਤਾਂ ਇੱਕ ਸਿਰਫਿਰੇ ਵੱਲੋਂ ਆ ਕੇ ਉਹਨਾਂ ਉੱਪਰ ਕਾਤਲਾਨਾ ਹਮਲਾ ਕਰਨਾ ਅਤੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕ ਇਹ ਦਿਖਾਉਣ ਦੀ ਤਾਕ ਵਿੱਚ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਦੇ ਤੇ ਉਸ ਤੋਂ ਵੀ ਉੱਪਰ ਹਨ। ਸਰਦਾਰ ਰਾਮੇਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਨਿਮਾਣੇ ਸਿੱਖ ਵੱਲੋਂ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਾਹਿਬਾਨ ਤੇ ਬਾਕੀ ਸੰਗਤਾਂ ਵੱਲੋਂ ਜੋ ਸਜ਼ਾ ਉਹਨਾਂ ਦੀ ਝੋਲੀ ਪਾਈ ਗਈ, ਉਸਨੂੰ ਕਬੂਲਦਿਆਂ ਆਪਣੀਆਂ ਹੋਈਆਂ ਭੁੱਲਾਂ ਦੀ ਖਿਮਾ ਵੀ ਮੰਗੀ ਪਰ ਇਸ ਤਰ੍ਹਾਂ ਸ਼ਰੇਆਮ ਆ ਕੇ ਉਹਨਾਂ ਉੱਪਰ ਕਾਤਲਾਨਾ ਹਮਲਾ ਕਰਨਾ ਅਤੀ ਨਿੰਦਣਯੋਗ ਹੈ। ਸਰਦਾਰ ਰਾਮੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਕੇ ਦੇ ਸਮੁੱਚੇ ਮੈਂਬਰਾਨ ਇਸ ਕਾਤਲਾਨਾ ਹਮਲੇ ਦੀ ਘੋਰ ਨਿੰਦਾ ਕਰਦੇ ਹਨ ਤੇ ਨਾਲ ਹੀ ਉਹਨਾਂ ਜਥੇਦਾਰ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਨੇ ਬਹੁਤ ਹੀ ਦਲੇਰੀ ਦੇ ਨਾਲ ਸਰਦਾਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਹੈ, ਉਸੇ ਤਰ੍ਹਾਂ ਹੀ ਇਸ ਤਰ੍ਹਾਂ ਦਾ ਘਿਨੌਣਾ ਜੁਰਮ ਕਰਨ ਵਾਲੇ ਸਿਰਫਿਰੇ ਨੂੰ ਵੀ ਬਣਦੀ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਸਿੱਖ ਜਗਤ ਹੁਣ ਤੱਕ ਕਾਂਗਰਸ ਜਾਂ ਇੰਦਰਾ ਗਾਂਧੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਕੀਤੇ ਗਏ ਹਮਲੇ ਲਈ ਦੋਸ਼ੀ ਮੰਨਦੀ ਆ ਰਹੀ ਹੈ ਤਾਂ ਇਸ ਤਰ੍ਹਾਂ ਦੇ ਸ਼ਖਸ ਨੂੰ ਕੀ ਕਿਹਾ ਜਾਵੇ? ਜਿਸ ਨੇ ਸਿੱਖ ਬਾਣੇ ਦੇ ਵਿੱਚ ਹੁੰਦਿਆਂ ਹੋਇਆਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਲਲਕਾਰਨ ਦੀ ਕੋਸ਼ਿਸ਼ ਕੀਤੀ ਹੈ।
ਯੂਕੇ: ਬਲਿਹਾਰ ਸਿੰਘ ਰਾਮੇਵਾਲ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ
This entry was posted in ਅੰਤਰਰਾਸ਼ਟਰੀ.