ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਉਨ੍ਹਾਂ 411 ਕਾਲਜ ਅਧਿਆਪਕਾਂ ਅਤੇ ਲਾਇਬ੍ਰੇਰੀਅਨਾਂ ਨੂੰ ਡਿਊਟੀ ’ਤੇ ਤੁਰੰਤ ਹਾਜ਼ਰ ਕਰਾਉਣ ਜਿਨ੍ਹਾਂ ਨੂੰ ਪਿਛਲੇ ਸਮੇਂ ਹਾਈਕੋਰਟ ਤੋਂ ਬਕਾਇਦਾ ਜੁਆਇਨ ਕਰਾਉਣ ਦੀਆਂ ਹਦਾਇਤਾ ਮਿਲੀਆਂ ਸਨ। ਇਹ ਸਿੱਖਿਆ ਵਿਭਾਗ ਦੀ ਬਹੁਤ ਵੱਡੀ ਨਾਅਹਿਲੀਅਤ ਹੈ ਕਿ ਹਾਈਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ 70 ਦਿਨ ਬੀਤ ਜਾਣ ਤੇ ਵੀ ਇਨ੍ਹਾਂ 411 ਕਾਲਜ ਅਧਿਆਪਕਾਂ ਅਤੇ ਲਾਇਬ੍ਰੇਰੀਅਨਾਂ ਨੂੰ ਜੁਆਇਨ ਨਹੀਂ ਕਰਾਇਆ ਗਿਆ। ਇਸ ਨਾਲ ਜਿੱਥੇ ਉੱਚ ਯੋਗਤਾ ਪ੍ਰਾਪਤ ਇਹ ਪੜ੍ਹੇ ਲਿਖੇ ਨੌਜਵਾਨ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਪੰਜਾਬ ਦੀ ਉਚੇਰੀ ਸਿੱਖਿਆ ਦੀ ਪੜ੍ਹਾਈ ਦਾ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਿੱਖਿਆ ਵਿਭਾਗ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਹੈ ਕਿ ਇਹ ਅਧਿਆਪਕ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਮਰਨ ਵਰਤ ਤੇ ਬੈਠਣ ਜਾ ਰਹੇ ਹਨ। ਵਿਭਾਗ ਦੀ ਨਾਅਹਿਲੀਅਤ ਕਾਰਨ ਇਨ੍ਹਾਂ ਅਧਿਆਪਕਾਂ ਦੇ ਇਸ ਐਕਸ਼ਨ ਨਾਲ ਜੇਕਰ ਪੰਜਾਬ ਦਾ ਅਕਾਦਮਿਕ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਮੁਕੰਮਲ ਤੌਰ ’ਤੇ ਸਰਕਾਰ ਜ਼ਿੰਮੇਂਵਾਰ ਹੋਵੇਗੀ। ਜੇਕਰ ਪੰਜਾਬ ਸਰਕਾਰ ਇਨ੍ਹਾਂ ਅਧਿਆਪਕਾਂ ਦੀ ਹੱਕੀ ਮੰਗ ਨਾ ਮੰਨਦੇ ਹੋਏ ਇਨ੍ਹਾਂ ਨੂੰ ਡਿਊਟੀ ਤੇ ਹਾਜ਼ਰ ਨਹੀਂ ਕਰਵਾਉਂਦੀ ਤਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਹੋਰ ਭਰਾਤਰੀ ਜਥੇਬੰਦੀਆਂ ਨਾਲ ਇਨ੍ਹਾਂ ਦੇ ਸੰਘਰਸ਼ ਵਿਚ ਕੁੱਦਣ ਲਈ ਮਜ਼ਬੂਰ ਹੋਵੇਗੀ।