ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਅਤੇ ਵਿਲੱਖਣ ਸ਼ਹਾਦਤ

ਵਕਤ ਆਪਣੀ ਚਾਲ ਚੱਲਦਾ ਰਹਿੰਦਾ ਹੈ। ਕੋਈ ਵਕਤ ਅਜਿਹਾ ਵੀ ਆਉਂਦਾ ਹੈ ਜਦੋ ਕੋਈ ਸ਼ਖਸ਼ੀਅਤ ਆਪਣੇ ਖੂਨ ਨਾਲ ਇਸਦੇ ਸਫ਼ੇ ਤੇ ਕੁਝ ਅਜਿਹਾ ਲਿਖ ਜਾਂਦੀ ਹੈ, ਜੋ ਇਤਿਹਾਸ ਲਈ ਤਾਂ ਸ਼ਾਨਦਾਰ ਹੁੰਦਾ ਹੀ ਹੈ ਆਉਣ ਵਾਲੀਆਂ ਸਦੀਆਂ ਅਤੇ ਯੁੱਗਾਂ ਤੱਕ ਉਹ ਲਿਖਿਆ ਵਿਚਾਰਿਆ ਜਾਂਦਾ ਰਿਹਾ ਹੈ ਅਤੇ ਭਵਿੱਖ ਦੀਆਂ ਸੈਂਕੜੇ ਪੀੜ੍ਹੀਆਂ ਉਸ ਲਿਖੇ ਹੋਏ ਤੋਂ ਸਬਕ ਲੈਂਦੀਆਂ ਹਨ। ਕੁਝ ਆਪਣੀਆਂ ਜਿੰਦਗੀਆਂ ਵਿੱਚ ਇਸ ਲਿਖੇ ਦਾ ਅਨੁਵਾਦ ਕਰਦੇ ਹਨ ਅਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਇਜ਼ਾਫ਼ਾ ਹੁੰਦਾ ਰਹਿੰਦਾ ਹੈ। ਵੈਸੇ ਤਾਂ ਸਿੱਖ ਇਤਿਹਾਸ ਨੂੰ ਸਾਰੇ ਨੂੰ ਹੀ ਸ਼ਹੀਦਾਂ ਦਾ ਇਤਿਹਾਸ ਕਿਹਾ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਿਲਕੁਲ ਅਨੂਠੀ ਅਤੇ ਲਾ ਮਿਸਾਲ ਹੈ। ਚਾਂਦਨੀ ਚੌਕ ਦਾ ਸੰਦੇਸ਼ ਸੰਸਾਰ ਦੇ ਅਮਨ ਅਤੇ ਨਿਆਂ ਪਸੰਦ ਹਿਰਦਿਆਂ ਲਈ ਪ੍ਰੇਰਨਾ ਦਿੰਦਾ ਰਹੇਗਾ ਅਤੇ ਵਿਸ਼ਵ- ਇਤਿਹਾਸ ਨੂੰ ਮਾਨਵੀ ਅਜਾਦੀ ਅਤੇ ਸਮਾਨਤਾ ਦੇ ਗਾਡੀ ਰਾਹ ਤੇ ਚੱਲਣ ਲਈ ਮਾਰਗ ਦਰਸ਼ਕ ਬਣਿਆ ਰਵੇਗਾ। ਚਾਂਦਨੀ ਚੌਕ ਦੇ ਸਾਕੇ ਦੇ 350ਵੇਂ ਵਰ੍ਹੇ ਤੇ ਕੁਝ ਸ਼ਬਦਾਂ ਰਾਹੀਂ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਸ਼ਰਧਾਂਜਲੀ ਦੇਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਦੇ ਹਾਂ।

ਬਹੁਤ ਹੀ ਸੰਖੇਪ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਝਾਤ ਮਾਰਦੇ ਹਾਂ। ਆਪ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਪਿਤਾ ਗੁਰੂ ਹਰਗੋਬਿੰਦ ਜੀ ਦੇ ਘਰ ਅਤੇ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਸ਼ਹਿਰ ਵਿਖੇ ਹੋਇਆ, ਜਿੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਸੁਸ਼ੋਭਿਤ ਹੈ। ਆਪ ਜੀ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ।1635 ਈਸਵੀ ਵਿੱਚ ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਦੀ ਕਰਤਾਰਪੁਰ ਦੀ ਲੜਾਈ ਵਿੱਚ ਤੇਗ ਦੇ ਐਸੇ ਜੌਹਰ ਦਿਖਾਏ ਕਿ ਗੁਰੂ ਜੀ ਨੇ ਉਹਨਾਂ ਦਾ ਨਾਮ ਤਿਆਗ ਮੱਲ ਤੋੰ ਬਦਲ ਕੇ ਤੇਗ ਬਹਾਦਰ ਕਰ ਦਿੱਤਾ । ਊਨ੍ਹਾਂ ਦਾ ਵਿਆਹ ਲਖਨੌਰ ਪਿੰਡ ਦੇ ਭਾਈ ਲਾਲ ਚੰਦ ਦੀ ਸਪੁੱਤਰੀ ਬੀਬੀ ਗੁਜਰੀ ਨਾਲ 1634 ਈਸਵੀ ਨੂੰ ਹੋਇਆ। ਆਪ ਜੀ ਦੇ ਵਿਆਹ ਤੋਂ 32 ਸਾਲ ਬਾਅਦ ਆਪ ਜੀ ਦੇ ਘਰ ਪੁੱਤਰ ਦਾ ਜਨਮ ਹੋਇਆ, ਜਿਸ ਨੂੰ ਆਪ ਉਦੋਂ ਮਿਲੇ, ਜਦੋ ਉਹ 5 ਸਾਲ ਦਾ ਹੋ ਗਿਆ ਸੀ। ਆਪ ਜੀ ਸ਼ੁਰੂ ਤੋਂ ਹੀ ਮਨ ਨੀਵਾਂ ਅਤੇ ਮੱਤ ਉੱਚੀ ਦੇ ਧਾਰਨੀ ਸ਼ਣ। ਨੈਤਿਕ ਗੁਣਾਂ ਨਾਲ ਬਚਪਨ ਤੋਂ ਹੀ ਭਰਪੂਰ ਸਨ। 1664 ਈਸਵੀ ਨੂੰ ਆਪ ਜੀ ਨੂੰ ਗੁਰਗੱਦੀ ਮਿਲੀ । ਗੁਰੂ ਹਰਿਕ੍ਰਿਸ਼ਨ ਜੀ ਨੇ ” ਬਾਬਾ ਬਕਾਲੇ” ਆਖ ਕੇ ਅਗਲੇ ਉੱਤਰ ਅਧਿਕਾਰੀ ਵੱਲ ਇਸ਼ਾਰਾ ਕਰ ਦਿੱਤਾ ਸੀ। ਪਰ ਧੀਰਮੱਲੀਆਂ ਅਤੇ ਰਾਮਰਾਈਆਂ ਨੇ ਆਪ ਗੁਰੂ ਬਣਨ ਲਈ 22 ਮੰਜੀਆਂ ਲਗਾ ਲਈਆਂ ਸਨ। ਭਾਈ ਮੱਖਣ ਸ਼ਾਹ ਲੁਬਾਣੇ ਰਾਹੀਂ ਪ੍ਰਗਟ ਹੋਏ ਤੇਗ ਬਹਾਦਰ ਜੀ ਗੁਰੂ ਬਣੇ ਅਤੇ ਸਿੱਖੀ ਪ੍ਰਚਾਰ ਵਿੱਚ ਜੁਟ ਗਏ। ਗੁਰੂ ਬਣਨ ਤੋੰ ਬਾਅਦ ਆਪ ਜੀ ਨੂੰ ਹਰਿਮੰਦਰ ਸਾਹਿਬ ਵਿਖੇ ਦਾਖਲ ਨਹੀਂ ਹੋਣ ਦਿੱਤਾ ਗਿਆ, ਆਪ ਜੀ ਕੁਝ ਦੂਰੀ ਤੇ ਹੀ ਬੈਠ ਕੇ ਮੁੜ ਗਏ, ਜਿੱਥੇ ਅੱਜਕੱਲ੍ਹ ਗੁਰਦੁਆਰਾ ਥੜ੍ਹਾ ਸਾਹਿਬ ਸੁਸ਼ੋਭਿਤ ਹੈ। ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ,ਤਲਵੰਡੀ ਸਾਬੋ,ਮੌੜ ਮੰਡੀ,ਮਹਿਸਰਖਾਨਾ ਆਦਿ ਦੀ ਯਾਤਰਾ ਕੀਤੀ। ਕਹਿਲੂਰ ਦੇ ਰਾਜੇ ਤੋਂ ਜਮੀਨ ਖਰੀਦ ਕੇ ਚੱਕ ਨਾਨਕੀ ਸ਼ਹਿਰ ਵਸਾਇਆ, ਜਿਸ ਦਾ ਨਾਮ ਮਾਖੋਵਾਲ ਅਤੇ ਬਾਅਦ ਵਿੱਚ ਅਨੰਦਪੁਰ ਸਾਹਿਬ ਪ੍ਰਸਿੱਧ ਹੋਇਆ। 1656 ਈਸਵੀ ਤੋਂ ਭਾਰਤ ਦਾ ਪ੍ਰਚਾਰਕ ਦੌਰਾ ਆਰੰਭ ਕੀਤਾ।ਘਨੌਲੀ, ਰੋਪੜ, ਧਮਤਾਨ, ਕੁਰੂਕਸ਼ੇਤਰ, ਮਥੁਰਾ, ਆਗਰਾ ,ਕਾਨਪੁਰ, ਅਲਾਹਾਬਾਦ, ਪ੍ਰਯਾਗ,ਕਾਂਸੀ ,ਗਯਾ ਅਤੇ ਪਟਨਾ ਵਿਖੇ ਵੀ ਗਏ। ਪੂਰਬੀ ਭਾਰਤ ਵਿਚ ਗੁਰੂ ਜੀ ਬਿਹਾਰ, ਆਸਾਮ, ਬੰਗਾਲ ਅਤੇ ਢਾਕਾ ਵਿਖੇ ਵੀ ਸਿੱਖੀ ਦੇ ਪ੍ਰਚਾਰ ਲਈ ਗਏ । ਵੱਖ ਵੱਖ ਧਾਰਮਿਕ ਸਥਾਨਾਂ ਉੱਤੇ ਵੀ ਗਏ। ਅਤੇ ਗੁਰਮਤਿ ਦ੍ਰਿੜ੍ਹ ਕਰਵਾਉਂਦੇ ਰਹੇ ।ਸ਼ਬਦ ਦੇ ਪ੍ਰਚਾਰ ਦੇ ਨਾਲ ਹੀ ਆਪ ਜੀ ਨੇ ਖੁਦ ਵੀ ਬਾਣੀ ਦੀ ਰਚਨਾ ਕੀਤੀ, ਜਿਸ ਦਾ ਆਸ਼ਾ ਅਤੇ ਮਨੋਰਥ ਨਾਨਕ-ਸਿਧਾਂਤ ਦੇ ਪੂਰਨ ਅਨੁਕੂਲ ਹੈ। ਆਪ ਜੀ ਦੀ ਬਾਣੀ ਵਿੱਚ ਨਾਸ਼ਮਾਨਤਾ, ਬੈਰਾਗ ਅਤੇ ਪ੍ਰਭੂ ਪ੍ਰੇਮ ਦਾ ਭਰਪੂਰ ਮਾਤਰਾ ਵਿੱਚ ਵਰਨਣ ਹੈ। ਆਪ ਜੀ ਦੀ ਬਾਣੀ 15 ਰਾਗਾਂ ਵਿੱਚ ਪ੍ਰਾਪਤ ਹੈ ,ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਵਿੱਚ ਸ਼ਾਮਲ ਕਰਵਾ ਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦੇ ਦਿੱਤਾ ਸੀ। ਆਪ ਜੀ ਦੀ ਰਾਗਾਂ ਵਿੱਚ ਲਿਖੀ ਗਈ ਬਾਣੀ ਦੇ ਕੁੱਲ 59 ਪਦੇ ਹਨ ਅਤੇ ਸਲੋਕ ਮਹਲਾ ੯ ਅਧੀਨ 57 ਬੈਰਾਗਮਈ ਸਲੋਕ ਹਨ, ਜਿਹਨਾਂ ਨੂੰ ਹਰ ਸਹਿਜ ਪਾਠ ਜਾਂ ਅਖੰਡ ਪਾਠ ਦੀ ਸਮਾਪਤੀ ਤੇ ਪੜ੍ਹਿਆ ਜਾਂਦਾ ਹੈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ :-  ਔਰੰਗਜੇਬ ਇਕ ਕੱਟੜ ਮੁਸਲਮਾਨ ਸ਼ਾਸ਼ਕ ਸੀ ਜਿਸ ਨੇ ਦਿੱਲੀ ਦੇ ਤਖਤ ਤੇ ਬੈਠਦਿਆਂ ਹੀ ਗੈਰ-ਮੁਸਲਮਾਨਾਂ ਤੇ ਸਖਤੀ ਅਤੇ ਤਸ਼ੱਦਦ ਸ਼ੁਰੂ ਕਰ ਦਿੱਤਾ ਸੀ। ਉਹ ਆਪਣੀ ਵਲੋਂ ਇਸਲਾਮ ਦਾ ਪ੍ਰਚਾਰ ਹੀ ਕਰ ਰਿਹਾ ਸੀ ਅਤੇ ਕਾਫਰਾਂ ਨੂੰ ਮੋਮਨ ਬਣਾ ਰਿਹਾ ਸੀ। ਜੋ ਇਸਲਾਮ ਧਾਰਨ ਨਹੀਂ ਸੀ ਕਰਦੇ, ਔਰੰਗਜੇਬ ਅਨੁਸਾਰ ਉਹਨਾਂ ਨੂੰ ਜਿਊਣ ਦਾ ਕੋਈ ਹੱਕ ਨਹੀਂ ਸੀ। ਇਸਲਈ ਉਹ ਉਹਨਾਂ ਨੂੰ ਕਤਲ ਕਰਵਾ ਦਿੰਦਾ ਸੀ। ਕਿਹਾ ਜਾਂਦਾ ਏ ਕਿ ਉਹ ਇਕ ਦਿਨ ਵਿਚ ਸਵਾ ਮਣ ਜੰਝੂ ਉਤਾਰਦਾ ਸੀ, ਜਿਹਨਾਂ ਨੂੰ ਜਾਂ ਤਾਂ ਇਸਲਾਮ ਵਿਚ ਸ਼ਾਮਲ ਕਰ ਲਿਆ ਜਾਂਦਾ ਸੀ ਤੇ ਜਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ।ਕਸ਼ਮੀਰ ਦੇ ਹਿੰਦੂ ਇਸ ਜ਼ੁਲਮ ਤੋਂ ਬਹੁਤ ਜਿਆਦਾ ਦੁਖੀ ਸਨ। ਉਹਨਾਂ ਕਸ਼ਮੀਰ ਦੇ ਸਿੱਖ ਪ੍ਰਚਾਰਕ ਭਾਈ ਕਿਰਪਾ ਰਾਮ ਨੂੰ ਨਾਲ ਲਿਆ ਅਤੇ ਅਨੰਦਪੁਰ ਸਾਹਿਬ ਵਿਚ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਜੀ ਕੋਲ ਆ ਫਰਿਆਦ ਕੀਤੀ। ਕਿਉਂਕਿ ਉਹਨਾਂ ਨੂੰ ਭਰੋਸਾ ਸੀ ਕਿ ਗੁਰੂ ਨਾਨਕ ਦਾ ਘਰ ਦਰ ਆਇਆਂ ਦੀ ਲਾਜ ਰੱਖਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਦੁੱਖੜੇ ਸੁਣੇ। ਆਪ ਜੀ ਦਾ ਕੋਮਲ ਹਿਰਦਾ ਵਲੂੰਧਰਿਆ ਗਿਆ। ਉਹਨਾਂ ਗੰਭੀਰ ਚਿੰਤਨ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਉਹ ਆਪਣੇ ਰਾਜੇ ਨੂੰ ਸੁਨੇਹਾ ਦੇਣ ਕਿ ਜੇ ਤੇਗ ਬਹਾਦਰ ਮੁਸਲਮਾਨ ਬਣ ਜਾਵੇ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਸੁਨੇਹਾ ਮਿਲਣ ਤੇ ਰਾਜਾ ਬਹੁਤ ਖੁਸ਼ ਹੋਇਆ। ਉਸਨੂੰ ਲੱਗਾ ਕਿ ਇੱਕ ਵਿਅਕਤੀ ਨੂੰ ਮੁਸਲਮਾਨ ਬਣਾਉਣਾ ਸੌਖਾ ਹੈ।

ਗੁਰੂ ਤੇਗ ਬਹਾਦਰ ਜੀ ਨੂੰ ਕੈਦ ਕਰ ਲਿਆ ਗਿਆ। ਉਹਨਾਂ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ੧.ਇਸਲਾਮ ਕਬੂਲ ਕਰ ਲਵੋ ੨.ਆਪਣੇ ਪੀਰ ਹੋਣ ਦੇ ਸਬੂਤ ਵਜੋਂ ਕੋਈ ਕਰਾਮਾਤ ਦਿਖਾਈ ਜਾਵੇ। ੩. ਮਰਨ ਲਈ ਤਿਆਰ ਰਹਿਣ। ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਸ਼ਰਤ ਕੱਟ ਦਿੱਤੀ ਕਿਉਂਕਿ ਉਹਨਾਂ ਅਨੁਸਾਰ ਧਰਮ ਇਕ ਨਿਜੀ ਵਿਸ਼ਾ ਹੈ, ਇਹ ਠੋਸਿਆ ਨਹੀਂ ਜਾ ਸਕਦਾ। ਦੂਸਰੀ ਸ਼ਰਤ ਕਰਾਮਾਤ ਨੂੰ ਪ੍ਰਭੂ ਦੇ ਹੁਕਮ ਦੇ ਉਲਟ ਜਾਣਾ ਦੱਸਿਆ  ਅਤੇ ਤੀਸਰੀ ਸ਼ਰਤ ਪ੍ਰਵਾਨ ਕਰਦਿਆਂ ਕਿਹਾ ਕਿ ਮਰਨ ਲਈ ਇਕ ਸਿੱਖ ਹਮੇਸ਼ਾ ਹੀ ਤਿਆਰ ਰਹਿੰਦਾ ਹੈ। ਗੁਰੂ ਜੀ ਨੂੰ ਡਰਾਉਣ ਦੇ ਉਦੇਸ਼ ਨਾਲ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਤਿੰਨ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਅਤੇ ਭਾਈ ਦਿਆਲਾ ਜੀਂ ਨੂੰ ਉਬਲਦੇ ਪਾਣੀ ਦੇ ਦੇਗੇ ਵਿਚ ਬੈਠਾ ਕੇ ਉਬਾਲ ਦਿੱਤਾ ਗਿਆ। ਗੁਰੂ ਸਾਹਿਬ ਨੇ ਤਾਂ ਕੀ ਡੋਲ੍ਹਣਾ ਸੀ, ਇਹ ਤਿੰਨੇ ਸੂਰਬੀਰ ਵੀ ਆਪਣੇ ਸਿਦਕ ਵਿੱਚ ਪੱਕੇ ਰਹੇ ਅਤੇ ਗੁਰੂ ਸ਼ਬਦ ਦਾ ਜਾਪ ਕਰਦਿਆਂ ਸ਼ਹੀਦ ਹੋ ਗਏ। ਕਾਜੀ ਸ਼ੇਖਲ ਨੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕੀਤੇ ਜਾਣ ਦਾ ਫਤਵਾ ਸੁਣਾਇਆ  ਅਤੇ ਜੱਲਾਦ ਜਲਾਲੁਦੀਨ ਨੇ ਗੁਰੂ ਜੀ ਦਾ ਸਿਰ ਕਲਮ ਕਰ ਦਿੱਤਾ। ਵਿਸ਼ਵ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਕਿਉਂਕਿ ਐਸੀ ਸ਼ਹੀਦੀ ਅੱਜ ਤੱਕ ਨਹੀਂ ਸੀ ਹੋਈ।  ਜਾਲਮ ਦਾ ਇਰਾਦਾ ਸੀ ਕਿ ਗੁਰੂ ਜੀ ਦੇ ਮ੍ਰਿਤਕ ਸਰੀਰ ਦੇ ਟੁਕੜੇ ਟੁਕੜੇ ਕਰ ਕੇ ਵੱਖ ਵੱਖ ਚੌਰਾਹਿਆਂ ਵਿੱਚ ਦਰੱਖਤਾਂ ਤੇ ਲਟਕਾਏ ਜਾਣ ਤਾਂ ਕਿ ਸਿੱਖਾਂ ਵਿੱਚ ਦਹਿਸ਼ਤ ਪੈਦਾ ਹੋ ਸਕੇ। ਪਰ ਉਸੇ ਸਮੇਂ ਤੇਜ ਹਨੇਰੀ ਅਤੇ ਝੱਖੜ ਆਇਆ, ਜਿਸ ਦਾ ਲਾਭ ਉਠਾ ਕੇ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਉਠਾ ਲਿਆ। ਜਿਸ ਨੂੰ ਉਹ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਸਤਿਕਾਰ ਨਾਲ ਅਨੰਦਪੁਰ ਸਾਹਿਬ ਵਿਖੇ ਹੀ ਸੀਸ ਦਾ ਸੰਸਕਾਰ ਕੀਤਾ। ਗੁਰੂ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਰੂੰ ਦੇ ਗੱਡੇ ਵਿੱਚ ਰੱਖ ਕੇ ਆਪਣੇ ਘਰ ਲੈ ਆਇਆ ਅਤੇ ਉਸਨੇ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ। ਦਿੱਲੀ ਵਿਖੇ ਜਿੱਥੇ ਸੀਸ ਕੱਟਿਆ ਗਿਆ ਸੀ, ਉਥੇ ਗੁਰਦੁਆਰਾ ਸੀਸ ਗੰਜ ਅਤੇ ਧੜ ਦੇ ਸੰਸਕਾਰ ਵਾਲੀ ਜਗ੍ਹਾ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ।

ਗੁਰੂ ਜੀ ਦੀ ਸ਼ਹਾਦਤ ਸੰਬੰਧੀ ਕੁਝ ਵਿਚਾਰਾਂ :- ੧. ਹਿੰਦ ਦੀ ਚਾਦਰ ਕਿ ਸ਼੍ਰਿਸ਼ਟਿ ਕੀ ਚਾਦਰ ?? ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਅਤੇ ਕਿਸ ਨੇ ਹਿੰਦ ਕੀ ਚਾਦਰ ਕਹਿਣਾ ਸ਼ੁਰੂ ਕਰ ਦਿੱਤਾ ਇਸ ਦਾ ਕੋਈ ਸਰੋਤ ਸਾਨੂੰ ਨਹੀਂ ਮਿਲਿਆ। ਪਰ ਜਾਪਦਾ ਇਹੀ ਹੈ ਕਿ ਸਾਡੀ ਅਗਿਆਨਤਾ ਨੇ ਅਤੇ ਵਿਰੋਧੀਆਂ ਦੀ ਸਾਜਿਸ਼ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਤੰਗ ਨਜ਼ਰੀਏ ਤੋਂ ਪੇਸ਼ ਕੀਤਾ ਹੈ ਅਤੇ ਅਸੀਂ ਜਾਣੇ ਅਣਜਾਣੇ ਹੁਣ ਹਿੰਦ ਕੀ ਚਾਦਰ ਕਹਿਣ ਲੱਗ ਪਏ ਹਾਂ।

ਕਵੀ ਸੈਨਾਪਤਿ ਦੀ ਪੁਸਤਕ ਸ੍ਰੀ ਗੁਰੁ ਸੋਭਾ, ਜਿਸ ਨੂੰ ਵਿਦਵਾਨਾਂ ਨੇ ਕਾਫੀ ਹੱਦ ਤੱਕ ਪ੍ਰਮਾਣਿਤ ਆਖਿਆ ਹੈ, ਉਸ ਵਿੱਚ ਇਹ ਸ਼ਬਦ ਦਰਜ ਹਨ–

ਪ੍ਰਗਟ ਭਏ ਗੁਰੂ ਤੇਗ ਬਹਾਦਰ ।।
ਸਗਲ ਸ਼੍ਰਿਸ਼ਟਿ ਪੈ ਢਾਕੀ ਚਾਦਰ ।।

ਇਸ ਨੂੰ ਕਿਸ ਨੇ ਬਦਲ ਕੇ ਹਿੰਦ ਕੀ ਚਾਦਰ ਕਰ ਦਿੱਤਾ ਅਤੇ ਕਿਉ ??? ਜੇ ਇਥੇ ਹਿੰਦ ਦਾ ਭਾਵ ਹਿੰਦੁਸਤਾਨ ਹੈ ਤਦ ਵੀ ਇਹ ਠੀਕ ਨਹੀਂ, ਕਿਉਂਕਿ ਗੁਰੂ ਜੀ ਨੂੰ ਇਕ ਦੇਸ਼ ਤੱਕ ਸੀਮਿਤ ਕਰਨਾ ਗਲਤ ਹੈ। ਜੇ ਇਸ ਦਾ ਭਾਵ ਹਿੰਦੂ ਧਰਮ ਤੋਂ ਹੈ, ਤਦ ਵੀ ਇਹ ਠੀਕ ਨਹੀਂ ਕਿ ਗੁਰੂ ਜੀ ਨੂੰ ਸਮੂਹ ਮਾਨਵਤਾ ਨਾਲੋਂ ਤੋੜ ਕੇ ਕਿਸੇ ਇੱਕ ਮਜ਼ਹਬ ਨਾਲ ਬੰਨ੍ਹਿਆ ਜਾਵੇ ।

੨.ਤਿਲਕ ਜੰਝੂ ਰਾਖਾ ਪ੍ਰਭ ਤਾਕਾ : ਉਪਰੋਕਤ ਪੰਕਤੀਆਂ ਬਚਿੱਤਰ ਨਾਟਕ ਵਿਚੋਂ ਹਨ , ਜੋ ਦਸਮ ਗ੍ਰੰਥ ਦਾ ਇਕ ਭਾਗ ਹੈ। ਦਸਮ ਗ੍ਰੰਥ ਦੇ  ਕਰਤਾ ਬਾਰੇ ਅੱਜ ਤੱਕ ਪੰਥ ਅਤੇ ਵਿਦਵਾਨਾਂ ਵਿੱਚ ਵਿਵਾਦ ਚੱਲ ਰਿਹਾ ਹੈ । ਵਿਦਵਾਨਾਂ ਦਾ ਇਕ ਹਿੱਸਾ ਇਸ ਨੂੰ ਸਾਰੇ ਦੇ ਸਾਰੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦਾ ਹੈ।ਦੂਸਰਾ ਹਿੱਸਾ ਇਸ ਦਾ ਪੂਰਨ ਵਿਰੋਧੀ ਹੈ ਅਤੇ ਇਸ ਵਿਚ ਅਸ਼ਲੀਲਤਾ ਅਤੇ ਬਿਪਰਵਾਦ ਦੀ ਹੋਂਦ ਕਾਰਨ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀਂ ਮੰਨਦਾ। ਤੀਸਰਾ ਹਿੱਸਾ ਅਜਿਹਾ ਵੀ ਹੈ ਜੋ ਇਸ ਗ੍ਰੰਥ ਦੀਆਂ ਕੁਝ ਬਾਣੀਆਂ ਜਿਵੇਂ ਜਾਪ, ਸਵਈਏ, ਜ਼ਫਰਨਾਮਾ ਆਦਿ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਮੰਨਦਾ ਹੈ ਅਤੇ ਕੁਝ ਗੁਰਮਤਿ ਵਿਰੋਧੀ ਰਚਨਾਵਾਂ ਨੂੰ ਗੁਰੂ-ਕ੍ਰਿਤ ਨਹੀਂ ਮੰਨਦਾ। ਅਸੀਂ ਇਸ ਸਮੇਂ ਇਸ ਵਿਸ਼ੇ ਤੇ ਕੋਈ ਚਰਚਾ ਨਹੀਂ ਕਰਨਾ ਚਾਹੁੰਦੇ, ਪਰ ਇਹ ਪ੍ਰਸ਼ਨ ਜਰੂਰ ਕਰਨਾ ਚਾਹੁੰਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਨੂੰ ਸਿਰਫ ਤਿਲਕ ਜੰਝੂ ਦੀ ਰਾਖੀ ਨਾਲ ਹੀ ਕਿਉ ਬੰਨ੍ਹਿਆ ਜਾਵੇ ? ਠੀਕ ਹੈ ਕਿ ਉਸ ਸਮੇਂ ਤਿਲਕ ਜਨੇਊ ਖਤਰੇ ਵਿੱਚ ਸਨ, ਪਰ ਧਾਰਮਿਕ ਆਜ਼ਾਦੀ ਦੀ ਰਾਖੀ ਸ਼ਬਦ ਕਿਉਂ ਨਹੀਂ ਪ੍ਰਚਾਰਿਆ ਜਾਂਦਾ ? ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜੇ ਇਸਲਾਮ ਧਰਮ ਤੇ ਜ਼ੁਲਮ ਹੋ ਰਿਹਾ ਹੁੰਦਾ, ਤਾਂ ਗੁਰੂ ਜੀ ਉਸ ਲਈ ਵੀ ਆਪਣੀ ਸ਼ਹਾਦਤ ਉਸੇ ਭਾਵਨਾ ਨਾਲ ਦਿੰਦੇ। ਫੇਰ ਅਸੀਂ ਆਪਣੇ ਪ੍ਰਚਾਰ ਸਮੇਂ ਉਸ ਬ੍ਰਹਿਮੰਡੀ ਅਤੇ ਮਨੁੱਖਤਾ ਵਾਦੀ ਭਾਵਨਾ ਨੂੰ ਤੰਗ ਨਜ਼ਰੀਏ ਤੋੰ ਕਿਉ ਪੇਸ਼ ਕਰ ਰਹੇ ਹਾਂ । ਪੂਰੀਆਂ ਪੰਕਤੀਆਂ ਇਸ ਤਰਾਂ ਹਨ-

ਤਿਲਕ ਜੰਝੂ ਰਾਖਾ ਪ੍ਰਭ ਤਾਕਾ ।।
ਕੀਨੋ ਬਡੋ ਕਲੂ ਮਹਿ ਸਾਕਾ ।।
ਧਰਮ ਹੇਤ ਸਾਕਾ ਜਿਨਿ ਕੀਆ।।
ਸੀਸ ਦੀਆ ਪਰ ਸਿਰਰੁ ਨ ਦੀਆ।।

ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ।। ਆਮ ਤੌਰ ਤੇ ਸਿਰਰੁ ਦਾ ਅਰਥ ਸਿਰੜ ਕਰ ਲਿਆ ਜਾਂਦਾ ਹੈ। ਜੋ ਇਕ ਛੋਟਾ ਅਰਥ ਹੈ। ਸਿਰਰੁ ਨੂੰ ਕਲਬ,ਰੂਹ,ਧਫੀ ਵੀ ਕਿਹਾ ਜਾਂਦਾ ਹੈ ਜੋ ਸੂਫ਼ੀਆਂ ਦੀ ਉਹ ਅਧਿਆਤਮਕ ਅਵਸਥਾ ਹੈ ਜਿੱਥੇ ਪਾਰਗਾਮੀ ਰੂਪ ਵਿਚ ਸਭ ਨਿਹੋਂਦ ਹੈ ਜਦਕਿ ਸਿਰੜ ਇਕ ਤਰ੍ਹਾਂ ਦੀ ਭੌਤਿਕ ਅਵਸਥਾ ਹੈ।

੩.ਗੋਬਿੰਦ ਰਾਏ ਵਲੋਂ ਪਿਤਾ ਦੀ ਕੁਰਬਾਨੀ :-- ਸਾਡੇ ਪ੍ਰਚਾਰਕ ਬਹੁਤ ਜਿਆਦਾ ਜੋਰ ਦੇ ਕੇ ਕਹਿੰਦੇ ਹਨ ਕਿ ਪੰਡਤਾਂ ਦੀ ਫਰਿਆਦ ਸੁਣ ਕੇ ਗੁਰੂ ਤੇਗ ਬਹਾਦਰ ਜੀ ਗੰਭੀਰ ਹੋ ਕੇ ਸੋਚਣ ਲੱਗ ਪਏ। ਬਾਲ ਗੋਬਿੰਦ ਰਾਏ ਦੇ ਪੁੱਛਣ ਤੇ ਗੁਰੂ ਜੀ ਸਮੱਸਿਆ ਦੇ ਹੱਲ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਬਾਰੇ ਦੱਸਦੇ ਹਨ ਤੇ ਬਾਲ ਗੋਬਿੰਦ ਇੱਕ ਦਮ ਆਖਦੇ ਹਨ-ਪਿਤਾ ਜੀ ਆਪ ਜੀ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ ?? ਅਤੇ ਤਦ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਕਿਹਾ ਕਿ ਉਹ ਔਰੰਗਜੇਬ ਨੂੰ ਆਖਣ ਕਿ ਉਹ ਤੇਗ ਬਹਾਦਰ ਨੂੰ ਮੁਸਲਮਾਨ ਬਣਾਵੇ। ਬਹੁਤ ਹੀ ਸਤਿਕਾਰ ਨਾਲ ਅਤੇ ਖਿਮਾ ਜਾਚਨਾ ਕਰਦਾ ਹੋਇਆ ਕਹਿਣਾ ਚਾਹਾਂਗਾ ਕਿ ਇਸ ਵਾਰਤਾਲਾਪ ਨੂੰ ਇਸ ਤਰਾਂ ਪ੍ਰਚਾਰਿਆ ਜਾਣਾ ਠੀਕ ਨਹੀਂ ਲੱਗਦਾ। ਬਾਲ ਗੋਬਿੰਦ ਰਾਏ ,ਜੋ ਉਸ ਸਮੇਂ ਅਜੇ ਗੁਰੂ ਨਹੀਂ ਸੀ ਬਣੇ, ਉਹਨਾਂ ਦੀ ਗੱਲਬਾਤ ਨੂੰ ਵਡਿਆਉਂਦੇ ਹੋਏ ,ਅਸੀਂ ਅਨਜਾਣਪੁਣੇ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਦਾ ਕੱਦ ਛੋਟਾ ਕਰ ਦਿੰਦੇ ਹਾਂ। ਕੀ, ਜੇ ਬਾਲ ਗੋਬਿੰਦ ਨਾ ਆਖਦੇ, ਤਾਂ ਗੁਰੂ ਜੀ ਆਪਣੀ ਸ਼ਹੀਦੀ ਨਾ ਦਿੰਦੇ ??? ਜਾਂ ਕੀ ਗੁਰੂ ਜੀ ਨੂੰ ਜ਼ੁਲਮ ਦੇ ਸਤਾਏ ਪੰਡਤਾਂ ਦੇ ਦੁੱਖ ਨਾਲੋਂ ਪੁੱਤਰ ਦੀ ਦੀ ਪ੍ਰੇਰਨਾ ਜਿਆਦਾ ਮੁੱਲਵਾਨ ਲੱਗਦੀ ਸੀ ??? ਸੰਗਤ ਵਿਚਾਰ ਜਰੂਰ ਕਰੇ।

ਗੁਰਮਤਿ ਦਾ ਤਾਂ ਸਿਧਾਂਤ ਹੀ ਇਹੀ ਹੈ ਜਿਸ ਨੂੰ ਗੁਰਬਾਣੀ ਵਿੱਚ ਵੀ ਬਿਆਨ ਕੀਤਾ ਗਿਆ ਹੈ ਅਤੇ ਪਹਿਲੇ ਗੁਰੂ ਸਾਹਿਬਾਨ ਅਤੇ ਭਗਤਾਂ ਦੁਆਰਾ ਜੀਅ ਕੇ ਵੀ ਦਿਖਾਇਆ ਗਿਆ ਹੈ।

ਜਉ ਤਉ ਪ੍ਰੇਮ ਖੇਲਣ ਕਾ ਚਾਉ ।।
ਸਿਰੁ ਧਰਿ ਤਲੀ ਗਲੀ ਮੇਰੀ ਆਉ ।।……..(ਪੰਨਾ ੧੪੧੨, ਸਲੋਕ ਵਾਰਾਂ ਤੇ ਵਧੀਕ ਮਹਲਾ ੧)
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ।।………….(ਪੰਨਾ ੧੧੦੨, ਸਲੋਕ ਮ : ੫)

੪.ਇਹ ਸ਼ਹਾਦਤ ਲਾਸਾਨੀ ਅਤੇ ਵਿਲੱਖਣ ਕਿਉ :- ਗੁਰੂ ਤੇਗ ਬਹਾਦਰ ਜੀ ਨੂੰ ਲਾਸਾਨੀ ਸ਼ਹੀਦ ਅਤੇ ਉਹਨਾਂ ਦੀ ਸ਼ਹਾਦਤ ਨੂੰ ਵਿਲੱਖਣ ਸ਼ਹਾਦਤ ਕਿਹਾ ਜਾਂਦਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ

੧. ਇਹ ਸ਼ਹਾਦਤ ਮਨੁੱਖਤਾ ਦੀ ਪੂਰਨ ਆਜ਼ਾਦੀ ਲਈ ਸੀ। ਜਿਸ ਜਨੇਊ ਨੂੰ ਗੁਰੂ ਨਾਨਕ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਗੁਰਬਾਣੀ ਵਿੱਚ ਵੀ ਬਾਹਰੀ ਜਨੇਊ ਦਾ ਖੰਡਨ ਕੀਤਾ ਗਿਆ ਹੈ, ਓਹੀ ਜਨੇਊ ਨੂੰ ਕੋਈ ਧੱਕੇ ਨਾਲ ਉਤਾਰੇ, ਇਹ ਵੀ ਬਰਦਾਸ਼ਤ ਤੋਂ ਬਾਹਰ ਹੈ। ਜਿਸ ਤਰਾਂ ਧੱਕੇ ਨਾਲ ਜਨੇਊ ਪਾਇਆ ਜਾਣਾ ਗਲਤ ਹੈ, ਉਸੇ ਤਰਾਂ ਉਤਾਰਿਆ ਜਾਣਾ ਵੀ ਗਲਤ ਹੈ। ਇਹ ਸੰਸਾਰ ਵਿੱਚ ਇੱਕੋ ਇੱਕ ਅਜਿਹੀ ਸ਼ਹਾਦਤ ਹੈ, ਜਿਹੜੀ ਉਸ ਵਿਸ਼ਵਾਸ਼ ਖਾਤਰ ਦਿੱਤੀ ਗਈ ਜਿਸ ਨੂੰ ਸ਼ਹਾਦਤ ਦੇਣ ਵਾਲਾ ਆਪ ਨਹੀਂ ਮੰਨਦਾ ਸੀ। (ਸਾਡੇ ਕਈ ਕਾਹਲੇ ਅਤੇ ਮਾਡਰਨ ਪ੍ਰਚਾਰਕ ਪੰਜ ਕਕਾਰਾਂ ਨੂੰ ਜਨੇਊ ਨਾਲ ਤੁਲਨਾ ਦੇ ਕੇ ਇਹ ਆਖਦੇ ਹਨ ਕਿ ਗੁਰੂ ਨਾਨਕ ਨੇ ਜਨੇਊ ਦਾ ਖੰਡਨ ਕੀਤਾ ਸੀ ਅਤੇ ਅਸੀ ਅੱਜ ਪੰਜ ਕਕਾਰਾਂ ਦਾ ਪ੍ਰਚਾਰ ਕਰ ਰਹੇ ਹਾਂ। ਸਤਿਕਾਰ ਸਹਿਤ ਬੇਨਤੀ ਹੈ ਕਿ ਪੰਜ ਕਕਾਰ ਕਦੇ ਵੀ ਧੱਕੇ ਨਾਲ ਨਹੀਂ ਪਹਿਨਾਏ ਜਾਂਦੇ। ਅੰਮ੍ਰਿਤ ਅਭਿਲਾਖੀ ਦੇ ਖੁਦ ਬੇਨਤੀ ਕਰਨ ਤੋਂ ਬਾਅਦ ਪਹਿਨਾਏ ਜਾਂਦੇ ਹਨ। ਇਹ ਪੂਰਨ ਧਾਰਮਿਕ ਆਜ਼ਾਦੀ ਹੈ । ਜਿਸ ਨੂੰ ਅਜੋਕੀ ਭਾਸ਼ਾ ਵਿੱਚ ਮਨੁੱਖੀ ਅਧਿਕਾਰ ਆਖਿਆ ਜਾਂਦਾ ਹੈ। ਇਸ ਲਈ ਜਨੇਊ ਅਤੇ ਕਕਾਰਾਂ ਦੀ ਤੁਲਨਾ ਜਾਇਜ਼ ਨਹੀਂ ਹੈ ।)

੨.ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪੁਸਤਕ ਵਿੱਚ ਦੌਲਤ ਰਾਇ ਗੁਰੂ ਜੀ ਦੀ ਗ੍ਰਿਫਤਾਰੀ ਨੂੰ ਉਲਟੀ ਗੰਗਾ ਵਹਾਉਣਾ ਲਿਖਦਾ ਹੈ। ਆਮ ਕਰਕੇ ਕਾਤਲ, ਮਕਤੂਲ ਕੋਲ ਚੱਲ ਕੇ ਆਉਂਦਾ ਹੈ ਪਰ ਗੁਰੂ ਤੇਗ ਬਹਾਦਰ ਜੀ ਖੁਦ ਕਾਤਲ ਕੋਲ ਚੱਲ ਕੇ ਜਾਂਦੇ ਹਨ।

੩.ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਸ਼ਹੀਦ ਦੀ ਮ੍ਰਿਤਕ ਦੇਹ ਦਾ ਸੰਸਕਾਰ ਵੀ ਹਿੱਸਿਆਂ ਵਿੱਚ ਹੋਇਆ ਹੋਵੇ। ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਵਿਖੇ ਅਤੇ ਧੜ ਦਾ ਸੰਸਕਾਰ ਦਿੱਲੀ ਵਿਖੇ ਹੋਇਆ ਸੀ।

੪. ਸੀਸ ਉਠਾਉਣ ਵਾਲੇ ਭਾਈ ਜੀਵਨ ਸਿੰਘ ਉਰਫ ਜੈਤਾ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਜਦਕਿ ਪਤਾ ਲੱਗਣ ਤੇ ਭਾਈ ਲੱਖੀ ਸ਼ਾਹ ਵਣਜਾਰੇ ਨੂੰ ਟੱਬਰ ਸਮੇਤ ਜਾਲਮ ਵਲੋਂ ਖਤਮ ਕਰ ਦਿੱਤਾ ਗਿਆ ।।

ਧਾਰਮਿਕ ਅਜਾਦੀ ਅੱਜ ਮਨੁੱਖ ਦੇ ਮੁੱਢਲੇ ਅਧਿਕਾਰਾਂ ਵਿੱਚ ਆ ਚੁੱਕੀ ਹੈ। ਯੂ.ਐਨ.ਓ. ਵਲੋਂ ਮਨੁੱਖੀ ਅਧਿਕਾਰ ਦਿਵਸ ਵੀ ਮਨਾਇਆ ਜਾ ਰਿਹਾ ਹੈ। ਪਰ ਇਹ ਸਾਡੀ ਅਕ੍ਰਿਤਘਣਤਾ ਅਤੇ ਨਾਲਾਇਕੀ ਹੀ ਕਹਾਏਗੀ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ “ਮਨੁੱਖੀ ਅਧਿਕਾਰ ਦਿਵਸ” ਦੇ ਰੂਪ ਵਿਚ ਲਾਗੂ ਨਹੀਂ ਕਰਵਾ ਸਕੇ ???? ਵਾਹਿਗੁਰੂ ਜੀ ਸਾਡੀ ਕੌਮ ਨੂੰ ਸੁਮੱਤ ਬਖਸ਼ਣ ਅਤੇ ਅਸੀਂ ਗੁਰੂ ਜੀ ਤੋਂ ਨਿਮਰਤਾ, ਅਹਿੰਸਾ, ਪ੍ਰੇਮ, ਜ਼ੁਲਮ ਵਿਰੁੱਧ ਖੜ੍ਹਨ ਅਤੇ ਲੜ੍ਹਨ ਦੀ ਜਾਚ ਸਿੱਖ ਸਕੀਏ। ਅਤੇ ਗੁਰੂ ਜੀ ਦੀ ਬਾਣੀ ਵਿੱਚ ਬਿਆਨ ਕੀਤੇ ਅਨੁਸਾਰ –

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ।।
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ।।……………(ਪੰਨਾ ੧੪੨੭, ਸਲੋਕ ਮਹਲਾ ੯) ਦੇ ਧਾਰਨੀ ਹੋ ਕੇ ਨਿਰਭਉ ਅਤੇ ਨਿਰਵੈਰ ਸਮਾਜ ਦੀ ਸਿਰਜਣਾ ਕਰ ਸਕੀਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>