ਨਾਮ ਨਾਲ ਸਾਂਝ ਜਿਨ੍ਹਾਂ ਦੀ,ਹੀਰੇ ਅਨਮੋਲ ਜੀ।
ਬਾਣੀ ਨਾਲ ਪ੍ਰੇਮ ਗੂੜ੍ਹਾ,ਮੁੱਖ ਤੋਂ ਰਹੇ ਬੋਲ ਜੀ।
ਸਤਿਗੁਰ ਦੀ ਸਿੱਖਿਆ ਰੱਖਣ, ਹਿਰਦੇ ਦੇ ਕੋਲ ਜੀ।
ਝੱਖੜ ਤੂਫ਼ਾਨਾਂ ਕੋਲੋਂ, ਕਿੱਥੇ ਘਬਰਾਉਂਦੇ ਨੇ ??
ਦੇਖੋ ਕਿੰਝ ਸਿੱਖ ਗੁਰੂ ਦੇ, ਸਿਰੜ ਨਿਭਾਉਂਦੇ ਨੇ।
ਸਾਹਾਂ ਤੱਕ ਨਿਭਦੀ ਜਾਏ।
ਨੌਵੇਂ ਗੁਰਾਂ ਨੂੰ ਜਾਲਮ, ਪਿੰਜਰੇ ਵਿੱਚ ਪਾਇਆ ਸੀ।
ਲਾਲਚ ਡਰਾਵੇ ਦੇ ਕੇ, ਪਰਖਣਾ ਚਾਹਿਆ ਸੀ।
ਪ੍ਰੇਮੀ ਗੁਰਸਿੱਖਾਂ ਤਾਈਂ, ਸਾਹਵੇਂ ਬੁਲਾਇਆ ਸੀ।
ਮਾਰਨਾ ਗੁਰ ਦੇ ਅੱਗੇ, ਹਾਕਮ ਇਹ ਚਾਹੁੰਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਕਿੱਥੋਂ ਤੱਕ ਜ਼ੁਲਮ ਸਹਿਣਗੇ।
ਲੱਕੜ ਦੇ ਢਾਂਚੇ ਦੇ ਵਿੱਚ ਸਿੱਖ ਤਾਈਂ ਬੰਨ੍ਹਿਆ ਸੀ।
ਜ਼ੁਲਮ ਦਾ ਭਾਂਡਾ ਉਹਦੇ ਸਿਰ ਤੇ ਹੀ ਭੰਨਿਆ ਸੀ।
ਸੱਚੇ ਸਿੱਖ ਮਤੀ ਦਾਸ ਨੇ ਭਾਣਾ ਹੀ ਮੰਨਿਆ ਸੀ।
ਸੀਸ ਤੇ ਆਰਾ ਚਲਦਾ ਬੁੱਲ ਮੁਸਕਾਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਮੁੱਖੋਂ ਸਿੱਖ ਗਾਵੇ ਬਾਣੀ।
ਦੂਜੇ ਸਿੱਖ ਸਤੀਦਾਸ ਦੀ, ਵਾਰੀ ਹੁਣ ਆਈ ਸੀ।
ਦੇਹੀਰੂੰ ਵਿਚਲਪੇਟ ਕੇ,ਅਗਨੀ ਲਗਾਈ ਸੀ।
ਸਡ਼ ਗਿਆ ਸਰੀਰ ਸਾਰਾ, ਵਿਹੰਦੀ ਲੋਕਾਈ ਸੀ।
ਲੋਕੀ ਤੱਕ ਨੈਣਾਂ ਵਿੱਚੋਂ ਨੀਰ ਵਹਾਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਡੋਲਿਆ ਨਾ ਸਤੀਦਾਸ ਵੀ।
ਦੇਗੇ ਵਿੱਚ ਪਾ ਕੇ ਪਾਣੀ ਕਾਫੀ ਉਬਾਲਿਆ ਸੀ।
ਭਾਈ ਦਿਆਲੇ ਤਾਈਂ ਇਸ ਵਿਚ ਬਿਠਾਲਿਆ ਸੀ।
ਐਪਰ ਇਸ ਸਿੱਖ ਨੇ ਵੀ ਤਾਂ ਧਰਮ ਹੀ ਪਾਲਿਆ ਸੀ।
ਦੇਗੇ ਦੇ ਹੇਠਾਂ ਅਗਨੀ ਤੇਜ ਜਲਾਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਸਤਿਗੁਰ ਦਾ ਮਿਲੇ ਥਾਪੜਾ।
ਹੁੰਦੇ ਜਿਵੇਂ ਮਾਪਿਆਂ ਤਾਈਂ ਲਾਲ ਪਿਆਰੇ ਨੇ।
ਸਿੱਖਾਂ ਤੋਂ ਸੱਚੇ ਸਤਿਗੁਰ ਜਾਂਦੇ ਬਲਿਹਾਰੇ ਨੇ।
ਸਿੱਖੀ ਆਕਾਸ਼ ਦੇ ਅੰਦਰ ਚਮਕਣ ਸਿਤਾਰੇ ਨੇ।
ਕੰਡਿਆਲੇ ਰਾਹਾਂ ਉੱਤੇ ਚੱਲ ਕੇ ਦਿਖਾਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਹੋ ਗਏ ਕੁਰਬਾਨ ਕੌਮ ਤੋਂ।
ਹਾਕਮ ਸੀ ਦੀਨ ਮਨਾਉਣੀ ਸਤਿਗੁਰ ਤੋਂ ਚਾਂਹਵਦਾ।
ਇਸੇ ਲਈ ਸਿੱਖਾਂ ਉੱਤੇ ਜ਼ੁਲਮ ਵਧਾਂਵਦਾ।
ਕੰਬੇਗਾ ਤੇਗ ਬਹਾਦਰ ਲੱਖਣ ਪਏ ਲਾਂਵਦਾ।
ਸਤਿਗੁਰ ਤਾਂ ਦਾਤੇ ਦਾ ਲੱਖ ਸ਼ੁਕਰ ਮਨਾਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਸਤਿਗੁਰ ਨੂੰ ਮਾਣ ਇਹਨਾਂ ਤੇ।
ਸਿੱਖੀ ਦੀ ਸਿੱਖਿਆ ਇਹਨਾਂ ਰੂਹ ਤੋਂ ਕਮਾਈ ਸੀ।
ਕੇਸਾਂ ਸਵਾਸਾਂ ਦੇ ਸੰਗ ਤੋੜ ਨਿਭਾਈ ਸੀ।
ਸਿੱਖੀ ਦੇ ਦੀਵੇ ਅੰਦਰ ਅਪਣੀ ਰੱਤ ਪਾਈ ਸੀ।
ਯੁੱਗਾਂ ਤੱਕ ਯਾਦ ਰਹਿਣ ਜੋ ਪੂਰਨੇ ਪਾਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਆਪਾਂ ਵੀ ਸੇਧ ਲੈ ਲੀਏ।
ਦਿੱਲੀ ਦੇ ਦਿਲ ਦੇ ਅੰਦਰ ਹੋਇਆ ਇਹ ਸਾਕਾ ਜੀ।
ਚਾਂਦਨੀ ਚੌਕ ਦਾ ਇਹ ਜਾਣੋ ਇਲਾਕਾ ਜੀ।
ਸਿੱਖੀ ਇਤਿਹਾਸ ਦਾ ਇੱਕ ਅਮਿੱਟ ਇਹ ਖਾਕਾ ਜੀ।
ਦੇਸ਼ਾਂ ਵਿਦੇਸ਼ਾਂ ਦੇ ਸਿੱਖ ਸੀਸ ਨਿਵਾਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ ਸਿਰੜ ਨਿਭਾਉਂਦੇ ਨੇ।
ਸੀਸ ਗੰਜ ਬਣਿਆ ਉੱਥੇ।
ਆਓ ਸਭ ਰਲ ਕੇ ਇੱਥੇ ਕਰੀਏ ਨਮਸਕਾਰ ਜੀ।
ਡੁੱਲੇ ਹੋਏ ਖ਼ੂਨ ਦਾ ਸਾਡੇ ਸਿਰ ਉੱਤੇ ਭਾਰ ਜੀ।
ਕਿੱਦਾਂ ਇਹ ਕਰਜ ਲਹੇਗਾ ਕਰੀਏ ਵਿਚਾਰ ਜੀ।
ਸ਼ਰਧਾ ਦੇ ਸ਼ਬਦ ਅਸਾਨੂੰ ਲਿਖਣੇ ਨਾ ਆਉਂਦੇ ਨੇ।
ਦੇਖੋ ਕਿੰਝ ਸਿੱਖ ਗੁਰੂ ਦੇ, ਸਿਰੜ ਨਿਭਾਉਂਦੇ ਨੇ।
ਰੱਖੀਏ ਸਦਾ ਯਾਦ ਉਨ੍ਹਾਂ ਨੂੰ।