ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਆਗਰਾ ਦੀ ਐਮਪੀ ਐਮਐਲਏ ਵਿਸ਼ੇਸ਼ ਅਦਾਲਤ ਦੇ ਜੱਜ ਅਨੁਜ ਕੁਮਾਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ ਤੋਂ ਭਾਜਪਾ ਸੰਸਦ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨਾਂ ਵਿਰੁੱਧ ਕੀਤੀ ਅਸ਼ਲੀਲ ਟਿੱਪਣੀ ਤੇ ਆਪਣਾ ਪੱਖ ਪੇਸ਼ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਕੰਗਨਾ ਦੇ ਦੋਵਾਂ ਪਤਿਆਂ ‘ਤੇ ਨੋਟਿਸ ਭੇਜ ਕੇ 12 ਦਸੰਬਰ ਨੂੰ ਅਦਾਲਤ ਅੰਦਰ ਹਾਜਿਰ ਹੋਣ ਲਈ ਕਿਹਾ ਹੈ । ਅਦਾਲਤ ਨੇ ਨੋਟਿਸ ਵਿੱਚ ਕਿਹਾ ਹੈ ਕਿ ਇਹ ਪਟੀਸ਼ਨ ਮੁਦਈ ਰਮਾਸ਼ੰਕਰ ਸ਼ਰਮਾ ਐਡਵੋਕੇਟ ਵੱਲੋਂ ਦਾਇਰ ਕੀਤੀ ਗਈ ਹੈ। ਇਸ ਮਾਮਲੇ ‘ਚ ਕੰਗਨਾ ਦਾ ਬਿਆਨ ਜਰੂਰੀ ਹੈ। ਕੰਗਨਾ ਨੂੰ ਪਹਿਲਾਂ ਵੀ ਨੋਟਿਸ ਭੇਜਿਆ ਜਾ ਚੁੱਕਾ ਹੈ ਜਿਸ ਅੰਦਰ 28 ਨਵੰਬਰ ਨੂੰ ਕੰਗਨਾ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਅਦਾਲਤ ਵਿੱਚ ਵਿਅਕਤੀਗਤ ਰੂਪ ਵਿੱਚ ਜਾਂ ਕਿਸੇ ਵਕੀਲ ਰਾਹੀਂ ਆਪਣਾ ਪੱਖ ਪੇਸ਼ ਕਰੇ ਪਰ ਕੰਗਨਾ ਅਦਾਲਤ ‘ਚ ਪੇਸ਼ ਨਹੀਂ ਹੋਈ ਅਤੇ ਉਸ ਦਾ ਵਕੀਲ ਵੀ ਅਦਾਲਤ ਵਿੱਚ ਨਹੀਂ ਆਇਆ। ਇਸ ਤੋਂ ਬਾਅਦ ਅਦਾਲਤ ਨੇ ਮੁੜ ਨੋਟਿਸ ਭੇਜਿਆ ਹੈ। ਕੰਗਨਾ ਨੂੰ 12 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਹ ਨਿਰਧਾਰਤ ਸਮੇਂ ਅਤੇ ਤਰੀਕ ‘ਤੇ ਅਦਾਲਤ ‘ਚ ਪੇਸ਼ ਨਹੀਂ ਹੁੰਦੀ ਹੈ ਜਾਂ ਆਪਣਾ ਪੱਖ ਪੇਸ਼ ਨਹੀਂ ਕਰਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਜਿਕਰਯੋਗ ਹੈ ਕਿ 11 ਸਤੰਬਰ, 2024 ਨੂੰ ਅਨੁਜ ਕੁਮਾਰ ਸਿੰਘ ਦੀ ਅਦਾਲਤ ਵਿੱਚ ਇਹ ਕੇਸ ਪੇਸ਼ ਕੀਤਾ ਗਿਆ ਸੀ ਕਿ ਕੰਗਣਾ ਨੇ ਅਗਸਤ 2020 ਤੋਂ ਦਸੰਬਰ 2021 ਤੱਕ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਅਸ਼ਲੀਲ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਥੇ ਕਤਲ ਅਤੇ ਬਲਾਤਕਾਰ ਹੋ ਰਹੇ ਹਨ। ਜੇਕਰ ਉਸ ਸਮੇਂ ਦੇਸ਼ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਦੇਸ਼ ਵਿੱਚ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋ ਜਾਣੀ ਸੀ। ਇਸ ਦੇ ਨਾਲ ਹੀ ਸ਼ਰਮਾ ਨੇ ਆਪਣੇ ਮਾਮਲੇ ‘ਚ ਕੰਗਨਾ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਲੈ ਕੇ ਕੀਤੀ ਉਸ ਟਿੱਪਣੀ ਦਾ ਵੀ ਜ਼ਿਕਰ ਕੀਤਾ, ਜਿਸ ‘ਚ ਕੰਗਨਾ ਨੇ ਕਿਹਾ ਸੀ ਕਿ ਗੱਲ ‘ਤੇ ਚਪੇੜ ਮਾਰਨ ਨਾਲ ਭਿਖਾਰੀ ਮਿਲਦੀ ਹੈ, ਆਜ਼ਾਦੀ ਨਹੀਂ। ਕੰਗਨਾ ਨੇ ਕਿਹਾ ਸੀ ਕਿ ਅਸਲ ਆਜ਼ਾਦੀ 2014 ‘ਚ ਮਿਲੀ ਸੀ ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ‘ਚ ਆਈ ਸੀ। ਇਸ ਤਰ੍ਹਾਂ ਰਮਾਸ਼ੰਕਰ ਸ਼ਰਮਾ ਨੇ ਆਪਣੇ ਮੁਕੱਦਮੇ ‘ਚ ਕੰਗਨਾ ‘ਤੇ ਦੇਸ਼ਧ੍ਰੋਹ ਅਤੇ ਅਪਮਾਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ।
ਕੰਗਨਾ ਰਣੌਤ ਨੂੰ ਕਿਸਾਨਾਂ ਵਿਰੁੱਧ ਕੀਤੀ ਅਸ਼ਲੀਲ ਟਿੱਪਣੀ ਤੇ ਆਗਰਾ ਕੋਰਟ ਵਲੋਂ 12 ਦਸੰਬਰ ਨੂੰ ਪੇਸ਼ ਹੋਣ ਲਈ ਦੁਬਾਰਾ ਨੋਟਿਸ ਜਾਰੀ
This entry was posted in ਫ਼ਿਲਮਾਂ.