ਅੰਮ੍ਰਿਤਸਰ – ਸਿੱਖ ਚਿੰਤਕ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ. ਸਰਚਾਂਦ ਸਿੰਘ ਖਿਆਲਾ ਜੋ ਕਿ ਪੰਜਾਬ ਭਾਜਪਾ ਦੇ ਬੁਲਾਰੇ ਵੀ ਹਨ, ਨੇ ਸੌਦਾ ਸਾਧ ਦੀ ਮੁਆਫ਼ੀ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਖ਼ਬਾਰਾਂ ਵਿਚ ਦਿੱਤੇ ਗਏ ਇਸ਼ਤਿਹਾਰਾਂ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਜਮਾ ਕਰਾਈ ਗਈ ਰਕਮ ’ਤੇ ਸਵਾਲ ਖੜੇ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨਿੱਜੀ ਦਿਲਚਸਪੀ ਲੈਂਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕਿਹਾ ਕਿ ਅਕਾਲੀ ਦਲ ਨੇ ਆਪਣੇ ਨਿੱਜੀ ਹਿੱਤਾਂ ਲਈ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਨਾਲ ਛੇੜਛਾੜ ਤਾਂ ਨਹੀਂ ਕੀਤੀ ਹੈ? ਡਿਊਟੀ ਦੌਰਾਨ ਕੋਈ ਕੁਤਾਹੀ ਜਾਂ ਗ਼ਲਤੀ ਹੋਣ ਦੀ ਸੂਰਤ ’ਚ ਸ਼੍ਰੋਮਣੀ ਕਮੇਟੀੀ ਵੱਲੋਂ ਆਪਣੇ ਮੁਲਾਜ਼ਮਾਂ ਤੋਂ ਤਾਂ 18 ਫ਼ੀਸਦੀ ਮਿਸ਼ਰਤ ਵਿਆਜ ਸਮੇਤ ਫੰਡਾਂ ਦੀ ਭਰਪਾਈ ਕਰਾਈ ਜਾਂਦੀ ਹੈ, ਪਰ ਸ੍ਰੀ ਗੁਰੂ ਰਾਮਦਾਸ ਜੀ ਦੇ ਖ਼ਜ਼ਾਨੇ ਦੀ ਦੁਰਵਰਤੋਂ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਰਦ ਜ਼ੁਲਮ ਸਾਬਤ ਹੋ ਚੁੱਕੇ ਗੁਰੂ ਪੰਥ ਦੇ ਮੁਲਜ਼ਮਾਂ ਤੋਂ ਕਿਸ ਨਿਯਮ ਅਤੇ ਕਿਸ ਦੇ ਕਹਿਣ ’ਤੇ ਕੇਵਲ ਬੱਚਤ ਖਾਤੇ ਵਾਲੇ 4 ਫ਼ੀਸਦੀ ਮਾਮੂਲੀ ਵਿਆਜ ਨਾਲ ਰਕਮ ਦੀ ਅਦਾਇਗੀ ਕਰਾਈ ਗਈ ਹੈ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ 85 ਦੇ ਗੁਰਦੁਆਰਾ ਇੰਸਪੈਕਟਰਾਂ ਤੋਂ ਇਲਾਵਾ ਫਲਾਇੰਗ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਪੜਤਾਲਾਂ ਵਿਚ ਕੋਈ ਵੀ ਮੁਲਾਜ਼ਮ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਤੋਂ ਆਮ ਤੌਰ ’ਤੇ 18 ਫ਼ੀਸਦੀ ਤਕ ਦੇ ਮਿਸ਼ਰਤ ਵਿਆਜ ਨਾਲ ਮਾਇਆ ਦੀ ਭਰਪਾਈ ਕਰਾਈ ਜਾਂਦੀ ਹੈ। ਪਰ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮਾਮਲੇ ’ਚ ਉਨ੍ਹਾਂ ਵੱਲੋਂ ਗੁਰੂ ਕੇ ਖ਼ਜ਼ਾਨੇ ਦੀ ਅਯੋਗ ਇਸਤੇਮਾਲ ਕੀਤੇ ਜਾਣ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਸੰਗਤ ਵਿਚ ਜ਼ੁਲਮ ਕਬੂਲ ਕਰਨ ’ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ਼ਤਿਹਾਰਾਂ ਦੀ ਬਣਦੀ ਰਕਮ ਵਿਆਜ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਜਮਾ ਕਰਾਉਣ ਦਾ ਆਦੇਸ਼ ਕੀਤਾ ਸੀ।
ਉਨ੍ਹਾਂ ਬੱਚਤ ਖਾਤੇ ਵਾਲਾ ਵਿਆਜ ਲਗਾਉਣ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਰਕਮ ਬੈਂਕ ’ਚ ਜਮਾ ਨਹੀਂ ਕੀਤਾ ਗਿਆ, ਇਹ ਫ਼ਾਲਤੂ ਰਕਮ ਨਹੀਂ ਸੀ ਜਿਸ ਨੂੰ ਬੈਕ ਵਿਚ ਜਮਾ ਕੀਤਾ ਗਿਆ ਹੋਵੇ, ਸਗੋਂ ਇਸ਼ਤਿਹਾਰਾਂ ’ਤੇ ਖ਼ਰਚ ਕੀਤਾ ਗਿਆ ਸੀ। ਇਸ ਲਈ ਰਕਮ ਨੂੰ ਸੇਵਿੰਗ ਖਾਤੇ ’ਚ ਨਹੀਂ ਮੰਨਿਆ ਤੇ ਵਿਚਾਰਿਆ ਜਾ ਸਕਦਾ। ਲੰਮਾ ਸਮਾਂ ਰਕਮ ਦੀ ਵਰਤੋਂ ਹੋਣ ‘ਤੇ ਬੈਂਕ ਵਿਆਜ ਦਰਾਂ ਨੂੰ ਵੀ ਬਦਲਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਦੇ ਖ਼ਜ਼ਾਨੇ ਵਿੱਚੋਂ 9 ਸਾਲ ਹੀ ਨਹੀਂ ਸਗੋਂ 9 ਸਾਲ 2 ਮਹੀਨਿਆਂ ਤੋਂ ਪੈਸੇ ਦੀ ਵਰਤੋਂ ਕੀਤੀ ਗਈ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਕ ਲੰਮੇ ਸਮੇਂ ਤਕ ਪੈਸਾ ਬੈਂਕ ਵਿਚ ਪਿਆ ਹੋਣ’ਤੇ ਐਫ ਡੀ ਦਾ ਵਿਆਜ 7 ਫ਼ੀਸਦੀ ਤੋਂ ਵੱਧ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਇਸ਼ਤਿਹਾਰਾਂ ਦੀ ਰਕਮ ਦਾ 7 ਫ਼ੀਸਦੀ ਐਫ ਡੀ ਵਿਆਜ ਸਮੇਤ 1 ਕਰੋੜ 51 ਲੱਖ ਤੋਂ ਉਪਰ ਅਤੇ ਸ਼੍ਰੋਮਣੀ ਕਮੇਟੀ ਦੇ ਆਪਣੇ ਮੁਲਾਜ਼ਮਾਂ ਨੂੰ ਕਿਸੇ ਵੀ ਭਰਪਾਈ ਲਈ ਲਗਾਏ ਜਾਂਦੇ 18 ਫ਼ੀਸਦੀ ਸਾਲਾਨਾ ਮਿਸ਼ਰਤ ਵਿਆਜ ਅਨੁਸਾਰ ਵਿਆਜ ਕਰੀਬ 2 ਕਰੋੜ 90 ਲੱਖ ਅਤੇ ਕੁਲ ਰਕਮ 3 ਕਰੋੜ 71 ਲੱਖ ਤੋਂ ਵੱਧ ਬਣਦੀ ਹੈ। ਇਹ ਵੀ ਕਿਹਾ ਕਿ ਕਮੇਟੀ ਦੇ ਚੀਫ਼ ਅਕਾਊਂਟੈਂਟ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਹੋ ਚੁੱਕੇ ਸਾਬਕਾ ਅਕਾਲੀ ਆਗੂ ਦਾ ਭਰਾ ਹੈ, ਬਾਬੇ ਨਾਨਕ ਦੇ ਖ਼ਜ਼ਾਨੇ ਨਾਲ ਆਪਣੀ ਮਨ ਮਰਜ਼ੀ ਕਰਕੇ ਅਮਾਨਤ ’ਚ ਖ਼ਿਆਨਤ ਨਹੀਂ ਕਰ ਰਿਹਾ ਹੈ?