ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਾਹਿਬਜਾਂਦਿਆਂ ਦੇ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਬਖ਼ਸਿਸ ਕਰਨ ਕਿ ਅਸੀਂ ਧਰਮ ਲਈ ਧਰਮ ਯੁੱਧ ਵਿੱਚ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਦੇ ਦਰਸਾਏ ਰਾਹ ’ਤੇ ਚੱਲੀਏ। ਇਹ ਸ਼ਬਦ ਪੰਥਕ ਜਥਾ ਮਾਝਾ ਦੇ ਪੰਥਕ ਆਗੂ ਭਾਈ ਮਨਧੀਰ ਸਿੰਘ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਵੱਲੋਂ ਖਾਲਸਾ ਰਾਜ ਦੀ ਪ੍ਰਾਪਤੀ ਲਈ ਅਰੰਭੇ ਹਥਿਆਰਬੰਦ ਸੰਘਰਸ਼ ਦੌਰਾਨ ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਕਾਰ ਸੇਵਾ ਵਾਲੇ ਤੇ ਉਹਨਾਂ ਦੀ ਪੁੱਤਰੀ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ ਦੀ 32 ਵੀਂ ਬਰਸੀ ’ਤੇ ਗੁਰੂਸਰ ਮਹਿਰਾਜ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆ ਕਹੇ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਮ 1920 ਤੋਂ ਹੁਣ ਤੱਕ ਦੇ ਇਤਿਹਾਸ ਦੇ ਪਰਿਪੇਖ ’ਚੋਂ ਚੜ੍ਹਦੀ ਕਲਾਂ ਤੋਂ ਗਿਰਾਵਟ ਦੇ ਵੱਖ ਵੱਖ ਪੜ੍ਹਾਵਾਂ ਦੀ ਵਿਆਖਿਆ ਵੀ ਕੀਤੀ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਕੀਰਤਨੀ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆ ਪੰਥ ਸੇਵਕ ਜਥਾ ਦੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਕੌਮ ਦੀ ਹੋਂਦ ਤੇ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੇ ਬੁਨਿਆਦੀ ਪੈਮਾਨੇ ‘ਕਿ ਅਸੀਂ ਕੀ ਖੱਟਿਆ’ ਨਾਲ ਗਿਣਤੀ ਮਿਣਤੀ ਨਹੀਂ ਹੁੰਦੀ, ਕਿਉਂਕਿ ਕੁਰਬਾਨ ਕੀਤੇ ਸਿਰਾਂ ’ਤੇ ਹੀ ਕੌਮ ਦੇ ਭਵਿੱਖ ਦੀ ਨੀਂਹ ਦੀ ਉਸਾਰੀ ਹੁੰਦੀ ਹੈ। ਪੰਥਕ ਲੇਖਕ ਭਾਈ ਜਸਕਰਨ ਸਿੰਘ ਸਿਵੀਆਂ ਨੇ ਸਿੱਖ ਸੰਗਤ ਨੂੰ ਇਹੋ ਜਿਹੇ ਸ਼ਹੀਦੀ ਸਮਾਗਮ ਕਰਵਾਉਣ ਦਾ ਹੋਕਾ ਦਿੰਦਿਆ ਕਿਹਾ ਕਿ ਕੌਮ ਦੀ ਹੋਂਦ ਜਾਂ ਤਾਂ ਉਸ ਦੇ ਰਾਜ ਦੇ ਆਸਰੇ ਤੇ ਜਾਂ ਫਿਰ ਦਿੱਤੀਆਂ ਕੁਬਾਨੀਆਂ ਕਰਕੇ ਰਹਿੰਦੀ ਹੈ। ਇਸ ਮੌਕੇ ਇਲਾਕੇ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਸ਼ਹੀਦ ਭਾਈ ਮਨਜੀਤ ਸਿੰਘ ਤੇ ਸ਼ਹੀਦ ਭਾਈ ਤਜਿੰਦਰ ਸਿੰਘ ਗੋਰਾ ਦੇ ਭਰਾ ਭਾਈ ਸੁਰਿੰਦਰ ਸਿੰਘ ਨਥਾਣਾ, ਸ਼ਹੀਦ ਭਾਈ ਨੌਨਿਹਾਲ ਸਿੰਘ ਨਗੌਰੀ ਫ਼ੂਲ ਦੇ ਭਤੀਜੇ ਭੋਲਾ ਸਿੰਘ, ਸ਼ਹੀਦ ਭਾਈ ਗੁਰਮੀਤ ਸਿੰਘ ਚੱਕ ਰਾਮ ਸਿੰਘ ਵਾਲਾ ਦਾ ਭਰਾ ਟਹਿਲ ਸਿੰਘ, ਸ਼ਹੀਦ ਭਾਈ ਨਾਇਬ ਸਿੰਘ ਗਿੱਲ ਖੁਰਦ ਦੇ ਭਰਾ ਸੁਖਮੰਦਰ ਸਿੰਘ, ਸ਼ਹੀਦ ਭਾਈ ਗੁਰਮੇਲ ਸਿੰਘ ਦੇ ਭਰਾ ਹਰਨੇਕ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਹੋਰ ਬੁਲਾਰਿਆਂ ’ਚ ਸਟੇਜ ਸੈਕਟਰੀ ਭਾਈ ਰਾਮ ਸਿੰਘ ਢਿਪਾਲੀ, ਕਾਰ ਸੇਵਾ ਸੰਪਰਦਾ ਵੱਲੋਂ ਭਾਈ ਸਬਦਲ ਸਿੰਘ ਸਰਹਾਲੀ, ਅਕਾਲੀ ਦਲ ਫਤਿਹ ਦਾ ਧਾਰਮਿਕ ਵਿੰਗ ਦੇ ਚੈਅਰਮੇਨ ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜਾ, ਭਾਈ ਗੁਰਦੀਪ ਸਿੰਘ ਕਾਲਾ ਝਾੜ, ਭਾਰਤੀ ਕਿਸਾਨ ਯੂਨੀਅਨ ਫਤਹਿ ਦਾ ਸੂਬਾ ਪ੍ਰਧਾਨ ਪ੍ਰਭਜੋਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸੇਵਕ ਜਥਾ ਫ਼ੂਲ ਵੱਲੋਂ ਲੰਗਰ ਦੀ ਸੇਵਾ ਨਿਭਾਈ। ਇਸ ਮੌਕੇ ਲੱਖੀ ਜੰਗਲ ਜਥਾ ਵੱਲੋਂ ਭਾਈ ਸਵਰਨ ਸਿੰਘ ਕੋਟਧਰਮੂ ਜਥੇ ਸਮੇਤ, ‘ਕੌਰਨਾਮਾ’ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਦਲ ਖ਼ਾਲਸਾ ਦੇ ਭਾਈ ਗੁਰਵਿੰਦਰ ਸਿੰਘ ਬੱਬਰ,ਪੰਥ ਸੇਵਕ ਜੱਥਾ ਵੱਲੋਂ ਭਾਈ ਗੁਰਜੀਤ ਸਿੰਘ ਦੁੱਗ ਸਮੇਤ ਜੱਥਾ, ਬਾਬਾ ਬੁੱਢਾ ਜੀ ਗਰੰਥੀ ਸਭਾ ਦੇ ਚੈਅਰਮੇਨ ਭਾਈ ਭਗਵਾਨ ਸਿੰਘ ਸੰਧੂਖੁਰਦ, ਢਾਡੀ ਮੋਹਤ ਸਿੰਘ ਕਲਿਆਣ, ਗਾਇਕ ਰਾਜਾ ਬੁੱਟਰ, ਲੱਖਾ ਸਿੰਘ ਸਿਧਾਣਾ, ਡਾ. ਬਲਜਿੰਦਰ ਸਿੰਘ ਉਰਫ਼ ਝੱਲੀਆਂ, ਸਰਪੰਚ ਬਲਵਿੰਦਰ ਸਿੰਘ ਲੱਖਾ ਕੋਠੇ ਪਿਪਲੀ, ਸੁਖਪਾਲ ਸਿੰਘ ਸੁੱਖੀ ਸਰਪੰਚ ਤੇ ਹੋਰ ਮੋਹਤਬਰ ਸੱਜਣ ਵੀ ਹਾਜ਼ਰ ਸਨ।
ਦੱਸ ਦੇਈਏ ਕਿ ਬਾਬਾ ਹਰਦਿਆਲ ਸਿੰਘ ਸਰਹਾਲੀ ਤੇ ਉਹਨਾਂ ਦੀ ਪੁੱਤਰ ਬੀਬੀ ਬਲਜੀਤ ਕੌਰ ਸਰਹਾਲੀ 29 ਮੱਘਰ, 13 ਦਸੰਬਰ 1992 ਨੂੰ ਪੰਜਾਬ ਪੁਲਿਸ ਨੇ ਡੇਰਾ ਕਾਰ ਸੇਵਾ ਗੁਰੂਸਰ ਮਹਿਰਾਜ ਤੋਂ ਅਗਵਾ ਕਰਕੇ ਖਪਾ ਦਿੱਤੇ ਸਨ।