ਲੁਧਿਆਣਾ – ਪੰਜਾਬ ਸਰਕਾਰ ਦੀ ਇਕਾਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਸ਼ੁਰੂ ਕੀਤੇ ਗਏ ਊਰਜਾ ਸੰਭਾਲ ਸਪਤਾਹ ਤਹਿਤ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਖੇ ਊਰਜਾ ਦੀ ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ। 16 ਦਸੰਬਰ ਤੋਂ 21 ਦਸੰਬਰ ਤੱਕ ਚਲਾਈ ਜਾ ਰਹੀ ਰਾਜ ਵਿਆਪੀ ਮੁਹਿੰਮ ਵਿੱਚ ਪੇਡਾ ਦੀ ਕੋਸ਼ਿਸ਼ ਹੈ ਕਿ ਨੌਜਵਾਨਾਂ ਨੂੰ ਜ਼ਮੀਨੀ ਪੱਧਰ ‘ਤੇ ਊਰਜਾ ਕੁਸ਼ਲਤਾ ਅਤੇ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇ। ਪੇਡਾ, ਭਾਰਤ ਸਰਕਾਰ ਦੀ ਇਕਾਈ ਬਿਊਰੋ ਆਫ ਐਨਰਜੀ ਐਫੀਸ਼ੈਂਸੀ (ਬੀਈਈ ) ਅਤੇ ਮੋਨਾਰਕ ਡਿਜ਼ਾਈਨਜ਼,ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਸੈਮੀਨਾਰ ਤੋਂ ਲਗਭਗ 65 ਵਿਦਿਆਰਥੀਆਂ ਨੇ ਲਾਭ ਲਿਆ, ਉਨ੍ਹਾਂ ਨੂੰ ਊਰਜਾ ਦੀ ਸੰਭਾਲ ਲਈ ਖੋਜੀਆਂ ਗਈਆਂ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸੈਮੀਨਾਰ ਦੇ ਬੁਲਾਰਿਆਂ ਅਰਵਿੰਦ ਢੀਂਗਰਾ, ਬਲਜੀਤ ਸਿੰਘ ਅਤੇ ਆਰਕੀਟੈਕਟ ਅਮਿਤ ਸ਼ਰਮਾ ਨੇ ਇਸ ਦਿਸ਼ਾ ਵਿੱਚ ਈਸੀਬੀਸੀ, ਗ੍ਰੀਨ ਬਿਲਡਿੰਗ, ਈ-ਵਾਹਨ, ਸਟਾਰ ਰੇਟਿੰਗ ਟੂਲ ਅਤੇ ਸਰਕਾਰੀ ਨੀਤੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਕਾਲਜ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਊਰਜਾ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ ਜੋ ਕਿ ਭਵਿੱਖ ਵਿੱਚ ਰਾਸ਼ਟਰ ਨਿਰਮਾਣ ਲਈ ਕਾਰਗਰ ਹੈ। ਪੇਡਾ ਵੱਲੋਂ ਇਸ ਹਫ਼ਤੇ ਦੌਰਾਨ ਹੋਰਨਾਂ ਸ਼ਹਿਰਾਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਅਜਿਹੇ ਸੈਮੀਨਾਰ ਕਰਵਾਏ ਜਾਣਗੇ।