ਪਟਿਆਲਾ : ਪੱਤਰਕਾਰੀ ਵਿੱਚ ਪਿਛਲੇ ਪੰਜ ਦਹਾਕਿਆਂ ਵਿੱਚ ਵੱਡੇ ਪੱਧਰ ‘ਤੇ ਤਬਦੀਲੀ ਆਈ ਹੈ। ਅਖ਼ਬਾਰਾਂ ਨੂੰ ਖ਼ਬਰਾਂ ਭੇਜਣ ਦੇ ਢੰਗ ਬਦਲ ਗਏ ਹਨ। ਸ਼ੁਰੂ ਵਿੱਚ ਖ਼ਬਰਾਂ ਭੇਜਣਾ ਔਖਾ ਕਾਰਜ ਸੀ ਪ੍ਰੰਤੂ ਸਮੇਂ ਦੀ ਤਬਦੀਲੀ ਨਾਲ ਤਾਰ ਪ੍ਰਣਾਲੀ, ਟੈਲੀਪ੍ਰਿੰਟਰ, ਫੈਕਸ ਅਤੇ ਹੁਣ ਈ.ਮੇਲ ਪ੍ਰਣਾਲੀ ਨਾਲ ਅਤਿਅੰਤ ਸੌਖਾ ਹੋ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਪੱਤਰਕਾਰੀ ਦਾ ਵਰਤਮਾਨ ਸਰੂਪ ਅਤੇ ਚੁਣੌਤੀਆਂ’ ਬਾਰੇ ਜੀ.ਐਨ.ਗਰਲਜ਼ ਕਾਲਜ ਦੇ ਹੈਰੀਟੇਜ ਭਵਨ ਵਿੱਚ ਆਯੋਜਤ ਇੱਕ ਸੈਮੀਨਾਰ ਬੋਲਦਿਆਂ ਮੁੱਖਵਕਤਾ ਡਾ.ਹਰਜਿੰਦਰ ਪਾਲ ਸਿੰਘ ਵਾਲੀਆ ਨੇ ਕੀਤਾ। ਉਨ੍ਹਾਂ ਅੱਗੋਂ ਕਿਹਾ ਕਿ ਇਸ ਸਮੇਂ ਪੱਤਰਕਾਰੀ ਮਲਟੀ ਮੀਡੀਏ ਦੇ ਯੁਗ ਵਿੱਚ ਪਹੁੰਚ ਗਈ ਹੈ। ਅਜੋਕੇ ਸਮੇਂ ਵਿੱਚ ਪੱਤਰਕਾਰਾਂ ਲਈ ਸੱਚੀ ਖ਼ਬਰ ਦੀ ਪਛਾਣ ਕਰਨੀ ਮੁਸ਼ਕਲ ਹੋ ਗਈ ਹੈ। ਹਰ ਵਿਅਕਤੀ ਆਪਣੇ ਐਂਗਲ ਮੁਤਾਬਕ ਖ਼ਬਰ ਦਿੰਦਾ ‘ਤੇ ਭੇਜਦਾ ਹੈ। ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਪੱਤਰਕਾਰੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਨਵੀਂਆਂ ਟੈਕਨਾਲੋਜੀ ਦੀਆਂ ਕਾਢਾਂ ਤੋਂ ਵੀ ਖ਼ਤਰਾ ਹੈ। ਪੱਤਰਕਾਰਾਂ ਦਾ ਸ਼ੋਸ਼ਣ ਵੀ ਹੁੰਦਾ ਹੈ। ਪ੍ਰੋ.ਰਣਵਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਵੱਲੋਂ ਆਪਣੀ ਮਰਜ਼ੀ ਅਨੁਸਾਰ ਸੱਚ ਛੁਪਾਉਣ ‘ਤੇ ਚਿੰਤਾ ਪ੍ਰਗਟ ਕੀਤੀ। ਇਹ ਸਮਾਗਮ ਡਾ.ਸਤਨਾਮ ਸਿੰਘ ਸੰਧੂ ਮੁੱਖ ਸੰਪਾਦਕ, ਪੰਜਾਬ ਹੈਰੀਟੇਜ ਨੇ ਆਯੋਜਤ ਕੀਤਾ ਸੀ। ਇਸ ਮੌਕੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੈਰੀਟੇਜ ਭਵਨ ਵਿੱਚ ਸੰਬਾਦ ਦੀ ਪ੍ਰਣਾਲੀ ਲਗਾਤਾਰ ਚਾਲੂ ਰੱਖੀ ਜਾਵੇਗੀ।
ਸੈਮੀਨਾਰ ਵਿੱਚ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਦਾ ਉਨ੍ਹਾਂ ਦੀਆਂ ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਉਜਾਗਰ ਸਿੰਘ ਨੇ ਆਪਣੇ ਨਿੱਜੀ ਤਜ਼ਰਬਿਆਂ ਦੇ ਆਧਾਰ ‘ਤੇ ਬੋਲਦਿਆਂ ਕਿਹਾ ਕਿ ਸਰਕਾਰੀ ਪ੍ਰਭਾਵ ਅਧੀਨ ਕਈ ਵਾਰੀ ਸੱਚੀਆਂ ਖ਼ਬਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ, ਜਿਸ ਕਰਕੇ ਲੋਕ ਪੱਤਰਕਾਰਾਂ ਦੀਆਂ ਖ਼ਬਰਾਂ ਨਾਲ ਗ਼ਲਤ ਰਾਏ ਬਣਾ ਲੈਂਦੇ ਹਨ ਤੇ ਘਟਨਾ ਦੀ ਅਸਲੀਅਤ ਦਾ ਪਤਾ ਹੀ ਨਹੀਂ ਲੱਗਦਾ। ਇਸ ਮੌਕੇ ‘ਤੇ ਡਾ.ਰਾਜਿੰਦਰ ਪਾਲ ਸਿੰਘ ਬਰਾੜ, ਅਜਾਇਬ ਸਿੰਘ ਚੱਠਾ ਜਗਤ ਪੰਜਾਬੀ ਸਭਾ ਕੈਨੇਡਾ, ਦਲ ਸਿੰਘ ਬਰਾੜ, ਸਤਨਾਮ ਚੌਹਾਨ, ਇੰਜ.ਜੁਗਰਾਜ ਸਿੰਘ, ਦਵਿੰਦਰ ਪਟਿਆਲਵੀ, ਸੁਖਵਿੰਦਰ ਚਹਿਲ, ਬਲਵਿੰਦਰ ਚਹਿਲ, ਰਵੇਲ ਸਿੰਘ ਭਿੰਡਰ, ਅੰਮ੍ਰਿਤ ਬੁੱਟਰ ਅਤੇ ਹੋਰ ਸਾਹਿਤਕਾਰਾਂ ਤੇ ਪੱਤਰਕਾਰਾਂ ਨੇ ਹਿੱਸਾ ਲਿਆ। ਡਾ.ਇਕਬਾਲ ਸਿੰਘ ਸੋਮੀਆ ਨੇ ਸਟੇਜ ਦਾ ਸੰਚਾਲਨ ਬਾਖ਼ੂਬੀ ਨਾਲ ਕੀਤਾ। ਸਕੂਲ ਦੀ ਪ੍ਰਿੰਸੀਪਲ ਨੇ ਸਾਰਿਆਂ ਦਾ ਧੰਨਵਾਦ ਕੀਤਾ।