ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਸਾਲ ਦੀ 18 ਜੂਨ ਨੂੰ ਦਿਨ ਦਿਹਾੜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਨੂੰ ਗੁਰੂ ਘਰ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ । ਉਸ ਸੰਬੰਧ ਵਿੱਚ ਕੈਨੇਡੀਅਨ ਸਿੱਖਾਂ ਵਲੋਂ ਹਰ ਮਹੀਨੇ ਦੀ 18 ਤਰੀਕ ਨੂੰ ਭਾਰਤੀ ਐਂਬੈਸੀ ਵੈਨਕੂਵਰ ਵਿਖੇ ਭਾਰੀ ਰੋਸ ਪ੍ਰਦਰਸ਼ਨ ਕਿਤੇ ਜਾਂਦੇ ਹਨ । ਬੀਤੀ 18 ਦਸੰਬਰ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੀ ਪ੍ਰਬੰਧਕ ਟੀਮ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਵੈਨਕੂਵਰ ਭਾਰਤੀ ਐਂਬੈਸੀ ਵਿਖੇ ਭਾਰੀ ਰੋਸ ਮੁਜ਼ਾਰਾ ਕੀਤਾ ਗਿਆ । ਜਿਸ ਦੌਰਾਨ ਹਿੰਦੁਸਤਾਨ ਦੇ ਨਾਲ-ਨਾਲ ਰੂਸ ਦੇ ਵਿਰੁੱਧ ਵੀ ਰੋਸ ਪ੍ਰਗਟ ਕੀਤਾ ਗਿਆ । ਪੰਥਕ ਸੇਵਕ ਭਾਈ ਨਰਿੰਦਰ ਸਿੰਘ ਵਲੋਂ ਭੇਜੀ ਰਿਪੋਰਟ ਮੁਤਾਬਿਕ ਭਾਰਤ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਕੈਨੇਡਾ ਅੰਦਰ ਵਧਣ ਕਾਰਨ ਸਿੱਖਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ ਅਤੇ ਰੂਸ ਇਸ ਵਿੱਚ ਭਾਰਤ ਦਾ ਸਾਥ ਦੇ ਰਿਹਾ ਹੈ । ਉਥੇ ਪਹੁੰਚੇ ਕੌਮੀ ਆਗੂਆਂ ਮੁਤਾਬਿਕ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਟੈਲੀਗ੍ਰਾਮ ਅਕਾਊਂਟ ਵੀ ਰੂਸ ਨੇ ਹੈਕ ਕਰ ਲਿਆ ਸੀ । ਇਸ ਦੇ ਨਾਲ-ਨਾਲ ਸਿੱਖ ਆਗੂਆਂ ਅਤੇ ਸਮਰਥਕਾਂ ਵਲੋਂ ਭਾਰਤੀ ਐਂਬੈਸੀ ਜੋ ਕਿ ਭਾਈ ਨਿੱਜਰ ਦੀ ਸ਼ਹਾਦਤ ਲਈ ਜ਼ਿੰਮੇਦਾਰ ਹਨ ਅਤੇ ਸਿੱਖਾਂ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ ਵਰਤ ਰਹੇ ਹਨ ਉਹਨਾਂ ਨੂੰ ਬੰਦ ਕਰਵਾਉਣ ਦੀ ਮੰਗ ਵੀ ਜੋਰਾਂ ਤੇ ਚੁੱਕੀ ਗਈ ।
ਭਾਰਤੀ ਐਂਬੈਸੀ ਮੂਹਰੇ ਪ੍ਰਦਰਸ਼ਨ ਦੌਰਾਨ ਖਾਲਸਾਈ ਨਾਅਰਿਆਂ ਦੀਆਂ ਗੂੰਜਾਂ ਪਾਈਆਂ ਗਈਆਂ ਅਤੇ ਸੰਗਤ ਨੇ ਵੀ ਵੱਧ-ਚੜ ਕੇ ਹਾਜ਼ਰੀ ਭਰੀ ਸੀ । ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰੰਬਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖ਼ਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਲਕੀਤ ਸਿੰਘ ਫੌਜੀ, ਐਸਐਫਜੇ ਤੋਂ ਭਾਈ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਐਬਸਫੋਰਡ ਤੋਂ ਭਾਈ ਰਣਜੀਤ ਸਿੰਘ ਖ਼ਾਲਸਾ ਦੇ ਨਾਲ ਵਡੀ ਗਿਣਤੀ ਅੰਦਰ ਸੰਗਤਾਂ ਮੌਜੂਦ ਸਨ।