ਅਨੰਦਪੁਰ ਗੁਰਾਂ ਛੱਡਿਆ ਅਖੀਰ ਜੀ,ਕੀਤੀ ਸੀ ਵਿਚਾਰ ਵੀ।
ਸਰਸਾ ਦੇ ਪਾਣੀ ਨੇ ਵਿਛੋੜੇ ਵੀਰ ਜੀ ,ਸਾਰਾ ਪਰਿਵਾਰ ਵੀ।
ਗੜ੍ਹੀ ਚਮਕੌਰ ਦੇਖੇ ਮਹਿਮਾਨ ਨੂੰ, ਮੁੱਖ ਤੇ ਮਲਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ਤੇ ਮਿਸਾਲ ਨਾ।
ਗੜ੍ਹੀ ਪੁੱਜ ਸਿੰਘ ਮੋਰਚੇ ਸੰਭਾਲਦੇ,ਨੀਤੀਆਂ ਬਣਾਂਵਦੇ।
ਠੰਢੀ ਨ੍ਹੇਰੀ ਰਾਤ ਚ ਮਸ਼ਾਲ ਬਾਲਦੇ,ਪਹਿਰੇ ਤੇ ਬਿਠਾਂਵਦੇ।
ਸਿੱਖ ਮੰਨਦੇ ਨੇ ਗੁਰ-ਫੁਰਮਾਨ ਨੂੰ,ਕਰਦੇ ਸਵਾਲ ਨਾ ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।
ਲੱਖਾਂ ਦੀ ਤਾਦਾਦ ਵਿੱਚ ਫੌਜ ਆਣਕੇ,ਘੇਰਾ ਪਾਇਆ ਗੜ੍ਹੀ ਨੂੰ।
ਸਿੱਖ ਹੋਏ ਖੁਸ਼ ਪਰਚਾ ਪਛਾਣ ਕੇ, ਏਸ ਔਖੀ ਘੜੀ ਨੂੰ।
ਝਟਕੇ ਦੇ ਨਾਲ ਮਾਰਨਾ ਸ਼ੈਤਾਨ ਨੂੰ,ਕਰਨਾ ਹਲਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।
ਗਿਣਤੀ ਚ ਚਾਲੀ ਸਿੰਘ ਤਾਂ ਦਲੇਰ ਜੀ,ਟਿੱਡੀ ਦਲ ਬਾਹਰ ਜੀ।
ਜੱਥੇ ਪੰਜ ਪੰਜ ਦੇ ਲਗਾਂਦੇ ਢੇਰ ਜੀ,ਲੱਭਦੀ ਨਾ ਠਾਹਰ ਜੀ।
ਜਿਹੜਾ ਅੱਗੇ ਆਵੇ ਮਾਰਦੇ ਜਵਾਨ ਨੂੰ,ਐਸਾ ਹੋਰ ਕਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ਤੇ ਮਿਸਾਲ ਨਾ।
ਚੱਲਦੇ ਨੇ ਤੀਰ ਤਲਵਾਰਾਂ ਗੋਲੀਆਂ,ਤਾਂ ਮੈਦਾਨ ਵਿੱਚ ਜੀ।
ਖੱਬੀ ਖਾਨਾਂ ਦੀਆਂ ਇੱਜਤਾਂ ਨੇ ਰੋਲੀਆਂ,ਬੜਾ ਹੋਏ ਜਿੱਚ ਜੀ।
ਮਿਲੇ ਨਾ ਵਕਤ ਪੜ੍ਹਦੇ ਕੁਰਾਨ ਨੂੰ,ਹੋਣੀ ਹੁੰਦੀ ਟਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।
ਅਜੀਤ ਸਿੰਘ ਅੱਡੀ ਘੋੜੇ ਤਾਈਂ ਲਾਈ ਏ,ਝੱਖੜ ਝੁਲਾਂਵਦਾ।
ਵੈਰੀਆਂ ਨੂੰ ਰਤਾ ਨਾ ਸੁਰਤ ਆਈ ਏ,ਜਾਂਦਾ ਆਹੂ ਲਾਂਹਵਦਾ।
ਜੰਗ ਵਿੱਚ ਤੱਕਦਾ ਨੀ ਲਾਭ ਹਾਨ ਨੂੰ, ਦੇਹੀ ਦੀ ਸੰਭਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।
ਚਾਰੇ ਪਾਸਿਆਂ ਤੋਂ ਵੱਡਾ ਹੱਲਾ ਬੋਲਿਆ,ਤੀਰਾਂ ਤਲਵਾਰਾਂ ਨੇ।
ਜਖਮੀ ਅਜੀਤ ਵੀ ਰਤਾ ਨਾ ਡੋਲਿਆ,ਨਦਰਾਂ ਹਜਾਰਾਂ ਨੇ।
ਛੱਡਿਆ ਅਖੀਰ ਦੇਹੀ ਨਾਸਵਾਨ ਨੂੰ,ਰੋਕਿਆ ਤਾਂ ਕਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।
ਪਿਤਾ ਤਾਈਂ ਬਿਨੈ ਕੀਤੀ ਸੀ ਜੁਝਾਰ ਨੇ,ਮੈਨੂੰ ਦੇਵੋ ਆਗਿਆ।
ਸ਼ਸ਼ਤਰ ਸਜਾਏ ਹੱਥੀਂ ਸੀ ਦਾਤਾਰ ਨੇ,ਰਤਾ ਮੋਹ ਨਾ ਜਾਗਿਆ।
ਐਸਾ ਪਿਤਾ ਕਿੱਥੋਂ ਮਿਲਣੈ ਜਹਾਨ ਨੂੰ,ਐਸਾ ਲੱਭੇ ਲਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।
ਖੇਡਿਆ ਜੁਝਾਰ ਖੂਨ ਦੀਆਂ ਹੋਲੀਆਂ,ਬਾਪੂ ਮਾਣ ਕਰਦਾ।
ਸੀਨੇ ਵਿੱਚ ਖਾਵੇ ਤੀਰ ਅਤੇ ਗੋਲੀਆਂ,ਮਰਨੋਂ ਨ੍ਹੀ ਡਰਦਾ।
ਹੋ ਗਿਆ ਸ਼ਹੀਦ ਸਿੰਜ ਕੇ ਮੈਦਾਨ ਨੂੰ,ਸਕਦੇ ਉਠਾਲ ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।
ਵੱਡੇ ਸਾਹਿਬਜ਼ਾਦੇ ਸਿੰਘ ਵੀ ਅਨੇਕ ਜੀ,ਤਾਂ ਸ਼ਹੀਦੀ ਪਾ ਗਏ।
ਨਬੀ ਖਾਂ ਤੇ ਗਨੀ ਖਾਂ ਦੋ ਬੰਦੇ ਨੇਕ ਜੀ,ਪੁੰਨ ਤਾਂ ਕਮਾ ਗਏ।
ਕੱਢਿਆ ਏ ਇੱਥੋਂ ਵਾਲੀ-ਦੋ-ਜਹਾਨ ਨੂੰ,ਭੁੱਲੇ ਤਾਂ”ਰੁਪਾਲ”ਨਾ।
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ,ਜੱਗ ਤੇ ਮਿਸਾਲ ਨਾ।