ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਅਤੇ ਸਮੂਹ ਮੈਂਬਰਾਂ ਵਲੋਂ 100 ਪਾਈਪਰਸ ਡੀਲੈਕਸ ਬਲੇਂਡਡ ਸਕੌਚ ਵਿਸਕੀ ਦੇ ਭਗਵੇਂ ਰੰਗ ਡੱਬੇ ’ਤੇ ਅਜਿਹਾ ਅਸਲ ਵਿਚ ਨਾ ਹੋਣ ਦੇ ਬਾਵਜੂਦ ਵੀ ਬਾਬਾ ਫਰੀਦ ਦੋਹੇ ਕਹਿਕੇ ਲਿਖਣ ਦੀ ਨਿਖੇਧੀ ਕੀਤੀ ਗਈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਨਿਖੇਧੀ ਕਰਦਿਆਂ ਕਿਹਾ ਕਿ 100 ਪਾਈਪਰਸ ਡੀਲੈਕਸ ਬਲੇਂਡਡ ਸਕੌਚ ਵਿਸਕੀ ਦੇ ਭਗਵੇਂ ਰੰਗ ਡੱਬੇ ’ਤੇ ਨਾ ਹੋਣ ਦੇ ਬਾਵਜੂਦ ਵੀ ਬਾਬਾ ਫਰੀਦ ਦੋਹੇ ਕਹਿਕੇ ਲਿਖਣ ਦੀ ਨਿਖੇਧੀ ਕਰਦਿਆਂ ਕਿਹਾ ਕਿ 100 ਪਾਈਪਰਸ ’ਤੇ ਦੀ ਬੋਤਲ ’ਤੇ ਲਿਖਿਆ ਦੋਹਾ ‘ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ, ਫਿਰ ਮਿੱਟੀ ਦੀ ਬਣ ਗਈ ਡੇਰੀ’ ਬਾਬਾ ਫਰੀਦ ਦੇ ਨਹੀਂ ਹਨ ਪਰ ਫੇਰ ਵੀ ਸ਼ਰਾਬ ਦੀ ਬੋਤਲ ਦੇ ਡੱਬੇ ਨੂੰ ਮਨਚਾਹਿਆਂ ਭਗਵਾਂ ਰੰਗ ਦੇ ਕੇ ਉਸ ਉਤੇ ਦੋਹਾ ਲਿਖਣਾ ਚਿੰਤਾਜਨਕ ਤੇ ਮੰਦਭਾਗੇ ਹਨ।
ਉਨ੍ਹਾਂ ਨਾਟ ਕਰਮੀ ਸੰਜੀਵਨ ਵੱਲੋਂ ਮੁੱਖ-ਮੰਤਰੀ ਭਗਵੰਤ ਮਾਨ ਅਤੇ ਮਾਲ ਅਤੇ ਕਰ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨੂੰ ਲਿਖੇ ਪੱਤਰ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਦੀ ਪ੍ਰਵਾਹ ਕੀਤੇ ਬਿਨਾਂ ਕਈ ਕੰਪਨੀਆਂ ਜਾਣ-ਬੁੱਝ ਕੇ ਖਾਦ-ਖੁਰਾਕ ਅਤੇ ਹੋਰ ਵਰਤੇ ਜਾਣ ਵਾਲੇ ਉਤਪਾਦਾਂ ’ਤੇ ਧਾਰਮਿਕ ਚਿੰਨ੍ਹਾਂ ਜਾਂ ਤੁਕਾਂ ਦੀ ਵਰਤੋਂ ਕਰਦੀਆਂ ਰਹਿੰਦੀਆਂ ਹਨ। ਵਿਵਾਦ ਪੈਂਦਾ ਹੋਣ ’ਤੇ ਕੰਪਨੀਆਂ ਮੁਆਫੀ ਮੰਗਕੇ ਉਤਪਾਦ ਵਾਪਿਸ ਲੈ ਲੈਂਦੀਆ। ਪਰ ਆਪਣੇ ਉਤਪਾਦ ਦੀ ਚਰਚਾ ਤਾਂ ਕਰਵਾ ਹੀ ਲੈਂਦੀਆ ਹਨ। ਇਸ ਕਿਸਮ ਦੇ ਵਾਪਰ ਰਹੇ ਮੰਦਭਾਗੇ ਵਰਤਾਰੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਖ਼ਤੀ ਨਾਲ ਨੱਥ ਪਾਈ ਜਾਵੇ ਤਾਂ ਜੋ ਪਹਿਲਾਂ ਹੀ ਅਨੇਕਾਂ ਦਿੱਕਤਾਂ-ਦੁਸ਼ਵਾਰੀਆਂ ਨਾਲ ਦੋ-ਚਾਰ ਹੋ ਰਹੇ ਪੰਜਾਬ ਨੂੰ ਬੇਚੈਨੀ ਅਤੇ ਤਣਾਅ ਵਾਲੇ ਮਾਹੌਲ ਨੂੰ ਹੋਰ ਵਿਗੜਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸੰਜੀਵਨ ਜੀ ਵਲੋਂ ਇਸ ਮਾਮਲੇ ਬਾਰੇ ਸੰਪਰਕ ਕਰਨ ’ਤੇ ਆਬਕਾਰੀ ਅਤੇ ਕਰ ਵਿਭਾਗ ਸੂਤਰਾਂ ਨੇ ਦੱਸਿਆ ਹੈ ਕਿ ਮੁੱਖ-ਮੰਤਰੀ ਭਗਵੰਤ ਮਾਨ ਨੂੰ ਦਿੱਤੀ ਸ਼ਕਾਇਤ ਦੇ ਅਧਾਰ ’ਤੇ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੇ ਆਡੀਸ਼ਨਲ ਕਮਿਸ਼ਨਰ ਨਰੇਸ਼ ਦੁਬੇ ਨੇ ਦੱਸਿਆ ਹੈ ਕਿ ਉਨ੍ਹਾਂ ਖ਼ੁਦ ‘ਹਰੀਪੁਰ ਹਿੰਦੂਆਂ’ (ਡੇਰਾਬੱਸੀ) ਸਥਿਤ ਭਾਰਤ ’ਚ ਇਹ ਸ਼ਰਾਬ ਬਣਾਉਣ ਵਾਲੀ ਕੰਪਨੀ ਪਰਨੇਡ ਰਿਕਾਰਡ ਇੰਡੀਆ ਪ੍ਰਾਈਵੇਟ ਲਿਮਿਟਡ ’ਚ ਜਾ ਕੇ ਜਾਂਚ ਕੀਤੀ ਅਤੇ ਡੱਬੇ ਅਤੇ ਕੱਚਾ ਮਾਲ ਜਬਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕੰਪਨੀ ਨੂੰ ਅਜਿਹਾ ਕਰਨ ਦੀ ਇਜ਼ਾਜ਼ਤ ਕਿਸ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਭੇਜੀਆਂ ਗਈਆ ਬੋਤਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਬਤ ਕਰ ਲਿਆ ਜਾਵੇਗਾ ਅਤੇ ਕੰਪਨੀ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਅਕਾਡਮੀ ਵਲੋਂ ਨਿਖੇਧੀ ਕਰਨ ਵਾਲਿਆਂ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਡਾ. ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਹਨ।