ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):-ਭਾਈ ਜਗਤਾਰ ਸਿੰਘ ਤਾਰਾ ਨਜ਼ਰਬੰਦ ਬੁੜ੍ਹੈਲ ਜੇਲ੍ਹ ਚੰਡੀਗੜ੍ਹ ਨੇ ਕੈਨੇਡਾ ਦੇ ਸਰੀ ਸਹਿਰ ਅੰਦਰ ਭਾਈ ਹਰਦੀਪ ਸਿੰਘ ਨਿਝਰ ਦੀ ਯਾਦ ਵਿਚ ਬਣ ਰਹੇ ਯਾਦਗਾਰੀ ਗੇਟ ਤੇ ਨਿੱਜੀ ਸੂਤਰਾਂ ਰਾਹੀਂ ਭੇਜੇ ਬਿਆਨ ਵਿਚ ਕਿਹਾ ਖਾਲਸਾ ਜੀ ਜਿਵੇਂ ਆਪ ਜੀ ਜਾਣਦੇ ਹੀ ਹੋ ਸਾਡੇ ਕੌਮੀ ਸੰਘਰਸ਼ ਦੇ ਸਾਥੀ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਨਾਲ ਖਾਲਿਸਤਾਨ ਪ੍ਰਾਪਤੀ ਦੀ ਲਹਿਰ ਦਾ ਅੰਤਰ-ਰਾਸ਼ਟਰੀ ਪੱਧਰ ਤੇ ਬੋਲ ਬਾਲਾ ਹੋਇਆ ਹੈ। ਇਹ ਭਾਈ ਹਰਦੀਪ ਸਿੰਘ ਨਿੱਝਰ ਦੀ ਕੌਮੀ ਸੇਵਾ ਦੀ ਘਾਲ ਕਮਾਈ ਹੀ ਸੀ ਜਿਸ ਕਾਰਨ ਉਹਨਾਂ ਨੂੰ ਇਹ ਮਾਣ ਮਿਲਿਆ ਹੈ। ਉਹ ਸਦਾ ਹੀ ਕੌਮੀ ਸੰਘਰਸ਼ ਨੂੰ ਤਨੋ ਮਨੋ ਤੇ ਧਨੋ ਸਮਰਪਿਤ ਹੋ ਕੇ ਸ਼ਹੀਦਾਂ ਦੇ ਪਰਿਵਾਰਾਂ, ਬੰਦੀ ਸਿੰਘਾਂ ਤੇ ਸੰਘਰਸ਼ੀ ਯੋਧਿਆਂ ਦੀ ਸੇਵਾ’ਚ ਲੱਗੇ ਰਹਿੰਦੇ ਸਨ। ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਹਮੇਸ਼ਾਂ ਕੌਮੀ ਚੇਤਿਆਂ’ਚ ਰਹੇਗੀ ਅਤੇ ਉਹਨਾਂ ਦੀ ਬਾਤ ਅਗਲੀਆਂ ਪੀੜੀਆਂ ਤੱਕ ਪੈਂਦੀ ਰਹੇਗੀ।
ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਤੋ ਬਾਅਦ ਇਹ ਗੱਲ ਸਾਡੇ ਨੋਟਿਸ ਵਿੱਚ ਸੀ ਕਿ ਉਸੇ ਸ਼ਹੀਦੀ ਅਸਥਾਨ ਨੇ ਉਹਨਾਂ ਦੀ ਯਾਦਗਾਰ ਬਣਾਉਣ ਦੇ ਉਪਰਾਲੇ ਹੋ ਰਹੇ ਸਨ। ਹੁਣ ਲਗਭਗ ਸ਼ਹੀਦੀ ਤੋਂ ਡੇਢ ਸਾਲ ਬਾਅਦ ਪੰਜ ਸਿੰਘਾਂ ਨੇ ਅਰਦਾਸ ਕਰਕੇ ਉਹਨਾਂ ਦੀ ਯਾਦ’ਚ ਸ਼ਹੀਦੀ ਯਾਦਗਾਰੀ ਗੇਟ ਬਣਾਉਣ ਦੀ ਨੀਂਹ ਰੱਖੀ ਸੀ। ਪਰ ਹੁਣ ਸਾਨੂੰ ਖ਼ਬਰ ਮਿਲੀ ਹੈ ਕਿ ਉਸ ਗੇਟ ਨੂੰ ਚੌੜਾ ਕਰਨ ਦੇ ਨਾਮ ਹੇਠ ਜਾਣੇ-ਅਣਜਾਣੇ ਉਸ ਕਾਰਜ’ਚ ਰੁਕਾਵਟ ਪਾਈ ਜਾ ਰਹੀ ਹੈ। ਜਿਸ ਨਾਲ ਉਸ ਯਾਦਗਾਰੀ ਲਾਂਘੇ ਦੀ ਅਸਲੀ ਦਿੱਖ ਵੀ ਬਦਲੇਗੀ ਅਤੇ ਹੋਰ ਨਵਾਂ ਰੂਪ ਦੇ ਦਿੱਤਾ ਜਾਵੇਗਾ।
ਸਾਡੇ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਪੰਜ ਸਿੰਘਾਂ ਵੱਲੋਂ ਅਰਦਾਸ ਕਰਕੇ ਸ਼ੁਰੂ ਕੀਤੇ ਇਸ ਕਾਰਜ’ਚ ਕੋਈ ਰੁਕਾਵਟ ਨਾ ਪਾਈ ਜਾਵੇ। ਅਰਦਾਸ ਕਰਕੇ ਉਸ ਤੋਂ ਪਿੱਛੇ ਹੱਟਣਾ ਜਾਂ ਬਾਅਦ’ਚ ਮਨ ਬਦਲ ਲੈਣਾ ਇਹ ਖਾਲਸਾ ਪੰਥ ਦੇ ਹਿੱਸੇ ਨਹੀਂ ਆਇਆ।
ਦੂਜਾ ਪਹਿਲਾਂ ਹੀ ਕਾਰ ਸੇਵਾ ਦੇ ਨਾਮ ਹੇਠ ਸਾਡੀਆਂ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਨੂੰ ਹੋਰ ਰੂਪ ਦੇ ਦਿੱਤਾ ਗਿਆ। ਸਾਡੀ ਇੱਛਾ ਹੈ ਕਿ ਸਾਡੇ ਸਾਥੀ ਦੇ ਸ਼ਹੀਦੀ ਅਸਥਾਨ’ਚ ਕੋਈ ਅਜਿਹੀ ਛੇੜਛਾੜ ਨਾ ਕੀਤੀ ਜਾਵੇ। ਸ਼ਹੀਦ ਕਿਸੇ ਖਾਸ ਵਰਗ ਜਾਂ ਧੜੇ ਦੇ ਨਹੀਂ ਹੁੰਦੇ ਬਲਕਿ ਸ਼ਹੀਦ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ ਅਤੇ ਸਭ ਦੇ ਸਾਂਝੇ ਹੁੰਦੇ ਹਨ।
ਸੇਵਾਦਾਰਾਂ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਬਿਨ੍ਹਾਂ ਕੋਈ ਦੇਰੀ ਕੀਤੇ ਇਸ ਯਾਦਗਾਰੀ ਗੇਟ ਨੂੰ ਜਿਵੇਂ ਅਰਦਾਸ ਕਰਕੇ ਸ਼ੁਰੂ ਕੀਤਾ ਹੈ ਉਸੇ ਤਰਾਂ ਛੇਤੀ ਤੋਂ ਛੇਤੀ ਮੁਕੰਮਲ ਕਰ ਦਿੱਤਾ ਜਾਵੇ। ਅਸੀਂ ਖਾਲਸਾ ਪੰਥ ਦੀਆਂ ਸਮੂੰਹ ਜਥੇਬੰਦੀਆਂ ਤੋਂ ਆਸ ਕਰਦੇ ਹਾਂ ਸਾਨੂੰ ਅਗਲੀ ਖ਼ਬਰ ਇਸ ਕਾਰਜ ਦੇ ਬਿਨ੍ਹਾਂ ਰੁਕਾਵਟ ਸੰਪੂਰਨ ਹੋਣ ਦੀ ਮਿਲੇਗੀ ਅਤੇ ਇਸ ਕਾਰਜ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਨਹੀਂ ਪਵੇਗਾ।