ਮਹਾਂਨਾਇਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ

IMG_20200721_160449~2.resizedਅਠਾਰ੍ਹਵੀਂ ਸਦੀ ਦੇ ਮੱਧ, 1757 ਈ. ਦੌਰਾਨ ਜੰਗ ਦੇ ਮੈਦਾਨ ਦਾ ਇਕ ਅਜਿਹਾ ਅਦਭੁਤ ਦ੍ਰਿਸ਼ ਦੁਨੀਆ ਨੇ ਨਾ ਪਹਿਲਾਂ ਅਤੇ ਨਾ ਹੀ ਬਾਅਦ ’ਚ ਕਦੇ ਦੇਖਿਆ ਸੁਣਿਆ ਹੋਵੇਗਾ। ਪੰਜਾਬ ’ਚ ਵਿਸ਼ਵ ਪ੍ਰਸਿੱਧ ਗੁਰੂ ਨਗਰੀ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੇ ਪਾਸੇ ਪਿੰਡ ਚੱਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਰਣ ਤੱਤੇ ਮੈਦਾਨ ’ਚ ਰਣ ਸਿੰਗਾਂ ਅਤੇ ਨਗਾਰਿਆਂ ਦੀ ਗੂੰਜ ਵਿਚ ਗੁਰੂ ਕੇ ਖ਼ਾਲਸਾ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਅਫ਼ਗਾਨੀ ਸੂਰਬੀਰ ਇਕ ਦੂਜੇ ਨੂੰ ਲਲਕਾਰ ਕੇ ਟੁੱਟ ਕੇ ਪੈ ਰਹੇ ਹਨ। ਬੇਖ਼ੌਫ ਵੀਰਤਾ ਨਾਲ ਭਰਪੂਰ ਕੋਈ ਵੀ ਆਪਣਾ ਪੈਰ ਪਿਛਾਂਹ ਖਿੱਚ ਨਹੀਂ ਰਹੇ ਹਨ। ਮੈਦਾਨ-ਏ -ਜੰਗ ਵਿਚ ਸਰੀਰ ਲਹੂ ਲੁਹਾਨ ਹੈ, ਕੱਪੜੇ ਖ਼ੂਨ ਨਾਲ ਰੰਗੇ ਹੋਏ, ਜਿਵੇਂ ਹੋਲੀ ਖੇਡ ਰਹੇ ਹੋਣ, ਪਰ ਮੈਦਾਨ ਛੱਡਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੀ ਨਹੀਂ ਸੀ। ਗੋਲੀਆਂ, ਤਲਵਾਰਾਂ ਦੀ ਖਣਕ ਅਤੇ ਜੈਕਾਰਿਆਂ ਦੀ ਗੂੰਜ ’ਚ ਵੇਖੋ ਕਈ ਬਿਨਾ ਸੀਸ ਅਤੇ ਉਨ੍ਹਾਂ ਵਿਚੋਂ ਇਕ ਤਾਂ ਧਰ ਨਾਲੋਂ ਜੁਦਾ ਹੋਏ ਆਪਣੇ ਸੀਸ ਨੂੰ ਖੱਬੇ ਹੱਥ ਦੀ ਹਥੇਲੀ ’ਤੇ ਰੱਖ ਕੇ ਦੁਸ਼ਮਣ ਦੇ ਆਹੂ ਲਾਹ ਕੇ ਉਨ੍ਹਾਂ ਨੂੰ ਜਮਪੁਰੀ ਪਹੁੰਚਾ ਰਿਹਾ ਹੈ। ਉਨ੍ਹਾਂ ਦੇ ਪਿੱਛੇ ਗੁਰੂ ਕੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਅਤੇ ਪੂਰੇ ਜੌਹਰ ਨਾਲ ਲੜ ਰਹੇ ਹਨ। ਸਿੰਘਾਂ ਦੇ ਧੜ ਸਿਰਾਂ ਤੋਂ ਬਿਨਾ ਲੜਨ ਦੀ ਇਸ ਅਸਚਰਜਤਾ ਅਤੇ ਅਲੌਕਿਕ ਦ੍ਰਿਸ਼ ਨੂੰ ਦੇਖ ਕੇ ਅਫ਼ਗਾਨੀ ਫ਼ੌਜ ਹੈਰਾਨ – ਪ੍ਰੇਸ਼ਾਨ ਹੀ ਨਹੀਂ, ਹੁਣ ਭੈ-ਭੀਤ ਹੋ ਰਹੇ ਹਨ, ਕਈਆਂ ਨੇ ਹੁਣ ਨੱਠਣਾ ਸ਼ੁਰੂ ਕਰ ਦਿੱਤਾ ਹੈ। ਉਕਤ ਯੁੱਧ ਦੇ ਮੈਦਾਨ ’ਚ ਪਾਵਨ ਸੀਸ ਤਲੀ ’ਤੇ ਧਰ ਕੇ ਖੰਡਾ ਵਾਹੁਣ ਵਾਲਾ ਹੋਰ ਕੋਈ ਨਹੀਂ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ, ਸ਼ਸਤਰ ਤੇ ਸ਼ਾਸਤਰ ਦਾ ਸੁਮੇਲ, 75 ਸਾਲਾਂ ਦੇ ਬੁੱਢਾ ਜਰਨੈਲ ਮਹਾਂਬਲੀ ਯੋਧਾ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ।

baba_deep_singh_ji.resizedਸਿੱਖ ਇਤਿਹਾਸ ਵਿੱਚ ਬੜੀ ਸ਼ਰਧਾ ਨਾਲ ਯਾਦ ਕੀਤੇ ਜਾਂਦੇ ਬਹੁਤ ਸਾਰੇ ਮਹਾਨਾਇਕਾਂ ਵਿਚੋਂ ਸਿਰਮੌਰ, ਸਿੱਖ ਅਤੇ ਗੈਰ ਸਿੱਖਾਂ ਦੁਆਰਾ ਧਰਮਾਂ ਦੀ ਵੰਡ ਤੋਂ ਉਪਰ ਉੱਠ ਕੇ ਸਤਿਕਾਰੇ ਜਾਂਦੇ ਅਤੇ ਸਦੀਆਂ ਤੋਂ ਜਿਨ੍ਹਾਂ ਦੀ ਵਿਅਕਤੀਤਵ ਵਿਚ ਕੁਲ-ਦੇਵਤਾ ਵਰਗੀ ਖਿੱਚ ਰੱਖਣ ਤੋਂ ਇਲਾਵਾ ਅਨੋਖੀ ਸ਼ਹਾਦਤ ਦੇ ਕੇ ਗੁਰੂ ਘਰ ਨਾਲ ਪ੍ਰੇਮ ਨਿਭਾਉਣ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਆਗਮਨ ਕਲਗ਼ੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਨਾਲ ਪਿਤਾ ਭਾਈ ਭਗਤਾ ਸਿੰਘ ਜੀ ਅਤੇ ਮਾਤਾ ਜਿਊਣੀ ਜੀ ਦੇ ਗ੍ਰਹਿ ਵਿਖੇ 14 ਮਾਘ 1739 ਬਿਕਰਮੀ ਨੂੰ ਪਿੰਡ ਪਹੂਵਿੰਡ (ਹੁਣ ਜ਼ਿਲ੍ਹਾ ਤਰਨ ਤਾਰਨ) ’ਚ ਹੋਇਆ । ਬਚਪਨ ’ਚ ਹੀ ਆਪ ਜੀ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਗਏ। ਜਿੱਥੇ ਉਨ੍ਹਾਂ ਧੰਨ ਦਸਮੇਸ਼ ਪਿਤਾ ਹੱਥੋਂ ਅੰਮ੍ਰਿਤਪਾਨ ਕੀਤਾ। ਜਦੋਂ ਵੀ ਸਮਾਂ ਮਿਲਦਾ ਆਪ ਜੀ ਘੋੜ ਸਵਾਰੀ, ਨੇਜ਼ੇਬਾਜ਼ੀ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ। ਗੁਰਬਾਣੀ ਨਾਲ ਲਗਨ ਅਤੇ ਭਜਨ ਬੰਦਗੀ ਵਿਚ ਲੀਨ ਰਹਿਣ ਕਾਰਨ ਆਪ ਜੀ ਗੁਰੂ ਸਾਹਿਬ ਦੀਆਂ ਨਜ਼ਰਾਂ ’ਚ ਪਰਵਾਨ ਚੜੇ। ਮਾਤਾ ਪਿਤਾ ਜੀ ਵੱਲੋਂ ਆਪ ਜੀ ਨੂੰ ਪਿੰਡ ਲਿਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਲਈ, ਮਗਰੋਂ ਸ੍ਰੀ ਅਨੰਦਪੁਰ ਸਾਹਿਬ ’ਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਹਕੂਮਤ ਵੱਲੋਂ ਹਮਲਾ ਕਰ ਦਿੱਤਾ ਗਿਆ। ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਖ਼ਰਾਦਣੇ ਦੀ ਦਾਬ ’ਮੁਕਤਸਰ’ ਦੀ ਜੰਗ ਵਿਚ ਭਾਈ ਮਹਾਂ ਸਿੰਘ ਦੀ ਬੇਨਤੀ ’ਤੇ 40 ਸਿੰਘਾਂ ਦੀ ਟੁੱਟੀ ਗੰਢਣ ਤੋਂ ਉਪਰੰਤ ਸ੍ਰੀ ਦਸਮੇਸ਼ ਪਿਤਾ ਜੀ ਸੰਨ 1705 ਵਿਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਗੁਰੂ ਸਾਹਿਬ ਜੀ ਦੇ ਬੁਲਾਵੇ ’ਤੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਵਿੱਚ ਸੇਵਾ ਕੀਤੀ। ਇਸ ਮਹਾਨ ਕਾਰਜ ਦੀ ਸੰਪੂਰਨਤਾ ਉਪਰੰਤ ਸਤਿਗੁਰਾਂ ਵੱਲੋਂ ਬਾਬਾ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਅਤੇ ਦਮਦਮੀ ਟਕਸਾਲ ਦੇ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ। ਇਸ ਤੋਂ ਇਲਾਵਾ ਬਾਬਾ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਨ, ਜਿਨ੍ਹਾਂ ਨੂੰ ਸੰਨ 1748 ਵਿਚ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਵਿਚ ਸ਼ਹੀਦੀ ਮਿਸਲ ਦਾ ਮੁਖੀ ਥਾਪਿਆ ਗਿਆ।

ਬਾਬਾ ਦੀਪ ਸਿੰਘ ਜੀ ਉਨ੍ਹਾਂ ਪੰਜਾਂ ਪਿਆਰਿਆਂ ’ਚ ਸ਼ਾਮਿਲ ਸਨ ਜਦੋਂ ਗੁਰੂ ਦਸਮੇਸ਼ ਪਿਤਾ ਜੀ ਨੇ ਦੱਖਣ ਦੀ ਧਰਤੀ ’ਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ‘ਤੇ ਸੁਸ਼ੋਭਿਤ ਕਰਦਿਆਂ ਅਰਦਾਸਾ ਸੋਧਣਾ ਕੀਤਾ।
ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ’ਚ ਸੰਨ 1708 ਤੋਂ 1715 ਤਕ ਦੀਆਂ ਯੁੱਧਾਂ ਅਤੇ ਮੁਹਿੰਮਾਂ ਵਿਚ ਬਹੁਤ ਸਹਾਇਤਾ ਕੀਤੀ। ਸਰਹੰਦ ਨੂੰ ਫ਼ਤਿਹ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਨਾਲ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਬਾਬਾ ਜੀ ਦੀ ਰਸਣਾ ਤੋਂ ਤਿੰਨ ਮਹੀਨੇ ਤਕ ਗੁਰਬਾਣੀ ਕਥਾ ਸਰਵਣ ਕੀਤਾ। ਇਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਪੰਥ ਨੇ ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਦੀਪ ਸਿੰਘ ਜੀ ਵਲੋਂ ਦਿਖਾਏ ਜੰਗੀ ਜੌਹਰ ਨੂੰ ਲੈ ਕੇ ਉਨਾਂ ਨੂੰ ’ਸ਼ਹੀਦ’ ਦਾ ਮਹਾਨ ਖ਼ਿਤਾਬ ਬਖ਼ਸ਼ਿਸ਼ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸੇ ਦਾ ਝਗੜਾ ਬਹੁਤ ਵਧ ਗਿਆ ਤਾਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੀ ਦੋਹਾਂ ਧਿਰਾਂ ਦਾ ਝਗੜਾ ਨਿਬੇੜਿਆ।

ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਡੇਰਾ ਰੱਖਿਆ ਅਤੇ ਪੰਥ ਦੀ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਆਪ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ। ਇਸ ਸਮੇਂ ਦੌਰਾਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਅਤੇ ਤਖ਼ਤ ਸਾਹਿਬਾਨਾਂ ‘ਤੇ ਸੁਸ਼ੋਭਿਤ ਕਰਾਏ। ਆਪ ਜੀ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ, ਸੋ ਆਪ ਜੀ ਨੇ ਅਰਬੀ ਭਾਸ਼ਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਤਾਰਾ ਕਰ ਕੇ ਅਰਬ ਦੇਸ਼ ‘ਚ ਸਿੱਖਾਂ ਨੂੰ ਭਿਜਵਾਇਆ। ਅਰਬ ਦੇਸ਼ ਦੇ ਲੋਕ ਉਸ ਬੀੜ ਦਾ ਬਹੁਤ ਸਤਿਕਾਰ ਕਰਿਆ ਕਰਦੇ ਹਨ।

ਜਦ 1733 ’ਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਵੱਲੋਂ ਦਿਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੀ ਮਨਜ਼ੂਰੀ ਨਾਲ ਸਿੰਘਾਂ ਨਾਲ ਸੁਲਾਹ ਕਰਨ ਲਈ ਭਾਈ ਸੁਬੇਗ ਸਿੰਘ ਰਾਹੀਂ ਨਵਾਬੀ ਦੀ ਖਿੱਲਤ ( ਪੁਸ਼ਾਕ) ਦੇ ਕੇ ਅੰਮ੍ਰਿਤਸਰ ਭੇਜਿਆ ਗਿਆ, ਤਾਂ ਪੰਥ ਨੇ ਫ਼ੈਸਲਾ ਲੈ ਕੇ ਉਸ ਵਕਤ ਸੰਗਤਾਂ ਨੂੰ ਪੱਖਾ ਝੱਲ ਰਹੇ ਅਤੇ ਖ਼ਾਲਸੇ ਦੇ ਘੋੜਿਆਂ ਸੇਵਾ ਕਰਨ ਵਾਲੇ ਪੰਥ ਦੇ ਮਹਾਨ ਸੇਵਾਦਾਰ ਕਪੂਰ ਸਿੰਘ ਫੈਜਲਪੁਰੀਆ ਨੂੰ ਨਵਾਬੀ ਦੇਣ ਦਾ ਫ਼ੈਸਲਾ ਕੀਤਾ। ਉਸ ਵਕਤ ਉਨ੍ਹਾਂ ਵੀ ਉਸ ਖਿੱਲਤ ਨੂੰ ਪੰਜ ਪਿਆਰਿਆਂ ਦੇ ਚਰਨਾਂ ਨਾਲ ਛੁਹਾਉਣ ਦੀ ਸ਼ਰਤ ਰੱਖੀ। ਉਸ ਨਵਾਬੀ ਭੇਟਾ ਨੂੰ ਜਿਨ੍ਹਾਂ ਪੰਜ ਪਿਆਰਿਆਂ ਦੇ ਚਰਨਾਂ ਨਾਲ ਛੁਹਾਇਆ ਗਿਆ ਉਨ੍ਹਾਂ ‘ਚ ਬਾਬਾ ਦੀਪ ਸਿੰਘ ਜੀ ਵੀ ਇਕ ਸਨ। ਇਹ ਸਮਝੌਤਾ 1735 ’ਚ ਟੱਟਿਆ ਅਤੇ ਸਿੰਘਾਂ ਨੂੰ ਅੰਮ੍ਰਿਤਸਰ ਛੱਡਣਾ ਪਿਆ। ਇਸੇ ਦੌਰਾਨ ਭਾਈ ਮਨੀ ਸਿੰਘ ਦੀ ਸ਼ਹਾਦਤ ਉਪਰੰਤ ਪੰਥ ਦੀ ਜ਼ਿੰਮੇਵਾਰੀ ਸੰਭਾਲਣ ’ਚ ਬਾਬਾ ਦੀਪ ਸਿੰਘ ਜੀ ਦੀ ਅਹਿਮ ਭੂਮਿਕਾ ਰਹੀ।

ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ 1734 ਈ: ’ਚ ਸਮੇਂ ਦੀ ਲੋੜ ਮੁਤਾਬਿਕ ਤਰਨਾ ਦਲ ਅਤੇ ਬੁੱਢਾ ਦਲ ਦੇ ਰੂਪ ‘ਚ ਸਿੱਖ ਜਥੇ ਬਣਾਏ ਗਏ। ਤਰਨਾ ਦਲ ਪੰਚ ਹਿੱਸਿਆਂ ‘ਚ ਵੰਡਿਆ ਗਿਆ। ਇਕ ਜਥੇ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ ਜਿਸ ਦੇ ਜਥੇ ’ਚ 2 ਹਜ਼ਾਰ ਘੋੜ ਸਵਾਰ ਹਰ ਸਮੇਂ ਤਿਆਰ ਭਰ ਤਿਆਰ ਰਹਿੰਦੇ ਸਨ। ਜਦ 1740 ’ਚ ਮਸੇ ਰੰਘੜ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਬਾਬਾ ਜੀ ਦੇ ਜਥੇ ਦੇ ਜਥੇਦਾਰ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਸਿੰਘ ਭਾਈ ਸੁਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਹੀ ਮਸੇ ਦਾ ਸਿਰ ਵੱਢ ਕੇ ਬਾਬਾ ਜੀ ਅੱਗੇ ਲਿਆ ਕੇ ਪੇਸ਼ ਕੀਤਾ। 1748 ’ਚ ਸਿੱਖਾਂ ਦੇ ਵੱਖ ਵੱਖ 65 ਵੱਡੇ ਛੋਟੇ ਜਥਿਆਂ ਨੂੰ 12 ਵੱਡੇ ਜਥਿਆਂ ਨੂੰ ਮਿਸਲਾਂ ਵਿਚ ਸੰਗਠਿਤ ਕਰ ਦਿੱਤਾ ਗਿਆ  ਤੇ ਰਾਖੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ। ਜਿਸ ਤਹਿਤ ਸਿੰਘਾਂ ਦੇ ਜਥੇ ਰਾਖੀ ਵਾਲੇ ਪਿੰਡਾਂ ਦੀ ਜਾਨ ਮਾਲ ਦੀ ਰਾਖੀ ਕਰਿਆ ਕਰਦੇ ਸਨ।

ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਈਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਸਿੱਖ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। 1757 ਈ. ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ, ਆਗਰਾ, ਮਥੁਰਾ ਤੋਂ ਲੁੱਟ-ਮਾਰ ਦੀ ਧੰਨ ਦੌਲਤ ਅਤੇ ਬੇਕਸੂਰ ਨੌਜਵਾਨ ਲੜਕੀਆਂ ਨੂੰ ਬੰਦੀ ਬਣਾ ਕੇ ਆਪਣੇ ਮੁਲਕ ਅਫ਼ਗ਼ਾਨਿਸਤਾਨ ਲੈ ਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਹਮਲਾ ਬੋਲ ਕੇ ਲੁੱਟਿਆ ਹੋਇਆ ਖ਼ਜ਼ਾਨਾ ਅਤੇ ਲੜਕੀਆਂ ਨੂੰ ਛਡਾ ਕੇ ਉਨਾਂ ਨੂੰ ਘਰੋ ਘਰੀਂ ਭੇਜਣਾ ਕੀਤਾ। ਇਸ ਕਾਰਨ ਅਬਦਾਲੀ ਗ਼ੁੱਸੇ ਵਿਚ ਆ ਗਿਆ ਅਤੇ ਲਾਹੌਰ ਜਾ ਕੇ ਆਪਣੇ ਪੁੱਤਰ ਸ਼ਹਿਜ਼ਾਦੇ ਤੈਮੂਰ ਸ਼ਾਹ ਨੂੰ ਪੰਜਾਬ ਦੀ ਸੂਬੇਦਾਰੀ ਸੌਂਪਦਿਆਂ ਉਸ ਦੀ ਮਦਦ ਲਈ ਜਨਰਲ ਜਾਹਾਨ ਖ਼ਾਨ ਅਧੀਨ 10000 ਫ਼ੌਜ ਛੱਡ ਕੇ ਖ਼ੁਦ ਵਾਪਸ ਕਾਬਲ ਚਲਾ ਗਿਆ । ਜਾਂਦਾ ਹੋਇਆ ਅੰਮ੍ਰਿਤਸਰ ਸ਼ਹਿਰ ਅਤੇ ਦਰਬਾਰ ਸਾਹਿਬ ਨੂੰ ਤਹਿਸ-ਨਹਿਸ ਕਰਨ ਦਾ ਫ਼ਰਮਾਨ ਜਾਰੀ ਕਰ ਗਿਆ। ਹੁਕਮ ਦੀ ਤਾਮੀਲ ਹੁੰਦਿਆਂ ਹੀ ਹਰਿਮੰਦਰ ਸਾਹਿਬ ਦੀ ਬੇਅਦਬੀ ਸ਼ੁਰੂ ਹੋ ਗਈ । ਉਸ ਵਕਤ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਹੀ ਸਨ ਅਤੇ ਇਹ ਖ਼ਬਰ ਮਿਲਦਿਆਂ ਸਾਰ ਹੀ ਬਾਬਾ ਜੀ ਗ਼ੁੱਸੇ ਅਤੇ ਰੋਹ ਵਿਚ ਆ ਗਏ, ਉਨ੍ਹਾਂ ਆਪਣਾ ਖੰਡਾ ਧੂਹਿਆ ਅਤੇ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ। ਆਸ-ਪਾਸ ਦੇ ਨਗਰਾਂ ਅਤੇ ਸਿੰਘਾਂ ਦੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਸਿੱਖ ਸੰਗਤ ਨੂੰ ਅੰਮ੍ਰਿਤਸਰ ਵਹੀਰਾਂ ਘੱਤਣ ਲਈ ਵੰਗਾਰਿਆ ਅਤੇ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਨੂੰ ਮੁਕਤ ਕਰਾਉਣ ਦੀ ਪ੍ਰਤਿੱਗਿਆ ਕਰਕੇ ਤਕਰੀਬਨ ਪੰਜ ਸੌ ਸਿੰਘਾਂ ਦੇ ਜਥੇ ਨਾਲ ਬਾਬਾ ਜੀ ਨੇ ਅੰਮ੍ਰਿਤਸਰ ਨੂੰ ਵਹੀਰਾਂ ਘੱਤ ਦਿੱਤੀਆਂ।

ਮਾਰਚ 1757 ਈ. ਨੂੰ ਹਰੀਕੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਵਿਚ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ’ਤੇ ਪਹੁੰਚ ਕੇ ਸਿੰਘਾਂ ਅਤੇ ਬਾਬਾ ਦੀਪ ਸਿੰਘ ਜੀ ਨੇ ਸਣੇ ਕੇਸੀਂ ਇਸ਼ਨਾਨ ਕੀਤਾ। ਘੋੜਿਆਂ ਨੂੰ ਵੀ ਖੁਰਕ ਦਿੱਤੀ ਗਈ। ਕੜਾਹ ਪ੍ਰਸਾਦਿ ਲੈ ਕੇ ਸੇਵਕਾਂ ਦੀ ਭੇਟਾ ਗੁਰੂ ਚਰਨਾਂ ’ਚ ਪਰਵਾਨ ਹੋਣ ਦੀ ਅਰਦਾਸ ਕੀਤੀ ਗਈ, ਕਿ ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਅਜ਼ਾਦ ਨਹੀਂ ਕਰਵਾ ਲੈ ਦੇ ਸ਼ਹੀਦੀ ਨਹੀਂ ਪਾਵਾਂਗਾ। ’’ਮੁਹਿ ਮਰਨੇ ਕਾ ਚਾਉ ਹੈ, ਮਰਉ ਤ ਹਰਿ ਕੈ ਦੁਆਰ।’’ ਬਾਬਾ ਦੀਪ ਸਿੰਘ ਜੀ ਨੇ ਕੇਸਰੀ ਰੰਗ ਦਾ ਪੁਸ਼ਾਕ ਪਹਿਨਿਆ। ਸਾਰੇ ਸ਼ਸਤਰ ਸਰੀਰ ’ਤੇ ਸਜਾ ਲਏ। ਦੋ ਧਾਰਾ ਖੰਡਾ ਹੱਥ ’ਚ ਪਕੜਿਆ। ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਯੋਧਿਆਂ ਦੀ ਪਰਖ ਕਰਨ ਲਈ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਗੁਰੂ ਮਹਾਰਾਜ ਦੇ ਸਤਿਕਾਰ ਖ਼ਾਤਰ ਲੜ ਕੇ ਸ਼ਹੀਦੀ ਪਾਉਣ ਲਈ ਜਿਹੜਾ ਵੀ ਸਿੰਘ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜੋ ਕੋਈ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚੱਲਿਆ ਜਾਵੇ। ਸਾਰੇ ਸਿੰਘ ਜੈਕਾਰੇ ਛੱਡਦੇ ਹੋਏ ਨਗਾਰਿਆਂ ’ਤੇ ਚੋਟਾਂ ਲਾਉਂਦੇ ਹੋਏ ਲਕੀਰ ਪਾਰ ਕਰ ਗਏ । ਇਥੇ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ । ਇਸ ਵਕਤ ਬਾਬਾ ਜੀ ਨਾਲ ਅਨੇਕਾਂ ਮਝੈਲ ਵੀ ਆਣ ਮਿਲੇ, ਹੁਣ ਤੱਕ ਜਥੇ ਦੀ ਗਿਣਤੀ ਤਕਰੀਬਨ 5000 ਤੱਕ ਹੋ ਚੁੱਕੀ ਸੀ । ਸਿੰਘਾਂ ਦੇ ਪਹੁੰਚਣ ਦੀ ਖ਼ਬਰ ਜਹਾਨ ਜਾਨ ਨੂੰ ਵੀ ਲੱਗ ਚੁੱਕੀ ਸੀ ਅਤੇ ਉਹ ਵੀ ਤਕਰੀਬਨ 35000 ਦਾ ਲਸ਼ਕਰ ਲੈ ਕੇ ਸਿੰਘਾਂ ਦਾ ਮੁਕਾਬਲਾ ਕਰਨ ਲਈ ਨਿਕਲ ਪਿਆ ਅਤੇ ਦੋਵਾਂ ਫ਼ੌਜਾਂ ਦਾ ਟਾਕਰਾ ਪਿੰਡ ਗੋਹਲਵੜ ਦੇ ਲਾਗੇ ਹੋਇਆ । ਘਮਸਾਣ ਦਾ ਯੁੱਧ ਸ਼ੁਰੂ ਹੋਇਆ ਅਤੇ ਸਿੰਘ ਦੁਸ਼ਮਣ ਨੂੰ ਪਛਾੜਦੇ ਹੋਏ ਅੱਗੇ ਵਧਦੇ ਗਏ । ਇਤਨੇ ਨੂੰ ਜਹਾਨ ਖ਼ਾਨ ਦਾ ਸਹਾਇਕ ਅਤਾਈ ਖ਼ਾਨ ਆਪਣੀ ਭਾਰੀ ਫ਼ੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦਾ ਰੂਪ ਬਦਲ ਗਿਆ। ਇਸ ਘਮਸਾਣ ਦੀ ਜੰਗ ਅੰਦਰ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਜੰਗ ਦਾ ਮੈਦਾਨ ਤਿੰਨ ਕੋਹਾਂ ਵਿਚ ਫੈਲ ਚੁੱਕਿਆ ਸੀ। ਸਾਰਾ ਮੈਦਾਨ ਖ਼ੂਨ ਨਾਲ ਲੱਥ ਪਥ ਹੋ ਚੁਕਾ ਸੀ । ਪੰਜ ਹਜ਼ਾਰੀ ਫ਼ੌਜ ਦਾ ਮਾਲਕ ਅਮੀਰ ਜਾਨ ਖਾਨ ਹਾਥੀ ਉੱਤੋਂ ਆਪਣੀ ਫ਼ੌਜ ਨੂੰ ਕਮਾਂਡ ਦੇ ਰਿਹਾ ਸੀ। ਉਸ ਵਕਤ ਪੰਜ ਸੌ ਸਿੰਘਾਂ ਦੇ ਜਥੇ ਨਾਲ ਆਪਣਾ ਜੰਗੀ ਜੌਹਰ ਦਿਖਾ ਰਹੇ ਭਾਈ ਦਿਆਲ ਸਿੰਘ ਨੇ ਘੋੜੇ ਦਾ ਪੌੜ ਜਾਨ ਖਾਨ ਦੇ ਹਾਥੀ ਦੇ ਮੱਥੇ ’ਤੇ ਰਖਾ ਕੇ ਤਲਵਾਰ ਦੇ ਵਾਰ ਨਾਲ ਅਮੀਰ ਜਾਨ ਖਾਨ ਦਾ ਸਿਰ ਲਾਹ ਦਿੱਤਾ। ਅਯੂਬ ਖਾਂ ਤੇ ਅਫ਼ਗਾਨੀ ਦਿਆਲ ਸਿੰਘ ਅਤੇ ਸਿੰਘਾਂ ਦੀ ਫੁਰਤੀ, ਬਹਾਦਰੀ ਅਤੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਇੰਨੇ ਨੂੰ ਹੋਰ ਅਫ਼ਗਾਨੀ ਜਰਨੈਲ ਵੀ ਲਾਹੌਰ ਤੋਂ ਮੈਦਾਨ ਏ ਜੰਗ ਵਿਚ ਅੱਪੜ ਗਏ। ਸਿੰਘ ਪਠਾਣਾਂ ਦੇ ਹੰਕਾਰ ਦੂਰ ਕਰ ਰਹੇ ਸਨ। ਸਿੰਘਾਂ ਨੂੰ ਅੱਗੇ ਵਧਦਾ ਦੇਖ ਅਬਦਾਲੀਆਂ ਨੇ ਗਊਆਂ ਲਿਆ ਖੜੀਆਂ ਕੀਤੀਆਂ। ਬਾਬਾ ਦੀਪ ਸਿੰਘ ਜੀ ਦੇ ਆਦੇਸ਼ ’ਤੇ ਸਿੰਘਾਂ ਨੇ ਤੀਰ ਅਤੇ ਬੰਦੂਕਾਂ ਛੱਡ ਕੇ ਤਲਵਾਰਾਂ ਸੂਤ ਲਈਆਂ। ਉਸ ਵਕਤ ਯਕੂਬ ਖਾਂ ਨੇ ਬਾਬਾ ਦੀਪ ਸਿੰਘ ਨੂੰ ਯੁੱਧ ਲਈ ਵੰਗਾਰਿਆ। ਦੋਹਾਂ ’ਚ ਜ਼ਬਰਦਸਤ ਜੰਗ ਹੋਈ, ਹੱਥੋਂ ਪਾਈ ਹੋ ਕੇ ਲੜੇ, ਬਾਬਾ ਦੀਪ ਸਿੰਘ ਜੀ ਨੇ ਗੁਰਜ ਦਾ ਵਾਰ ਕਰਦਿਆਂ ਯਕੂਬ ਖਾਂ ਦਾ ਸਿਰ ਸਣੇ ਫ਼ੌਲਾਦੀ ਟੋਪ ਚੂਰ- ਚੂਰ ਕਰ ਦਿੱਤਾ। ਪਿੰਡ ਚੱਬਾ ਤੇ ਪਿੰਡ ਗੁਰੂ ਵਾਲੀ ਦੇ ਵਿਚਕਾਰ ਜੰਗ ਏ ਮੈਦਾਨ ’ਚ ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ ਤਾਂ ਬਾਬਾ ਦੀਪ ਸਿੰਘ ਨੇ ਉਸ ਨਾਲ ਦਵੰਦ ਯੁੱਧ ਕੀਤਾ। ਆਹਮੋ ਸਾਹਮਣੇ ਘਮਸਾਣ ਦਾ ਮੁਕਾਬਲਾ ਹੋਇਆ, ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਯੋਧਿਆਂ ਦੇ ਸਿਰ ਧੜਾਂ ਨਾਲੋਂ ਅਲੱਗ ਹੋ ਗਏ । ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿੱਗ ਪਿਆ।

’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।
ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’ (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਇਹ ਕੌਤਕ ਦੇਖ ਕੇ ਇਕ ਨੌਜਵਾਨ ਸਿੰਘ ਨੇ ਬਾਬਾ ਜੀ ਨੂੰ ਅੰਮ੍ਰਿਤਸਰ ਪਹੁੰਚਣ ਦੀ ਪ੍ਰਤਿੱਗਿਆ ਚੇਤੇ ਕਰਵਾਈ ।

ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।
ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।। (ਸ੍ਰੀ ਗੁਰੁ ਪੰਥ ਪ੍ਰਕਾਸ਼)

ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਗਏ। ਪਿੱਛੇ ਪਿੱਛੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਜੌਹਰ ਨਾਲ ਲੜ ਰਹੇ ਸਨ। ਉਸ ਵਕਤ ਸਰਾਇ ਗੋਤ ਦਾ ਜੱਟ ਮਹਿਤ ਸਿੰਘ ਵੀ ਬਿਨ ਸੀਸ ਚਾਟੀਵਿੰਡ ਤਕ ਲੜਿਆ। ’’ਜੱਟ ਸਰਾਇ ਮਹਿਤ ਸਿੰਘ ਤਯੋਂ ਹੀ … ਲਰਯੋ ਕਬੰਧ ਤਾਂਹਿ ਕਾ ਭਾਰਾ’’।  ਜਥੇਦਾਰ ਰਾਮ ਸਿੰਘ ਵੀ ਬਿਨਾ ਸੀਸ ਲੜਿਆ। ’’ਲਰਯੋ ਕਬੰਧ ਰਾਮ ਸਿੰਘ ਕੇਰਾ’’ । ਪਿੰਡ ਚੱਬੇ ਕੋਲ ਬਾਬੇ ਨੌਧ ਸਿੰਘ ਗਿੱਲ ਨੇ ਮੀਰ ਜਾਨ ਖਾਂ ਦੇ ਵੰਗਾਰ ਨੂੰ ਕਬੂਲ ਕਰਦਿਆਂ ਉਸ ਨਾਲ ਦਵੰਦ ਯੁਧ ਕੀਤਾ। ਬਾਬਾ ਨੌਧ ਸਿੰਘ ਜੀ ਨੇ ਜਿੱਥੇ ਸ਼ਹੀਦੀ ਪਾਈ ਉਸ ਥਾਂ ਅੱਜ ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬੀਸ ਹਜ਼ਾਰੀ ਜ਼ਬਰਦਸਤ ਖਾਂ ਨਾਲ ਭਾਈ ਬਲਵੰਤ ਸਿੰਘ ਨੇ ਅਤੇ ਇਸੇ ਤਰਾਂ ਕਈ ਹੋਰਨਾਂ ਨੇ ਵੀ ਦਵੰਦ ਯੁੱਧ ਕੀਤੇ। ਇਸ ਘਮਸਾਣ ਦੀ ਜੰਗ ਅੰਦਰ ਅਫ਼ਗ਼ਾਨ ਜਰਨੈਲਾਂ ਦੇ ਮਾਰੇ ਜਾਣ ਤੇ ਬਾਬਾ ਜੀ ਵੱਲੋਂ ਕਈ ਪਠਾਣ ਤੇ ਅਫ਼ਗ਼ਾਨੀਆਂ ਨੂੰ ਮਾਰ ਮੁਕਾਏ ਜਾਣ ਨਾਲ ਅਫ਼ਗਾਨੀ ਸੈਨਿਕਾਂ ਦੇ ਹੌਸਲੇ ਟੁੱਟ ਗਏ। ਬਾਬਾ ਦੀਪ ਸਿੰਘ ਜੀ ਲੜਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਜਿਥੇ ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ। ਇਸ ਤਰ੍ਹਾਂ ਇਹ ਸਾਰਾ ਕੌਤਕ ਅਕਾਲ ਪੁਰਖ ਜੀ ਨੇ ਬਾਬਾ ਦੀਪ ਸਿੰਘ ਜੀ ਰਾਹੀਂ ਗੁਰਬਾਣੀ ਦੇ ਮਹਾਂਵਾਕ, ’’ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ। ਇਤੁ ਮਾਰਿਗ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ।’’ (ਸਲੋਕ ਮ: 1) , ਨੂੰ ਅਮਲੀ ਰੂਪ ’ਚ ਸਿੱਧ ਕੀਤਾ।

ਧਰਮ ਤੋਂ ਪ੍ਰੇਰਿਤ ਸਾਡੇ ਬਜ਼ੁਰਗਾਂ ਵੱਲੋਂ ਕੀਤੇ ਗਏ ਕਾਰਨਾਮੇ ਕੌਮਾਂ ਦੀ ਸਮੁੱਚੀ ਚੇਤਨਤਾ – ਸਿਮ‌੍ਰਿਤੀਆਂ ਦਾ ਹਿੱਸਾ ਹੋ ਕੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਹੋ ਨਿੱਬੜਦੀਆਂ ਹਨ। ਜਿਸ ਮੈਦਾਨ ਏ ਜੰਗ ਵਿਚ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ, ਉੱਥੇ ਹੁਣ ਸ਼ਾਨਦਾਰ ਅਤੇ ਅਤਿ ਸੁੰਦਰ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸੁਭਾਇਮਾਨ ਹੈ। ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੱਥਾ ਟੇਕਣ ਅਤੇ ਸੇਵਾ ਕਰਕੇ ਮੁਰਾਦਾਂ ਪਾਉਣ ਆਉਂਦੀਆਂ ਹਨ। ਐਤਵਾਰ ਨੂੰ ਚੌਪਹਿਰਾ ਗੁਰਮਤਿ ਸਮਾਗਮ ’ਚ ਅਣਗਿਣਤ ਸੰਗਤਾਂ ਦੀ ਆਮਦ ਨਾਲ ਗੁਰਦੁਆਰਾ ਟਾਹਲਾ ਸਾਹਿਬ ਅੱਜ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਚੁੱਕਿਆ ਹੈ। ਲੰਗਰ ਹਾਲ ਦੀ ਨਵੀਂ ਤੇ ਵਿਸ਼ਾਲ ਇਮਾਰਤ ਦੀ ਕਾਰਸੇਵਾ ਜਾਰੀ ਹੈ। ਜਿੱਥੇ 10 ਫਰਵਰੀ ਨੂੰ ਮਹਾਨ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>