ਇਸਲਾਮਾਬਾਦ – ਰੂਸ ਅਤੇ ਪਾਕਿਸਤਾਨ ਅਗਲੇ ਮਹੀਨੇ ਤੋਂ ਸਿੱਧੀ ਟਰੇਨ ਸਰਵਿਸ ਸ਼ੁਰੂ ਕਰਨ ਜਾ ਰਹੇ ਹਨ। ਪਾਕਿਸਤਾਨੀ ਰੇਲਵੇ ਫਰੇਟ ਦੇ ਮੁੱਖ ਅਧਿਕਾਰੀ ਸਰਫਰਾਜ਼ ਡੋਗਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅਨੁਸਾਰ 15 ਮਾਰਚ ਤੱਕ ਰੂਸ ਦੇ ਲਈ ਇੱਕ ਅੰਤਰਰਾਸ਼ਟਰੀ ਮਾਲਗੱਡੀ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਲਗੱਡੀ ਸੇਵਾ ਸ਼ੁਰੂ ਕਰਨ ਦਾ ਮਕਸਦ ਤੁਰਕਮੇਨਿਸਤਾਨ, ਕਜ਼ਾਕਿਸਤਾਨ, ਈਰਾਨ ਅਤੇ ਰੂਸ ਦੇ ਨਾਲ ਖੇਤਰੀ ਵਪਾਰ ਨੂੰ ਵਧਾਉਣਾ ਹੈ।
ਸਰਫਰਾਜ਼ ਡੋਗਰ ਨੇ ਪਾਕਿਸਤਾਨ ਦੇ ਵਪਾਰਿਕ ਅਦਾਰੇ, ਖਾਸ ਕਰਕੇ ਆਲ ਪਾਕਿਸਤਾਨ ਟੈਕਸਟਾਇਲ ਮਿਲਜ਼ ਅੂਸੋਸੀਏਸ਼ਨ ਦੇ ਮੈਂਬਰਾਂ ਨਾਲ ਇਸ ਨਵੀਂ ਸੇਵਾ ਦੇ ਲਈ ਕੰਟੇਨਰੀਕਰਤ ਕਾਰਗੋ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਕਾਰੋਬਾਰ ਵਧਾਉਣ ਦੀ ਕੁਸ਼ਲਤਾ ਤੇ ਜੋਰ ਦਿੱਤਾ ਹੈ। ਸਰਫਰਾਜ਼ ਡੋਗਰ ਨੇ ਕਾਰੋਬਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮਾਲਗੱਡੀ ਸਰਵਿਸ ਕਾਸਿਮ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਅਤੇ ਪਾਕਿਸਤਾਨ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਤੋਂ ਅਪਰੇਟ ਹੋਵੇਗੀ। ਇਸ ਮਾਲਗੱਡੀ ਵਿੱਚ 22 ਟਨ ਅਤੇ 44 ਟਨ ਦੇ ਕੰਟੇਨਰ ਜੋੜ ਦਿੱਤੇ ਜਾਣਗੇ। ਪਾਕਿਸਤਾਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ “ਇਹ ਰੇਲ ਸੰਪਰਕ, ਖੇਤਰੀ ਵਪਾਰ ਬੁਨਿਆਦੀ ਢਾਂਚੇ ਵਿੱਚ ਇੱਕ ਮਹੱਤਵਪੂਰਣ ਕਦਮ ਹੈ।” ਪਾਕਿਸਤਾਨ ਵਿੱਚ ਤਾਪਤਾਨ ਸਟੇਸ਼ਨ ਇੰਟਰਨੈਸ਼ਨਲ ਕਾਰੀਡੋਰ ਦੇ ਨਾਲ ਮਾਲ ਲੈ ਜਾਣ ਦੇ ਲਈ ਮੁੱਖ ਪ੍ਰਵੇਸ਼ ਬਿੰਦੂ ਦੇ ਰੂਪ ਵਿੱਚ ਕੰਮ ਕਰੇਗਾ।