ਜਲਵਾਯੂ ਤਬਦੀਲੀ ਅੱਜ ਦੀ ਦੁਨੀਆਂ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਤਬਦੀਲੀ ਦਾ ਕਾਰਨ ਮਨੁੱਖ ਦੀ ਬੇਹਿਸਾਬ ਤਰੱਕੀ ਅਤੇ ਉਸ ਤਰ੍ਹਾਂ ਦੀ ਵਿਕਾਸ ਪ੍ਰਕਿਰਿਆ ਹੈ ਜਿਸਨੇ ਧਰਤੀ ਦੇ ਵਾਤਾਵਰਨ ਦਾ ਢਾਂਚਾ ਹੀ ਬਦਲ ਕੇ ਰੱਖ ਦਿੱਤਾ ਹੈ। ਮਨੁੱਖ ਨੇ ਆਪਣੀ ਸਹੂਲਤਾਂ ਲਈ ਕੁਦਰਤ ਨਾਲ ਖੇਡ ਕਰਨ ਦੀ ਸ਼ੁਰੂਆਤ ਕੀਤੀ, ਜਿਸਦੇ ਭਿਆਨਕ ਨਤੀਜੇ ਅੱਜ ਸਾਡੇ ਸਾਹਮਣੇ ਹਨ। ਆਬੋ-ਹਵਾ ਵਿੱਚ ਆ ਰਹੀ ਤਬਦੀਲੀ, ਗਲੇਸ਼ੀਅਰਾਂ ਦਾ ਪਿਘਲਣਾ, ਤਾਪਮਾਨ ਦਾ ਵਧਣਾ, ਅਤੇ ਬਾਰਸ਼ਾਂ ਦੀ ਅਸਮਾਨਤਾ ਇਸੇ ਤਰੱਕੀ ਦੇ ਨਤੀਜੇ ਹਨ। ਅੱਜ ਦੇ ਸਮੇਂ ਵਿੱਚ ਟੈਕਨੋਲਜੀ ਦੇ ਯੁੱਗ ਨੇ ਜਿਥੇ ਮਨੁੱਖ ਦੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਉਥੇ ਹੀ ਇਸ ਨੇ ਸਾਡੇ ਵਾਤਾਵਰਨ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਉਦਯੋਗਾਂ ਦੀ ਬੇਹਿਸਾਬ ਸਥਾਪਨਾ ਅਤੇ ਜੰਗਲਾਂ ਦੀ ਕਟਾਈ ਨੇ ਵਾਤਾਵਰਨ ਦੇ ਸੰਤੁਲਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਜਿੱਥੇ ਜੰਗਲ ਪੂਰੀ ਦੁਨੀਆਂ ਲਈ ਆਕਸੀਜਨ ਦੇ ਮੁੱਢਲੇ ਸਰੋਤ ਸਨ, ਉਥੇ ਹੀ ਅੱਜ ਉਨ੍ਹਾਂ ਦੀ ਕਮੀ ਕਾਰਨ ਕਾਰਬਨ ਡਾਈਆਕਸਾਈਡ ਜਿਹੀਆਂ ਖਤਰਨਾਕ ਗੈਸਾਂ ਦਾ ਪੱਧਰ ਵਧਦਾ ਜਾ ਰਿਹਾ ਹੈ। ਗਲੋਬਲ ਵਾਰਮਿੰਗ ਇਸੇ ਸੰਕਟ ਦਾ ਸਭ ਤੋਂ ਵੱਡਾ ਨਤੀਜਾ ਹੈ।
ਜੇ ਅਸੀਂ ਪਿਛਲੇ ਕੁਝ ਦਹਾਕਿਆਂ ਦੀ ਗੱਲ ਕਰੀਏ ਤਾਂ ਤਰੱਕੀ ਦੇ ਨਾਂ ‘ਤੇ ਜੰਗਲਾਂ ਨੂੰ ਧੜਾਧੜ ਕੱਟਿਆ ਗਿਆ। ਜੰਗਲਾਂ ਦੀ ਇਹ ਕਟਾਈ ਸਿਰਫ਼ ਵਾਤਾਵਰਨ ਦਾ ਸੰਤੁਲਨ ਹੀ ਖਰਾਬ ਨਹੀਂ ਕਰਦੀ, ਬਲਕਿ ਇਹ ਮਿੱਟੀ ਦੀ ਪਕੜ ਨੂੰ ਵੀ ਖਤਮ ਕਰ ਦਿੰਦੀ ਹੈ। ਜੰਗਲਾਂ ਦੀ ਕਮੀ ਕਾਰਨ ਬਾਰਸ਼ਾਂ ਦਾ ਪਾਣੀ ਹੁਣ ਮਿੱਟੀ ਵਿੱਚ ਸਮਾਉਣ ਦੀ ਬਜਾਏ ਹੜਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸਦੇ ਬਾਵਜੂਦ ਵੀ ਅਸੀਂ ਤਰੱਕੀ ਦੀ ਅੰਨੀ ਦੌੜ ਵਿੱਚ ਜੰਗਲਾਂ ਦੀ ਹੋਂਦ ਨੂੰ ਲਗਾਤਾਰ ਖਤਮ ਕਰਦੇ ਜਾ ਰਹੇ ਹਾਂ। ਹਰੇ-ਭਰੇ ਜੰਗਲ ਸਾਨੂੰ ਸਿਰਫ਼ ਹਵਾ ਦੇਣ ਵਾਲੇ ਹੀ ਨਹੀਂ ਸਨ, ਬਲਕਿ ਉਹ ਸਾਡੇ ਮੌਸਮੀ ਸੰਤੁਲਨ ਦਾ ਮੁੱਖ ਅੰਗ ਵੀ ਸਨ। ਗਲੇਸ਼ੀਅਰਾਂ ਦਾ ਪਿਘਲਣਾ ਵੀ ਜਲਵਾਯੂ ਤਬਦੀਲੀ ਦੀ ਇੱਕ ਮੁੱਖ ਉਦਾਹਰਨ ਹੈ। ਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਗਲੇਸ਼ੀਅਰ ਪਿਘਲ ਰਹੇ ਹਨ। ਇਹ ਗਲੇਸ਼ੀਅਰ ਜਲ ਸਰੋਤਾਂ ਲਈ ਇਕ ਮੁੱਖ ਭੂਮਿਕਾ ਨਿਭਾਉਂਦੇ ਹਨ, ਪਰ ਹੁਣ ਇਹ ਪਿਘਲ ਕੇ ਸਮੁੰਦਰਾਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੇ ਨਤੀਜੇ ਵਜੋਂ ਸਮੁੰਦਰੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸੇ ਤਰ੍ਹਾਂ ਜੇ ਗਲੇਸ਼ੀਅਰ ਇਸੇ ਗਤੀ ਨਾਲ ਪਿਘਲਦੇ ਰਹੇ ਤਾਂ ਇੱਕ ਦਿਨ ਸਾਰੀ ਧਰਤੀ ਪਾਣੀ ਵਿੱਚ ਡੁੱਬ ਸਕਦੀ ਹੈ। ਇਸ ਤਰ੍ਹਾਂ ਦਾ ਦ੍ਰਿਸ਼ ਪੂਰੀ ਮਨੁੱਖਤਾ ਲਈ ਭਿਆਨਕ ਤਸਵੀਰ ਪੇਸ਼ ਕਰਦਾ ਹੈ।
ਇਸੇ ਦੇ ਨਾਲ ਹੀ, ਅਸੀਂ ਵੇਖ ਰਹੇ ਹਾਂ ਕਿ ਤਾਪਮਾਨ ਵਧਣ ਕਾਰਨ ਮਨੁੱਖੀ ਸਿਹਤ ‘ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ। ਉੱਤਰ ਭਾਰਤ ਵਿੱਚ ਜਿਥੇ ਪਹਿਲਾਂ ਪੋਹ ਅਤੇ ਮਾਘ ਦੇ ਮਹੀਨਿਆਂ ਵਿੱਚ ਚੀਰਵੀਂ ਠੰਢ ਪੈਂਦੀ ਸੀ, ਉਥੇ ਅੱਜ ਉਨ੍ਹਾਂ ਮਹੀਨਿਆਂ ਵਿੱਚ ਵੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਮੌਸਮੀ ਬਦਲਾਅ ਸਾਨੂੰ ਇਸ ਗੱਲ ਲਈ ਸੂਚਿਤ ਕਰਦੇ ਹਨ ਕਿ ਜਲਵਾਯੂ ਤਬਦੀਲੀ ਦਾ ਸੱਚ ਅੱਜ ਸਾਡੇ ਘਰਾਂ ਦੇ ਦਰਵਾਜ਼ੇ ਤੱਕ ਪਹੁੰਚ ਚੁੱਕਾ ਹੈ। ਇਸ ਤਰ੍ਹਾਂ ਦੀ ਗਰਮੀ ਵਿੱਚ ਲੋਕ ਚਮੜੀ ਦੇ ਰੋਗਾਂ ਅਤੇ ਐਲਰਜੀਆਂ ਦੇ ਸ਼ਿਕਾਰ ਹੋ ਰਹੇ ਹਨ। ਕੋਵਿਡ-19 ਮਹਾਂਮਾਰੀ ਦੇ ਦੌਰਾਨ ਅਸੀਂ ਵੇਖਿਆ ਕਿ ਜਦੋਂ ਸਭ ਕੁਝ ਬੰਦ ਸੀ, ਉਦਯੋਗ ਬੰਦ ਹੋ ਗਏ ਅਤੇ ਵਾਤਾਵਰਨ ਦੀ ਗਤੀਵਿਧੀਆਂ ਘਟ ਗਈਆਂ, ਤਾਂ ਉਸ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਵਿਸ਼ਾਲ ਸੁਧਾਰ ਆਇਆ। ਜਲ ਦੇ ਸਰੋਤ ਸਾਫ਼ ਹੋ ਗਏ ਅਤੇ ਪਹਾੜੀ ਇਲਾਕਿਆਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਦੇ ਨਜ਼ਾਰੇ ਸਪਸ਼ਟ ਹੋ ਗਏ। ਇਹ ਸਾਡੀ ਅੱਖਾਂ ਨੂੰ ਖੋਲ੍ਹਣ ਵਾਲੀ ਸਥਿਤੀ ਸੀ ਕਿ ਕੁਦਰਤ ਨੂੰ ਠੀਕ ਕਰਨ ਲਈ ਕਿਸੇ ਜਾਦੂ ਦੀ ਜ਼ਰੂਰਤ ਨਹੀਂ ਹੈ, ਸਿਰਫ਼ ਸਾਡਾ ਸੰਯਮ ਅਤੇ ਸਮਝਦਾਰੀ ਹੀ ਕਾਫੀ ਹੈ। ਪਰ ਜਿਵੇਂ ਹੀ ਲੋਕਾਂ ਨੇ ਫਿਰ ਉਦਯੋਗਾਂ ਨੂੰ ਖੋਲ੍ਹਿਆ, ਹਵਾ ਵਿੱਚ ਫਿਰ ਕਾਰਬਨ ਡਾਈਆਕਸਾਈਡ ਅਤੇ ਹੋਰ ਖਤਰਨਾਕ ਗੈਸਾਂ ਵਧਣ ਲੱਗੀਆਂ। ਇਸ ਤਰ੍ਹਾਂ ਦੀ ਤਰੱਕੀ ਦਾ ਕੀ ਅਰਥ ਹੈ ਜੇ ਇਹ ਮਨੁੱਖ ਨੂੰ ਹੀ ਅਪਾਹਜ ਬਣਾਕੇ ਰੱਖ ਦੇਵੇ? ਜੇ ਅਸੀਂ ਆਪਣੇ ਆਪ ਤੋਂ ਸਵਾਲ ਕਰੀਏ ਤਾਂ ਇਸ ਦਾ ਜਵਾਬ ਸਪਸ਼ਟ ਹੈ ਕਿ ਇਸ ਤਰੱਕੀ ਦੀ ਕੀਮਤ ਬਹੁਤ ਜਿਆਦਾ ਹੈ। ਭਵਿੱਖ ਦੀਆਂ ਪੀੜ੍ਹੀਆਂ ਲਈ ਅਸੀਂ ਕਿਸ ਤਰ੍ਹਾਂ ਦੀ ਧਰਤੀ ਛੱਡ ਕੇ ਜਾਂਵਾਂਗੇ? ਕੀ ਉਹ ਸਾਡੀਆਂ ਗਲਤੀਆਂ ਦੀ ਸਜ਼ਾ ਭੁਗਤਣ ਲਈ ਹੀ ਜਨਮ ਲੈ ਰਹੀਆਂ ਹਨ?
ਅਗਰ ਅਸੀਂ ਹੁਣ ਵੀ ਜਾਗ ਜਾਈਏ, ਤਾਂ ਕੁਝ ਬਚਾਅ ਕੀਤਾ ਜਾ ਸਕਦਾ ਹੈ। ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਜੰਗਲਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ। ਹਰੇ-ਭਰੇ ਜੰਗਲ ਸਿਰਫ਼ ਹਵਾ ਦੀ ਗੁਣਵੱਤਾ ਨੂੰ ਹੀ ਨਹੀਂ ਬਲਕਿ ਧਰਤੀ ਦੇ ਤਾਪਮਾਨ ਨੂੰ ਕਾਬੂ ਵਿੱਚ ਰੱਖਣ ਲਈ ਵੀ ਬਹੁਤ ਮਹੱਤਵਪੂਰਨ ਹਨ। ਇਸ ਦੇ ਨਾਲ, ਕਾਰਬਨ ਦਾ ਉਤਸਰਜਨ ਘਟਾਉਣ ਲਈ ਹਰ ਦੇਸ਼ ਨੂੰ ਇੱਕ ਜੁਆਬਦੇਹ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ। ਸਾਡੀ ਧਰਤੀ ਸਾਡੀ ਮਾਂ ਹੈ। ਇਹ ਸਾਨੂੰ ਸਾਫ਼ ਹਵਾ, ਪਾਣੀ, ਆਕਸੀਜਨ ਅਤੇ ਜੀਵਨ ਜਿਉਣ ਲਈ ਜ਼ਰੂਰੀ ਸਰੋਤ ਆਦਿ ਸਭ ਕੁਝ ਮੁਫਤ ਵਿੱਚ ਦਿੰਦੀ ਹੈ। ਪਰ ਅਸੀਂ ਇਸ ਦੇ ਨਾਲ ਬੇਈਮਾਨੀ ਕਰਦੇ ਜਾ ਰਹੇ ਹਾਂ। ਅਸੀਂ ਆਪਣੇ ਲਾਭਾਂ ਲਈ ਇਸ ਨੂੰ ਖੋਖਲਾ ਕਰ ਰਹੇ ਹਾਂ। ਜੇ ਅਸੀਂ ਤੁਰੰਤ ਹੀ ਇਸ ਗਲਤੀ ਨੂੰ ਨਹੀਂ ਸਮਝਿਆ ਤਾਂ ਇੱਕ ਦਿਨ ਇਹ ਧਰਤੀ ਸਾਡੇ ਲਈ ਜਿਉਣ ਯੋਗ ਨਹੀਂ ਰਹੇਗੀ। ਅਖੀਰ ਵਿੱਚ ਸਿਰਫ਼ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਤਰੱਕੀ ਲਾਜ਼ਮੀ ਹੈ, ਪਰ ਇਸ ਤਰੱਕੀ ਨੂੰ ਕੁਦਰਤ ਦੇ ਸੰਤੁਲਨ ਦੇ ਨਾਲ ਜੁੜ ਕੇ ਕਰਨਾ ਪਵੇਗਾ। ਵਾਤਾਵਰਨ ਦੀ ਸੰਭਾਲ ਸਾਡੀ ਜ਼ਿੰਮੇਵਾਰੀ ਵੀ ਹੈ ਅਤੇ ਲੋੜ ਵੀ ਹੈ। ਜੇ ਅਸੀਂ ਹੁਣ ਸਤਰਕ ਨਹੀਂ ਹੋਏ ਤਾਂ ਇਸ ਦੀ ਸਜ਼ਾ ਪੂਰੀ ਮਨੁੱਖਤਾ ਨੂੰ ਭੁਗਤਣੀ ਪਵੇਗੀ। ਇਸ ਲਈ, ਸਾਡੇ ਲਈ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਤਕਨੀਕੀ ਵਿਕਾਸ ਕਰੀਏ, ਉਥੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਵੀ ਆਪਣਾ ਜਰੂਰੀ ਮਨੁੱਖੀ ਫਰਜ਼ ਬਣਾਈਏ।