ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਅਤੇ ਕਨੇਡਾ ਤੇ ਟੈਰਿਫ਼ ਲਗਾਉਣ ਦੇ ਫੈਂਸਲੇ ਨੂੰ ਫਿਰ ਤੋਂ ਦੁਹਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਤੇ ਪਹਿਲਾਂ ਤੋਂ ਤੈਅ ਸਮੇਂ ਤੇ ਟੈਰਿਫ਼ ਲਾਗੂ ਹੋ ਜਾਵੇਗੀ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੋਰ ਵੀ ਜਿਆਦਾ ਟੈਰਿਫ਼ ਲਗਾਏ ਜਾ ਸਕਦੇ ਹਨ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਨੇਡਾ ਅਤੇ ਮੈਕਸੀਕੋ ਤੋਂ ਆਯਾਤ ਹੋਣ ਵਾਲੇ ਸਮਾਨ ਤੇ ਟੈਰਿਫ਼ ਲਗਾਉਣ ਜਾ ਰਹੀ ਹੈ। ਇਹ ਟੈਰਿਫ਼ ਮਾਰਚ ਤੋਂ ਹੀ ਲਾਗੂ ਹੋ ਜਾਣਗੇ। ਇਸ ਨਾਲ ਮਹਿੰਗਾਈ ਅਤੇ ਆਰਥਿਕ ਮੰਦੀ ਦਾ ਖ਼ਤਰਾ ਵੱਧ ਸਕਦਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਇਲ ਮੈਕਰੋਂ ਦੇ ਨਾਲ ਵਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਇਹ ਸ਼ਬਦ ਕਹੇ। ਉਨ੍ਹਾਂ ਨੇ ਕਿਹਾ, “ਅਸੀਂ ਟੈਰਿਫ਼ ਨੂੰ ਤੈਅ ਸਮੇਂ ਤੇ ਲਾਗੂ ਕਰ ਰਹੇ ਹਾਂ ਅਤੇ ਇਹ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।” ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮਿਆਂ ਵਿੱਚ ਹੋਰ ਵੀ ਟੈਰਿਫ਼ ਲਗਾਏ ਜਾ ਸਕਦੇ ਹਨ। ਟਰੰਪ ਦਾ ਇਹ ਦਾਅਵਾ ਹੈ ਕਿ ਅਜਿਹਾ ਕਰਨ ਨਾਲ ਅਮਰੀਕੀ ਅਰਥਵਿਵਸਥਾ ਨੂੰ ਫਾਇਦਾ ਹੋਵੇਗਾ ਅਤੇ ਸਰਕਾਰ ਨੂੰ ਇਸ ਟੈਕਸ ਨਾਲ ਵੱਧ ਆਮਦਨ ਹੋਵੇਗੀ।
ਕਨੇਡਾ ਅਤੇ ਮੈਕਸੀਕੋ ਦੇ ਨਾਲ-ਨਾਲ ਯੌਰਪੀਅਨ ਦੇਸ਼ਾਂ ਨੇ ਵੀ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਇਹ ਕਦਮ ਉਠਾਉਂਦਾ ਹੈ ਤਾਂ ਉਹ ਵੀ ਅਮਰੀਕਾ ਦੀਆਂ ਵਸਤਾਂ ਤੇ ਜਵਾਬੀ ਟੈਰਿਫ਼ ਲਗਾ ਸਕਦੇ ਹਨ। ਯੇਲ ਯੂਨੀਵਰਿਸਟੀ ਬਜਟ ਲੈਬ ਦੀ ਇੱਕ ਰਿਪੋਰਟ ਅਨੁਸਾਰ ਇਹ ਟੈਰਿਫਲ ਲਗਾਉਣ ਨਾਲ ਅਮਰੀਕੀ ਨਾਗਰਿਕਾਂ ਦੀ ਔਸਤ ਸਾਲਾਨਾ ਆਮਦਨ $1,170 ਤੋਂ $1,245 ਤੱਕ ਘੱਟ ਹੋ ਸਕਦੀ ਹੈ।