ਅੰਤਰਰਾਸ਼ਟਰੀ ਔਰਤ ਦਿਵਸ ਤੇ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਔਰਤ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਵਿਚਾਰ ਕਰਦੀਆਂ ਹਨ। ਔਰਤ ਲਈ ਅਧਿਕਾਰਾਂ ਦੀ ਗੱਲ ਹੁੰਦੀ ਹੈ, ਸੁਰੱਖਿਆ ਦੀ ਗੱਲ ਹੁੰਦੀ ਹੈ, ਸਤਿਕਾਰ ਦੀ ਗੱਲ ਤੁਰਦੀ ਹੈ, ਆਰਥਿਕ ਬਰਾਬਰੀ ਦੀ ਰੁਜ਼ਗਾਰ ਦੀ ਗੱਲ ਤੁਰਦੀ ਹੈ। ਇਹ ਸਭ ਬਾਹਰੋਂ ਕੀਤੇ ਜਾਣ ਵਾਲੇ ਕੰਮ ਹਨ । ਇਹਨਾਂ ਸਭਨਾਂ ਦੀ ਲੋੜ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੂੰ ਅਤੇ ਸਮਾਜ ਨੂੰ ਔਰਤ ਨੂੰ ਆਰਥਿਕ ਬਰਾਬਰੀ ਅਤੇ ਸਮਾਜਿਕ ਬਰਾਬਰੀ ਦੇਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਇਹ ਯਤਨ ਸਿਰਫ ਗੱਲੀਂ ਬਾਤੀਂ ਨਹੀਂ, ਸਗੋਂ ਮਨ, ਬਚਨ ਅਤੇ ਕਰਮ ਰਾਹੀਂ ਅਸਲ ਅਰਥਾਂ ਵਿਚ ਲਾਗੂ ਕਰਨੇ ਚਾਹੀਦੇ ਹਨ। ਅਸੀਂ ਅੱਜ ਔਰਤ ਨੂੰ ਕੇਂਦਰ ਵਿਚ ਰੱਖ ਕੇ ਸਿਰਫ ਉਹਨਾਂ ਨੁਕਤਿਆਂ ਤੇ ਵਿਚਾਰ ਕਰਾਂਗੇ ਜਿਹੜੇ ਉਸ ਦੇ ਖੁਦ ਦੇ ਕਰਨ ਵਾਲੇ ਹੋਣ। ਜਿਹਨਾਂ ਲਈ ਜਿਆਦਾ ਕਰਕੇ ਉਹ ਆਪ ਜਿੰਮੇਵਾਰ ਹੋਵੇ।
ਬਿਨਾਂ ਕੋਈ ਲੰਮੀ ਬਹਿਸ ਵਿਚ ਪੈਂਦਿਆ ਸਾਨੂੰ ਇਹ ਮੰਨਣ ਵਿਚ ਕੋਈ ਇਤਰਾਜ ਨਹੀਂ ਕਿ ਸਾਡੇ ਦੇਸ਼ ਵਿਚ ਅਜੇ ਮਰਦ-ਪ੍ਰਧਾਨ ਬਿਰਤੀ ਜੜ੍ਹੋਂ ਨਹੀਂ ਗਈ। ਸਰਕਾਰਾਂ ਦੇ, ਔਰਤ ਜਥੇਬੰਦੀਆਂ ਦੇ, ਵਿਦਵਾਨਾਂ ਦੇ ਯਤਨਾਂ ਨਾਲ ਇਸ ਬਿਰਤੀ ਨੂੰ ਕੁਝ ਠੱਲ੍ਹ ਜਰੂਰ ਪਈ ਹੈ,ਪਰ ਹਰ ਵਿਅਕਤੀ ਅਜੇ ਧੁਰ ਅੰਦਰੋਂ ਸਮਾਨਤਾ ਦਾ ਅਧਿਕਾਰ ਦੇਣ ਲਈ ਪੂਰਾ ਤਿਆਰ ਨਹੀਂ ਹੋਇਆ। ਔਰਤ ਤੇ ਹੋ ਰਹੇ ਜ਼ੁਲਮ, ਧੱਕੇ, ਵਧੀਕੀਆਂ ਕੁਝ ਹੱਦ ਤੱਕ ਅਜੇ ਵੀ ਜਾਰੀ ਹਨ। ਭਾਵੇਂ ਹਰ ਇਕ ਥਾਂ ਮਰਦ ਹੀ ਜਿੰਮੇਵਾਰ ਨਹੀਂ ਹੁੰਦਾ, ਪਰ ਫੇਰ ਵੀ ਉਸ ਨੂੰ ਪੂਰਾ ਬੇਕਸੂਰ ਵੀ ਨਹੀਂ ਕਿਹਾ ਜਾ ਸਕਦਾ। ਜੋ ਕੰਮ ਸਰਕਾਰਾਂ ਦੇ ਕਰਨ ਵਾਲੇ ਹਨ , ਸਮਾਜ ਦੇ ਜਾਂ ਮਰਦਾਂ ਦੇ ਕਰਨ ਵਾਲੇ ਹਨ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਅਸੀਂ ਅੱਜ ਸਿਰਫ ਔਰਤ ਦੇ ਖੁਦ ਵੱਲੋਂ ਕੀਤੇ ਜਾ ਸਕਣ ਵਾਲੇ ਯਤਨਾਂ ਬਾਰੇ ਵਿਚਾਰ ਕਰਾਂਗੇ, ਜੋ ਕੰਮ ਉਸ ਨੂੰ ਆਪਣਾ ਸਵੈਮਾਣ ਬਣਾਉਣ ਲਈ ਖੁਦ ਕਰਨੇ ਚਾਹੀਦੇ ਹਨ ।
ਸਭ ਤੋਂ ਪਹਿਲਾਂ ਗੱਲ ਸਿੱਖਿਆ ਦੀ । ਇਹ ਤਸੱਲੀ ਵਾਲੀ ਗੱਲ ਹੈ ਕਿ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਸਿੱਖਿਆ ਵਿੱਚ ਕਾਫੀ ਸੁਧਾਰ ਆਇਆ ਹੈ। ਜਿੰਨੀ ਕੁ ਕਸਰ ਹੈ ,ਉਸ ਨੂੰ ਪੂਰਾ ਕਰਨ ਲਈ ਲੜਕੀਆਂ ਨੂੰ ਪੱਤਰ-ਵਿਹਾਰ ਸਿੱਖਿਆ, ਆਨਲਾਈਨ ਸਿੱਖਿਆ ਆਦਿ ਵਰਗੇ ਤਰੀਕਿਆਂ ਰਾਹੀਂ ਹੋਰ ਪੜ੍ਹਨ ਲਈ ਮਾਪਿਆਂ ਤੇ ਜੋਰ ਪਾਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਮਾਪੇ ਆਰਥਿਕ ਜਾਂ ਸਮਾਜਿਕ ਕਾਰਨਾਂ ਕਰਕੇ ਲੜਕੀ ਨੂੰ ਰੈਗੂਲਰ ਸਿੱਖਿਆ ਲੈਣ ਲਈ ਸ਼ਹਿਰ ਜਾਂ ਦੂਰ ਭੇਜਣ ਵਿਚ ਸਹਿਮਤ ਨਹੀਂ, ਉਹ ਵੀ ਘਰ ਬੈਠਿਆਂ ਪੜ੍ਹਾਉਣ ਲਈ ਸਹਿਮਤ ਹੋ ਸਕਦੇ ਹਨ। ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਿੱਖਿਆ ਲਈ ਵੱਧ ਤੋਂ ਵੱਧ ਆਰਥਿਕ ਸਹਾਇਤਾ ਵੀ ਦੇਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਉਤਸ਼ਾਹਿਤ ਵੀ ਕਰਨਾ ਚਾਹੀਦਾ ਹੈ। ਪਰ ਜੇ ਸਿੱਖਿਆ ਕਿਸੇ ਕਾਰਨ ਨਹੀਂ ਪ੍ਰਾਪਤ ਕਰ ਸਕੇ, ਨਿਰਾਸ਼ ਹੋਣ ਦੀ ਲੋੜ ਨਹੀਂ। ਬਹੁਤ ਕੁਝ ਐਸਾ ਹੈ ,ਜਿਸ ਦੇ ਲਈ ਰਸਮੀ ਸਿੱਖਿਆ ਦੀ ਜਰੂਰਤ ਨਹੀਂ ਹੈ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਰੁਜ਼ਗਾਰ ਪ੍ਰਾਪਤ ਕਰਨਾ ਬਹੁਤ ਵੱਡਾ ਅਤੇ ਮਹੱਤਵਪੂਰਨ ਪੱਖ ਹੈ । ਔਰਤ ਦੀ ਆਰਥਿਕ ਅਜਾਦੀ ਦਾ ਆਧਾਰ ਹੈ ਜਿਸ ਨੇ ਉਸ ਵਿਚ ਵਿਸ਼ਵਾਸ਼ ਵੀ ਭਰਨਾ ਹੈ ਅਤੇ ਆਪਣੇ ਹੱਕ ਲੈਣ ਲਈ ਉਸਨੂੰ ਜਾਗ੍ਰਤ ਵੀ ਕਰਨਾ ਹੈ। ਪਰ ਨੌਕਰੀ ਜਾਂ ਰੁਜ਼ਗਾਰ ਪ੍ਰਾਪਤੀ ਉਸ ਦੇ ਆਪਣੇ ਹੱਥ ਵਿਚ ਨਹੀਂ। ਉਸਨੂੰ ਚਾਹੀਦਾ ਹੈ ਕਿ ਉਹ ਸਿਰਫ ਨੌਕਰੀ ਤੱਕ ਹੀ ਆਪਣੇ ਆਪ ਨੂੰ ਸੀਮਿਤ ਨਾ ਕਰੇ। ਸਵੈ ਰੁਜ਼ਗਾਰ ਦੇ ਬੇਅੰਤ ਮੌਕੇ ਹਨ। ਹੋਰ ਕਿੰਨੇ ਹੀ ਖੇਤਰ ਹਨ, ਜਿਹਨਾਂ ਰਾਹੀਂ ਉਹ ਸਿਰਫ ਆਪਣੇ ਦਿਮਾਗ ਦੀ ਸੁਚੱਜੀ ਵਰਤੋਂ ਕਰਕੇ ਹੋਰ ਧਨ ਕਮਾਉਣ ਦੇ ਤਰੀਕੇ ਲੱਭ ਸਕਦੀ ਹੈ। ਆਪਣੇ ਵਰਗੀਆਂ ਹੋਰ ਔਰਤਾਂ ਨੂੰ ਜੋੜ ਕੇ ਆਪ ਕੋਈ ਛੋਟੀ ਮੋਟੀ ਸੰਸਥਾ ਜਾਂ ਕੰਪਨੀ ਖੋਲ ਕੇ ਕੰਮ ਕਰ ਸਕਦੀ ਹੈ। ਲੋੜ ਸਿਰਫ ਕੁਝ ਕਰਨ ਦੀ, ਕਰ ਦਿਖਾਉਣ ਦੀ ਲਗਨ ਦੀ ਹੈ।
ਹੁਣ ਤੱਕ ਔਰਤ, ਖਾਸ ਕਰਕੇ, ਭਾਰਤੀ ਔਰਤ ਨੇ ਆਪਣੇ ਸਮੇਂ ਦਾ ਜ਼ਿਆਦਾ ਹਿੱਸਾ ਰਸੋਈ ਵਿਚ, ਘਰੇਲੂ ਕੰਮਾਂ ਵਿਚ ਅਤੇ ਬੱਚਿਆਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਾਂਭ ਸੰਭਾਲ ਵਿੱਚ ਹੀ ਲਗਾਇਆ ਹੈ। (ਕੰਮ ਕਰਨ ਵਾਲੀਆਂ ਔਰਤਾਂ ਤੋਂ ਬਿਨਾਂ), ਪਰ ਇਸ ਸਭ ਵਿਚ ਉਸ ਨੂੰ ਕਿੰਨਾ ਕੁ ਮਾਣ ਸਨਮਾਨ ਅਤੇ ਪਹਿਚਾਣ ਮਿਲੀ ਹੈ। ਪਰਿਵਾਰ ਦੇ ਬਾਕੀ ਸਾਰੇ ਮੈਂਬਰ ਸਮਝਦੇ ਹਨ ਕਿ ਇਹ ਤਾਂ ਉਸਦਾ ਫਰਜ ਹੈ। ਇਸ ਫਰਜ ਪੂਰਤੀ ਲਈ ਉਸ ਨੂੰ ਬਾਕੀ ਸਮਾਜ ਤਾਂ ਕੀ, ਉਸ ਤੋਂ ਇਹ ਸੇਵਾਵਾਂ ਪ੍ਰਾਪਤ ਕਰਨ ਵਾਲੇ ਪਰਿਵਾਰ ਦੇ ਮੈਂਬਰ ਵੀ ਉਸਦੀ ਪ੍ਰਸੰਸਾ ਨਹੀਂ ਕਰਦੇ। ਸਗੋਂ ਕਿਤੇ ਮਾੜੀ ਮੋਟੀ ਹੋਈ ਗਲਤੀ ਨੂੰ ਚਿਤਾਰਨਾ ਕਦੇ ਨਹੀਂ ਭੁੱਲਦੇ। ਇਸ ਸਭ ਦਾ ਅਸਰ ਇਹ ਹੁੰਦਾ ਹੈ ਕਿ ਔਰਤ ਖੁਦ ਵੀ ਆਪਣੀ ਪਹਿਚਾਣ ਭੁੱਲ ਜਾਂਦੀ ਹੈ। ਉਹ ਕਿਸੇ ਦੀ ਪਤਨੀ ਹੈ, ਕਿਸੇ ਦੀ ਨੂੰਹ ,ਧੀ ,ਭੈਣ ,ਮਾਂ ਹੈ, ਪਰ ਆਪ ਉਹ ਕੀ ਹੈ ?? ਕਿੱਥੇ ਹੈ ਉਸਦਾ ਆਪਣਾ ਨਿੱਜ ????
99% ਔਰਤਾਂ ਨੇ ਆਪਣੇ ਆਪ ਨੂੰ ਸੋਹਣਾ ਅਤੇ ਜਵਾਨ ਲੱਗਣ ਲਈ ਜਰੂਰ ਕੋਸ਼ਿਸ਼ ਕੀਤੀ ਹੈ ਅਤੇ ਕਰਦੀਆਂ ਵੀ ਰਹਿੰਦੀਆਂ ਹਨ। ਪਰ ਅਸਿੱਧੇ ਤੌਰ ਤੇ ਇਹ ਵੀ ਉਸਦੇ ਆਪਣੇ ਲਈ ਨਹੀਂ ਹੈ। ਮਰਦ ਨੇ ਇੱਕ ਇਸੇ ਚੀਜ ਦੀ ਹੀ ਪ੍ਰਸੰਸਾ ਕੀਤੀ ਹੋਣ ਕਰਕੇ ਔਰਤ ਨੇ ਆਪਣੇ ਆਪ ਨੂੰ ਇਸ ਇੱਕ ਬਿਰਤੀ ਵਿਚ ਪੂਰਾ ਜਜ਼ਬ ਕਰ ਦਿੱਤਾ ਹੈ ਅਤੇ ਆਪਣੀ ਸਾਰੀ ਊਰਜਾ ਆਪਣੇ ਆਪ ਨੂੰ ਹੋਰ ਸੋਹਣਾ ਦਿਖਾਉਣ ਵਿਚ ਲਗਾ ਦਿੱਤਾ ਹੈ। ਇਸੇ ਲਈ ਅੱਜ ਬਿਊਟੀ ਪਾਰਲਰ ਹਰ ਛੋਟੇ ਤੋਂ ਛੋਟੇ ਪਿੰਡ ਵਿਚ ਵੀ ਖੁੱਲ੍ਹ ਗਏ ਹਨ। ਕਾਸਮੈਟਿਕਸ ਇੰਡਸਟਰੀ ਦਾ ਅਰਬਾਂ ਖਰਬਾਂ ਦਾ ਵਪਾਰ ਇਸ ਸੋਹਣੇ ਲੱਗਣ ਦੀ ਦੌੜ ਚੋਂ ਨਿਕਲਿਆ ਹੈ। ਪਰ ਕੀ ਇਸ ਨਾਲ ਉਹ ਆਪਣੀ ਪਹਿਚਾਣ ਬਣਾ ਸਕੀ ਹੈ ??? ਕੀ ਉਸ ਦੇ ਸਵੈ ਮਾਣ ਵਿਚ ਵਾਧਾ ਹੋਇਆ ਹੈ ????
ਲੋੜ ਹੈ ਉਸ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਅਤੇ ਸਮਰੱਥਾਵਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਦੀ। ਕਿਉਂਕਿ ਸੁਹੱਪਣ ਅਤੇ ਜਵਾਨੀ ਹਮੇਸ਼ਾ ਕਾਇਮ ਨਹੀਂ ਰੱਖੀਆਂ ਜਾ ਸਕਦੀਆਂ। ਸਮੇਂ ਦੀ ਤਬਦੀਲੀ ਨਾਲ ਇਸ ਗ੍ਰਾਫ ਦਾ ਹੇਠਾਂ ਨੂੰ ਜਾਣਾ ਯਕੀਨੀ ਹੈ। ਪਰ ਜੇ ਉਹਨਾਂ ਆਪਣੀ ਅੰਦਰੂਨੀ ਸੁੰਦਰਤਾ ਅਤੇ ਹੁਨਰ ਨੂੰ ਪਹਿਚਾਣ ਕੇ ਉਸਨੂੰ ਵਿਕਸਿਤ ਕੀਤਾ, ਤਾਂ ਇਹ ਸਦਾ ਰਹਿਣ ਵਾਲਾ ਗਹਿਣਾ ਹੈ। ਜਰਾ ਨਜਰ ਮਾਰ ਕੇ ਵੇਖਣਾ ਕਿੰਨੀਆਂ ਕੁ ਔਰਤਾਂ ਹਨ ਜਿਹੜੀਆਂ ਕਿਸੇ ਕਲਾ ਨੂੰ ਸ਼ੌਕ ਨਾਲ ਨਿਭਾਉਂਦੀਆਂ ਹਨ। ਕਿੰਨੀਆਂ ਨੇ ਜੋ ਕਲਾਕਾਰ ਹਨ, ਲੇਖਕ ਹਨ, ਸੰਗੀਤਕਾਰ ਹਨ, ??? ਭਾਵੇਂ ਸ਼ੌਕ ਨੂੰ ਕਿੱਤਾ ਵੀ ਬਣਾਇਆ ਜਾ ਸਕਦਾ ਹੈ, ਪਰ ਸਿਰਜਣਾਤਮਕਤਾ ਅਤੇ ਸੁਹਜ ਤਾਂ ਪਹਿਲਾਂ ਸ਼ੌਕ ਅਤੇ ਲਗਨ ਵਿਚੋਂ ਹੀ ਨਿਕਲਣੀ ਹੈ। ਨੱਚਣਾ ਅਤੇ ਗਾਉਣਾ ਖਾਸ ਕਰਕੇ ਔਰਤਾਂ ਦਾ ਖੇਤਰ ਰਿਹਾ ਹੈ, ਪਰ ਅੱਜ ਦੇਖੋ ਤਾਂ ਕਿੰਨੀਆਂ ਔਰਤਾਂ ਨੂੰ ਕਿੰਨੇ ਗੀਤ ਯਾਦ ਹਨ ??? ਕਿਸੇ ਵਿਆਹ ਸ਼ਾਦੀ ਤੇ ਉਹ ਖੁਦ ਬੋਲੀਆਂ ਪਾ ਕੇ ਨੱਚ ਵੀ ਨਹੀਂ ਸਕਦੀਆਂ। ਗੀਤ ਡੀ. ਜੇ. ਵਿਚ ਚੱਲੇਗਾ ਤੇ ਉਹ ਆਪਣੇ ਕੱਪੜਿਆਂ ਅਤੇ ਗਹਿਣਿਆਂ ਰਾਹੀਂ ਸਿਰਫ ਆਪਣੇ ਸਰੀਰ ਦੀ ਨੁਮਾਇਸ਼ ਕਰਨ ਲਈ ਨੱਚਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ। ਜੇ ਕਿਧਰੇ ਮੂਵੀ ਅਤੇ ਕੈਮਰੇ ਨਾ ਹੋਣ, ਤਾਂ ਉਹਨਾਂ ਦੇ ਵਰਤਾਵ ਵਿੱਚ ਕਾਫੀ ਅੰਤਰ ਦੇਖਿਆ ਜਾ ਸਕਦਾ ਹੈ। ਮੈਂ ਮੁਆਫੀ ਚਾਹਾਂਗਾ, ਜੇ ਮੇਰੇ ਸ਼ਬਦਾਂ ਵਿਚ ਕਿਸੇ ਨੂੰ ਜ਼ਰਾ ਰੁੱਖਾਪਣ ਨਜਰ ਆਇਆ ਹੋਵੇ, ਪਰ ਮੇਰੀ ਭਾਵਨਾ ਨੂੰ ਸਮਝਣ ਦਾ ਯਤਨ ਕਰਨਾ। ਮੇਰਾ ਇਰਾਦਾ ਔਰਤ ਦੀ ਇਸ ਆਜ਼ਾਦੀ ਤੇ ਕਿਸੇ ਤਰਾਂ ਦਾ ਵਿਰੋਧ ਕਰਨ ਦਾ ਨਹੀਂ, ਪਰ ਮੇਰੀ ਧੁਰ ਅੰਦਰ ਦੀ ਤੜਪ ਹੈ ਕਿ ਉਹ ਆਪਣੇ ਸਰੀਰ ਦਾ ਹੀ ਮੇਕ ਅਪ ਨਾ ਕਰੇ, ਆਪਣੇ ਮਨ ਦਾ, ਆਪਣੀ ਬੁੱਧੀ ਦਾ, ਆਪਣੇ ਦਿਮਾਗ ਦਾ ਮੇਕ ਅਪ ਜਿਆਦਾ ਕਰੇ। ਕਿਉਂਕਿ ਇਹ ਮੇਕ ਅਪ ਉਸਦੀ ਸਮਾਜਿਕ ਪਹਿਚਾਣ ਵਿੱਚ ਸਹਾਈ ਹੋਏਗਾ। ਜਿਵੇਂ ਅਸੀਂ ਇਤਿਹਾਸ ਦੀਆਂ ਬਹਾਦਰ, ਵਿਗਿਆਨਕ, ਕਲਾਕਾਰ, ਮਿਹਨਤੀ ਔਰਤਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ , ਕੀ ਕਿਸੇ ਸੋਹਣੀ ਔਰਤ ਨੂੰ ਯਾਦ ਕੀਤਾ ਗਿਆ ਹੈ ?? ਕੀ ਕਿਸੇ ਹਾਰ ਸ਼ਿੰਗਾਰ ਕਰਨ ਵਾਲੀ ਔਰਤ ਦਾ ਦਿਨ ਮਨਾਇਆ ਗਿਆ ਹੈ ??? ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਬਹੁਤ ਥੋੜ ਚਿਰਾ ਅਹਿਸਾਸ ਹੈ। ਆਪਣੇ ਸੋਹਣੇ ਹੋਣ ਨਾਲੋਂ ਆਪਣੇ ਗੁਣਵਾਨ ਹੋਣ ਦਾ ਮਾਣ ਵਿਲੱਖਣ ਹੋਏਗਾ।……
ਕਿੰਨੀਆਂ ਹੀ ਕਲਾਵਾਂ ਅਤੇ ਹੁਨਰ ਹੋ ਸਕਦੇ ਹਨ ਜਿਨ੍ਹਾਂ ਵਿਚ ਔਰਤ ਮਾਹਰ ਹੋ ਸਕਦੀ ਹੈ। ਪੁਰਾਣੇ ਸਮੇਂ ਵਿਚ ਖਾਣਾ ਬਣਾਉਣ ਅਤੇ ਸਿਊਣ ਸਿਲਾਈ ਆਦਿ ਵਰਗੇ ਕੰਮ ਹੀ ਮੁੱਖ ਸਨ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ, ਗੱਲ ਤਾਂ ਉਸ ਵਿੱਚ ਮਾਹਰ ਹੋਣ ਦੀ, ਉਸ ਨੂੰ ਇੱਕ ਵੱਖਰੇ ਕਲਾਤਮਕ ਢੰਗ ਨਾਲ ਕਰਨ ਦੀ ਅਤੇ ਉਸ ਵਿਚੋਂ ਆਪਣੀ ਪਹਿਚਾਣ ਬਣਾ ਲੈਣ ਦੀ ਹੁੰਦੀ ਹੈ। ਕੁਝ ਸਾਲ ਪਿੱਛੇ ਚੱਲੀਏ ਤਾਂ ਲੜਕੀਆਂ ਅਤੇ ਔਰਤਾਂ ਕਢਾਈ ਕਰਨ ਵਿੱਚ, ਬੁਣ ਬੁਣਾਈ ਕਰਨ ਵਿੱਚ, ਦਰੀਆਂ ਬੁਣਨ ਵਿਚ ਮਾਹਰ ਹੁੰਦੀਆਂ ਸਨ ਅਤੇ ਇਨ੍ਹਾਂ ਰਾਹੀਂ ਆਪਣੀ ਅੰਦਰਲੀ ਪ੍ਰਤਿਭਾ ਨੂੰ ਬਾਹਰ ਕੱਢਦੀਆਂ ਸਨ। ਅੱਜ ਕੰਮ ਮਸ਼ੀਨਾਂ ਨੇ ਸੰਭਾਲ ਲਏ ਹਨ। ਹੱਥੀਂ ਕੀਤੇ ਕੰਮ ਨੂੰ ਅੱਜ ਵੀ ਸਵੀਕ੍ਰਿਤੀ ਅਤੇ ਪ੍ਰਸੰਸਾ ਮਿਲਦੀ ਹੈ। ਸੋਹਣੀ ਲਿਖਾਈ ਚ ਲਿਖੇ ਅੱਖਰ ਕਿਸ ਨੂੰ ਨਹੀਂ ਮੋਂਹਦੇ ??? ਦਿਲਕਸ਼ ਆਵਾਜ ਵਿੱਚ ਕੋਈ ਗਾਵੇ ਤਾਂ ਬਿਨਾਂ ਸਾਜਾਂ ਤੋਂ ਵੀ ਸਰੋਤੇ ਨੂੰ ਕੀਲਣ ਦੀ ਤਾਕਤ ਰੱਖਦਾ ਹੈ। ਖਾਸ ਮਿੱਠੇ ਅੰਦਾਜ ਵਿਚ ਬੋਲਣਾ, ਦੂਸਰੇ ਦਾ ਸਵਾਗਤ ਕਰਨਾ, ਖੂਬਸੂਰਤ ਮੁਸਕਰਾਹਟ ਵੀ ਇੱਕ ਵੱਖਰੀ ਪਹਿਚਾਣ ਬਣ ਸਕਦੀ ਹੈ। ਕਿਸੇ ਵੀ ਸ਼ੌਕ ਨੂੰ, ਕਿੱਤੇ ਨੂੰ ਇੱਕ ਵੱਖਰੇ ਅਤੇ ਖੂਬਸੂਰਤ ਅੰਦਾਜ਼ ਵਿੱਚ ਕੀਤੇ ਜਾਣ ਨਾਲ ਉਸ ਵਿੱਚ ਮੁਹਾਰਤ ਬਣੇਗੀ ਅਤੇ ਉਹ ਉਸ ਦੀ ਮਾਲਕਣ ਦੇ ਨਾਮ ਨਾਲ ਜੁੜ ਜਾਏਗੀ। ਇਹ ਮੁਹਾਰਤ ਇਹ ਕਲਾ ਹੀ ਔਰਤ ਨੂੰ ਆਪਣੇ ਪਰਿਵਾਰ ਵਿੱਚ, ਆਪਣੇ ਮੁਹੱਲੇ ਵਿੱਚ, ਪਿੰਡ ਵਿੱਚ ਅਤੇ ਸਮੂਹ ਸਮਾਜ ਵਿੱਚ ਮਾਣ ਸਨਮਾਨ ਦਾ ਕਾਰਨ ਬਣੇਗੀ। ਬਾਹਰੋਂ ਮਿਲਦੀ ਪ੍ਰਸੰਸਾ ਅਤੇ ਮਾਣ ਨਾਲ ਪਰਿਵਾਰ ਦੇ ਮੈਂਬਰ ਵੀ ਖੁਸ਼ੀ ਅਤੇ ਚਾਅ ਨਾਲ ਭਰ ਜਾਣਗੇ ਅਤੇ ਔਰਤ ਨੂੰ ਉਸ ਕਲਾ ਲਈ ਵੱਧ ਸਮਾਂ ਦੇਣਗੇ ਅਤੇ ਲੋੜ ਪਈ ਤਾਂ ਖਰਚ ਵੀ ਕਰਨਗੇ। ਉਹ ਇਸ ਸ਼ੌਕ ਨੂੰ ਕਿੱਤਾ ਵੀ ਬਣਾ ਸਕਦੀ ਹੈ ਅਤੇ ਹੋਰਾਂ ਨੂੰ ਸਿਖਾ ਵੀ ਸਕਦੀ ਹੈ। ਹੋਰ ਵੱਡੇ ਪੱਧਰ ਤੇ ਇਹ ਇੱਕ ਉੱਦਮ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਆਰਥਿਕ ਲਾਭ ਨੂੰ ਇੱਕ ਪਾਸੇ ਰੱਖੀਏ, ਔਰਤ ਦੀ ਆਪਣੀ ਹੋਂਦ ਅਤੇ ਪਹਿਚਾਣ ਲਈ ਇਹ ਬਹੁਤ ਮੱਦਦਗਾਰ ਹੋਏਗਾ। ਇਸ ਨਾਲ ਸਮਾਜਿਕ ਸੰਬੰਧ ਵੀ ਸੁਧਰਨਗੇ, ਅਤੇ ਬੱਚਿਆਂ ਤੇ ਵੀ ਬਹੁਤ ਵਧੀਆ ਪ੍ਰਭਾਵ ਪਵੇਗਾ। ਖਾਸ ਗੱਲ ਕਿ ਸਮੇਂ ਦੇ ਬੀਤਣ ਨਾਲ ਇਸ ਵਿੱਚ ਵਿਕਾਸ ਹੀ ਹੋਏਗਾ। ਵਧਦੀ ਉਮਰ, ਘਟਦੇ ਰੁਝੇਵੇਂ, ਢਿੱਲੀ ਸਿਹਤ, ਇੱਕਲਾਪਣ ਕੋਈ ਵੀ ਅਜਿਹੀ ਅਲਾਮਤ ਉਸ ਦੇ ਮਨ ਦੀ ਚੜ੍ਹਦੀ ਕਲਾ ਨੂੰ ਨਹੀਂ ਡੇਗ ਸਕੇਗੀ। ਕਿਉਂਕਿ ਹੁਣ ਉਹ ਖੁਦ ਸਿਰਜਣਹਾਰ ਹੋ ਗਈ ਹੈ। ਉਹ ਸਿਰਫ ਹੱਡ ਮਾਸ ਦੀ ਪੁਤਲੀ ਹੀ ਨਹੀਂ ਰਹੀ, ਉਸਦੀ ਕਲਾ ਨੇ ਉਸਨੂੰ ਇੱਕ ਸਦੀਵੀ ਜਿੰਦਗੀ ਬਖਸ਼ ਦਿੱਤੀ ਹੈ।
ਤਾਂ ਤੇ ਅੱਜ ਤੋਂ ਹੀ ਕਾਇਮ ਹੋਵੋ। ਆਪਣੀ ਸਮਰੱਥਾ ਨੂੰ ਪਹਿਚਾਣੋ। ਲੱਭੋ ਤੁਹਾਡੇ ਅੰਦਰ, ਧੁਰ ਅੰਦਰ ਕੌਣ ਛੁਪ ਕੇ ਬੈਠਾ ਹੈ ??? ਇੱਕ ਕਲਾਕਾਰ, ਇੱਕ ਗਾਇਕ, ਇੱਕ ਚਿੱਤਰਕਾਰ, ਇੱਕ ਸੰਗੀਤਕਾਰ, ਇੱਕ ਲੇਖਕ, ਇੱਕ ਬੁਲਾਰਾ, ਇੱਕ ਕੌਂਸਲਰ, ਇੱਕ ਸੇਵਕ, ਇੱਕ ਉੱਦਮੀ ?????? ਉਸ ਨੂੰ ਬਾਹਰ ਕੱਢੋ, ਵਿਕਸਿਤ ਹੋਣ ਦਿਓ, ਬਾਹਰਲੇ ਮੇਕ ਅੱਪ ਫਿੱਕੇ ਪੈ ਜਾਣਗੇ। ਹੁਨਰ ਅਤੇ ਕਿਰਤ ਦਾ ਮਜੀਠਾ ਰੰਗ ਆਪਣੀ ਆਭਾ ਖਿਲਾਰੇਗਾ ਅਤੇ ਆਪਣੇ ਚੁਫੇਰੇ ਨੂੰ ਮਹਿਕਾ ਦੇਵੇਗਾ । ਮੈਂ ਸਮੂਹ ਔਰਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਆਪਣੀ ਕਸਤੂਰੀ ਨੂੰ ਪਹਿਚਾਨਣ। ਸਿਰਜਣਾ ਨੇ ਹਮੇਸ਼ਾ ਹੀ ਸਵੈ ਵਿਸ਼ਵਾਸ਼ ਵਧਾਇਆ ਹੈ ,ਮਾਣ ਸਨਮਾਨ ਵੀ ਦੁਆਇਆ ਹੈ ਅਤੇ ਸਿਰਜਕ ਦੀ ਸ਼ਖਸ਼ੀਅਤ ਨੂੰ ਵੀ ਅੰਦਰੋਂ ਬਾਹਰੋਂ ਨਿਖਾਰਿਆ ਹੈ। ਇਹ ਸਿਰਜਣਾ ਦੀ ਕਿਸਮ ਕੋਈ ਵੀ ਹੋਵੇ। ਮੇਰਾ ਵਿਸ਼ਵਾਸ਼ ਹੈ ਕਿ ਇਸ ਮਹਿਕ ਰੱਤੀ ਔਰਤ ਨੂੰ ਕਦੇ ਵੀ ਕਿਸੇ ਵਿਤਕਰੇ ਦੀ ਸ਼ਿਕਾਰ ਨਹੀਂ ਹੋਣਾ ਪਵੇਗਾ। ਉਸ ਨੂੰ ਔਰਤ ਹੋਣ ਤੇ ਝੂਰਨਾ ਨਹੀਂ ਪਏਗਾ, ਸਗੋਂ ਉਹ ਆਪਣੇ ਨਾਰੀਤਵ ਤੇ ਮਾਣ ਮਹਿਸੂਸ ਕਰੇਗੀ ਕਿਉਂਕਿ ਹੁਣ ਫੇਰ ਉਸਨੇ ਕੁਝ ਸਿਰਜਿਆ ਹੈ, ਜੋ ਨਿਰੋਲ ਉਸਦਾ ਆਪਣਾ ਹੈ। ਅਤੇ ਉਸਦੇ ਅੰਦਰ ਜਿਊਂਦਾ ਹੈ। ਇਹ ਉਸਦੇ ਸਾਹਾਂ ਵਿਚ ਧੜਕਦਾ ਹੋਇਆ ਉਸਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰੇਗਾ ।