ਸਰੀ – ਕਨੇਡਾ ਦੀ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਆਪਣਾ ਨੇਤਾ ਚੁਣ ਲਿਆ ਹੈ ਅਤੇ ਉਹ ਜਸਟਿਨ ਟਰੂਡੋ ਦੀ ਜਗ੍ਹਾ ਅਗਲੇ ਪ੍ਰਧਾਨਮੰਤਰੀ ਦੇ ਤੌਰ ਤੇ ਦੇਸ਼ ਦੀ ਕਮਾਂਡ ਸੰਭਾਲਣਗੇ। ਜਸਟਿਨ ਟਰੂਡੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਸੀ। ਬੈਂਕ ਆਫ਼ ਕਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਗਵਰਨਰ ਕਾਰਨੀ ਕੁਝ ਹੀ ਦਿਨਾਂ ਵਿੱਚ ਕਨੇਡਾ ਦੇ ਅਗਲੇ ਪ੍ਰਧਾਨਮੰਤਰੀ ਬਣ ਜਾਣਗੇ।
ਮਾਰਕ ਕਾਰਨੀ ਦਾ ਜਨਮ 16 ਮਾਰਚ 1965 ਨੂੰ ਨਾਰਥ ਵੈਸਟ ਟੈਰਿਟਰੀਜ਼ ਦੇ ਫੋਰਟ ਸਮਿਥ ਵਿੱਚ ਹੋਇਆ ਸੀ। ਉਨ੍ਹਾਂ ਦਾ ਪਾਲਣ-ਪੋਸਣ ਐਡਮਿੰਟਨ, ਐਲਬਰਟਾ ਵਿੱਚ ਹੋਇਆ ਸੀ। ਉਨ੍ਹਾਂ ਨੇ 2008 ਤੋਂ 2013 ਤੱਕ ਬੈਂਕ ਆਫ਼ ਕਨੇਡਾ ਅਤੇ 2013 ਤੋਂ 2020 ਤੱਕ ਬੈਂਕ ਆਫ਼ ਇੰਗਲੈਂਡ ਦਾ ਸੰਚਾਲਨ ਕੀਤਾ ਸੀ। ਮਾਰਕ ਕਾਰਨੀ 2003 ਵਿੱਚ ਬੈਂਕ ਆਫ਼ ਕਨੇਡਾ ਦੇ ਡਿਪਟੀ ਗਵਰਨਰ ਨਿਯੁਕਤ ਹੋਏ ਸਨ। 2020 ਵਿੱਚ ਉਨ੍ਹਾਂ ਨੇ ਜਲਵਾਯੂ ਕਾਰਵਾਈ ਅਤੇ ਵਿੱਤ ਦੇ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। 2003 ਵਿੱਚ ਬੈਂਕ ਆਫ਼ ਕਨੇਡਾ ਦੇ ਡਿਪਟੀ ਗਵਰਨਰ ਨਿਯੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਟੋਕਿE, ਨਿਊਯਾਰਕ, ਲੰਡਨ ਅਤੇ ਟੋਰਾਂਟੋ ਵਿੱਚ 13 ਸਾਲ ਤੱਕ ਕੰਮ ਕੀਤਾ। ਉਨ੍ਹਾਂ ਨੂੰ ਰਾਜਨੀਤੀ ਦਾ ਕੋਈ ਅਨੁਭਵ ਨਹੀਂ ਹੈ।
ਉਨ੍ਹਾਂ ਨੇ 1988 ਵਿੱਚ ਹਾਰਵਰਡ ਯੂਨੀਵਰਿਸਟੀ ਤੋਂ ਆਰਥਸ਼ਾਸਤਰ ਵਿੱਚ ਡਿਗਰੀ ਅਤੇ ਆਕਸਫੋਰਡ ਯੂਨੀਵਰਿਸਟੀ ਤੋਂ ਅਰਥਸ਼ਾਸਤਰ ਵਿੱਚ ਮਾਸਟਰ ਅਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਕੋਲ ਕਨੇਡਾ, ਯੂਕੇ ਅਤੇ ਆਇਰਿਸ਼ ਨਾਗਰਿਕਤਾ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਸਿਰਫ਼ ਕਨੇਡਾ ਦੀ ਨਾਗਰਿਕਤਾ ਪ੍ਰਾਪਤ ਕਰਨ ਦਾ ਹੀ ਫੈਂਸਲਾ ਲਿਆ। ਉਨ੍ਹਾਂ ਦੀ ਪਤਨੀ ਡਾਇਨਾ ਬ੍ਰਿਿਟਸ਼ ਮੂਲ ਦੀ ਹੈ ਅਤੇ ਉਨ੍ਹਾਂ ਦੀਆਂ ਚਾਰ ਧੀਆਂ ਹਨ।