ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬ ਅਤੇ ਪਰਵਾਸ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ

Photo- Seminar 16 March 2025 b.resizedਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਰੋਜ਼ਾ (ਦੋ ਸੈਸ਼ਨ) ਰਾਸ਼ਟਰੀ ਸੈਮੀਨਾਰ ‘ਪੰਜਾਬ ਅਤੇ ਪਰਵਾਸ’ ਵਿਸ਼ੇ ’ਤੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਹ ਸੈਮੀਨਾਰ ਸ੍ਰੀ ਹਰਜੀਤ ਦੌਧਰੀਆ ਨੂੰ ਸਮਰਪਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ, ਸ੍ਰੀ ਸਵਰਨਜੀਤ ਸਵੀ, ਸ. ਅਮਰਜੀਤ ਸਿੰਘ ਗਰੇਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਮੁੱਖ  ਮਹਿਮਾਨ ਵਜੋਂ ਡਾ. ਸਰਦਾਰਾ ਸਿੰਘ ਸ਼ਾਮਲ ਸਨ। ਡਾ. ਸਰਬਜੀਤ ਸਿੰਘ ਜੀ ਆਇਆਂ ਕਹਿੰਦਿਆਂ ਅਕਾਡਮੀ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਪੰਜਾਬੀਆਂ ਦੇ ਪਰਵਾਸ ਦਾ ਸੰਕਟ ਬੜਾ ਗਹਿਰਾ ਹੈ। ਪੰਜਾਬੀਆਂ ਦੇ ਪਰਵਾਸ ਸੰਕਟ ਨੂੰ ਸਮਝਣ ਦੀ ਗੰਭੀਰ ਕੋਸ਼ਿਸ਼ ਨਹੀਂ ਹੋਈ। ਇਤਿਹਾਸ ਦੇ ਪਿਛੋਕੜ ਵਿਚ ਉਨ੍ਹਾਂ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਪਰਵਾਸ ਹਮੇਸ਼ਾ ਹੀ ਮਾੜਾ ਨਹੀਂ ਸੀ। ਆਰਥਿਕ ਸੰਕਟ ਹੀ ਨਹੀਂ ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਸ. ਅਮਰਜੀਤ ਸਿੰਘ ਗਰੇਵਾਲ ਨੇ ਉਦਘਾਟਨੀ ਸ਼ਬਦ ਬੋਲਦਿਆਂ ਕਿਹਾ ਕਿ ਅਸੀਂ ਅਜਿਹਾ ਦੌਰ ਵਿਚੋਂ ਲੰਘ ਰਹੇ ਹਾਂ। ਹਰ ਇਨਕਲਾਬ ਅਤੇ ਮਸ਼ੀਨੀ ਬੁੱਧੀਮਾਨਤਾ ਵਰਗਾ ਤਕਨੀਕੀ ਵਿਕਾਸ ਪਰਵਾਸ ਨੂੰ ਬੜਾ ਮੁੱਢੋਂ ਪ੍ਰਭਾਵਿਤ ਕਰਦਾ ਹੈ। ਪਰਵਾਸ ਦੀਆਂ ਬਹੁਤ ਸਾਰੀਆਂ ਪਰਤਾਂ ਬਣ ਗਈਆਂ ਹਨ ਜਿਸ ਨੂੰ ਸਮਝਣ ਦੀ ਲੋੜ ਹੈ।

ਮੁੱਖ ਬੁਲਾਰੇ ਡਾ. ਰਣਜੀਤ ਸਿੰਘ ਘੁੰਮਣ ਨੇ ਆਪਣੇ ਖੋਜ ਪੱਤਰ ’ਚ ਕਿਹਾ ਕਿ ਪਰਵਾਸ ਦੇ ਤੌਖ਼ਲੇ 1966 ਤੋਂ ਸ਼ੁਰੂ ਹੋ ਗਏ ਸਨ। ਪੰਜਾਬ ਦੀ ਤੰਤਰੀ ਤਾਣੀ ਉਲਝੀ ਹੋਈ ਹੈ। ਪੰਜਾਬ ਦੀ ਅਗਵਾਈ ਕਰਨ ਵਾਲਿਆਂ ਨੇ ਪੰਜਾਬ ਨੂੰ ਵਿਸਾਰ ਦਿੱਤਾ ਹੈ। ਪਰਵਾਸ ਸਥਾਈ ਵੀ ਹੁੰਦਾ ਹੈ ਅਤੇ ਅਸਥਾਈ ਵੀ ਹੁੰਦਾ ਹੈ। ਇਕ ਸਰਵੇਖਣ ਅਨੁਸਾਰ ਸੰਸਾਰ ਵਿਚ 3.75% ਲੋਕ ਹੀ ਆਪਣੀ ਜੰਮਣ ਭੋਇੰ ਛੱਡਦੇ ਹਨ। ਪਰਵਾਸੀ ਉਹ ਕੰਮ ਕਰਦੇ ਹਨ ਜੋ ਸਥਾਨਕ ਛੱਡ ਜਾਂਦੇ ਹਨ। ਪਰਵਾਸ ਦਾ ਆਧਾਰ ਆਰਥਿਕਤਾ ਹੈ।ਆਰਥਿਕਤਾ ਤੋਂ ਬਿਨਾਂ ਉਂਝ ਕੁਝ ਵੀ ਸੰਭਵ ਨਹੀਂ ਹੁੰਦਾ। ਕਈ ਵਾਰੀ ਸੰਕਟ ਵਿਚੋਂ ਵੀ ਹੱਲ ਨਿਕਲਦਾ ਹੈ। ਜਿਵੇਂ ਮੌਜੂਦਾ ਦੌਰ ਵਿਚ ਪਰਵਾਸ ਦੇ ਸੰਕਟ ਦੀ ਸਿਖ਼ਰ ਹੈ। 1992 ਤੋਂ ਪੰਜਾਬ ਦੀ ਵਿਕਾਸ ਦਰ ਹਰ ਸਾਲ ਥੱਲੇ ਜਾ ਰਹੀ ਹੈ। ਸ. ਗੁਰਪ੍ਰੀਤ ਸਿੰਘ ਤੂਰ ਨੇ ਪਰਵਾਸ ਬਾਰੇ ਖੋਜ ਭਰਪੂਰ ਵੱਖ ਵੱਖ ਅੰਕੜੇ ਪੇਸ਼ ਵਿਸਥਾਰ ਸਹਿਤ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪਰਵਾਸ ਇਛੱਤ ਵੀ ਹੁੰਦਾ ਹੈ ਅਤੇ ਅਣਇਛੱਤ ਵੀ। ਤੂਰ ਸਾਹਿਬ ਨੇ ਆਪਣੇ ਨਿੱਜੀ ਅਨੁਭਵ ਪੇਸ਼ ਕੀਤੇ। ਉਹਨਾਂ ਪਰਵਾਸ ਦੇ ਕਾਰਨ ਗਿਣਾਉਂਦਿਆਂ ਕਿਹਾ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਾੜਾ ਰਾਜਨੀਤਕ ਪ੍ਰਬੰਧ, ਚੰਗੀ ਸਰਕਾਰ ਦੀ ਘਾਟ, ਖੇਤੀ ਸੰਕਟ, ਮਾਪਿਆਂ ਦਾ ਡਰ, ਚਮਕ ਦਮਕ ਅਤੇ ਦਿਖਾਵੇ ਭਰੀ ਮਾਨਸਿਕਤਾ, ਪੰਜਾਬ ’ਚ ਕੋਈ ਭਵਿੱਖ ਨਾ ਹੋਣ ਦਾ ਬਿਰਤਾਂਤ ਹਨ। ਉਨ੍ਹਾਂ ਅੱਗੇ ਵਿਸਥਾਰ ਵਿਚ ਇਨ੍ਹਾਂ ਕਾਰਨਾਂ ਦੀ ਛਾਣਬੀਨ ਕਰਦਾ ਆਪਣਾ ਖੋਜ ਪੱਤਰ ਪੇਸ਼ ਕੀਤਾ।

ਡਾ. ਸੁਖਦੇਵ ਸਿੰਘ, ਪੀ.ਏ.ਯੂ. ਨੇ ਆਪਣੇ ਪੇਪਰ ’ਚ ਕਿਹਾ ਕਿ ਨਾਮੁਖੀ ਪਰਵਾਸ ਦੀਆਂ ਸਮੱਸਿਆਵਾਂ ਲਈ ਬਹੁਤੀ ਵਾਰੀ ਰਾਜਨੀਤੀ ਜ਼ਿੰਮੇਂਵਾਰ ਬਣਦੀ ਹੈ। ਪਿਛਲੇ ਦਿਨੀ ਡੋਨਾਲਡ ਟਰੰਪ ਦੇ ਬਿਆਨ ਨੇ ਪਰਵਾਸ ਦੀ ਸਮੱਸਿਆ ਨੂੰ ਹੋਰ ਉਲਝਾਉਣ ਵਿਚ ਭੂਚਾਲ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਪੰਜਾਬ ਦੇ ਛੋਟੇ ਕਿਸਾਨ ਸਿਰ 1925 ਵਿਚ ਆਮਦਨ ਤੋਂ ਅੱਠ ਗੁਣਾ ਵੱਧ ਕਰਜ਼ਾ ਹੁੰਦਾ ਸੀ ਪਰ ਹਰੇ ਇਨਕਲਾਬ 1966 ਨੇ ਲੋਕਾਂ ਦੀ ਸੋਚ ਦੇ ਨਾਲ ਬਦਲੀ ਹਾਲਤ ਕਾਰਨ ਪਰਵਾਸ ਵੱਲ ਝੁਕਾਅ ਹੋਇਆ ਹੈ। ਪਰਵਾਸ ਵਿਚ ਸਾਲ 1970 ਤੋਂ 2020 ਤੱਕ 300 ਪ੍ਰਤੀਸ਼ਤ ਵਾਧਾ ਹੋਇਆ ਹੈ। ਬਹੁਕੌਮੀ ਕਾਰਪੋਰੇਸ਼ਨਾਂ ਵਲੋਂ ਵਿਕਾਸ ਦਾ ਮਾਡਲ ਅਪਨਾਉਣਾ ਵੀ ਨਾਮੁਖੀ ਪਰਵਾਸ ਦੀਆਂ ਸਮੱਸਿਆਵਾਂ ਪੈਦਾ ਕਰਨ ਵਿਚ ਸਹਾਈ ਹੁੰਦਾ ਹੈ। ਇਸ ਸੈਸ਼ਨ ਦਾ ਮੰਚ ਸੰਚਾਲਨ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ।

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਵੀ ਨੇ ਦੱਸਿਆ ਪੰਜਾਬ ਕਲਾ ਪਰਿਸ਼ਦ ਚੰਡੀਗਡ੍ਹ ਵਲੋਂ 14 ਜਨਵਰੀ 2025 ਤੋਂ 29 ਮਾਰਚ 2025 ਤੱਕ ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਸੁਰਜੀਤ ਪਾਤਰ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਲੜੀ ਤਹਿਤ ਕੀਤੀਆਂ ਸਰਗਰਮੀਆਂ ਦਾ ਵਿਸਤ੍ਰਿਤ ਜ਼ਿਕਰ ਕੀਤਾ। ਇਸੇ ਲੜੀ ਤਹਿਤ ਇਹ ਰਾਸ਼ਟਰੀ ਸੈਮੀਨਾਰ ਹੋ ਰਿਹਾ ਹੈ। ਉਨ੍ਹਾਂ ਇਹ ਵੀ ਵਾਇਦਾ ਕੀਤਾ ਕਿ ਇਸ ਸੈਮੀਨਾਰ ਵਿਚ ਪੜ੍ਹੇ ਗਏ ਪੇਪਰ ਹੋਰ ਪੇਪਰਾਂ ਵਿਚ ਸ਼ਾਮਿਲ ਕਰਕੇ ਛਾਪੇ ਜਾਣਗੇ। ਜਿਸ ਵਿਚ ਇਥੇ 15 ਮਾਰਚ ਤੋਂ 17 ਮਾਰਚ ਤੱਕ ਆਰਟ ਵਰਕਸ਼ਾਪ ਵੀ ਲਗਾਈ ਗਈ ਹੈ। ਇਸ ਸੈਸ਼ਨ ਦੀ ਰਿਪੋਟਿੰਗ ਸ੍ਰੀ ਜਸਵੀਰ ਝੱਜ ਨੇ ਕੀਤੀ।

ਸੈਮੀਨਾਰ ਦੇ ਦੂਜੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਡਾ. ਪਾਲ ਕੌਰ, ਡਾ. ਹਰਜਿੰਦਰ ਸਿੰਘ ਦਿਲਗੀਰ, ਡਾ. ਜਸਵੀਰ ਸਿੰਘ, ਡਾ. ਬਲਜੀਤ ਸਿੰਘ ਸ਼ਾਮਲ ਸਨ। ਸੈਮੀਨਾਰ ਮੌਕੇ ਕਹਾਣੀਕਾਰ ਸ. ਜਰਨੈਲ ਸਿੰਘ (ਕੈਨੇਡਾ) ਨੇ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਇਕੱਲਾ ਕੈਨੇਡਾ ਹੀ ਨਹੀਂ ਸਗੋਂ ਬਹੁਤ ਸਾਰੇ ਦੇਸ਼ਾਂ ’ਚ ਪੰਜਾਬੀਆਂ ਨੇ ਪਰਵਾਸ ਕੀਤਾ ਹੈ ਅਤੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ। ਪਰ ਅੱਜ ਕਲ ਵਿਦੇਸ਼ਾਂ ’ਚ ਰਹਿ ਰਹੇ  ਨੌਜਵਾਨਾਂ ਦਾ ਭਵਿੱਖ ਖਤਰੇ ਵਿਚ ਹੈ। ਇਸ ਮੌਕੇ ਹਰਜਿੰਦਰ ਸਿੰਘ ਦਿਲਗੀਰ ਨਾਰਵੇ ਨੇ ਦਸਿਆ ਕਿ ਕਈ ਦੇਸ਼ਾਂ ਵਿਚ ਸਾਰੇ ਹੀ ਪਰਵਾਸੀ ਹਨ ਅਤੇ ਮੂਲ ਨਿਵਾਸੀ ਖਤਮ ਹੋ ਚੁੱਕੇ ਹਨ। ਬਾਹਰਲੇ ਦੇਸ਼ਾਂ ਵਿਚ ਖ਼ਾਸ ਤੌਰ ਤੇ ਇੰਗਲੈਂਡ ਵਿਚ ਜੋ ਲੜਕੀਆਂ ਜਾਂਦੀਆਂ ਹਨ ਉਨ੍ਹਾਂ ਦਾ ਕਈ ਤਰੀਕਿਆਂ ਨਾਲ ਸੋਸ਼ਣ ਕੀਤਾ ਜਾਂਦਾ ਹੈ। ਡਾ. ਜਸਵੀਰ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਭਾਵਪੂਰਤ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਰਵਾਸ ਦਾ ਮੁਖ ਕਾਰਨ ਆਰਥਿਕਤਾ ਹੈ। ਜ਼ਿਆਦਾ ਜ਼ਮੀਨਾਂ ਵਾਲੇ ਵੀ ਵਿਦੇਸ਼ਾਂ ਵਿਚ ਜਾ ਰਹੇ ਹਨ ਕਿਉਂਕਿ ਖੇਤੀ ਦਾ ਚਰਚਾ ਵੀ ਬਹੁਤ ਭਾਰਾ ਹੈ। ਉਹ ਆਪਣਾ ਭਵਿੱਖ ਰੁਜ਼ਗਾਰ ਤੇ ਰੋਟੀ ਨਾਲ ਜੋੜ ਕੇ ਵੇਖਦੇ ਹਨ। ਡਾ. ਬਲਜੀਤ ਸਿੰਘ ਨੇ ਆਪਣਾ ਪੇਪਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿਚ ਰੁਜ਼ਗਾਰ ਦੀ ਮਾੜੀ ਹਾਲਤ ਹੈ ਇਸ ਕਰਕੇ ਮਜਬੂਰੀ ਵਿਚ ਸਾਡੇ ਨੌਜਵਾਨ ਵਿਦੇਸ਼ ’ਚ ਜਾ ਰਹੇ ਹਨ। ਉਹਨਾਂ ਪ੍ਰਵਾਸ ਬਾਰੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪ੍ਰਸ਼ਨ ਖੜ੍ਹੇ ਕੀਤੇ।
ਸੈਮੀਨਾਰ ਮੌਕੇ ਵਿਚਾਰ ਚਰਚਾ ਵਿਚ ਬਹਿਸ ਦਾ ਆਰੰਭ ਕਰਦਿਆਂ ਸਤਨਾਮ ਚਾਨਾ ਨੇ ਮਸਲੇ ਦੀ ਜੜ੍ਹ ਬਾਰੇ ਗਲ ਕਰਦਿਆਂ ਕਿਹਾ ਕਿ ਮੁੜ ਪ੍ਰਵਾਸ ਕਾਰਪੋਰੇਟ ਵਿਕਾਸ ਦੀ ਲੋੜ ਹੈ ਜੋ ਸਾਡੀਆਂ ਸਰਕਾਰਾਂ ਦੇ ਗਲ ਮੜ੍ਹੀ ਜਾ ਰਹੀ ਹੈ। ਸਾਡੀਆਂ ਸਰਕਾਰਾਂ ਉਹਨਾਂ ਦਾ ਏਜੰਡਾ ਲਾਗੂ ਕਰ ਰਹੀਆਂ ਹਨ ਜਦੋਂ ਕਿ ਵਾਜਬ ਪਰਵਾਸ ਕੁਦਰਤੀ ਹੈ ਗ਼ੈਰ ਕੁਦਰਤੀ ਪ੍ਰਵਾਸ ਵਿਕਸਤ ਦੇਸ਼ਾਂ ਦੀ ਸ਼ਰਾਰਤੀ ਨੀਤੀ ਹੈ।  ਬ੍ਰਿਜ ਭੂਸ਼ਨ, ਜਸਪਾਲ ਸਿੰਘ, ਮਨਦੀਪ ਕੌਰ ਭੰਮਰਾ, ਬਲਕੌਰ ਸਿੰਘ ਆਦਿ ਨੇ ਵੀ ਵਿਚਾਰ ਚਰਚਾ ਵਿਚ ਭਾਗ ਲਿਆ। ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਦੀ ਜਾਨ ’ਤੇ ਬਣਦੀ ਹੈ ਉਦੋਂ ਹੀ ਉਹ ਆਪਣੀ ਧਰਤੀ ਛੱਡਦਾ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਬੁਲਾਰਿਆਂ ਨੇ ਵਿਸ਼ੇ ’ਤੇ ਕੇਂਦਰਿਤ ਰਹਿ ਕੇ ਇਸ ਨੂੰ ਪੂਰੀ ਤਰ੍ਹਾਂ ਹੰਗਾਲਿਆ ਹੈ ਅਤੇ ਕਈ ਨਵੇਂ ਪੱਖ ਵੀ ਵਿਚਾਰੇ ਹਨ। ਇਹੋ ਜਿਹੇ ਸੈਮੀਨਾਰ ਭਵਿੱਖ ਵਿਚ ਵੀ ਹੁੰਦੇ ਰਹਿਣੇ ਚਾਹੀਦੇ ਹਨ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ ਅਤੇ ਡਾ. ਹਰੀ ਸਿੰਘ ਜਾਚਕ ਨੇ ਰਿਪੋਟਿੰਗ ਕੀਤੀ।

ਇਸ ਮੌਕੇ ਸ੍ਰੀ ਜਸਵੀਰ ਝੱਜ ਨੇ ਤਰੰਨੁਮ ’ਚ ‘ਜਾਣਾ ਅੱਗੇ ਹੋਰ’ ਗੀਤ ਸੁਣਾਇਆ। ਸੈਮੀਨਾਰ ਮੌਕੇ ਸੁਰਿੰਦਰ ਕੈਲੇ, ਸ. ਹੀਰਾ ਸਿੰਘ ਰੰਧਾਵਾ (ਕੈਨੇਡਾ), ਡਾ. ਨਿਰਮਲ ਜੌੜਾ, ਡਾ. ਹਰਵਿੰਦਰ ਸਿੰਘ ਸਿਰਸਾ, ਸ਼ਬਦੀਸ਼, ਜਨਮੇਜਾ ਸਿੰਘ ਜੌਹਲ, ਚਰਨਜੀਤ ਸਿੰਘ, ਸੋਮਾ ਸਬਲੋਕ, ਇੰਦਰਜੀਤਪਾਲ ਕੌਰ, ਮਨਦੀਪ ਕੌਰ ਭੰਮਰਾ, ਸੁਰਿੰਦਰਦੀਪ, ਤਰਲੋਚਨ ਸਿੰਘ, ਸੁਰਜੀਤ ਬਰਾੜ, ਰਵੀ ਰਵਿੰਦਰ, ਜਸਪ੍ਰੀਤ ਕੌਰ ਅਮਲਤਾਸ,  ਸਤਿਨਾਮ ਸਿੰਘ ਕੋਮਲ, ਕੇਵਲ ਸਿੰਘ ਬਨਵੈਤ, ਰਮੇਸ਼ ਰਤਨ, ਮਨਿੰਦਰ ਸਿੰਘ ਭਾਟੀਆ, ਬਲਦੀਪ ਸਿੰਘ ਅੜ੍ਹੈਚਾ, ਡਾ. ਪਵਨ ਸ਼ਰਮਾ, ਗੁਰਸਾਹਿਬ ਸਿੰਘ, ਰਮਣੀਕ ਕੌਰ, ਹਰਪਾਲ ਸਿੰਘ ਮਾਂਗਟ, ਅਮਰਜੀਤ ਸਿੰਘ ਟਾਂਡਾ, ਬਲਜੀਤ ਸਿੰਘ ਵਿਰਕ, ਰਣਧੀਰ ਸਿੰਘ, ਰਾਜ ਕੁਮਾਰ ਦਲਜੀਤ ਬਾਗੀ, ਗੁਰਦੀਪ ਸਿੰਘ, ਜਸਪਾਲ ਸਿੰਘ, ਮੇਜ ਸਿੰਘ, ਗੁਰਵਿੰਦਰ ਕੌਰ, ਮਹਿਤਾਬ ਸਿੰਘ,, ਗੁਰਮੀਤ ਸਿੰਘ, ਅਮਰਜੀਤ ਸ਼ੇਰਪੁਰੀ, ਹਰਜਿੰਦਰ ਸਿੰਘ ਜਵੱਦੀ, ਰਣਜੀਤ ਸਿੰਘ, ਪ੍ਰੋ. ਗੁਰਦੇਵ ਸਿੰਘ ਸੰਦੌੜ, ਬਲਵਿੰਦਰਪਾਲ ਸਿੰਘ, ਡਾ. ਬਲਵਿੰਦਰ ਸਿੰਘ ਗਲੈਕਸੀ, ਰਣਜੀਤ ਸਿੰਘ ਘੁੰਮਣ, ਇੰਦਰਜੀਤ ਕੌਰ, ਸੀਮਾ ਦੇਵੀ, ਡਾ. ਹਰਮੀਤ ਕੌਰ ਸਿੱਧੂ, ਡਾ. ਜਗਪ੍ਰੀਤ ਕੌਰ, ਪੂਜਾ ਰਾਣੀ, ਸੰਦੀਪ ਕੌਰ, ਮਨੀਸ਼ਾ, ਡਾ. ਬਲਵਿੰਦਰ ਸਿੰਘ ਥਿੰਦ, ਦਲਵੀਰ ਕਲੇਰ, ਬਲਵਿੰਦਰ ਬੱਲੀ, ਨਵਤੇਜ ਗੜ੍ਹਦੀਵਾਲਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>