ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਬਿਲਡਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਖੇਤਰੀ ਦਫ਼ਤਰ ਕੋਲ ਹੈ। ਪਿਛਲੇ ਦਿਨੀਂ ਕੁਝ ਅਖ਼ਬਾਰਾਂ ਵਿਚ ਖ਼ਬਰਾਂ ਲੱਗੀਆਂ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਕਿਰਾਇਆ ਵਧਾਉਣ ’ਤੇ ਕੋਈ ਰੇੜਕਾ ਹੈ ਤੇ ਅਕਾਡਮੀ ਦੇ ਅਹੁਦੇਦਾਰਾਂ ਨੇ ਗੇਟ ਬੰਦ ਕਰਕੇ ਬੋਰਡ ਦੇ ਵਾਹਨ ਆਉਣੇ ਬੰਦ ਕਰ ਦਿੱਤੇ ਹਨ। ਇਸ ਵਿÎਸ਼ੇ ’ਤੇ ਅਕਾਡਮੀ ਦੇ ਪ੍ਰਮੁੱਖ ਅਹੁਦੇਦਾਰ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ, ਦੋਨੋਂ ਸਕੱਤਰ ਸ੍ਰੀ ਜਸਵੀਰ ਝੱਜ ਅਤੇ ਡਾ. ਹਰੀ ਸਿੰਘ ਜਾਚਕ ਨੇ ਮੀਟਿੰਗ ਕਰਕੇ ਸਪੱਸ਼ਟੀਕਰਨ ਦਾ ਪ੍ਰੈੱਸ ਨੋਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਜਦੋਂ ਕਿ ਅਸਲ ਕਹਾਣੀ ਇਹ ਹੈ ਕਿ ਅਕਾਡਮੀ ਲੰਮੇ ਸਮੇਂ ਤੋਂ (ਅਕਤੂਬਰ 2023 ਤੋਂ) ਹੁਣ ਤੱਕ ਚਿੱਠੀਆਂ ਲਿਖ ਰਹੀ ਹੈ ਕਿ ਪੰਜਾਬੀ ਭਵਨ, ਲੁਧਿਆਣਾ ਦੇ ਕੈਂਪਸ ਵਿਚ ਭਾਰੀ ਵਾਹਨ ਆਉਣੇ ਬੰਦ ਕੀਤੇ ਜਾਣ। ਬੋਰਡ ਦੇ ਅਧਿਕਾਰੀ ਇਹ ਕਹਿੰਦੇ ਰਹੇ ਕਿ ਅਸੀਂ ਇਹ ਵਾਹਨ ਇਕਰਾਰਨਾਮੇ ’ਚ ਸ਼ਾਮਿਲ ਸ਼ਰਤ ਅਧੀਨ ਲਿਆਉਂਦੇ ਹਾਂ। ਪ੍ਰੰਤੂ ਜਦੋਂ ਇਕਰਾਰਨਾਮਾ ਬਾਰੀਕਬੀਨੀ ਨਾਲ ਵੇਖਿਆ ਗਿਆ ਤਾਂ ਉਸ ਵਿਚ ਅਜਿਹੀ ਕੋਈ ਸ਼ਰਤ ਨਹੀਂ ਹੈ। ਸੋ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਲੰਮੇ ਸਮੇਂ ਤੋਂ ਚਿੱਠੀਆਂ ਲਿਖਣ ਦੇ ਬਾਵਜੂਦ ਹੁਣ ਤੱਕ ਬੋਰਡ ਵਲੋਂ ਅਮਲ ਕਰਨ ਕਰਕੇ ਮਜਬੂਰੀ ਵਿਚ ਇਹ ਕਦਮ ਉਠਾ ਰਹੇ ਹਾਂ।
ਇਹ ਵੀ ਜ਼ਿਕਰਯੋਗ ਹੈ ਕਿ ਬੋਰਡ ਨਾਲ ਕਿਰਾਏ ਸੰਬੰਧੀ ਇਕਰਾਰਨਾਮਾ 28 ਫ਼ਰਵਰੀ, 2025 ਨੂੰ ਖ਼ਤਮ ਹੋ ਚੁੱਕਾ ਹੈ। ਅੱਗੇ ਕਿਰਾਇਆ ਵਧਾਉਣ ਲਈ 07 ਮਾਰਚ ਦੀ ਮੀਟਿੰਗ ਵਿਚ ਕੋਈ ਸਹਿਮਤੀ ਨਹੀਂ ਬਣ ਸਕੀ। ਖੇਤਰੀ ਦਫ਼ਤਰ ਦੀ ਬਿਲਡਿੰਗ ਖ਼ਾਲੀ ਕਰਨ ਲਈ 10 ਮਾਰਚ, 2025 ਨੂੰ ਅਕਾਡਮੀ ਵਲੋਂ ਪੱਤਰ ਲਿਖਿਆ ਜਾ ਚੁੱਕਾ ਹੈ।