ਲੁਧਿਆਣਾ – ਪੀਏਯੂ ਦੇ ਡਾਕਟਰ ਡੀ ਆਰ ਭੁੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਲਾਏ ਗਏ ਕਿਸਾਨ ਮੇਲੇ ਨਾਲ ਅੱਜ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੀ ਲੜੀ ਦੀ ਸ਼ੁਰੂਆਤ ਹੋਈ। ਅੱਜ ਦੇ ਇਸ ਮੇਲੇ ਵਿੱਚ ਕੰਢੀ ਖੇਤਰ ਵਿਚ ਆਉਂਦੇ ਫਸਲੀ ਸੀਜ਼ਨ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ, ਉਤਪਾਦਨ ਵਿਧੀਆਂ, ਕੀੜਿਆਂ ਅਤੇ ਬਿਮਾਰੀਆਂ ਦੇ ਨਾਲ ਖੇਤ ਮਸ਼ੀਨਰੀ ਅਤੇ ਹੋਰ ਵਿਸ਼ਿਆਂ ਬਾਰੇ ਇਲਾਕੇ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਅੱਜ ਮੇਲੇ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਵਿਸ਼ਵ ਭੋਜਨ ਪੁਰਸਕਾਰ ਜੇਤੂ ਵਿਗਿਆਨੀ ਡਾ ਗੁਰਦੇਵ ਸਿੰਘ ਖੁਸ਼ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉੱਘੇ ਕੌਮਾਂਤਰੀ ਖੇਤੀ ਵਿਗਿਆਨੀ ਡਾ ਬਿਕਰਮ ਸਿੰਘ ਗਿੱਲ ਨੇ ਹਾਜ਼ਰੀ ਭਰੀ। ਉਨ੍ਹਾਂ ਨਾਲ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ ਅੰਕੁਰਜੀਤ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਅਤੇ ਬਲਾਚੌਰ ਦੇ ਐੱਸ ਡੀ ਐਮ ਸ਼੍ਰੀ ਰਵਿੰਦਰ ਕੁਮਾਰ ਬੰਸਲ ਵੀ ਮੰਚ ਤੇ ਸੁਸ਼ੋਭਿਤ ਸਨ।
ਮੁੱਖ ਮਹਿਮਾਨ ਡਾ ਗੁਰਦੇਵ ਸਿੰਘ ਖੁਸ਼ ਨੇ ਕਿਸਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ । ਉਨ੍ਹਾਂ ਇਸ ਇਲਾਕੇ ਦੇ ਲੋਕਾਂ ਵਲੋਂ ਆਪਣੇ ਜਲਵਾਯੂ ਦੀ ਸੰਭਾਲ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਬੜੇ ਸਾਰਥਕ ਯਤਨਾਂ ਸਦਕਾ ਇਥੇ ਖੇਤਰੀ ਖੋਜ ਕੇਂਦਰ ਬਣਾਇਆ ਹੈ। ਇਸ ਇਲਾਕੇ ਲਈ ਖਾਸ ਤਰ੍ਹਾਂ ਦੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਤਾਂ ਵਿਕਸਿਤ ਕੀਤੀਆਂ ਹੀ ਗਈਆਂ ਨਾਲ ਹੀ ਪੀ ਏ ਯੂ ਦਾ ਖੇਤੀਬਾੜੀ ਕਾਲਜ ਇਥੇ ਸਥਾਪਿਤ ਹੋਣਾ ਵੀ ਬੜਾ ਇਨਕਲਾਬੀ ਕਦਮ ਹੈ। ਇਸਦੇ ਨਾਲ ਨਾਲ ਇਲਾਕੇ ਦੀਆਂ ਲੋੜਾਂ ਅਨੁਸਾਰ ਨਵੀਆਂ ਕਿਸਮਾਂ ਦੇ ਵਿਕਾਸ ਲਈ ਯਤਨ ਲਗਾਤਾਰ ਕੀਤੇ ਜਾ ਰਹੇ ਹਨ। ਅੱਜ ਦੇ ਸਮੇਂ ਵਿੱਚ ਪਾਣੀ ਅਤੇ ਭੂਮੀ ਦੀ ਸੰਭਾਲ ਬਾਰੇ ਹੋਰ ਜਾਗਰੂਕਤਾ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਡਾ ਖੁਸ਼ ਨੇ ਕਿਹਾ ਕਿ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਇਹ ਜ਼ਰੂਰੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਜੈਵਿਕ ਭਿੰਨਤਾ ਬੜਾ ਅਹਿਮ ਪੱਖ ਹੈ ਤੇ ਇਸਦੇ ਅਧਾਰ ਤੇ ਰਸਾਇਣ ਮੁਕਤ ਖੇਤੀ ਲਈ ਢੁਕਵੇਂ ਕਦਮ ਚੁੱਕੇ ਜਾ ਸਕਦੇ ਹਨ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਖੇਤ ਫਸਲਾਂ ਦੇ ਨਾਲ ਨਾਲ ਬਾਗਬਾਨੀ ਫਸਲਾਂ ਵਿਸ਼ੇਸ਼ ਕਰਕੇ ਸਬਜ਼ੀਆਂ ਅਤੇ ਫਲਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਡਾ ਖੁਸ਼ ਨੇ ਕਿਹਾ ਕਿ ਉਹ ਇਸ ਇਲਾਕੇ ਵਿਚ ਆ ਕੇ ਪ੍ਰਸੰਨ ਹਨ ਤੇ ਮੌਕਾ ਮਿਲਣ ਤੇ ਫਿਰ ਏਥੇ ਆਉਣ ਦੀ ਖੁਸ਼ੀ ਹਾਸਿਲ ਕਰਨਾ ਚਾਹੁਣਗੇ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਇਲਾਕੇ ਵਿਚ ਖੇਤੀ ਦੇ ਵਿਕਾਸ ਲਈ ਬੱਲੋਵਾਲ ਸੌਂਖੜੀ ਕੇਂਦਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੇਲੇ ਦਾ ਉਦੇਸ਼ ‘ਨਵੀਆਂ ਖੇਤੀ ਤਕਨੀਕਾਂ ਅਪਣਾਓ, ਖਰਚ ਘਟਾਓ, ਝਾੜ ਵਧਾਓ’ ਮੌਜੂਦਾ ਖੇਤੀ ਚੁਣੌਤੀਆਂ ਦੇ ਸਮਵਿਥ ਰੱਖਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਨਵੀਆਂ ਕਿਸਮਾਂ, ਸਬਜ਼ੀਆਂ ਦੇ ਬੀਜ, ਖੇਤੀ ਸਾਹਿਤ ਆਦਿ ਖਰੀਦਣ ਲਈ ਪ੍ਰੇਰਿਤ ਕਰਦਿਆਂ ਅਜੋਕੇ ਸਮੇਂ ਵਿਚ ਵਿਗਿਆਨਕ ਖੇਤੀ ਦੀ ਮਹੱਤਤਾ ਉਜਾਗਰ ਕੀਤੀ। ਡਾ ਗੋਸਲ ਨੇ ਕਿਹਾ ਕਿ ਹਰੀ ਕ੍ਰਾਂਤੀ ਨੇ ਉਪਜ ਪੱਖੋਂ ਬਹੁਤ ਬਿਹਤਰੀਨ ਕੰਮ ਕੀਤਾ ਹੈ। ਪਰ ਹੁਣ ਉਪਜ ਦੇ ਨਾਲ ਨਾਲ ਵਾਤਾਵਰਨ ਦੀ ਸੰਭਾਲ ਦੀ ਚਿੰਤਾ ਨੂੰ ਵੀ ਸਾਮ੍ਹਣੇ ਰੱਖਣਾ ਹੀ ਪਵੇਗਾ। ਇਸ ਇਲਾਕੇ ਵਿਚ ਵਣ ਖੇਤੀ ਦੀਆਂ ਸਿਫਾਰਿਸ਼ਾਂ ਅਪਣਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਵਾਈਸ ਚਾਂਸਲਰ ਨੇ ਅੰਤਰ ਫਸਲੀ ਚੱਕਰ ਵਿਚ ਬਦਲਾਅ ਉੱਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਛੋਟੀ ਕਿਸਾਨੀ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਲਈ ਸਬਜ਼ੀਆਂ, ਚਾਰਿਆਂ ਅਤੇ ਤੇਲ ਬੀਜਾਂ ਦੀਆਂ ਕਿੱਟਾਂ ਵਿਕਸਿਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਨੂੰ ਉੱਦਮ ਨਾਲ ਜੋੜ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਤੇ ਇਸ ਕਾਰਜ ਲਈ ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਭੋਜਨ ਉਦਯੋਗ ਬਿਜ਼ਨਸ ਇੰਕੁਬੇਸ਼ਨ ਸੈਂਟਰ ਕਿਸਾਨਾਂ ਦੀ ਸੇਵਾ ਲਈ ਹਾਜ਼ਿਰ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਨਿਰਮਾਤਾ ਸੰਗਠਨਾਂ ਦੀ ਸਥਾਪਤੀ ਕਰਕੇ ਸਵੈ ਮੰਡੀਕਰਨ ਅਪਣਾਉਣ ਵਧਾਉਣ ਉੱਪਰ ਬਲ ਦਿੱਤਾ।
ਡਾ ਗੋਸਲ ਨੇ ਕੰਢੀ ਖੇਤਰ ਦੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਖੇਤੀ ਸਿੱਖਿਆ ਨਾਲ ਜੋੜਨ ਅਤੇ ਇਸ ਮੰਤਵ ਲਈ ਸਥਾਪਿਤ ਕੀਤੇ ਖੇਤੀਬਾੜੀ ਕਾਲਜ ਦੀ ਭਰਪੂਰ ਵਰਤੋਂ ਕਰਨ।
ਡਾ ਬਿਕਰਮ ਸਿੰਘ ਗਿੱਲ ਨੇ ਆਪਣੀ ਟਿੱਪਣੀ ਦੌਰਾਨ ਵਾਤਾਵਰਨ ਦੀ ਸੰਭਾਲ ਅਤੇ ਖੇਤੀ ਦੇ ਆਪਸੀ ਸੰਬੰਧਾਂ ਬਾਰੇ ਫ਼ਿਕਰਮੰਦੀ ਜ਼ਹਿਰ ਕੀਤੀ। ਉਨ੍ਹਾਂ ਕਿਸਾਨਾਂ ਅਤੇ ਮਾਹਿਰਾਂ ਨੂੰ ਪੌਣ ਪਾਣੀ ਦੀ ਸੰਭਾਲ ਲਈ ਰਲ ਕੇ ਹੰਭਲਾ ਮਾਰਨ ਲਈ ਪ੍ਰੇਰਿਤ ਕਰਦਿਆਂ ਇਕ ਭਾਵਪੂਰਤ ਕਵਿਤਾ ਪੇਸ਼ ਕੀਤੀ।
ਡਿਪਟੀ ਕਮਿਸ਼ਨਰ ਸ ਅੰਕੁਰਜੀਤ ਸਿੰਘ ਨੇ ਇਸ ਇਲਾਕੇ ਵਿਚ ਕਿਸਾਨ ਮੇਲਾ ਲਾਉਣ ਲਈ ਪੀ ਏ ਯੂ ਦਾ ਧੰਨਵਾਦ ਕਰਦਿਆਂ, ਪੌਣ, ਪਾਣੀ ਅਤੇ ਧਰਤੀ ਸੰਭਾਲਣ ਲਈ ਬਹੁਤ ਸੰਜੀਦਾ ਯਤਨਾਂ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪੰਜਾਬ ਦੀ ਪਛਾਣ ਖੇਤੀ ਨੂੰ ਬਣਾਇਆ ਤੇ ਦੇਸ਼ ਨੂੰ ਅੰਨ ਪੱਖੋਂ ਸਵੈ ਨਿਰਭਰ ਬਣਾਇਆ। ਹਰੀ ਕ੍ਰਾਂਤੀ ਲਿਆਉਣ ਲਈ ਪੀ ਏ ਯੂ ਵਲੋਂ ਪਾਏ ਯੋਗਦਾਨ ਨੂੰ ਉਨ੍ਹਾਂ ਲਾਸਾਨੀ ਕਿਹਾ ਤੇ ਮੌਜੂਦਾ ਸਮੇਂ ਵਿਚ ਦੂਸਰੇ ਇਨਕਲਾਬ ਵਜੋਂ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਉੱਪਰ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਕਿਸਾਨਾਂ ਅਤੇ ਖੇਤੀ ਦੀ ਬਿਹਤਰੀ ਲਈ ਸਰਕਾਰੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸਤਨਾਮ ਸਿੰਘ ਜਲਾਲਪੁਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ ਅਤੇ ਹੋਰ ਰਸਾਇਣਾਂ ਦੀ ਵਰਤੋਂ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਤਜਵੀਜ਼ਾਂ ਅਨੁਸਾਰ ਹੀ ਕੀਤੀ ਜਾਵੇ।
ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਕਿਹਾ ਕਿ ਯੂਨੀਵਰਸਿਟੀ ਨੇ ਕਿਸਾਨੀ ਦੀ ਬਿਹਤਰੀ ਲਈ ਹੁਣ ਤਕ 950 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਹਨ। ਉਨ੍ਹਾਂ ਕੰਢੀ ਖੇਤਰ ਲਈ ਸਾਉਣੀ ਲਈ ਫਸਲਾਂ ਦੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਹੋਰ ਸਿਫਾਰਿਸ਼ਾਂ ਨਾਲ ਸਾਂਝ ਪਵਾਈ। ਉਨਾਂ ਯੂਨੀਵਰਸਿਟੀ ਦੀ ਨਵੀਂ ਸਿਫਾਰਿਸ਼ ਪਰਮਲ ਝੋਨੇ ਦੀ ਦਰਮਿਆਨ ਸਮੇਂ ਵਿੱਚ ਪੱਕਣ ਵਾਲੀ ਕਿਸਮ
ਪੀ ਆਰ-132 ਬਾਰੇ ਦੱਸਿਆ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਕਿਸਮ ਲਈ ਹੋਰ ਕਿਸਮਾਂ ਨਾਲੋਂ 25 ਫੀਸਦੀ ਘੱਟ ਨਾਈਟਰੋਜਨ ਖਾਦ ਪੈਂਦੀ ਹੈ। ਇਹ ਕਿਸਮ ਲੁਆਈ ਤੋਂ ਬਾਅਦ 111 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਚੌਲਾਂ ਦੇ ਵਧੀਆ ਮਿਆਰ ਵਾਲੀ ਇਸ ਕਿਸਮ ਦਾ ਔਸਤਨ ਝਾੜ ਸਾਢੇ 31 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ।
ਇਸੇ ਤਰ੍ਹਾਂ ਡਾ ਢੱਟ ਨੇ ਮੱਕੀ ਦੀ ਕਿਸਮ ਪੀਐਮਐਚ -17 ਦਾ ਬਾਰੇ ਵੀ ਦੱਸਿਆ। ਇਹ ਕਿਸਮ 96 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਦਾਣਿਆਂ ਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਕਿਸਮ ਇਥੇਨੌਲ ਬਣਾਉਣ ਲਈ ਬੇਹੱਦ ਢੁਕਵੀਂ ਅਤੇ ਇਸ ਕਿਸਮ ਵਿਚ ਫਾਲ ਆਰਮੀਵਰਮ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਹੈ।
ਉਨਾਂ ਨੇ ਨਵੀਆਂ ਕਿਸਮਾਂ ਵਿੱਚ ਪੁਦੀਨੇ ਦੀ ਕਿਸਮ ਸਿਮ ਉੱਨਤੀ ਅਤੇ ਮੋਟੇ ਅਨਾਜ ਦੀ ਕਿਸਮ ਪੰਜਾਬ ਕੰਗਣੀ-1 ਬਾਰੇ ਵੀ ਜ਼ਿਕਰ ਕੀਤਾ। ਆਲੂਆਂ ਦੀਆਂ ਦੋ ਕਿਸਮਾਂ ਪੰਜਾਬ ਪੋਟੈਟੋ-103 ਅਤੇ ਪੰਜਾਬ ਪੋਟੈਟੋ -104 ਦੇ ਗੁਣਾਂ ਦੀ ਵਿਆਖਿਆ ਕੀਤੀ। ਗੋਭੀ ਦੀ ਕਿਸਮ -2527 , ਸੰਤਰੀ ਗਾਜਰ ਦੀ ਕਿਸਮ ਪੀ ਸੀ ਓ -2 ਅਤੇ ਫਰਾਂਸ ਬੀਨ ਦੀਆਂ ਨਵੀਆਂ ਕਿਸਮਾਂ ਦਾ ਜ਼ਿਕਰ ਕੀਤਾ। ਫਲਾਂ ਵਿਚ ਰਸਭਰੀ ਦੀਆਂ ਨਵੀਆਂ ਕਿਸਮਾਂ ਅਤੇ ਗਰੇਪਫਰੂਟ ਦੇ ਗੁਣਾਂ ਬਾਰੇ ਵੀ ਦੱਸਿਆ। ਨਾਲ ਹੀ ਉਨ੍ਹਾਂ ਗੁਲਦਾਊਦੀ ਦੀਆਂ ਕਿਸਮਾਂ ਬਾਰੇ ਫੁੱਲ ਪ੍ਰੇਮੀਆਂ ਅਤੇ ਉਤਪਾਦਕਾਂ ਨੂੰ ਦੱਸਿਆ।
ਇਸੇ ਦੌਰਾਨ ਨਿਰਦੇਸ਼ਕ ਖੋਜ ਨੇ ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਨੇ ਵਣ ਖੇਤੀ ਬਾਰੇ ਵੀ ਪੀਏਯੂ ਵੱਲੋਂ ਕੀਤੀਆਂ ਜਾ ਰਹੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ।
ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਕਹਿੰਦਿਆਂ ਮਾਰਚ ਦੇ ਕਿਸਾਨ ਮੇਲਿਆਂ ਦੀ ਰੂਪ ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਿਰੰਤਰ ਖੋਜ ਦੇ ਜ਼ਰੀਏ ਨਵੀਆਂ ਅਤੇ ਵਿਗਿਆਨਕ ਖੇਤੀ ਵਿਧੀਆਂ ਨੂੰ ਕਿਸਾਨਾਂ ਤਕ ਪੁਚਾਉਣ ਲਈ ਯਤਨਸ਼ੀਲ ਹੈ। ਨਾਲ ਹੀ ਡਾ ਭੁੱਲਰ ਨੇ ਕਿਸਾਨਾਂ ਨੂੰ ਆਪਣੇ ਨਜ਼ਦੀਕ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੋਜ ਕੇਂਦਰ ਨਾਲ ਸੰਪਰਕ ਵਿਚ ਰਹਿਣ ਦੀ ਅਪੀਲ ਕੀਤੀ।
ਅੰਤ ਵਿੱਚ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ ਮਨਮੋਹਨਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਉਨ੍ਹਾਂ ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੁੜਨ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਨਵੀਂ ਖੇਤੀ ਲਈ ਪੀ ਏ ਯੂ ਦੇ ਖੇਤੀ ਸਾਹਿਤ ਨਾਲ ਜੋੜਨ ਦੀ ਅਪੀਲ ਕੀਤੀ।
ਮੇਲੇ ਦੇ ਸ਼ੁਰੂਆਤੀ ਸੈਸ਼ਨ ਵਿਚ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਪਤਵੰਤਿਆਂ ਵਲੋਂ ਕੀਤਾ ਗਿਆ। ਇਨ੍ਹਾਂ ਕਿਸਾਨਾਂ ਵਿਚ ਸ਼ਹਿਦ ਮੱਖੀ ਪਾਲਣ ਲਈ ਪਿੰਡ ਰਾਮਪੁਰ ਸੈਣੀਆਂ ਦੇ ਸ ਗੁਰਮੀਤ ਸਿੰਘ, ਸੋਇਆਬੀਨ ਦੀ ਕਾਸ਼ਤ ਲਈ ਜੰਡਿਆਲਾ ਦੇ ਸ ਜੁਝਾਰ ਸਿੰਘ, ਪਿੰਡ ਫਤਿਹਪੁਰ ਦੇ ਸ ਮਨਪ੍ਰੀਤ ਸਿੰਘ, ਹੈਬੋਵਾਲ ਦੇ ਸ਼੍ਰੀ ਸੌਰਵ ਕੁਮਾਰ, ਨੈਨਵਾਲ ਦੇ ਸ ਜਗਦੀਪ ਸਿੰਘ ਸ਼ਾਮਿਲ ਸਨ। ਲੰਗਰ ਦੀ ਸੇਵਾ ਲਈ ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ, ਚਮਕੌਰ ਸਾਹਿਬ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵਲੋਂ ਗਿੱਧਾ ਅਤੇ ਕਵਿਤਾ ਸਮੇਤ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਕਿਸਾਨਾਂ ਲਈ ਸਾਉਣੀ ਦੀਆਂ ਫਸਲਾਂ ਦੀ ਕਿਤਾਬ ਜਾਰੀ ਕੀਤੀ ਗਈ। ਖੇਤਰੀ ਖੌਜ ਕੇਂਦਰ ਅਤੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਿਲ ਕੇ ਚਾਹ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
ਮੇਲੇ ਵਿੱਚ ਪੀ ਏ ਯੂ ਦੇ ਵੱਖ ਵੱਖ ਕੇਂਦਰਾਂ, ਵਿਭਾਗਾਂ , ਸਵੈ ਸੇਵੀ ਸਮੂਹਾਂ, ਕਿਸਾਨ ਨਿਰਮਾਤਾ ਸੰਗਠਨਾਂ ਅਤੇ ਨਿੱਜੀ ਕੰਪਨੀਆਂ ਦੇ ਸਟਾਲ ਭਾਰੀ ਗਿਣਤੀ ਵਿੱਚ ਖੇਤੀ ਤਕਨੀਕਾਂ ਦੇ ਪਸਾਰ ਲਈ ਲੱਗੇ ਹੋਏ ਸਨ।