ਹਰ ਸਾਲ 20 ਮਾਰਚ ਦਾ ਦਿਨ ਅੰਤਰਰਾਸ਼ਟਰੀ ਖੁਸ਼ੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਖੁਸ਼ੀ ਜਾਂ ਹਾਸੇ ਬਾਰੇ ਹੋਰ ਕੋਈ ਗੱਲ ਕਰਨ ਤੋਂ ਪਹਿਲਾਂ ਇਸ ਦਿਨ ਦੀ ਮਹੱਤਤਾ ਨੂੰ ਹੀ ਜਾਣ ਲਈਏ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸੰਸਾਰ ਭਰ ਦੇ ਲੋਕਾਂ ਦੇ ਜੀਵਨ ਵਿਚ ਖੁਸ਼ੀਆਂ ਦੀ ਮਹੱਤਤਾ ਦੀ ਪਹਿਚਾਣ ਹੈ। ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਖੁਸ਼ੀ ਮਨੁੱਖ ਦਾ ਮੁੱਢਲਾ ਮਾਨਵੀ ਆਦਰਸ਼ ਹੈ ਅਤੇ ਇਹ ਦਿਨ ਵਿਅਕਤੀਆਂ, ਸਰਕਾਰਾਂ, ਅਤੇ ਵੱਖ ਵੱਖ ਜਥੇਬੰਦੀਆਂ ਆਦਿ ਨੂੰ ਸਰੀਰਕ ਅਤੇ ਮਾਨਸਿਕ ਖੁਸ਼ ਹੋਣ ਨੂੰ ਪਹਿਲ ਦੇਣ ਲਈ ਉਤਸ਼ਾਹਿਤ ਕਰਦਾ ਹੈ।
ਇਸ ਦਿਨ ਦਾ ਇਤਿਹਾਸ : ਯੂਨਾਈਟਡ ਨੇਸ਼ਨਜ਼ ਨੇ 2012 ਵਿੱਚ ਇਸ ਦਿਨ ਨੂੰ ਸਥਾਪਿਤ ਕੀਤਾ ਸੀ। ਇਹ ਭੂਟਾਨ ਦੀ ਪਹਿਲ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਭੂਟਾਨ ਇੱਕ ਅਜਿਹਾ ਦੇਸ਼ ਹੈ ਜਿਸ ਨੂੰ ਗਰਾਸ ਡੋਮੇਸਟਿਕ ਪ੍ਰੋਡਕਟ (GDP)ਤੋਂ ਨਹੀਂ, ਸਗੋਂ ਗਰਾਸ ਨੈਸ਼ਨਲ ਹੈਪੀਨੈਸ(GNH) ਤੋਂ ਜਾਣਿਆ ਜਾਂਦਾ ਹੈ। 1970 ਦੇ ਦਹਾਕੇ ਵਿੱਚ ਭੂਟਾਨ ਨੇ ਰਾਸ਼ਟਰੀ ਆਮਦਨ ਦੇ ਮੁੱਲ ਨਾਲੋਂ ਰਾਸ਼ਟਰੀ ਖੁਸ਼ੀ ਨੂੰ ਤਰਜੀਹ ਦਿੱਤੀ। ਯੂਨਾਈਟਡ ਨੇਸ਼ਨਜ਼ ਨੇ ਇਸ ਦਿਨ ਨੂੰ ਕਿਸੇ ਵੀ ਦੇਸ਼ ਦੀ ਤਰੱਕੀ ਲਈ ਉਸਦੇ ਲੋਕਾਂ ਦੇ ਖੁਸ਼ ਹੋਣ ਨੂੰ ਵਿਸ਼ਵ ਪੱਧਰ ਦਾ ਜਰੂਰੀ ਮਾਪਦੰਡ ਮੰਨ ਲਿਆ ਸੀ। 2013 ਤੋਂ ਸੰਸਾਰ ,ਟਿਕਾਊ ਤਰੱਕੀ ਨੂੰ ਉਤਸ਼ਾਹਿਤ ਕਰਨ,ਮਾਨਸਿਕ ਸਿਹਤ ਜਾਗਰੂਕਤਾ, ਅਤੇ ਸਕਾਰਾਤਮਕ ਸਮਾਜਿਕ ਸੰਬੰਧਾਂ ਖਾਤਰ ਖੁਸ਼ੀ ਨੂੰ ਇੱਕ ਬ੍ਰਹਿਮੰਡੀ ਅਧਿਕਾਰ ਤੇ ਜੋਰ ਦੇਣ ਵਜੋਂ ਮਨਾਉਂਦਾ ਆ ਰਿਹਾ ਹੈ। ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਖੁਸ਼ੀ ਕਿਸੇ ਵੀ ਵਿਅਕਤੀ ਦੇ ਜੀਵਨ ਚ ਸਭ ਤੋਂ ਮਹੱਤਵਪੂਰਨ ਚੀਜ ਹੁੰਦੀ ਹੈ।
ਇਸ ਦਿਨ ਲਈ 2025 ਦਾ ਥੀਮ :- ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਨ ਲਈ ਇੱਕ ਥੀਮ ਦਿੰਦਾ ਹੈ। ਸਾਰੇ ਸਾਲ ਦੀਆਂ ਗਤੀਵਿਧੀਆਂ ਇਸ ਥੀਮ ਦੁਆਲੇ ਘੁੰਮਦੀਆਂ ਹਨ। 2025 ਲਈ ਯੂ ਐਨ ਵਲੋਂ ਦਿੱਤਾ ਗਿਆ ਥੀਮ ਹੈ “Caring and Sharing ” ( ਖਿਆਲ ਰੱਖਣਾ ਅਤੇ ਸਾਂਝਾ ਕਰਨਾ) ਇਹ ਦੂਸਰੇ ਦੀ ਭਲਾਈ ,ਹਮਦਰਦੀ ਅਤੇ ਵਿਸ਼ਵਾਸ਼ ਦੀ ਮਹੱਤਤਾ ਤੇ ਹੋਈ ਨਵੀ ਖੋਜ ਤੇ ਅਧਾਰਿਤ ਹੈ। ਦੂਸਰੇ ਦੇ ਕੰਮ ਆ ਕੇ, ਉਸ ਦਾ ਖਿਆਲ ਰੱਖ ਕੇ ਅਤੇ ਉਸਦੇ ਦੁੱਖ ਅਤੇ ਖੁਸ਼ੀਆਂ ਨੂੰ ਵੰਡ ਕੇ ਅਸਲ ਖੁਸ਼ੀ ਪ੍ਰਾਪਤ ਹੁੰਦੀ ਹੈ। ਖੁਸ਼ੀ ਲਈ ਬਹੁਤ ਵੱਡੇ ਕਾਰਜ ਕਰਨ ਦੀ ਲੋੜ ਨਹੀਂ, ਸਗੋਂ ਛੋਟੇ ਛੋਟੇ ਕੰਮਾਂ ਵਿਚੋਂ ਖੁਸ਼ੀ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਅਮਰੀਕੀ ਇਤਿਹਾਸਕਾਰ ਅਤੇ ਨਾਟਕਕਾਰ ਹੋਵਾਰਡ ਜਿਨ ਦੇ ਸ਼ਬਦਾਂ ਵਿੱਚ , ” ਸਾਨੂੰ ਤਬਦੀਲੀ ਦੀ ਪ੍ਰਕਿਰਿਆ ਵਿੱਚ ਵੱਡੇ ਅਤੇ ਨਾਇਕਾਂ ਵਾਲੇ ਕੰਮਾਂ ਵਿੱਚ ਪੈਣ ਦੀ ਲੋੜ ਨਹੀਂ। ਛੋਟੇ ਛੋਟੇ ਕਾਰਜ, ਜਦੋਂ ਕਰੋੜਾਂ ਲੋਕਾਂ ਨਾਲ ਜਾ ਮਿਲਦੇ ਹਨ, ਸੰਸਾਰ ਵਿੱਚ ਤਬਦੀਲੀ ਲਿਆ ਸਕਦੇ ਹਨ ।”
ਡਾ. ਮਾਰਕ ਵਿਲੀਅਮਸਨ , ਜੋ ਖੁਸ਼ੀਆਂ ਵਾਲੀਆਂ ਗਤੀਵਿਧੀਆਂ ਦੇ ਸਹਿ ਸੰਸਥਾਪਕ ਅਤੇ ਡਾਇਰੈਕਟਰ ਹਨ, ਉਹਨਾਂ ਦੇ ਹੇਠ ਲਿਖੇ ਸ਼ਬਦ ਬਹੁਤ ਮਹੱਤਵਪੂਰਨ ਹਨ :- “ਦੂਸਰਿਆਂ ਨਾਲ ਸਾਡੇ ਸੰਬੰਧ ਹੀ ਸਾਡੀ ਚਿਰਸਥਾਈ ਤੰਦਰੁਸਤੀ ਅਤੇ ਖੁਸ਼ੀਆਂ ਦਾ ਸਭ ਤੋਂ ਵੱਡਾ ਭਵਿੱਖ ਬਾਣੀ ਕਰਨ ਵਾਲਾ ਕਾਰਕ ਹੈ। ਵੱਧ ਰਹੇ ਧਰੁਵੀਕਰਣ ਅਤੇ ਵਖਰਾਵ ਦੇ ਸਮੇਂ ਸਭ ਤੋਂ ਵੱਧ ਮਹੱਤਵਪੂਰਨ ਕੰਮ ਜੋ ਅਸੀਂ ਕਰ ਸਕਦੇ ਹਾਂ ,ਉਹ ਹੈ ਆਪਣੀ ਵੰਡ ਨੂੰ ਕਾਬੂ ਕਰਨ ਲਈ ਸਕਾਰਾਤਮਕ ਤਰੀਕੇ ਲੱਭਣੇ ਅਤੇ ਦੂਸਰਿਆਂ ਨਾਲ ਹੋਰ ਗਹਿਰਾਈ ਨਾਲ ਜੁੜਨਾ। ਅੱਜ ਇਹ ਹੋਰ ਕਿਸੇ ਵੀ ਮਸਲੇ ਨਾਲੋਂ ਵਧੇਰੇ ਮਹੱਤਤਾ ਰੱਖਦਾ ਹੈ।”
ਖੁਸ਼ੀ ਇੱਕ ਆਦਰਸ਼ ਵਜੋਂ :- ਖੁਸ਼ੀ ਸਿਰਫ ਇੱਕ ਮਹਿਸੂਸ ਕੀਤੀ ਜਾ ਸਕਣ ਵਾਲੀ ਭਾਵਨਾ ਹੀ ਨਹੀਂ, ਸਗੋਂ ਇਹ ਹੋਰ ਸੋਹਣੇ ਸੰਬੰਧ, ਸੁਧਰੀ ਹੋਈ ਸਕਾਰਤਮਕਤਾ, ਅਤੇ ਸਮੂਹ ਦੀ ਲੰਮੀ ਅਤੇ ਚਿਰ ਸਥਾਈ ਸੁੱਖ ਸਲਾਮਤੀ ਦਾ ਵਰਤਾਰਾ ਹੈ। ਸੱਚੀ ਖੁਸ਼ੀ ਸਿਰਫ ਮਾਇਆ ਜਾਂ ਪਦਾਰਥਕ ਤਰੱਕੀ ਦਾ ਹੀ ਨਾਂ ਨਹੀਂ ਸਗੋਂ ਇਹ ਤਾਂ ਅੰਦਰੂਨੀ ਸ਼ਾਂਤੀ, ਸ਼ੁਕਰਾਨਾ ਭਾਵ, ਮਕਸਦ ਅਤੇ ਅਰਥਪੂਰਨ ਸੰਬੰਧਾਂ ਨਾਲ ਡੂੰਘੇ ਤੌਰ ਤੇ ਜੁੜੀ ਹੋਈ ਹੈ।
ਖੁਸ਼ੀ ਪ੍ਰਾਪਤ ਕਿਵੇਂ ਹੋਵੇ :- ਖੁਸ਼ੀ ਨੂੰ ਪ੍ਰਾਪਤ ਕਰਨ ਲਈ ਮਾਨਸਿਕ, ਭਾਵਨਾਤਮਕ, ਅਤੇ ਸਮਾਜਿਕ ਸੁੱਖ ਸਲਾਮਤੀ ਦੀਆਂ ਭਾਵਨਾਵਾਂ ਨੂੰ ਪ੍ਰਬਲ ਕਰਨ ਦੀ ਲੋੜ ਹੈ। ਇਸ ਖੁਸ਼ੀ ਨੂੰ ਪ੍ਰਾਪਤ ਕਰਨ ਦੇ ਸੌਖੇ ਅਤੇ ਪਰਖੇ ਗਏ ਢੰਗ ਹੇਠ ਲਿਖੇ ਹਨ–
੧ ਆਭਾਰ ਦਾ ਅਭਿਆਸ :- ਜੋ ਕੁਝ ਵੀ ਸਾਨੂੰ ਪ੍ਰਾਪਤ ਹੋਇਆ ਹੈ ਉਸ ਲਈ ਅਭਾਰੀ ਹੋਣਾ ਜਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸੰਤੋਖੀ ਬਿਰਤੀ ਵਧਾਉਂਦਾ ਹੈ ਅਤੇ ਤਣਾਅ ਘਟਾਉਂਦਾ ਹੈ। ਇਹ ਅਹਿਸਾਸ ਬਿਨਾਂ ਕਿਸੇ ਧਰਮ ਨੂੰ ਮੰਨਣ ਦੇ ਜਾਂ ਕਿਸੇ ਕਰਮ ਕਾਂਡ ਵਿਚ ਪਏ ਤੋਂ ਬਿਨਾਂ ਵੀ ਹੋ ਸਕਦਾ ਹੈ। ਇਹ ਤਾਂ ਭਰਿਆ ਭਰਿਆ ਦੇਖਣ ਦੀ ਬਿਰਤੀ ਹੈ, ਸਬਰ ਅਤੇ ਸੰਤੋਖ ਅੰਦਰੂਨੀ ਖੁਸ਼ੀ ਦੇ ਵਾਹਕ ਹਨ। ਹਰ ਉਸ ਵਿਅਕਤੀ ਦਾ ਧੰਨਵਾਦ ਕਰੋ, ਜੋਂ ਤੁਹਾਡੇ ਜਰਾ ਵੀ ਕੰਮ ਆਇਆ ਹੈ। ਪਰਿਵਾਰਿਕ ਮੈਂਬਰਾਂ ਮਾਤਾ, ਪਿਤਾ, ਪਤੀ, ਪਤਨੀ, ਧੀਆ, ਪੁੱਤ ਦਾ ਵੀ ਸ਼ੁਕਰਾਨਾ ਜਰੂਰ ਕਰੋ ਕਿਉਂਕਿ ਇਹਨਾਂ ਨੇ ਆਪਣਾ ਸਮਾਂ ਅਤੇ ਊਰਜਾ ਦੇ ਕੇ ਆਪਣੇ ਪਿਆਰ ਸਤਿਕਾਰ ਨਾਲ ਤੁਹਾਡੀ ਜਿੰਦਗੀ ਨੂੰ ਜਿਊਣ ਯੋਗ ਬਣਾਇਆ ਹੈ।
੨.ਸਕਾਰਾਤਮਕ ਸੰਬੰਧ ਬਣਾਓ :- ਆਪਣਿਆਂ ਨਾਲ ਵਕਤ ਬਿਤਾਉਣਾ ਅਤੇ ਨਵੀਆਂ ਦੋਸਤੀਆਂ ਬਣਾਉਣੀਆਂ ਖੁਸ਼ੀ ਪੈਦਾ ਕਰਦੀਆਂ ਹਨ। ਬਹੁਤੇ ਜਿਆਦਾ ਦੋਸਤ ਬਣਾਉਣ ਨਾਲੋਂ ਜੋ ਵੀ ਹਨ, ਉਹਨਾਂ ਨਾਲ ਹੀ ਮਿੱਠੇ ਅਤੇ ਗੂੜ੍ਹੇ ਸੰਬੰਧ ਰੱਖਣੇ ਜਰੂਰੀ ਹਨ। ਸ਼ੱਕ, ਸ਼ਿਕਵੇ ਅਤੇ ਸ਼ਿਕਾਇਤਾਂ ਤੋਂ ਪਰ੍ਹੇ ਗੁਣਾਂ ਦੀ ਸਾਂਝ ਸੰਬੰਧ ਸੁਖਾਵੇਂ ਕਰਦੀ ਹੈ।
੩. ਅਰਥਪੂਰਨ ਗਤੀਵਿਧੀਆਂ ਵਿੱਚ ਹਿੱਸਾ ਲੈਣਾ :- ਅਜਿਹੇ ਕੰਮ ਕਰਨੇ ਜਿਹੜੇ ਤੁਹਾਡੇ ਸ਼ੌਕ ਨਾਲ ਮੇਲ ਖਾਂਦੇ ਹੋਣ । ਇਹਨਾਂ ਕੰਮਾਂ ਦੇ ਕਰਨ ਨਾਲ ਜੀਵਨ ਪ੍ਰਤੀ ਸੰਤੁਸ਼ਟੀ ਦਾ ਵਾਧਾ ਹੁੰਦਾ ਹੈ। ਕਦੇ ਵੀ ਆਪਣੇ ਆਪ ਨੂੰ ਬੇਕਾਰ ਨਾ ਸਮਝੋ। ਕੰਮ ਸਿਰਫ ਮਾਇਆ ਪ੍ਰਾਪਤੀ ਲਈ ਹੀ ਨਹੀਂ ਕਰਨਾ, ਸਗੋਂ ਕੋਈ ਵੀ ਸਾਰਥਕ ਕੰਮ ਜੋ ਸਮਾਜ ਲਈ ਵੀ ਫਾਇਦੇਮੰਦ ਹੋਵੇ ਅਤੇ ਨਿਜ ਨੂੰ ਵੀ ਤਸੱਲੀ ਦੇਵੇ ।
੪.ਸਰੀਰਕ ਤੌਰ ਤੇ ਚੁਸਤ ਫੁਰਤ ਰਹੋ :- ਸਰੀਰਕ ਕਸਰਤ ਐਂਡਰੋਫਿਨ ਨਾਂ ਦੇ ਰਸ ਦਾ ਰਿਸਾਵ ਕਰਦੀ ਹੈ ,ਜਿਸ ਨੂੰ ਖੁਸ਼ੀਆਂ ਵਾਲਾ ਹਾਰਮੋਨ ਕਿਹਾ ਜਾਂਦਾ ਹੈ। ਇਸ ਨਾਲ ਮੂਡ ਅਤੇ ਊਰਜਾ ਪੱਧਰ ਦੋਵਾਂ ਦਾ ਸੁਧਾਰ ਹੁੰਦਾ ਹੈ। ਆਪਣੇ ਸਰੀਰ ਬਾਰੇ ਜਾਣਕਾਰ ਹੋਣਾ , ਉਸਨੂੰ ਤੰਦਰੁਸਤ ਰੱਖਣ ਲਈ ਵੱਧ ਤੋਂ ਵੱਧ ਯਤਨ ਕਰਨੇ ਅਤੇ ਉਸਤੋਂ ਵੱਧ ਤੋਂ ਵੱਧ ਕੰਮ ਲੈਣਾ ਸਾਡੀ ਜ਼ਿੰਦਗੀ ਨੂੰ ਮੁੱਲਵਾਨ ਬਣਾ ਦੇਵੇਗਾ ਅਤੇ ਜੀਵਨ ਸਾਰਥਕ ਜਾਪਣ ਲੱਗੇਗਾ।
੫. ਜ਼ਿੰਦਾਦਿਲੀ ਅਤੇ ਭਗਤੀ ਦਾ ਅਭਿਆਸ ਕਰੋ :- ਵਰਤਮਾਨ ਪਲਾਂ ਵਿੱਚ ਜਿਊਣ ਦੀ ਜਾਚ ਸਿੱਖਣੀ ਕਿਸੇ ਵੀ ਤਰਾਂ ਦੇ ਤਣਾਅ ਨੂੰ ਘਟਾਉਂਦੀ ਹੈ। ਇਸੇ ਤਰਾਂ ਭਗਤੀ ਜਾਂ ਸਿਮਰਨ ਵੀ ਮਾਨਸਿਕ ਚੜ੍ਹਦੀ ਕਲਾ ਪੈਦਾ ਕਰਦਾ ਹੈ ਅਤੇ ਬਣਾਈ ਰੱਖਦਾ ਹੈ।ਨਾ ਟਾਲਿਆ ਜਾ ਸਕਣ ਵਾਲਾ ਕੋਈ ਵੀ ਦੁੱਖ, ਸੰਕਟ,ਸਦਾ ਨਹੀਂ ਰਹਿੰਦਾ, ਨਾ ਹੀ ਸਾਡੇ ਇੱਕਲਿਆਂ ਤੇ ਆਉਂਦਾ ਹੈ। ਉਸਨੂੰ ਖੁਸ਼ੀ ਨਾਲ ਝੱਲਣ ਦਾ ਅਭਿਆਸ ਕਰੋ । ਬੀਤੇ ਉੱਤੇ ਝੂਰਨਾ ਅਤੇ ਭਵਿੱਖ ਬਾਰੇ ਚਿੰਤਾ ਕਰਨੀ ਖੁਸ਼ੀ ਦੇ ਮਾਰਗ ਵਿੱਚ ਰੁਕਾਵਟ ਬਣਦੇ ਹਨ।
੬ ਦੂਜਿਆਂ ਦੀ ਮੱਦਦ ਕਰੋ :- ਨਿਰਸਵਾਰਥ ਦੂਜਿਆਂ ਦੇ ਕੰਮ ਆਉਣਾ, ਸੇਵਾ ਕਰਨੀ ਆਦਿ ਵਰਗੇ ਕੰਮ ਜਿੰਦਗੀ ਨੂੰ ਮਕਸਦਪੂਰਨ ਬਣਾਉਂਦੇ ਹਨ ਅਤੇ ਇਸ ਨਾਲ ਇੱਕ ਮਾਨਸਿਕ ਸਕੂਨ ਮਿਲਦਾ ਹੈ ਜੋ ਅੰਦਰੂਨੀ ਖੁਸ਼ੀ ਦਾ ਆਧਾਰ ਹੈ। ਇਸਦੇ ਖਾਤਰ ਛੋਟੇ ਛੋਟੇ ਕੰਮ ਵੀ ਬਹੁਤ ਵੱਡਾ ਅਰਥ ਰੱਖਦੇ ਹਨ ।
੭.ਯਥਾਰਥਕ ਟੀਚੇ ਸਾਹਮਣੇ ਰੱਖੋ :- ਬਹੁਤ ਹੀ ਸਪਸ਼ਟ ਅਤੇ ਪੂਰੇ ਕੀਤੇ ਜਾ ਸਕਣ ਵਾਲੇ ਟੀਚੇ ਸਾਹਮਣੇ ਰੱਖ ਕੇ ਵਿਚਰੋ। ਇਸ ਨਾਲ ਪ੍ਰਾਪਤੀ ਦਾ ਅਹਿਸਾਸ ਪੈਦਾ ਹੁੰਦਾ ਹੈ। ਛੋਟੇ ਟੀਚੇ ਪੂਰੇ ਹੁੰਦੇ ਰਹਿਣ ਨਾਲ ਵੱਡੇ ਟੀਚੇ ਪੂਰੇ ਕਰਨ ਦਾ ਉਤਸ਼ਾਹ ਅਤੇ ਚਾਅ ਬਣਿਆ ਰਹਿੰਦਾ ਹੈ।
੮. ਤਣਾਅ ਅਤੇ ਨਕਾਰਤਮਕਤਾ ਨੂੰ ਘੱਟ ਕਰੋ :- ਉਦਾਸੀ ਵਾਲੇ ਅਤੇ ਨਫਰਤ ਵਾਲੇ ਵਾਤਾਵਰਣ ਤੋਂ ਦੂਰ ਰਹੋ। ਆਪਣੇ ਆਪ ਨੂੰ ਚੰਗੀਆਂ ਅਤੇ ਹਾਂ ਵਾਚਕ ਨਸੀਹਤਾਂ ਦਿੰਦੇ ਰਹਿਣ ਨਾਲ ਮਾਨਸਿਕ ਤੰਦਰੁਸਤੀ ਬਣੀ ਰਹੇਗੀ । ਇਸ ਲਈ ਚੰਗੀਆਂ ਪੁਸਤਕਾਂ, ਚੰਗੀਆਂ ਵੀਡੀਓਜ਼, ਚੰਗੇ ਮਿੱਤਰ ਸਹਾਇਕ ਹੋ ਸਕਦੇ ਹਨ।
ਖੁਸ਼ ਰਹਿਣ ਦੇ ਲਾਭ :- ਖੁਸ਼ ਰਹਿਣ ਦੇ ਸਾਡੇ ਸਰੀਰ ਨੂੰ ਵੀ ਅਤੇ ਮਨ ਨੂੰ ਵੀ ਬੇਅੰਤ ਲਾਭ ਹਨ, ਜੋ ਸਾਡੀ ਤੰਦਰੁਸਤੀ ਬਣਾਈ ਰੱਖਣ ਵਿੱਚ ਮੱਦਦ ਕਰਦੇ ਹਨ। ਸਦਾ ਹੱਸਦੇ ਰਹਿਣ ਵਾਲੇ ਛੇਤੀ ਕੀਤੇ ਬਿਮਾਰ ਨਹੀਂ ਹੁੰਦੇ।
੧ ਉਦਾਸੀ ਅਤੇ ਤਣਾਅ ਘਟਦੀ ਹੈ :- ਸੰਤੁਸ਼ਟੀ ਅਤੇ ਆਸ਼ਾਵਾਦ ਮਾਨਸਿਕ ਸਿਹਤ ਦੀਆਂ ਬੇਤਰਤੀਬੀਆਂ ਦਾ ਖਤਰਾ ਘੱਟ ਕਰਦੀ ਹੈ। ਅੱਜ ਉਦਾਸੀ ਬਹੁਤ ਵੱਡਾ ਰੋਗ ਬਣ ਚੁੱਕਿਆ ਹੈ ਪਰ ਜੇ ਖੁਸ਼ ਰਹਿਣ ਦੀ ਆਦਤ ਬਣਾ ਲਈ ਜਾਵੇ ,ਤਾਂ ਉਦਾਸੀ ਨੇੜੇ ਵੀ ਨਹੀਂ ਫਟਕੇਗੀ।
੨.ਬੌਧਿਕ ਸਮਰੱਥਾ ਵਧਾਉਂਦੀ ਹੈ : ਉਸਾਰੂ ਅਤੇ ਹਾਂ ਵਾਚਕ ਨਜ਼ਰੀਆ ਸਿਰਜਣਾਤਮਕਤਾ, ਸਮੱਸਿਆ ਹੱਲ ਕਰਨ, ਕੁਸ਼ਲਤਾ ਅਤੇ ਯਾਦ ਨੂੰ ਤੇਜ਼ ਕਰਦਾ ਹੈ। ਬੁੱਧੀ ਦਾ ਵਿਕਾਸ ਹੁੰਦਾ ਹੈ।
੩.ਲਚਕੀਲੇਪਣ ਵਿੱਚ ਮਜ਼ਬੂਤੀ ਆਉਂਦੀ ਹੈ :- ਖੁਸ਼ ਲੋਕ ਚੁਣੌਤੀਆਂ ਦਾ ਸਾਹਮਣਾ ਵਧੇਰੇ ਸੌਖ ਨਾਲ ਕਰ ਸਕਦੇ ਹਨ।ਕਿਸੇ ਵੀ ਤਰਾਂ ਦੇ ਝਟਕੇ ਤੋਂ ਛੇਤੀ ਉੱਠ ਸਕਦੇ ਹਨ। ਕਿਸੇ ਤਰਾਂ ਦੀ ਕੱਟੜਤਾ ਤੋਂ ਦੂਰ ਰਹਿ ਕੇ ਲਚਕੀਲਾ ਵਿਵਹਾਰ ਰੱਖਦੇ ਹਨ ਜਿਸ ਨਾਲ ਉਹ ਆਪਣੇ ਦੁਨਿਆਵੀ ਕਰ ਵਿਹਾਰ ਅਤੇ ਸਮਾਜਿਕ ਸੰਬੰਧ ਹੋਰ ਨਿਖਾਰ ਲੈਂਦੇ ਹਨ ।
੪. ਭਾਵਨਾਤਮਕ ਸੰਤੁਲਨ ਬਣਦਾ ਹੈ :- ਖੁਸ਼ ਰਹਿਣ ਵਾਲਾ ਇਨਸਾਨ ਆਪਣੀਆਂ ਭਾਵਨਾਵਾਂ ਤੇ ਸੌਖਿਆਂ ਕਾਬੂ ਪਾ ਸਕਦਾ ਹੈ। ਇਸ ਨਾਲ ਉਹ ਗੁੱਸੇ ਅਤੇ ਨਿਰਾਸ਼ਾ ਤੋਂ ਬਚਾਅ ਕਰ ਸਕਦਾ ਹੈ । ਅਤੇ ਸੰਤੁਲਿਤ ਰਹਿੰਦਾ ਹੈ।
ਅਜੋਕੀ ਦਸ਼ਾ :- ਅੱਜ ਦਾ ਇਨਸਾਨ ਮਾਇਆ ਵਿਚੋਂ, ਮਹਿੰਗੇ ਕੱਪੜਿਆਂ, ਕਾਰਾਂ, ਕੋਠੀਆਂ ਅਤੇ ਹੋਰ ਦਿਖਾਵੇ ਦੇ ਪਦਾਰਥਾਂ ਵਿਚੋਂ ਖੁਸ਼ੀ ਭਾਲਦਾ ਹੈ। ਇਹ ਜਾਣਦੇ ਹੋਏ ਵੀ ਕਿ ਇਹ ਸਭ ਆਰਜੀ ਹਨ, ਉਹ ਇਹਨਾਂ ਦੀ ਹੋਰ ਅਤੇ ਹੋਰ ਦੀ ਪ੍ਰਾਪਤੀ ਵਿੱਚ ਆਪਣੀ ਸ਼ਾਂਤੀ ਅਤੇ ਸਕੂਨ ਗੁਆ ਬੈਠਦਾ ਹੈ। ਨਿੱਜਵਾਦ ਬਹੁਤ ਭਾਰੂ ਹੋ ਚੁੱਕਿਆ ਹੈ। ਕੁਝ ਦੇਣ ਦੀ ,ਵੰਡਣ ਦੀ ਅਤੇ ਆਪਾ ਤਿਆਗ ਕੇ ਦੂਸਰੇ ਦੇ ਕੰਮ ਆਉਣ ਦੀ ਖੁਸ਼ੀ ਨੂੰ ਉਹ ਭੁਲਾ ਚੁੱਕਿਆ ਹੈ। ਕਾਹਲ, ਬੇਚੈਨੀ, ਉਦਾਸੀ, ਨਿਰਾਸ਼ਾ, ਤਣਾਅ, ਦੂਸਰੇ ਤੋਂ ਅੱਗੇ ਨਿਕਲਣ ਦੀ ਤੀਬਰ ਇੱਛਾ ਨਾਲ ਲੈਸ ਮਨੁੱਖ ਕਿੰਨੇ ਹੀ ਹੋਰ ਵਿਕਾਰਾਂ ਵਿਚ ਫਸ ਜਾਂਦਾ ਹੈ। ਨਾ ਤਾਂ ਕਦੇ ਆਪਣੇ ਅੰਦਰਲੇ ਨਾਲ ਹੀ ਸਹਿਜ ਵਿੱਚ ਗੱਲ ਕਰ ਸਕਦਾ ਹੈ, ਨਾ ਹੀ ਉਹ ਪਰਿਵਾਰ, ਦੋਸਤਾਂ ਅਤੇ ਗੁਆਂਢੀਆਂ ਨਾਲ ਦਿਲੀ ਸਾਂਝ ਬਣਾ ਸਕਦਾ ਹੈ। ਦਿਨੋ ਦਿਨ ਡਿਪ੍ਰੈਸ਼ਨ ਦੇ ਮਰੀਜਾਂ ਵਿੱਚ ਵਾਧਾ ਹੋ ਰਿਹਾ ਹੈ। ਮਹਾਂ ਨਗਰਾਂ ਵਿੱਚ ਬਣੇ ਹੋਏ ਲਾਫਟਰ ਕਲੱਬ ਭਿਆਨਕ ਸਥਿਤੀ ਹੀ ਬਿਆਨ ਕਰਦੇ ਹਨ । ਹੱਸਣ ਲਈ ਵੀ ਉਚੇਚ ਕਰਨਾ ਪੈ ਰਿਹਾ ਹੈ। ਸਾਡੇ ਮੌਲਿਕ ਹਾਸੇ, ਕਿਲਕਾਰੀਆਂ ਅਤੇ ਅਨੰਦ ਵਿਗਾਸ ਕਿੱਥੇ ਖੋ ਗਏ ਹਨ ਅਤੇ ਕਿਉਂ ???
ਅਜਿਹੇ ਵਿਚ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਉਸਨੂੰ ਖੁਸ਼ੀ ਦੇ ਅਸਲ ਅਰਥ ਸਮਝ ਆਉਣ। ਕੁਝ ਪਲ ਦਾ ਠਹਿਰਾਅ ਅਤੇ ਚਿੰਤਨ ਗੱਲ ਸਪਸ਼ਟ ਕਰ ਸਕਦਾ ਹੈ। ਮਾਇਆਵੀ ਦੌੜ, ਦਿਖਾਵੇ ਦੀ ਬਹੁ ਪਰਤੀ ਸ਼ਖਸ਼ੀਅਤ ਵਿਚੋਂ ਬਾਹਰ ਆ ਕੇ ਸਬਰ, ਸ਼ੁਕਰ ਅਤੇ ਦੂਸਰਿਆਂ ਪ੍ਰਤੀ ਹਮਦਰਦਾਨਾ ਨਜ਼ਰੀਆ ਰੱਖ ਕੇ ਛੋਟੀਆਂ ਛੋਟੀਆਂ ਖੁਸ਼ੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ, ਜਿਹੜੀਆਂ ਸਦੀਵੀ ਅਤੇ ਲੰਮੀ ਦੇਰ ਦੀ ਟਿਕਾਊ ਅਤੇ ਅੰਦਰੂਨੀ ਖੁਸ਼ੀ ਲੱਭਣ ਵਿਚ ਸਹਾਇਤਾ ਕਰਦੀਆਂ ਹਨ।
ਸਿੱਟਾ :- ਅੰਤਰਰਾਸ਼ਟਰੀ ਖੁਸ਼ੀ ਦਿਵਸ ਇਹ ਯਾਦ ਕਰਵਾਉਂਦਾ ਹੈ ਕਿ ਖੁਸ਼ੀ ਇੱਕ ਵਿਸ਼ੇਸ਼ ਅਧਿਕਾਰ ਨਹੀਂ ਹੈ, ਸਗੋਂ ਇਹ ਹਰ ਮਨੁੱਖ ਲਈ ਬਹੁਤ ਹੀ ਜਰੂਰੀ ਹੈ। ਸਕਾਰਤਮਕਤਾ ਰੱਖਦੇ ਹੋਏ, ਮਜਬੂਤ ਸੰਬੰਧ ਬਣਾਉਂਦੇ ਹੋਏ, ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਉਂਦੇ ਹੋਏ ਵਿਅਕਤੀ ਅਤੇ ਸੋਸਾਇਟੀਆਂ ਵਧੇਰੇ ਖੁਸ਼ ਅਤੇ ਸਿਹਤਮੰਦ ਸੰਸਾਰ ਸਿਰਜ ਸਕਦੇ ਹਨ। ਇਸ ਦਿਨ ਤੇ ਆਓ ਆਪਾਂ ਸਾਰੇ ਖੁਸ਼ੀ ਨੂੰ ਆਪਣੀਆਂ ਜਿੰਦਗੀਆਂ ਵਿੱਚ ਸਭ ਤੋਂ ਵੱਧ ਤਰਜੀਹ ਦੇਣ ਦਾ ਸੰਕਲਪ ਕਰੀਏ।