ਦਲੀਪ ਸਿੰਘ ਉਪਲ ਵਿਲੱਖਣ ਬਿਰਤੀ ਵਾਲਾ ਬਹੁ-ਰੰਗੀ ਤੇ ਬਹੁ-ਮੰਤਵੀ ਵਿਦਵਾਨ ਹੈ। ਉਸਦੀ ਜ਼ਿੰਦਗੀ ਤੇ ਬਿਰਤੀ ਦੇ ਰੰਗਾਂ ਦੀਆਂ ਪਰਤਾਂ ਦੀ ਜਾਣਕਾਰੀ ਲੈਣ ਲਈ, ਉਸਦੀਆਂ ਮੌਲਿਕ ਅਤੇ ਅਨੁਵਾਦਿਤ ਪੁਸਤਕਾਂ ਪੜ੍ਹਨੀਆਂ ਪੈਣਗੀਆਂ। ਉਨ੍ਹਾਂ ਪੁਸਤਕਾਂ ਵਿੱਚੋਂ ਦਲੀਪ ਸਿੰਘ ਉਪਲ ਦਾ ਵਿਅਕਤਿਤਵ ਨਿਖਰਕੇ ਸਾਹਮਣੇ ਆਉਂਦਾ ਹੈ। ‘ਸੰਵੇਦਨਾ ਦੇ ਰੰਗ’ ਪੁਸਤਕ ਪੜ੍ਹਨ ਤੋਂ ਬਾਅਦ ਉਸਦੀ ਬਿਰਤੀ ਦੇ ਕਈ ਪੱਖਾਂ ਦਾ ਖੁਲਾਸਾ ਹੁੰਦਾ ਹੈ। ਉਹ ਟਾਈਪਿਸਟ, ਸਟੈਨੋਗ੍ਰਾਫ਼ਰ, ਨਿੱਜੀ ਸਹਾਇਕ, ਡਿਪਟੀ ਰਜਿਸਟਰਾਰ ਪ੍ਰਬੰਧਕ ਅਤੇ ਵਿਤ ਅਧਿਕਾਰੀ ਰਿਹਾ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਉਹ ਪੰਜਾਬੀ ਦਾ ਵਿਦਵਾਨ ਹੈ, ਪੰਜਾਬੀ ਵਿੱਚ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕਰਵਾ ਚੁੱਕਿਆ ਹੈ, ਰਾਜਨੀਤੀ ਵਿਗਿਆਨ ਦਾ ਗਿਆਤਾ, ਕਾਨੂੰਨੀ ਦਾਅ ਪੇਚਾਂ ਦਾ ਮਾਹਿਰ ਅਤੇ ਵਿਤ ਅਧਿਕਾਰੀ। ‘ਸੰਵੇਦਨਾ ਦੇ ਰੰਗ’ ਪੁਸਤਕ ਪੰਜ ਭਾਗਾਂ ਵਿੱਚ ਵੰਡੀ ਹੋਈ ਹੈ। ਪਹਿਲੇ ਭਾਗ ਵਿੱਚ ਮੁਲਾਕਾਤਾਂ, ਦੂਜਾ ਸਮਕਾਲੀ ਸਰੋਕਾਰ ਚਿੰਤਨ ਅਤੇ ਚੁਣੌਤੀਆਂ, ਤੀਜਾ ਭਾਗ ਹਿੰਮਤ ਦੇ ਹਾਸਲ ਬਾਰੇ ਰਾਵਾਂ ਤੇ ਲੇਖ, ਚੌਥਾ ਭਾਗ ਮੋਹ ਦਾ ਇਜ਼ਹਾਰ ਚਿੱਠੀਆਂ ਅਤੇ ਪੰਜਵੇਂ ਵਿੱਚ ਤਿੰਨ ਅੰਤਿਕਾ ਹਨ। ਚਰਚਾ ਅਧੀਨ ਪੁਸਤਕ ਵਿੱਚ ਪੜ੍ਹਦਿਆਂ ਇਹ ਵੀ ਪਤਾ ਲੱਗਾ ਕਿ ਪਹਿਲੇ ਭਾਗ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਜਿਨ੍ਹਾਂ ਵਿੱਚ ਚਾਰ ਧੁਰੰਦਰ ਵਿਦਵਾਨਾਂ ਡਾ.ਮਲਕੀਅਤ ਸਿੰਘ, ਡਾ.ਦਲੀਪ ਕੌਰ ਟਿਵਾਣਾ, ਬੀਬੀ ਉਰਮਿਲਾ ਕੁਮਾਰੀ ਅਤੇ ਪ੍ਰਗਟ ਸਿੰਘ ਸਤੌਜ ਦੀਆਂ ਮੁਲਕਾਤਾਂ ਸ਼ਾਮਲ ਹਨ। ਚਾਰੇ ਮੁਲਾਕਾਤਾਂ ਵੱਖਰੇ-ਵੱਖਰੇ ਵਿਸ਼ਿਆਂ/ਖੇਤਰਾਂ ਦੇ ਮਾਹਿਰਾਂ ਨਾਲ ਕੀਤੀਆਂ ਹਨ। ਮੁਲਕਾਤਾਂ ਕਰਨ ਵਾਲੇ ਵਿਅਕਤੀ ਨੂੰ ਉਸ ਖੇਤਰ ਦੀ ਜਾਣਕਾਰੀ ਜ਼ਰੂਰੀ ਹੁੰਦੀ ਹੈ। ਦਲੀਪ ਸਿੰਘ ਉਪਲ ਦੀ ਕਮਾਲ ਹੈ ਕਿ ਉਸਨੂੰ ਜੀਵ ਵਿਗਿਆਨ, ਸਮਾਜ ਸੇਵਾ ਅਤੇ ਸਾਹਿਤ ਬਾਰੇ ਬਾਖ਼ੂਬੀ ਜਾਣਕਾਰੀ ਹੈ ਕਿਉਂਕਿ ਜਦੋਂ ਤੁਸੀਂ ਉਸ ਖੇਤਰ ਦੇ ਵਿਦਵਾਨ ਨੂੰ ਸਵਾਲ ਕਰਦੇ ਹੋ ਤਾਂ ਤੁਹਾਨੂੰ ਉਸ ਵਿਸ਼ੇ ਦੀ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਹੈ।
ਦਲੀਪ ਸਿੰਘ ਉਪਲ ਨੇ ਬਹੁਤ ਵਧੀਆ ਢੰਗ ਨਾਲ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਲਿਖਦਿਆਂ ਦਿਲਚਸਪ ਬਣਾਈ ਰੱਖਿਆ ਹੈ ਤਾਂ ਜੋ ਪਾਠਕ ਪੜ੍ਹਦਿਆਂ ਅਕੇਵਾਂ ਮਹਿਸੂਸ ਨਾ ਕਰੇ, ਸਗੋਂ ਅੱਗੇ ਪੜ੍ਹਨ ਦੀ ਉਤਸੁਕਤਾ ਪੈਦਾ ਹੁੰਦੀ ਰਹੇ। ਮੈਂ ਚਾਰੇ ਮੁਲਾਕਾਤਾਂ ਇੱਕੋ ਬੈਠਕ ਵਿੱਚ ਪੜ੍ਹ ਲਈਆਂ। ਇਨ੍ਹਾਂ ਮੁਲਾਕਾਤਾਂ ਵਿੱਚੋਂ ਵਿਦਵਾਨਾ ਦੀ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗ ਵੇਖਣ ਨੂੰ ਮਿਲੇ, ਜਿਨ੍ਹਾਂ ਨੂੰ ਪੜ੍ਹਕੇ ਪਾਠਕਾਂ ਦੀ ਇਨ੍ਹਾਂ ਖੇਤਰਾਂ/ਵਿਸ਼ਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਨੌਜਵਾਨ ਵਿਦਿਆਰਥੀਆਂ ਲਈ ਇਹ ਮੁਲਾਕਾਤਾਂ ਪ੍ਰੇਰਨਾ ਸਰੋਤ ਹੋਣਗੀਆਂ ਕਿਉਂਕਿ ਇਨ੍ਹਾਂ ਵਿਦਵਾਨਾ ਨੂੰ ਉਚੇਰਾ ਮੁਕਾਮ ਹਾਸਲ ਕਰਨ ਲਈ ਬੜੀ ਜਦੋਜਹਿਦ ਅਤੇ ਮਿਹਨਤ ਕਰਨੀ ਪਈ ਸੀ। ਡਾ.ਮਲਕੀਅਤ ਸਿੰਘ, ਡਾ.ਦਲੀਪ ਕੌਰ ਟਿਵਾਣਾ ਅਤੇ ਪ੍ਰਗਟ ਸਿੰਘ ਸਤੌਜ ਦੀਆਂ ਮੁਲਾਕਾਤਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਵਿਦਿਅਕ ਪ੍ਰਣਾਲੀ ਵਿੱਚ ਕਈ ਤਰ੍ਹਾਂ ਦੀਆਂ ਤਰੁਟੀਆਂ ਹਨ। ਅੱਖਰੀ ਪੜ੍ਹਾਈ ਜੀਵਨ ਵਿੱਚ ਵਿਚਰਣ ਲਈ ਲਾਭਦਾਇਕ ਨਹੀਂ ਹੁੰਦੀ, ਨਾ ਗਿਆਨ ਅਤੇ ਨਾ ਸਿਆਣਪ ਦਿੰਦੀ ਹੈ। ਵਿਦਿਆਰਥੀਆਂ ਵਿੱਚ ਖੋਜ ਦੀ ਰੁਚੀ ਨਹੀਂ ਰਹੀ। ਇਸ ਵਿੱਚ ਅਧਿਆਪਕਾਂ ਦੀ ਵੀ ਅਣਗਹਿਲੀ ਮੰਨੀ ਗਈ ਹੈ। ਅੰਦਰੂਨੀ ਪ੍ਰੀਖਿਆ ਪ੍ਰਣਾਲੀ ਵਿਦਿਆਰਥੀਆਂ ਲਈ ਲਾਹੇਬੰਦ ਨਹੀਂ। ਵਿਗਿਆਨ ਪੰਜਾਬੀ ਵਿੱਚ ਵੀ ਪੜ੍ਹਾਇਆ ਜਾ ਸਕਦਾ ਹੈ, ਬਸ਼ਰਤੇ ਅਧਿਆਪਕ ਦਾ ਮਨ ਸਾਫ਼ ਹੋਵੇ। ਪ੍ਰਾਈਵੇਟ ਯੂਨੀਵਰਸਿਟੀਆਂ ਮਹਿੰਗੀਆਂ ਦੁਕਾਨਾ ਬਣ ਗਈਆਂ। ਯੂਨੀਵਰਸਿਟੀਆਂ ਰਾਜਨੀਤੀ ਦੇ ਅਖਾੜੇ ਬਣ ਗਏ। ਵਿਦਿਆਰਥੀਆਂ ਨੂੰ ਇੱਕ ਵਿਸ਼ੇ ਤੇ ਹੀ ਕੰਮ ਕਰਨਾ ਚਾਹੀਦਾ। ਉਰਮਿਲ ਕੁਮਾਰੀ ਦੀ ਮੁਲਾਕਾਤ ਤੋਂ ਸਾਫ਼ ਹੋ ਗਿਆ ਕਿ ਸਾਡਾ ਆਧੁਨਿਕ ਸਮਾਜ ਬਜ਼ੁਰਗਾਂ ਨੂੰ ਅਣਡਿਠ ਕਰ ਰਿਹਾ ਹੈ, ਜਿਸ ਕਰਕੇ ਬਿਰਧ ਆਸ਼ਰਮਾ ਦੀ ਲੋੜ ਪੈਂਦੀ ਹੈ। ਪ੍ਰਗਟ ਸਿੰਘ ਸਤੌਜ ਦੇ ਲੇਖ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ ਹਾਲਾਤ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਪ੍ਰੰਤੂ ਸਾਰਾ ਕੁਝ ਵਿਅਕਤੀ ਦੀ ਭਾਵਨਾ ਤੇ ਨਿਰਭਰ ਕਰਦਾ ਹੁੰਦਾ ਹੈ।
ਦੂਜੇ ਭਾਵ ‘ਸਮਕਾਲੀ ਸਰੋਕਾਰ ਚਿੰਤਨ ਤੇ ਚੁਣੌਤੀਆਂ’ ਵਿੱਚ ਦਸ ਲੇਖ ਹਨ। ਇਨ੍ਹਾਂ ਸਾਰੇ ਲੇਖਾਂ ਦੇ ਵਿਸ਼ੇ ਬਹੁਤ ਹੀ ਮਹੱਤਵਪੂਰਨ ਹਨ। ਇਨ੍ਹਾਂ ਸਾਰੇ ਲੇਖਾਂ ਵਿੱਚ ਤੱਥਾਂ ਤੇ ਉਦਾਹਰਨਾ ਦੇ ਕੇ ਸਮਝਾਇਆ ਗਿਆ ਹੈ। ਇਨ੍ਹਾਂ ਲੇਖਾਂ ਤੋਂ ਨੌਜਵਾਨੀ ਨੂੰ ਪ੍ਰੇਰਨਾ ਮਿਲੇਗੀ ਕਿਉਂਕਿ ਇਨ੍ਹਾਂ ਵਿੱਚ ਦਰਸ਼ਨ ਸਿੰਘ ਫੇਰੂਮਾਨ ਬਾਰੇ ਲੇਖ ਬਹੁਤ ਹੀ ਪ੍ਰੇਰਨਾ ਦੇਣ ਵਾਲਾ ਹੈ, ਕਿਸ ਪ੍ਰਕਾਰ ਸਾਡੇ ਧਾਰਮਿਕ ਆਗੂਆਂ ਦੀ ਆਪਣੀ ਬਦਨੀਤੀ ਵਾਲੀ ਧਾਰਮਿਕ ਸੋਚ ਕਰਕੇ ਲੋਕਾਂ ਦਾ ਉਨ੍ਹਾਂ ਵਿੱਚੋਂ ਵਿਸ਼ਵਾਸ਼ ਉਠ ਗਿਆ ਸੀ, ਜਿਸਨੂੰ ਦਰਸ਼ਨ ਸਿੰਘ ਫੇਰੂਮਾਨ ਨੇ ਸਿੱਖ ਧਰਮ ਅਤੇ ਸਮਾਜਿਕ ਜ਼ਿੰਮੇਵਾਰੀ ਸੰਬੰਧੀ ਆਪਣੀ ਕੁਰਬਾਨੀ ਦੇ ਕੇ ਮੁੜ ਸਥਾਪਤ ਕੀਤਾ। ਰਾਜਨੀਤੀ ਸ਼ਾਸਤਰ ਦੇ ਮਹੱਤਵਪੂਰਨ ਤੱਤਾਂ ਬਾਰੇ ਵਿਆਖਿਆ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਜਨੀਤੀਵਾਨਾ ਅਤੇ ਸਰਕਾਰਾਂ ਦੀ ਅਣਗਹਿਲੀ ਕਰਕੇ ਰਾਜ ਅਤੇ ਕੇਂਦਰੀ ਸਰਕਾਰ ਦੇ ਕੰਮ ਕਾਰ ਵਿੱਚ ਵਿਘਨ ਪੈ ਰਿਹਾ ਹੈ। ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ ਤਾਂ ਵਿਕਾਸ ਸੁਚੱਜੇ ਢੰਗ ਨਾਲ ਹੋ ਸਕਦਾ ਹੈ। ਸਭ ਤੋਂ ਮਹੱਤਵਪੂਰਨ ਲੇਖ ਬਜ਼ੁਰਗਾਂ ਨੂੰ ਕਿਸ ਪ੍ਰਕਾਰ ਆਪਣਾ ਬੁਢਾਪਾ ਗੁਜ਼ਾਰਨਾ ਅਤੇ ਅਡਜਸਟਮੈਂਟ ਕਰਨੀ ਚਾਹੀਦੀ ਹੈ, ਉਸ ਸੰਬੰਧੀ ਨੁਕਤੇ ਦੱਸੇ ਗਏ ਹਨ। ਵਰਤਮਾਨ ਸਮਾਜ ਵਿੱਚ ਨੌਜਵਾਨ ਆਪਣੇ ਮਾਪਿਆਂ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਹੋ ਰਹੇ ਹਨ। ਅਜਿਹੇ ਮੌਕੇ ‘ਤੇ ਬਜ਼ੁਰਗ ਉਨ੍ਹਾਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਕੇ ਆਪਣਾ ਜੀਵਨ ਸੁਖਾਲਾ ਬਣਾਉਣ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ‘ਜਰਾ ਵਿਗਿਆਨ ਕੀ ਹੈ?’ ਲੇਖ ਵੀ ਬਾਕਮਾਲ ਹੈ, ਆਮ ਲੋਕਾਂ ਨੂੰ ਜਰਾ ਵਿਗਿਆਨ ਦੀ ਜਾਣਕਾਰੀ ਹੀ ਨਹੀਂ ਹੈ। ਡਾ.ਦਲੀਪ ਸਿੰਘ ਉਪਲ ਨੇ ਇਸ ਪੱਖ ਦੀ ਵਿਲੱਖਣ ਜਾਣਕਾਰੀ ਦਿੱਤੀ ਹੈ। ਗੁਰਬਾਣੀ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ‘ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥’ ਰਾਹੀ ਦੱਸਿਆ ਕਿ ਜੀਵਨ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ, ਇਨ੍ਹਾਂ ਨੂੰ ਕਿਵੇਂ ਜੀਵਿਆ ਜਾ ਸਕਦਾ ਹੈ। ਜਰਾ ਵਿਗਿਆਨ ਦੇ ਵਿਸ਼ੇ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ‘ਜਰਾ ਸਵਾਸਥ ਵਿਗਿਆਨ’ ਜਿਸ ਵਿੱਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਬਜ਼ੁਰਗਾਂ ਦੀਆਂ ਬਿਮਾਰੀਆਂ ਦੇ ਇਲਾਜ਼ ਲਈ ਵੱਖਰਾ ਵਿਭਾਗ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ‘ਜਰਾ ਅਰਥ ਵਿਗਿਆਨ’ ਵਿੱਚ ਦੱਸਿਆ ਗਿਆ ਹੈ ਕਿ ਸਮਾਜ ਵਿੱਚ ਚਾਰ ਪ੍ਰਕਾਰ ਦੇ ਲੋਕ ਅਮੀਰ : ਲੋੜ ਤੋਂ ਵੱਧ ਧਨ, ਸਾਧਾਰਨ : ਲੋੜਾਂ ਸੌਖੀਆਂ ਹੀ ਪੂਰੀਆਂ ਕਰਨਯੋਗ, ਨਿਮਨ : ਲੋੜਾਂ ਔਖਿਆਈ ਨਾਲ ਪੂਰੀਆਂ ਕਰਨਯੋਗ ਅਤੇ ਗ਼ਰੀਬ : ਲੋੜਾਂ ਪੂਰੀਆਂ ਕਰਨ ਤੋਂ ਅਸਮਰਥ। ਇਸ ਲਈ ਇਨ੍ਹਾਂ ਚਾਰੇ ਵਰਗਾਂ ਦੇ ਬਜ਼ੁਰਗਾਂ ਦੇ ਰਹਿਣ ਸਹਿਣ ਅਤੇ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ‘ਜਰਾ ਮਨੋਵਿਗਿਆਨ’ ਵਿੱਚ ਦੱਸਿਆ ਹੈ ਕਿ ਬਜ਼ੁਰਗਾਂ ਦੇ ਸੁਭਾਅ ਬੱਚਿਆਂ ਵਰਗੇ ਹੋ ਜਾਂਦੇ ਹਨ, ਉਨ੍ਹਾਂ ਲਈ ਅਧਿਆਤਮਿਕ ਅਤੇ ਭੌਤਿਕ ਉਪਾਅ ਜ਼ਰੂਰੀ ਹੈ ਹਨ। ਭੌਤਿਕ ਤਤਕਾਲੀ ਪ੍ਰੰਤੂ ਅਧਿਆਤਮਿਕ ਸਥਾਈ ਹੁੰਦੇ ਹਨ। ਸਮਾਜ ਸੇਵਾ ਦੇ ਕਾਰਜ ਕਰਕੇ ਸਮਾਂ ਬਿਤਾਇਆ ਜਾ ਸਕਦਾ ਹੈ। ‘ਜਰਾ ਸਮਾਜ ਵਿਗਿਆਨ’ ਦੇ ਦੋ ਅੰਗ ਹਨ। ਬਿਰਧਾਂ ਦਾ ਸਮਾਜ ਅਤੇ ਬਿਰਧਾਂ ਦੀ ਸਮਾਜ ਵਿੱਚ ਥਾਂ। ਸੀਨੀਅਰ ਸ਼ਹਿਰੀਆਂ ਦੀਆਂ ਸੰਸਥਾਵਾਂ ਬਿਰਧ ਸਮਾਜ ਨੂੰ ਸੰਗਠਤ ਕਰਨ ਦਾ ਯਤਨ ਹੈ। ਆਸ਼ਰਮ ਧਾਰਮਿਕ ਸੰਸਥਾ, ਪਰ ਬਿਰਧ ਘਰ ਧਰਮ ਨਿਰਪੇਖ ਸੰਸਥਾ। ‘ਸਮਾਜਵਾਦ ਆਖ਼ਰ ਕੀ ਹੈ’ ਸੰਬੰਧਂੀ ਦੱਸਿਆ ਗਿਆ ਹੈ, ਇਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਅਧਿਕਾਰ ਅਤੇ ਹੱਕ ਬਰਾਬਰ ਹੁੰਦੇ ਹਨ। ਸਾਰੇ ਲੋਕ ਬਰਾਬਰ ਗਿਣੇ ਜਾਂਦੇ ਹਨ। ਗੁਰਪ੍ਰੀਤ ਸਿੰਘ ਤੂਰ ਦੀਆਂ ਦੋ ਪੁਸਤਕਾਂ ਸੰਭਲੋ ਪੰਜਾਬ ਅਤੇ ਜੀਵੇ ਜਵਾਨਂੀ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਤੂਰ ਨੇ ਕਿਤਨੀ ਸੰਜੀਦਗੀ ਨਾਲ ਪੁਰਾਣੇ ਪੰਜਾਬ ਜਿਸ ਵਿੱਚ ਖ਼ੁਸ਼ਹਾਲੀ ਤੇ ਹੁਣ ਦੇ ਪੰਜਾਬ ਵਿੱਚ ਨਸ਼ੇ, ਪ੍ਰਦੂਸ਼ਣ, ਬੇਰੋਜ਼ਗਾਰੀ, ਭਰਿਸ਼ਟਾਚਾਰ ਕਰਕੇ ਨੌਜਵਾਨੀ ਦੀ ਹਾਲਤ ਬਾਰੇ ਬਾਖ਼ੂਬੀ ਚਾਨਣਾ ਪਾਇਆ ਹੈ। ‘ਜੀਵੇ ਜਵਾਨੀ’ ਪੁਸਤਕ ਵਿੱਚ ਨੌਜਵਾਨਾਂ ਨੂੰ ਜਿਲਤ ਵਿੱਚੋਂ ਕੱਢਣ ਲਈ ਪੰਜ ਨੁਕਤੇ : ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗ੍ਰਤ ਕਰਨਾ, ਅਪਰਾਧਕ ਬਿਰਤੀਆਂ ਬਾਰੇ ਸੁਚੇਤ ਕਰਨਾ, ਜਵਾਨੀ ਨੂੰ ਖੇਡਾਂ ਅਤੇ ਕਿਤਾਬਾਂ ਨਾਲ ਜੋੜਨਾ, ਸੱਚੀ ਸੁੱਚੀ ਕਿਰਤ ਦੀ ਚੇਤਨਾ ਪੈਦਾ ਕਰਨਾ ਅਤੇ ਸੁਚੱਜੀ ਜੀਵਨ ਜਾਚ ਦੇ ਪੂਰਨੇ ਪਾਉਣੇ ਬਾਰੇ ਸਹੀ ਢੰਗ ਨਾਲ ਪ੍ਰੇਰਿਤ ਕੀਤਾ ਜਾਵੇ। ਪੁਲਿਸ ਅਧਿਕਾਰੀ ਹੋਣ ਕਰਕੇ ਗੁਰਪ੍ਰੀਤ ਸਿੰਘ ਤੂਰ ਨੇ ਜ਼ਮੀਨੀ ਪੱਧਰ ਤੇ ਖੋਜ ਕਰਕੇ ਸੁਝਾਅ ਦਿੱਤੇ ਹਨ। ਇਸ ਤੋਂ ਇਲਾਵਾ ਵਿਸ਼ਵੀਕਰਨ ਤੇ ਉਦਾਰੀ ਕਰਨ ਦੇ ਲਾਭ ਹਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੀਜੇ ਭਾਗ ਵਿੱਚ ਦਲੀਪ ਸਿੰਘ ਉਪਲ ਦੀਆਂ ਪੁਸਤਕਾਂ ਦੀ 9 ਵਿਦਵਾਨਾ ਵੱਲੋਂ ਕੀਤੀ ਗਈ ਪੜਚੋਲ ਪ੍ਰਕਾਸ਼ਤ ਕੀਤੀ ਗਈ ਹੈ। ਚੌਥੇ ਭਾਗ ਵਿੱਚ ਵੀ ਉਪਲ ਸਾਹਿਬ ਨੂੰ 8 ਵੱਖ-ਵੱਖ ਉਚ ਕੋਟੀ ਦੇ ਵਿਦਿਆ ਸਾਸਤਰੀਆਂ ਅਤੇ ਸਾਹਿਤਕਾਰਾਂ ਵੱਲੋਂ ਉਨ੍ਹਾਂ ਦੀ ਪ੍ਰਸੰਸਾ ਵਿੱਚ ਲਿਖੀਆਂ ਗਈਆਂ ਚਿੱਠੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਦਲੀਪ ਸਿੰਘ ਉਪਲ ਨੇ ਇਸ ਪੁਸਤਕ ਵਿੱਚ ਸਮਾਜ ਦੇ ਅਤੇ ਖਾਸ ਤੌਰ ‘ਤੇ ਨੌਜਵਾਨੀ ਦੇ ਪੜ੍ਹਨ ਲਈ ਇਹ ਇੱਕ ਬਿਹਤਰੀਨ ਪੁਸਤਕ ਦਿੱਤੀ ਹੈ, ਜਿਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਸ਼ਾਲਾ ਪਰਮਾਤਮਾ ਉਪਲ ਸਾਹਿਬ ਨੂੰ ਲੰਬੀ ਤੇ ਤੰਦਰੁਸਤ ਜ਼ਿੰਦਗੀ ਬਖ਼ਸੇ ਤਾਂ ਜੋ ਸਮਾਜ ਦੀ ਹੋਰ ਸੇਵਾ ਕਰ ਸਕਣ।
192 ਪੰਨਿਆਂ, 295 ਰੁਪਏ ਕੀਮਤ ਵਾਲੀ ਇਹ ਪੁਸਤਕ ਸੰਗਮ ਪਬਲੀਕੇਸ਼ਨ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ