ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) : ਗਲਾਸਗੋ ਗੁਰਦੁਆਰਾ ਅਧੀਨ ਚੱਲਦੇ ਪੰਜਾਬੀ ਸਕੂਲ ਵੱਲੋਂ ਤੀਸਰਾ ਸਲਾਨਾ ਵਿਰਸਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਨਿਰੋਲ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਭਾਸ਼ਾ ਦੀਆਂ ਬਾਤਾਂ ਹੀ ਪਾਈਆਂ ਗਈਆਂ। ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਦਦ ਨਾਲ ਕੀਤੀ ਬਹੁਤ ਹੀ ਵਧੀਆ ਤਿਆਰੀ ਉਹਨਾਂ ਦੀ ਕਲਾਕਾਰੀ, ਪੇਸ਼ਕਾਰੀ ਵਿੱਚੋਂ ਝਲਕ ਰਹੀ ਸੀ। ਸਮਾਗਮ ਦੀ ਸਜਾਵਟ ਤੋਂ ਲੈ ਕੇ ਹਰ ਕੰਮ ਬੱਚਿਆਂ, ਅਧਿਆਪਕਾਂ ਵੱਲੋਂ ਤਨਦੇਹੀ ਨਾਲ ਕੀਤਾ ਗਿਆ ਨਜ਼ਰ ਪੈ ਰਿਹਾ ਸੀ। ਵਿਦਿਆਰਥੀਆਂ ਨੇ ਸਮਾਜਿਕ ਮੁੱਦਿਆਂ ਜਿਵੇਂ ਕਿ ਦਾਜ਼ ਪ੍ਰਥਾ, ਭ੍ਰਿਸ਼ਟਾਚਾਰ, ਕਿਸਾਨ ਮੋਰਚੇ ਸੰਬੰਧੀ ਆਪਣੀ ਅਦਾਕਾਰੀ ਪੇਸ਼ਕਾਰੀ ਰਾਹੀਂ ਹਾਜ਼ਰੀਨ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਬੱਚੇ ਹਾਲ ‘ਚ ਬੈਠੇ ਹਰ ਇੱਕ ਵਿਅਕਤੀ ਨੂੰ ਇਸ ਕਦਰ ਪ੍ਰਭਾਵਿਤ ਕਰ ਗਏ ਕਿ ਜਿੰਨੀ ਦੇਰ ਸਮਾਗਮ ਚੱਲਦਾ ਰਿਹਾ, ਓਨੀ ਦੇਰ ਚੁੱਪ ਛਾਈ ਰਹੀ।
ਇਸ ਤੋਂ ਇਲਾਵਾ ਬੱਚਿਆਂ ਨੇ ਆਪਣੀ ਪੰਜਾਬੀ ਭਾਸ਼ਾ ਤੇ ਪਕੜ ਦਾ ਪ੍ਰਦਰਸ਼ਨ ਵੀ ਬਾਖੂਬੀ ਕੀਤਾ। ਉਹਨਾਂ ਨੇ ਸਰੀਰ ਦੇ ਅੰਗ, ਜਾਨਵਰਾਂ ਦੇ ਨਾਂ ਅਤੇ ਦੇਸੀ ਮਹੀਨਿਆਂ ਬਾਰੇ ਆਪਣੇ ਗਿਆਨ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ। ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚੇ ਭਾਈਚਾਰੇ ਦੇ ਲੋਕਾਂ, ਮਾਪਿਆਂ ਨੇ ਇਸ ਦਿਨ ਦਾ ਭਰਪੂਰ ਆਨੰਦ ਮਾਣਿਆ। ਸਮਾਗਮ ਉਪਰੰਤ ਹਰ ਕੋਈ ਬੱਚਿਆਂ, ਅਧਿਆਪਕਾਂ ਅਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਇਸ ਨਿੱਗਰ ਉਪਰਾਲੇ ਦੀ ਤਾਰੀਫ ਕਰ ਰਿਹਾ ਸੀ।