ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ (ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025 ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜ ਰੋਜ਼ਾ ਨਾਟਕ ਮੇਲੇ ਮੌਕੇ ਪਹਿਲੇ ਦਿਨ ਦੇਵਿੰਦਰ ਦਮਨ ਦਾ ਲਿਖਿਆ ਨਾਟਕ ‘ਛਿਪਣ ਤੋਂ ਪਹਿਲਾਂ’ ਜਸਵੀਰ ਗਿੱਲ ਦੀ ਨਿਰਦੇਸ਼ਨਾ ਹੇਠ ਪੰਜਾਬੀ ਭਵਨ, ਲੁਧਿਆਣਾ ਵਿਖੇ ਖੇਡਿਆ ਗਿਆ ਜਿਸ ਦੀ ਦਰਸ਼ਕਾਂ ਨੇ ਤਾੜੀਆਂ ਨਾਲ ਸਰਾਹਣਾ ਕੀਤੀ। ਦੂਸਰੇ ਦਿਨ 24 ਮਾਰਚ ਨੂੰ ਉੱਘੇ ਨਾਟਕਕਾਰ ਦੇਵਿੰਦਰ ਦਮਨ ਨਾਲ ਰੰਜੀਵਨ ਨੇ ਸੰਬਾਦ ਕੀਤਾ। ਜਿਸ ਵਿਚ ਨਾਟਕ ‘ਛਿਪਣ ਤੋਂ ਪਹਿਲਾਂ’ ਅਤੇ ਇਕ ਦੇਵਿੰਦਰ ਦਮਨ ਇਹ ਵੀ ਨਾਲ ਦੇਵਿੰਦਰ ਦਮਨ ਦੀ ਸਮੁੱਚੀ ਸ਼ਖ਼ਸੀਅਤ ਬਾਰੇ ਚਰਚਾ ਕੀਤੀ ਗਈ। ਦਮਨ ਹੋਰਾਂ ਦੱਸਿਆ ਕਿ ਨਾਟਕ ‘ਛਿਪਣ ਤੋਂ ਪਹਿਲਾਂ’ ਵਿਦੇਸ਼ ਵਿਚ ਪੰਜਾਬੀਆਂ ਦੀ ਇਸ ਮੰਗ ’ਤੇ ਲਿਖਿਆ ਗਿਆ ਸੀ ਕਿ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਨਵਾਂ ਨਾਟਕ ਚਾਹੀਦਾ ਸੀ। ਇਹ ਨਾਟਕ ਪਿਛਲੇ ਲੰਮੇ ਸਮੇਂ ਤੋਂ ਆਪਣਾ ਵੱਡਾ ਨਾਮ ਬਣਾ ਚੁੱਕਾ ਹੈ ਜਿਸ ਦੀਆਂ ਪੇਸ਼ਕਾਰੀਆਂ ਹਿੰਦੁਸਤਾਨ ਦੇ ਦੱਖਣੀ ਭਾਗ ਵਿਚ ਵੀ ਤੇ ਦੁਨੀਆਂ ਭਰ ਵਿਚ ਹੋਈਆਂ ਹਨ। ਇਹ ਨਾਟਕ ਅੰਗਰੇਜ਼ੀ ਵਿਚ ਵੀ ਅਨੁਵਾਦ ਹੋ ਕੇ ਛਪ ਚੁੱਕਾ ਹੈ। ਜਦੋਂ ਉਨ੍ਹਾਂ ਕਿਹਾ ਕਿ ਇਪਟਾ ਦੇ ਜਥੇਬੰਦਕ ਕੰਮ ਸਗੋਂ ਮੈਨੂੰ ਸਿਰਜਨਾ ਤੇ ਕਲਾਕਾਰੀ ਵਿਚ ਸਹਿਯੋਗੀ ਰਹੇ ਹਨ। ਉਨ੍ਹਾਂ ਇਕ ਗੀਤ ‘ਕਣਕਾਂ ਦੇ ਓਹਲੇ’ ਤਰੰਨਮ ’ਚ ਸੁਣਾਇਆ ਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਨਾਟਕਕਾਰੀ ਵਿਚ ਸੰਗੀਤ ਦੀ ਗ੍ਰੈਜੂਏਸ਼ਨ ਬੜੀ ਸਹਾਇਕ ਹੋਈ ਹੈ। ਉਨ੍ਹਾਂ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਮੋਹਾਲੀ ਸੰਸਥਾ ਖੋਲ੍ਹ ਕੇ ਨੌਜਵਾਨਾਂ ਨੂੰ ਨਾਟਕ ਤੇ ਕਲਾਕਾਰੀ ਨਾਲ ਜੋੜਨਾ ਚਾਹੁੰਦਾ ਹਾਂ। ਰੰਜੀਵਨ ਨੇ ਉਨ੍ਹਾਂ ਦੇ ਚਰਚਿਤ ਨਾਟਕ ਵਿਚ ‘ਬੋਗਾ ਸਿੰਘ’ ਦੇ ਪਾਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਵੇਂ ਇਹ ਕਲਪਿਤ ਪਾਤਰ ਹੈ ਪਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੋਰ ਬਿਹਤਰ ਤਰੀਕੇ ਨਾਲ ਪੇਸ਼ ਕਰਦਾ ਹੈ।
ਪ੍ਰਸਿੱਧ ਲੋਕ ਗਾਇਕਾ ਡੌਲੀ ਗੁਲੇਰੀਆ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇੇ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਰੰਗਮੰਚ ਅਤੇ ਫ਼ਿਲਮ ਅਦਾਕਾਰਾ ਡਾ. ਅਮਨ ਭੋਗਲ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡੌਲੀ ਗੁਲੇਰੀਆ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਵਿਸਥਾਰ ਸਹਿਤ ਆਪਣੀਆਂ ਜੀਵਨ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਪੀਪਲਜ਼ ਥੀਏਟਰ ਐਸੋਸੀਏਸ਼ਨ ਤੋਂ ਮੈਨੂੰ ਸਬਕ ਮਿਲਿਆ ਦੁਨੀਆਂ ’ਚ ਪੈਦਾ ਹੋਏ ਇਨਸਾਨ ਇਕੋ ਜਿਹੇ ਹਨ। ਮੈਨੂੰ ਮੇਰੇ ਦਾਰ ਜੀ ਸਿਖਾਉਂਦੇ ਸਨ ਕਿ ਕੀਮਤੀ ਗਹਿਣੇ ਪਹਿਨਣ ਦਾ ਕੋਈ ਫ਼ਾਇਦਾ ਨਹੀਂ। ਮੈਂ ਰੰਗ ਬਰੰਗੇ ਨਗਾਂ ਦੀ ਮਾਲਾ ਪਹਿਨ ਕੇ ਖੁਸ਼ ਹੁੰਦੀ ਸੀ। ਮੇਰਾ ਗਿਆਨ ਪ੍ਰਾਪਤ ਕਰਨ ਤੇ ਵੰਡਣਾ ਹੀ ਮੰਤਵ ਰਿਹਾ ਹੈ। ਮੇਰੀ ਮਾਤਾ ਸੁਰਿੰਦਰ ਕੌਰ ਦਾ ਸੰਗੀਤ ਦੇ ਖੇਤਰ ਵਿਚ ਵੱਡਾ ਨਾਂ ਮੇਰੇ ਲਈ ਬਹੁਤ ਅੱਛਾ ਗਾਉਣ ਲਈ ਚੁਣੌਤੀ ਬਣਿਆ ਰਿਹਾ ਮੇ ਮੈਂ ਮਾਂ ਦਾ ਨਾਂ ਸਦੀਵੀ ਕਰਨਾ ਚਾਹੁੰਦੀ ਹਾਂ। ਆਪਣੇ ਪਤੀ ਨਾਲ ਗੱਲ ਕਰਦੀ ਤਾਂ ਉਹ ਕਹਿੰਦੇ ਇਹ ਗੱਲਾਂ ਲਿਖ ਕੇ ਦੁਨੀਆਂ ਸਾਹਮਣੇ ਪੇਸ਼ ਕਰੋ। ਮੈਂ ਸਵੈਜੀਵਨੀ ਲਿਖੀ ਜਿਹੜੀ ਮੇਰੀ ਮਾਂ ਤੇ ਦਾਰ ਜੀ ਦੀ ਜੀਵਨੀ ਬਣ ਨਿਬੜੀ। ਡੌਲੀ ਗੁਲੇਰੀਆ ਨੇ ਕੁਝ ਗੀਤਾਂ ਦੀਆਂ ਵੰਨਗੀਆਂ ਤਰੁੰਨਮ ’ਚ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਅਗਲੀ ਪੀੜ੍ਹੀ ਵਾਸਤੇ ਕਿਹਾ ਕਿ ਬਹੁਤੇ ਬਜ਼ਾਰੂ ਕਿਸਮ ਦੇ ਉੱਚੇ ਗੀਤ ਪੱਛਮੀ ਬੀਟਾਂ ’ਤੇ ਨਾਚ ਲਈ ਤਾਂ ਸਾਨੂੰ ਧੜਕਾ ਸਕਦੇ ਨੇ ਪਰ ਬੋਲ ਤੇ ਸ਼ਬਦ ਪਿੱਛੇ ਰਹਿ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਰਿੰਦਰ ਕੌਰ ਤੇ ਦਾਰ ਜੀ ਨੇ ਹਮੇਸ਼ਾ ਉਨ੍ਹਾਂ ਨੂੰ ਬਹੁਤ ਪਿਆਰ ਤੇ ਦੁਲਾਰ ਦਿੱਤਾ। ਪਰ ਉਨ੍ਹਾਂ ਦੀ ਘੂਰੀ ਬਹੁਤ ਖ਼ਤਰਨਾਕ ਹੁੰਦੀ ਸੀ ਜਿਸ ਕਰਕੇ ਮੇਰੀ ਕੋਈ ਗ਼ਲਤ ਭਾਵਨਾ ਪਨਪ ਨਹੀਂ ਸਕੀ ਤੇ ਅੱਜ ਮੈਨੂੰ ਉਹ ਘੂਰੀ ਮਿੱਠੀ ਯਾਦ ਲੱਗਦੀ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੇਵਿੰਦਰ ਦਮਨ ਅਤੇ ਡੌਲੀ ਗੁਲੇਰੀਆ ਸਮੇਤ ਸੰਜੀਵਨ, ਡਾ. ਅਮਨ ਭੋਗਲ, ਰੰਜੀਵਨ ਅਤੇ ਸਮੁੱਚੀ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜੋ ਸੰਬਾਦ ਦੇਵਿੰਦਰ ਦਮਨ ਜੀ ਅਤੇ ਡੌਲੀ ਗੁਲੇਰੀਆ ਜੀ ਦਾ ਹੋਇਆ ਹੈ ਉਸ ਵਿਚ ਪ੍ਰਸ਼ਨ ਪੁੱਛਣ ਵਾਲੇ ਡਾ. ਅਮਨ ਭੋਗਲ ਅਤੇ ਰੰਜੀਵਨ ਦੋਨਾਂ ਦਾ ਸੰਬੰਧ ਵੀ ਇਪਟਾ ਅਤੇ ਪ੍ਰਗਤੀਸ਼ੀਲ ਲੇਖਣੀ ਨਾਲ ਹੈ। ਸੋ ਅੱਜ ਦੀ ਚਰਚਾ ਨੇ ਕੁਝ ਉਨ੍ਹਾਂ ਸਮਾਜਿਕ ਮੁੱਲਾਂ ਨੂੰ ਫਿਰ ਸਾਡੇ ਸਨਮੁੱਖ ਕੀਤਾ ਹੈ ਜਿਹੜੇ ਮਨੁੱਖੀ ਬਿਹਤਰੀ ਲਈ ਸਦੀਵੀ ਹਨ। ਉਨ੍ਹਾਂ ਦੱਸਿਆ 25 ਮਾਰਚ ਨੂੰ ਡਾ. ਪਾਲੀ ਭੁਪਿੰਦਰ ਨਾਲ ਰੂਬਰੂ ਸਮਾਗਮ ਪੰਜਾਬੀ ਭਵਨ, ਲੁਧਿਆਣਾ ਵਿਖੇ ਸਵੇਰੇ 11 ਵਜੇ ਹੋਵੇਗਾ ਅਤੇ ਸ਼ਾਮ ਠੀਕ 6.30 ਵਜੇ ਸੋਮ ਪਾਲ ਹੀਰਾ ਦਾ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਾ ਮੰਚਣ ਹੋਵੇਗਾ।
ਪੰਜ ਰੋਜ਼ਾ ਨਾਟਕ ਮੇਲੇ ਦੇ ਸੰਯੋਜਕ ਸ੍ਰੀ ਸੰਜੀਵਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਅੱਜ ਦੇ ਮਹਿਮਾਨ ਡੌਲੀ ਗੁਲੇਰੀਆ ਅਤੇ ਦੇਵਿੰਦਰ ਦਮਨ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਚਲਦੇ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਸ੍ਰੀ ਬਿਹਾਰੀ ਲਾਲ ਸੱਦੀ ਦੇੇ ਅਚਾਨਕ ਸਦੀਵੀ ਵਿਛੋੜੇ ਦੀ ਖ਼ਬਰ ਮਿਲਣ ਤੇ ਉਨ੍ਹਾਂ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਅਰਪਣ ਕੀਤੀ ਗਈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੰਦੀਪ ਸ਼ਰਮਾ, ਚਰਨਜੀਤ ਸਿੰਘ, ਡਾ. ਬਲਵਿੰਦਰ ਸਿੰਘ ਔਲਖ, ਨਾਟਕਕਾਰ ਤਰਲੋਚਨ ਸਿੰਘ, ਇੰਦਰਜਤੀਪਾਲ ਕੌਰ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਰਿਤੂ ਰਾਗ, ਦੇਵਿੰਦਰ ਕੌਰ, ਮੋਹੀ ਅਮਰਜੀਤ, ਪਰਮਜੀਤ ਸੋਹਲ, ਅਮਰਜੀਤ ਸ਼ੇਰਪੁਰੀ, ਸਤਨਾਮ ਸਿੰਘ, ਅੰਜਨਾ, ਮੇਜਰ ਸਿੰਘ, ਦਲਜੀਤ ਬਾਗ਼ੀ, ਰਘਬੀਰ ਸਿੰਘ ਸੰਧੂ, ਸੰਤੋਖ ਸਿੰਘ, ਕਰਨ, ਰੈਕਟਰ ਕਥੂਰੀਆ, ਵਿਜੇ ਕਮਾਰ ਸਮੇਤ ਕਾਫ਼ੀ ਗਿਣਤੀ ਵਿਚ ਨਾਟਕ ਪ੍ਰੇਮੀ ਅਤੇ ਸਰੋਤੇ ਹਾਜ਼ਰ ਸਨ।