ਲੁਧਿਆਣਾ : ਅਣੂ ਮੰਚ ਦੇ ਚੇਅਰਮੈਨ ਅਤੇ ‘ਅਣੂ’ ਮਿੰਨੀ ਪੱਤਿ੍ਰਕਾ ਦੇ ਸੰਪਾਦਕ ਸਰਿੰਦਰ ਕੈਲੇ ਦੇ ਪਿੱਤਰੀ ਪਿੰਡ ਬੁਟਾਹਰੀ ਵਿਖੇ ਲਾਇਬ੍ਰੇਰੀ ਦੀ ਇਮਾਰਤ ਦਾ ਨੀਂਹ ਪੱਥਰ ਬੱਚੀ ‘ਸਨਾਇਤ ਕੈਲੇ’ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਸਮੇਂ ਸੁਰਿੰਦਰ ਕੈਲੇ ਦੇ ਸਮੁੱਚੇ ਪਰਿਵਾਰ ਅਤੇ ਸਰਪੰਚ ਗਰਾਮ ਪੰਚਾਇਤ ਸ੍ਰੀਮਤੀ ਭੁਪਿੰਦਰ ਕੌਰ ਨੇ ਸ਼ਮੂਲੀਅਤ ਕੀਤੀ। ਪ੍ਰਸਿੱਧ ਕਵੀਸ਼ਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਰਿੰਦਰ ਕੈਲੇ ਦੀ ਪੋਤਰੀ ਵਲੋਂ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣਾ ਬੱਚੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਅਤੇ ਭਵਿੱਖ ਵਿਚ ਲਾਇਬ੍ਰੇਰੀ ਰਾਹੀਂ ਆਪਣੇ ਲੋਕਾਂ ਨਾਲ ਜੁੜੇ ਰਹਿਣ ਦਾ ਸਬੱਬ ਬਣੇਗੀ। ਬੇਬੀ ਸਨਾਇਤ ਜੋ ਪ੍ਰਇਮਰੀ ਸਕੂਲ ਦੀ ਵਿਦਿਆਰਥਣ ਹੈ, ਇਕ ਹੋਣਹਾਰ ਕਲਾਕਾਰ ਤੇ ਸਾਹਿਤਕਾਰ ਵੀ ਹੈ ਜਿਸ ਦੀਆਂ ਰਚਨਾਵਾਂ ਅਖ਼ਬਾਰਾਂ ਅਤੇ ਰਸਾਲਿਆਂ ਦੀ ਸ਼ੋਭਾ ਬਣਦੀਆਂ ਰਹਿੰਦਆਂ ਹਨ।
ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਨੇ ਪੰਚਾਇਤ ਵਲੋਂ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਾਬਕਾ ਸਰਪੰਚ ਸ੍ਰੀ ਸੁਰਿੰਦਰ ਕੈਲੇ ਸ਼ੁਰੂ ਤੋਂ ਹੀ ਪਿੰਡ ਦੀ ਬਿਹਤਰੀ ਲਈ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਵਲੋਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਹਰ ਸਾਲ ਪੁਸਤਕਾਂ ਦਾਨ ਦੇਣ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਾਹਿਤਕ ਕਿਤਾਬਾਂ ਦੇ ਕੇ ਸਨਮਾਨ ਕਰਨ ਲਈ ਨਗਰ ਨਿਵਾਸੀ ਭਰਪੂਰ ਪ੍ਰਸੰਸਾ ਕਰਦੇ ਹਨ। ਇਨ੍ਹਾਂ ਨੇ ਪਿੰਡ ਵਿਚ 1978 ਵਿਚ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਸੀ ਜਿਸ ਦਾ ਉਦਘਾਟਨ ਤਤਕਾਲ ਡਿਪਟੀ ਕਮਿਸ਼ਨਰ ਸ੍ਰੀ ਨ. ਸ. ਰਤਨ ਨੇ ਕੀਤਾ ਸੀ।
ਪਿੰਡ ਤੇ ਨੌਜਵਾਨ ਸਭਾ ਦਾ ਸਿਰਕੱਢਦੇ ਮੈਂਬਰ ਸ. ਹਰਜੀਤ ਸਿੰਘ ਨੇ ਸੁਰਿੰਦਰ ਕੈਲੇ ਦੇ ਪਰਿਵਾਰ ਵਲੋਂ ਪਿੰਡ ਦੀ ਬਿਹਤਰੀ ਲਈ ਜ਼ਮੀਨ ਦੇਣ ਅਤੇ ਲਾਇਬ੍ਰੇਰੀ ਦੀ ਇਮਾਰਤ ਬਣਾੳਣ ਦੇ ਉੱਦਮ ਲਈ ਸਮੁੱਚੀ ਨੌਜਵਾਨ ਸਭਾ ਵਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਨਗਰ ਨਿਵਾਸੀਆਂ ਖਾਸਕਰ ਵਿਦਿਆਰਥੀਆਂ ਲਈ ਇਹ ਲਾਇਬ੍ਰੇਰੀ ਵਰਦਾਨ ਸਾਬਤ ਹੋਵੇਗੀ। ਅਖ਼ੀਰ ’ਚ ਪਰਿਵਾਰ ਵਲੋਂ ਸ੍ਰੀ ਬੱਬਰ ਕੈਲੇ (ਸਪੁੱਤਰ ਸ੍ਰੀ ਸੁਰਿੰਦਰ ਕੈਲੇ) ਨੇ ਕਿਹਾ ਕਿ ਲਾਇਬ੍ਰੇਰੀ ਦੇ ਨੀਂਹ ਪੱਥਰ ਰੱਖਣ ਦੀ ਰਸਮ ਪਰਿਵਾਰ ਤੱਕ ਸੀਮਤ ਰੱਖੀ ਗਈ ਹੈ। ਉਨ੍ਹਾਂ ਸ੍ਰੀਮਤੀ ਰੁਪਿੰਦਰ ਕੌਰ ਸਰਪੰਚ ਗਰਾਮ ਪੰਚਾਇਤ ਦਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਲਈ ਅਤੇ ਭਾਈ ਮਨਜੀਤ ਸਿੰਘ, ਹਰਜੀਤ ਸਿੰਘ ਅਤੇ ਪ੍ਰਬੰਧਕੀ ਸਹਾਇਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡਾ ਪਰਿਵਾਰ ਗਰਾਮ ਦੀ ਬਿਹਤਰੀ ਲਈ ਯਤਨਸ਼ੀਲ ਰਹੇਗਾ।