ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ (ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025 ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਏ ਗਏ ਪੰਜ ਰੋਜ਼ਾ ਨਾਟਕ ਮੇਲੇ ਦੇ ਅਖ਼ੀਰਲੇ ਦਿਨ ਵਿਸ਼ਵ ਰੰਗਮੰਚ ਦਿਵਸ ਨੂੰ ਪ੍ਰਸਿੱਧ ਨਾਟਕਕਾਰ ਡਾ. ਸ. ਨ. ਸੇਵਕ ਨੂੰ ਸਮਰਪਿਤ ਕੀਤਾ ਗਿਆ। ਇਸੇ ਦਿਨ ਡਾ. ਪਾਲੀ ਭੂਪਿੰਦਰ ਸਿੰਘ ਦਾ ਲਿਖਿਆ ਅਤੇ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਮੈਂ ਭਗਤ ਸਿੰਘ’ ਨਾਟਿਅਮ ਪੰਜਾਬ ਦੀ ਟੀਮ ਵਲੋਂ ਪੇਸ਼ ਕੀਤਾ ਗਿਆ। ਜਿਸ ਵਿਚ ਸ. ਭਗਤ ਸਿੰਘ ਦੀ ਸੋਚ ਅਨੁਸਾਰ ਚੱਲਣ ਲਈ ਸੇਧ ਦਿੱਤੀ ਗਈ। ਸੈਂਕੜੇ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਵਿਚ ਇਸ ਨਾਟਕ ਦਾ ਆਨੰਦ ਮਾਣਿਆ। ਸ੍ਰੀ ਕੇ. ਐਨ.ਸੋਖੋਂ ਜਨਰਲ ਸਕੱਤਰ ਇਪਟਾ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਰਣਜੋਧ ਸਿੰਘ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਮਲਕੀਅਤ ਸਿੰਘ ਔਲਖ, ਹੀਰਾ ਸਿੰਘ ਰੰਧਾਵਾ, ਮਨਦੀਪ ਕੌਰ ਭੰਮਰਾ, ਡਾ. ਅਮਨ ਭੋਗਲ, ਮਹਿੰਦਰ ਸਿੰਘ ਸੇਖੋਂ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਦਰਸ਼ਕ ਹਾਜ਼ਰ ਸਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਮੇਲੇ ਦੇ ਸੰਯੋਜਕ ਸ੍ਰੀ ਸੰਜੀਵਨ ਨੇ ਸਮੂਹ ਰੰਗਕਰਮੀਆਂ, ਨਾਟ-ਮੰਡਲੀਆਂ ਸਮੇਤ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਪੰਜੇ ਦਿਨ ਰੂ-ਬ-ਰੂ ਸਮਾਗਮਾਂ ਅਤੇ ਨਾਟਕਾਂ ਮੌਕੇ ਸ਼ਮੂਲੀਅਤ ਕੀਤੀ।
28 ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ‘ਮੈਂ ਭਗਤ ਸਿੰਘ’ ਨਾਟਕ ਬਾਰੇ ਪ੍ਰਦੀਪ ਸ਼ਰਮਾ ਅਤੇ ਸ੍ਰੀ ਕੇ. ਐਨ. ਸੇਖੋਂ, ਨੇ ਸੰਬਾਦ ਰਚਾਇਆ। ਜਿਸ ਵਿਚ ਸ੍ਰੀ ਸੰਜੀਵਨ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਤਰਲੋਚਨ ਸਿੰਘ ਨਾਟਕਕਾਰ, ਜਨਮੇਜਾ ਸਿੰਘ ਜੌਹਲ, ਡਾ. ਹਰੀ ਸਿੰਘ ਜਾਚਕ, ਮੋਹੀ ਅਮਰਜੀਤ ਸਿੰਘ, ਦਲਜੀਤ ਬਾਗ਼ੀ ਆਦਿ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਇਸੇ ਦਿਨ ਸ. ਹੀਰਾ ਸਿੰਘ ਰੰਧਾਵਾ (ਕੈਨੇਡਾ) ਨਾਲ ਰੂਬਰੂ ਸਮਾਗਮ ਆਯੋਜਿਤ ਕੀਤਾ ਗਿਆ। ਸ੍ਰੀ ਸੰਜੀਵਨ ਦੇੇ ਸਵਾਲਾਂ ਦੇ ਜਵਾਬ ਦਿੰਦਿਆਂ ਹੀਰਾ ਸਿੰਘ ਰੰਧਾਵਾ ਨੇ ਦਸਿਆ ਕਿ ਉਨ੍ਹਾਂ ਬਚਪਨ ਵਿਚ ਹੀ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਸਨ। ਭਾਅ ਜੀ ਗੁਰਸ਼ਰਨ ਸਿੰਘ ਦੀ ਸੋਹਬਤ ਨੇ ਉਨ੍ਹਾਂ ਨੂੰ ਨਾਟਕਕਾਰ ਬਣਨ ’ਚ ਸਹਾਇਤਾ ਕੀਤੀ। ਇਥੇ ਹੀ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ ਤੇ ਲਗਪਗ ਪੰਦਰਾਂ ਸਾਲ ਤਰਲੋਚਨ ਸਿੰਘ ਤੇ ਰਾਜ ਕੁਮਾਰ ਨਾਲ ਮਿਲ ਕੇ ਨਾਟਕਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਉਨ੍ਹਾਂ ਦਸਿਆ ਕਿ ਉਨ੍ਹਾਂ ਕੈਨੇਡਾ ਵਿਚ ਲੋਕ ਮਸਲਿਆਂ ਨੂੰ ਆਧਾਰ ਬਣਾ ਕੇ ਮੈਂ ਦਰਜਨ ਤੋਂ ਵੱਧ ਨਾਟਕ ਲਿਖੇ ਅਤੇ ਖੇਡੇ ਹਨ। ਉਨ੍ਹਾਂ ਨੂੰ ਛਪਵਾਉਣ ਦੇ ਯਤਨ ਜਾਰੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਰਿੰਦਰ ਕੈਲੇ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਚਰਨਜੀਤ ਸਿੰਘ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਅਮਰਜੀਤ ਸ਼ੇਰਪੁਰੀ, ਸਤਿਨਾਮ ਸਿੰਘ ਕੋਮਲ ਸਮੇਤ ਕਾਫ਼ੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਡਾ. ਹਰੀ ਸਿੰਘ ਜਾਚਕ ਨੇ ਕੀਤਾ।
ਸਮਾਗਮ ਦੇ ਅਖ਼ੀਰ ’ਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਨਾਟਕ ਮੇਲੇ ਦੇ ਸੰਯੋਜਕ ਸ੍ਰੀ ਸੰਜੀਵਨ ਸਿੰਘ ਸਮੇਤ ਆਪਣੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪੰਜ ਰੋਜ਼ਾ ਨਾਟਕ ਮੇਲਾ ਸਫ਼ਲਤਾਪੂਰਵਕ ਨੇਪਰੇ ਚੜਿ੍ਹਆ।