ਕੁਝ ਲਿਖਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਨਾਵਲ, ਕਹਾਣੀ, ਕਵਿਤਾ, ਗੀਤ ਜਾਂ ਲੇਖ ਦਾ ਨਾਂ ਨਹੀਂ ਦੇ ਸਕਦੇ। ਕੁਝ ਰਚਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਨਸਰ ਜਾਂ ਨਜ਼ਮ ਨਾਂ ਦੀ ਬੰਦਿਸ਼ ਵਿਚ ਨਹੀਂ ਰੱਖਿਆ ਜਾ ਸਕਦਾ।
ਡਾ. ਅਮਰਜੀਤ ਟਾਂਡਾ ਦੀ ਕਿਤਾਬ “ਤੇ ਵਕਤ ਬੋਲਦਾ ਗਿਆ” ਨੂੰ ਮੈਂ ਅਜਿਹੇ ਆਜ਼ਾਦ ਅਦਬ ਦੀ ਲੜੀ ਵਿਚ ਰੱਖ ਸਕਦਾ ਹਾਂ। ਇਸ ਕਿਤਾਬ ਵਿਚ ਸਦੀਆਂ ਦਾ ਇਲਮ ਪਰੋ ਕੇ ਇਕ ਖ਼ੂਬਸੂਰਤ ਬਾਗ਼ ਤਿਆਰ ਕੀਤਾ ਹੋਇਆ ਹੈ।
ਇਸ ਵਿਚ ਦਾਦੀ ਨਾਨੀ ਦੀਆਂ ਨਸੀਹਤਾਂ ਹਨ; ਇਸ ਵਿਚ ਰਿਸ਼ੀਆਂ ਮੁਨੀਆਂ, ਉਸਤਾਦਾਂ, ਆਲਮਾਂ ਦਾ ਗੂੜ੍ਹ ਗਿਆਨ ਭਰਿਆ ਹੋਇਆ ਹੈ। ਇਸ ਵਿਚ ਖੂਹ ਤੋਂ ਪਾਣੀ ਭਰਦੀਆਂ ਨੱਢੀਆਂ ਦੀਆਂ ਬਾਤਾਂ ਹਨ। ਇਸ ਵਿਚ ਮਦਰੱਸੇ ਵਿਚ ਪੜ੍ਹਦੇ ਪਾੜ੍ਹਿਆਂ ਦੀ ਇਲਮ ਹਾਸਿਲ ਕਰਨ ਦੀ ਤਲਬ ਹੈ। ਇਸ ਵਿਚ ਤਸੱਵੁੱਫ਼ (ਫ਼ਿਲਾਸਫ਼ੀ) ਦੇ ਸਵਾਲ ਤੇ ਜਵਾਬ ਹਨ। ਇਸ ਵਿਚ ਜ਼ਿੰਦਗੀ ਦੇ ਮਾਅਨੇ ਹਨ; ਇਸ ਵਿਚ ਜੀਣ ਦੀ ਤਾਰੀਫ਼ ਬਿਆਨ ਕੀਤੀ ਹੋਈ ਏ। ਇਹ ਜਿਸਮ, ਦਿਲ ਅਤੇ ਰੂਹ ਦੀਆਂ ਰਮਜ਼ਾਂ ਹਨ।
ਸ਼ਾਇਦ ਅਮਰਜੀਤ ਸਿੰਘ ਨੂੰ ਖ਼ੁਦ ਨੁੰ ਵੀ ਪਤਾ ਨਾ ਹੋਵੇ ਕਿ ਉਸ ਨੇ ਕੀ ਲਿਖ ਦਿੱਤਾ ਹੈ। ਇਸ ਦਾ ਤਾਂ ਇਕ ਇਕ ਸਫ਼ਾ ਹੀ ਨਹੀਂ ਬਲਕਿ ਇਕ ਇਕ ਫ਼ਿਕਰਾ ਅਤੇ ਕਈ ਤਾਂ ਲਫ਼ਜ਼ ਆਪਣੇ ਆਪ ਵਿਚ ਇਕ-ਇਕ ਪੂਰੀ ਦਾਸਤਾਂ ਹਨ, ਤਜੁਰਬਾ ਹਨ, ਇਲਮ ਹਨ।
ਇਸ ਨੂੰ ਜ਼ਰਾ-ਜ਼ਰਾ ਪੜ੍ਹਨ ਮਗਰੋਂ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਸੀ ਕਿ ਕੀ ਇਸ ਪੂਰੀ ਕਿਤਾਬ ਨੂੰ ਬੰਦਾ ਇਕ ਵਾਰ ਵਿਚ ਪੜ੍ਹ ਸਕਦਾ ਹੈ?
ਮੇਰੇ ਜ਼ਿਹਨ ਨੇ ਆਖਿਆ ਇਹ ਨਾਮੁਮਕਿਨ ਹੈ। ਇਸ ਕਿਤਾਬ ਦੇ ਇਕ ਇਕ ਫ਼ਿਕਰੇ ਨੂੰ ਪੜ੍ਹ ਕੇ ਰੁਕ ਕੇ ਇਸ ਦੇ ਲਫ਼ਜ਼ਾਂ ਦੀ ਰੂਹ ਵਿਚ ਜਾਣਾ ਪੈਂਦਾ ਹੈ। ਉਨ੍ਹਾਂ ਨੂੰ ਵਾਰ-ਵਾਰ ਪੜ੍ਹਨਾ ਪੈਂਦਾ ਹੈ। ਅਗਲਾ ਫ਼ਿਕਰਾ ਪੜ੍ਹਨ ਮਗਰੋਂ ਫੇਰ ਪਿੱਛੇ ਪਰਤ ਕੇ ਪਹਿਲੇ ਫ਼ਿਕਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ।
ਡਾ ਅਮਰਜੀਤ ਸਿੰਘ ਚਾਹੇ ਤਾਂ ਇਸ ਨੂੰ ਸਾਹਿਤ ਦਾ ਕੋਈ ਨਾਂ ਦੇ ਸਕਦਾ ਹੈ ਪਰ ਮੈਨੂੰ ਤਾਂ ਇਹ ਜ਼ਿੰਦਗੀ ਦਾ ‘ਐਨਸਾਈਕਲੋਪੀਡੀਆ’ ਲੱਗਿਆ ਹੈ; ਅਤੇ ਐਨਸਾਈਕੋਲਪੀਡੀਆ ਨੂੰ ਕਿਤਾਬ ਵਾਂਙ ਪੜ੍ਹਿਆ ਨਹੀਂ ਜਾਂਦਾ। ਇਸ ਨੂੰ ਤਾਂ ਵਾਰ-ਵਾਰ ਖੋਲ੍ਹ ਕੇ ਕਿਸੇ ਨੁਕਤੇ ਦੇ ਮਾਅਨੇ ਸਮਝਣ ਵਾਸਤੇ ਗਹੁ ਨਾਲ ਤੇ ਰੂਹ ਨਾਲ ਪੜ੍ਹਨਾ ਹੁੰਦਾ ਹੈ।
ਇਸ ਕਮਾਲ ਦੀ ਰਚਨਾ ਵਾਸਤੇ ਡਾ ਅਮਰਜੀਤ ਸਿੰਘ ਟਾਂਡਾ ਨੂੰ ਸਿਰਫ਼ ਮੁਬਾਰਕਾਂ ਦੇਣਾ ਹੀ ਨਹੀਂ ਬਲਕਿ ਸਲਾਮ (ਸਲੂਟ) ਕਰਨਾ ਬਣਦਾ ਹੈ। ਵਾਹ! ਅਸ਼ਕੇ !!