(21ਵੀਂ ਬਰਸੀ ’ਤੇ ਵਿਸ਼ੇਸ਼)
21 ਵਰ੍ਹੇ ਪਹਿਲਾਂ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅੰਤਿਮ ਸੰਸਕਾਰ ਦਾ ਉਹ ਮੰਜ਼ਰ ਮੈਂ ਆਪਣੇ ਅੱਖੀਂ ਡਿੱਠਾ, ਟੌਹੜਾ ਪਿੰਡ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਹੀ ਲੋਕਾਂ ਦੀਆਂ ਅੱਖਾਂ ਨਮ ਸਨ, ਜੋ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਏ ਹੋਏ ਸਨ।
ਰਾਜਸੀ ਖੇਤਰ ਵਿਚ ਸ਼ਾਇਦ ਹੀ ਕੋਈ ਹੋਰ ਹੋਵੇਗਾ ਜਿਸ ਦੇ ਹਿੱਸੇ ਜਥੇਦਾਰ ਟੌਹੜਾ ਜਿੰਨੀ ਆਲੋਚਨਾ ਅਤੇ ਪ੍ਰਸੰਸਾ ਆਇਆ ਹੋਵੇ। ਉਨ੍ਹਾਂ ਦੀ ਸ਼ਖ਼ਸੀਅਤ ਧਰਮ ਅਤੇ ਰਾਜਨੀਤੀ ਦਾ ਇਕ ਵਧੀਆ ਸੁਮੇਲ ਸੀ। ਕਈ ਉਤਰਾਅ ਚੜ੍ਹਾਅ ਦੇ ਬਾਵਜੂਦ ਜਥੇਦਾਰ ਟੌਹੜਾ ਸਿੱਖ ਪਹਿਚਾਣ ਅਤੇ ਸਰੋਕਾਰਾਂ ਪ੍ਰਤੀ ਹਮੇਸ਼ਾਂ ਸੁਚੇਤ ਰਹੇ। ਸਮੇਂ ਦੀ ਨਜ਼ਾਕਤ ਨੂੰ ਬਾਖ਼ੂਬੀ ਸਮਝਦੇ ਸਨ ਅਤੇ ਕਦੇ ਵੀ ਧਾਰਮਿਕ ਅਕੀਦੇ ਉੱਤੇ ਰਾਜਨੀਤੀ ਨੂੰ ਭਾਰੂ ਨਹੀਂ ਹੋਣ ਦਿੰਦੇ ਸਨ। ਸਿੱਖ ਸਿਆਸਤ ਤੇ ਸੰਦਰਭ ਵਿੱਚ, ਉਨ੍ਹਾਂ ਨੇ ਧਰਮ ਅਤੇ ਸਿਆਸਤ ਵਿੱਚ ਸੰਤੁਲਨ ਬਣਾਈ ਰੱਖਣ ਨੂੰ ਹਮੇਸ਼ਾਂ ਯਕੀਨੀ ਬਣਾਇਆ, ਬੇਸ਼ੱਕ ਰਾਜ ਅਤੇ ਰਾਜੇ ਉੱਤੇ ਧਰਮ ਦਾ ਕੁੰਡਾ ਬਣਾਈ ਰੱਖਿਆ। ਉਨ੍ਹਾਂ ਦੇ ਸਦੀਵੀ ਵਿਛੋੜੇ ਦੇ ਵਕਤ ਸਿਆਸੀ ਚਿੰਤਕਾਂ ਨੇ ਇਸ ਗੱਲ ਦਾ ਅਭਾਸ ਕਰ ਲਿਆ ਸੀ ਕਿ ਉਨ੍ਹਾਂ ਜਿਹੇ ਦੂਰ ਅੰਦੇਸ਼ ਲੀਡਰ ਦੀ ਅਣਹੋਂਦ ਕੌਮ ਅਤੇ ਅਕਾਲੀ ਦਲ ਲਈ ਇੱਕ ਮੋੜ ਸਾਬਤ ਹੋਵੇਗੀ, ਅੱਜ ਇਹ ਤੌਖਲਾ ਸੱਚ ਸਾਬਤ ਹੋਇਆ, ਉਹਨਾਂ ਦੇ ਤੁਰ ਜਾਣ ਪਿੱਛੋਂ ਸਮੁੱਚੀ ਸਿੱਖ ਸਿਆਸਤ ਵਿੱਚ ਬਹੁਤ ਕੁਝ ਬਦਲ ਗਿਆ। ਅੱਜ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਿਸ਼ਾ ਹੀਣ ਹਨ। ਅੱਜ ਵੀ ਪੰਜਾਬ ਦੀ ਸਿਆਸਤ ਅਤੇ ਅਕਾਲੀ ਦਲ ਦੇ ਭਵਿੱਖ ਬਾਰੇ ਗੱਲ ਹੁੰਦੀ ਹੈ, ਤਾਂ ਸੂਝਵਾਨ ਤੇ ਸੁਹਿਰਦ ਲੋਕ ਟੌਹੜਾ ਸਾਹਿਬ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਜੇ ਇਸ ਸਮੇਂ ਪ੍ਰਧਾਨ ਸਾਹਿਬ ਹੁੰਦੇ ਤਾਂ ਅਕਾਲੀ ਦਲ ਦੀ ਹਾਲਾਤ ਇਸ ਤਰਾਂ ਨਾ ਹੁੰਦੀ।
ਜਥੇਦਾਰ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਸਰਦਾਰ ਦਲੀਪ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਸੰਤ ਕੌਰ ਜੀ ਦੇ ਕੁੱਖੋਂ ਹੋਇਆ ਅਤੇ ਬੀਬੀ ਜੋਗਿੰਦਰ ਕੌਰ ਜੀ ਨਾਲ ਉਹਨਾਂ ਦਾ ਵਿਆਹ ਹੋਇਆ। ਉਹ ਪੰਜਾਬੀ ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਸਾਹਿਤ ਵਿੱਚ ਗ੍ਰੈਜੂਏਸ਼ਨ ਸਨ। ਨਿੱਤਨੇਮ ਤੇ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਰੁਚੀਆਂ ਰੱਖਦਾ ਸੀ। ਰਾਜਨੀਤਿਕ ਮੁੱਦਿਆਂ ਉੱਤੇ ਉਨ੍ਹਾਂ ਦੀ ਬਹੁਤ ਪਕੜ ਸੀ, ਨੀਤੀ ਘੜਨ ਵਿੱਚ ਮੁਹਾਰਤ ਸਨ। 1938 ਵਿੱਚ 14 ਸਾਲ ਦੀ ਉਮਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੇ ਧਾਰਮਿਕ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ। 1944 ਵਿਚ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋ ਕੇ ਜੇਲ੍ਹ ਯਾਤਰਾ ਕੀਤੀ, ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਪੰਜਾਬੀ ਸੂਬਾ ਮੋਰਚਾ, ਧਰਮ ਯੁੱਧ ਮੋਰਚਾ ਤੋਂ ਇਲਾਵਾ 1975ਦੀ ਐਮਰਜੈਂਸੀ ਸਮੇਂ 19 ਮਹੀਨੇ ਉਹਨਾਂ ਜੇਲ੍ਹ ਕੱਟੀ। ਸਮੁੱਚਾ ਜੀਵਨ ਗੁਰੂ ਘਰ ਦੀ ਸੇਵਾ ਅਤੇ ਪੰਥ ਦੇ ਲੇਖੇ ਲਾਉਣ ਵਾਲੇ ਜਥੇਦਾਰ ਟੌਹੜਾ 1960 ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ 1973 ਵਿੱਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਤੇ ਇਸ ਅਹੁਦੇ ਉੱਤੇ 27 ਸਾਲ ਤੱਕ ਕਾਇਮ ਰਹੇ । 6 ਵਾਰ ਰਾਜ ਸਭਾ ਦੇ ਮੈਂਬਰ ਅਤੇ 1 ਵਾਰ ਲੋਕ ਸਭਾ ਲਈ ਵੀ ਚੁਣੇ ਗਏ। ਅਕਾਲੀ ਦਲ ਅਤੇ ਬਹੁਤ ਸਾਰੀਆਂ ਸਭਾ ਸੁਸਾਇਟੀਆਂ, ਵਿੱਦਿਅਕ ਤੇ ਪੰਥਕ ਸੰਸਥਾਵਾਂ ਦੇ ਮੈਂਬਰ ਤੇ ਆਗੂ ਰਹੇ।
ਜਥੇਦਾਰ ਟੌਹੜਾ ਦੀ ਲਿਆਕਤ ਤੇ ਪੰਥ ਪ੍ਰਸਤੀ ਨੇ ਉਨ੍ਹਾਂ ਨੂੰ 20ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਆਪਣਾ ਨਿਵੇਕਲਾ ਸਥਾਨ ਦਿਵਾਇਆ। ਉਹ ਬੇਤਾਜ ਪਾਤਸ਼ਾਹ ਵਾਂਗ ਵਿਚਰਿਆ, ਸਿੱਖ ਸਿਆਸਤ ਦਾ ਧੁਰਾ ਰਿਹਾ, ਅਕਾਲੀ ਦਲ ਦਾ ਰੂਹੇ ਰਵਾਂ ਰਹੇ। ਜਿੰਦਗੀ ਸੰਘਰਸ਼ਾਂ ਵਾਲੀ ਸੀ ਪਰ ਕਥਨੀ ਤੇ ਕਰਨੀ ਦਾ ਉਨ੍ਹਾਂ ਲੋਹਾ ਮਨਵਾਇਆ। ਇਸ ਸਧਾਰਨ ਜੱਟ ਦੇ ਪੁੱਤਰ ਨੇ ਸਾਰੀ ਉਮਰ ਇਮਾਨਦਾਰੀ ਅਤੇ ਸਾਦਗੀ ਦਾ ਪੱਲਾ ਨਹੀਂ ਛੱਡਿਆ, ਚਿੱਟੀ ਚਾਦਰ ਨੂੰ ਦਾਗ਼ ਨਹੀਂ ਲੱਗਣ ਦਿੱਤਾ । ਸਿਆਸੀ ਕੁਨਬਾਪਰਵਰੀ ਤੋਂ ਉਹ ਹਮੇਸ਼ਾ ਦੂਰ ਰਹੇ। ਭ੍ਰਿਸ਼ਟਾਚਾਰ ਨਾਲ ਉਤਪੋਤ ਇਸ ਨਿਜ਼ਾਮ ਵਿੱਚ ਆਪਣੀ ਨਿਜ ਦੀ ਖ਼ਾਤਰ ਅਜਿਹਾ ਕੋਈ ਕੰਮ ਨਾ ਕਰਕੇ ਹਰ ਤਰਾਂ ਦੇ ਦੋਸ਼ ਤੋਂ ਆਪਣੇ ਆਪ ਨੂੰ ਹਮੇਸ਼ਾ ਬਰੀ ਰੱਖਿਆ, ਬੇਸ਼ੱਕ ਆਪਣੀ ਸਰਦਾਰੀ ਨੂੰ ਪੱਕੀ ਬਣਾਈ ਰੱਖਣ ਲਈ ਪ੍ਰਬੰਧਕੀ ਖੇਤਰ ’ਚ ਕਈ ਕੁਝ ਨੂੰ ਦਰ ਗੁਜ਼ਰ ਕੀਤਾ ਹੋਵੇ। ਉਹਨਾਂ ਦੀ ਪਿਤਾ ਪੁਰਖੀ 10 ਏਕੜ ਜ਼ਮੀਨ 11 ਏਕੜ ਨਹੀਂ ਹੋਈ, ਭਾਵੇਂ ਉਹ ਰਾਜਨੀਤਿਕ ਤੌਰ ਤੇ ਬਹੁਤ ਉੱਚੇ ਮੁਕਾਮ ’ਤੇ ਪਹੁੰਚ ਗਏ ਸਨ। ਉਹੀ ਪਿੰਡ ਵਿੱਚ ਜੱਦੀ ਘਰ ਜਿੱਥੇ ਸਾਰੀ ਜ਼ਿੰਦਗੀ ਬਸਰ ਕੀਤੀ ਅਤੇ ਹਮੇਸ਼ਾ ਰਾਤ ਨੂੰ ਘਰ ਆ ਕੇ ਰਹਿਣ ਨੂੰ ਤਰਜੀਹ ਦਿੱਤੀ।
ਇੱਕ ਚੁੰਬਕੀ ਸ਼ਖ਼ਸੀਅਤ ਵਜੋਂ ਉਨ੍ਹਾਂ ਹਰ ਉਸ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਜੋ ਉਨ੍ਹਾਂ ਦੇ ਸੰਪਰਕ ’ਚ ਆਇਆ ।ਜਿਹੜਾ ਵੀ ਆਪ ਨੂੰ ਇਕ ਵਾਰ ਮਿਲ ਲੈਂਦਾ ਸੀ ਉਹ ਆਪ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਿਆ ਸੀ। ਸਾਰਿਆਂ ਦਾ ਮਨ ’ਚ ਸਤਿਕਾਰ ਸੀ । ਕਰਮਯੋਗੀ, ਚਰਿੱਤਰਵਾਨ ਅਤੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਹੋਣ ਕਾਰਨ ਆਮ ਲੋਕਾਂ ਲਈ ਉਨ੍ਹਾਂ ਤਕ ਪਹੁੰਚ ਬਣਾਉਣਾ ਜਾਂ ਮਿਲਾਪ ਕਰਨਾ ਬੜਾ ਆਸਾਨ ਸੀ। ਉਹ ਵੀ ਬਹੁਤਾ ਸਮਾਂ ਆਪਣੇ ਹੀ ਲੋਕਾਂ ਵਿੱਚ ਬਿਤਾਉਣ ’ਚ ਖ਼ੁਸ਼ੀ ਮਹਿਸੂਸ ਕਰਦੇ ਸਨ। ਹਰੇਕ ਨੂੰ ਨਾਮ ਤੋਂ ਬੁਲਾਉਂਦਿਆਂ ਉਨ੍ਹਾਂ ਦੇ ਦਿਲਾਂ ਵਿੱਚ ਘਰ ਕਰਨ ਦਾ ਹੁਨਰ ਟੌਹੜਾ ਸਾਹਿਬ ਚੰਗੀ ਤਰਾਂ ਆਉਂਦਾ ਸੀ। ਹੇਠੋਂ ਉੱਠ ਕੇ ਮਿਹਨਤ ਨਾਲ ਮੁਕਾਮ ’ਤੇ ਪਹੁੰਚਣ ਕਰਕੇ ਉਹ ਜੜ੍ਹਾਂ ਨਾਲੋਂ ਕਦੀ ਨਹੀਂ ਟੁੱਟਿਆ, ਜਿਸ ਕਰਕੇ ਤਾਕਤ ਦੇ ਵਿੱਚ ਹੋਵੇ ਜਾਂ ਬਾਹਰ ਉਨ੍ਹਾਂ ਦੀ ਸਰਦਾਰੀ ਹਮੇਸ਼ਾ ਸਥਾਪਤ ਰਹੀ ਸੀ। ਉਨ੍ਹਾਂ ਦਾ ਸੱਚਾ ਸੁੱਚਾ ਜੀਵਨ ਅੱਜ ਵੀ ਨੌਜਵਾਨੀ ਲਈ ਰੋਲ ਮਾਡਲ ਹਨ।
ਜਥੇਦਾਰ ਟੌਹੜਾ ਬਹੁਤ ਹੀ ਸੂਝਵਾਨ, ਬਹੁਪੱਖੀ, ਬਹੁ-ਪਸਾਰੀ ਤੇ ਬੇਦਾਗ਼ ਸ਼ਖ਼ਸੀਅਤ ਦੇ ਮਾਲਕ ਅਤੇ ਹਰ ਚੁਨੌਤੀ ਸਮੇਂ ਅਡੋਲ ਰਹਿਣ ਵਾਲੇ ਇਕ ਧੜੱਲੇਦਾਰ ਲੀਡਰ ਸਨ। ਜਥੇਦਾਰ ਟੌਹੜਾ ਇੱਕ ਅਜਿਹੀ ਸ਼ਖ਼ਸੀਅਤ ਜਿਨ੍ਹਾਂ ਨੂੰ ਪੰਥ ਦਰਦੀ, ਪੰਥ ਪ੍ਰਸਤ, ਇਕ ਨਿਰਸਵਾਰਥ ਪੰਥ ਸੇਵਕ, ਬਾਬਾ ਬੋਹੜ, ਲੋਹ ਪੁਰਸ਼, ਗ਼ਰੀਬਾਂ ਦਾ ਮਸੀਹਾ, ਕੌਮ ਦਾ ਹੀਰਾ, ਪੰਥ ਦੇ ਨਿਧੜਕ ਜਰਨੈਲ, ਪ੍ਰਧਾਨ ਸਾਹਿਬ, ਸਿੱਖੀ ਸਿਦਕ ਦਾ ਮੁਜੱਸਮਾ, ਸਿੱਖ ਸਿਆਸਤ ਦਾ ਚਾਣਕਿਆ, ਸਿੱਖ ਪੰਥ ਦਾ ਰੌਸ਼ਨ ਦਿਮਾਗ਼ ਆਦਿ ਵਿਸ਼ਲੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ। ਪੰਥ ਨੂੰ ਸਮਰਪਿਤ, ਸਿੱਖੀ ਸਿਧਾਂਤਾਂ ਦੇ ਨਿਧੜਕ ਪਹਿਰੇਦਾਰ, ਜੋ ਕਦੀ ਝੁਕੇ ਨਹੀਂ, ਡਟ ਕੇ ਪਹਿਰਾ ਦਿੱਤਾ। ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕਰਿਆ ਕਰਦੇ ਸਨ। ਜਥੇਦਾਰ ਸਾਹਿਬ ਦੇ ਦਿੱਖ ਧਾਰਮਿਕ ਸੀ ਪਰੰਤੂ ਰਾਜਸੀ ਤੌਰ ਤੇ ਇੰਨੇ ਚੇਤਨ ਸਨ ਕਿ ਵੱਡੇ ਵੱਡੇ ਰਾਜਸੀ ਨੇਤਾ ਵੀ ਉਨ੍ਹਾਂ ਦੇ ਵਿਚਾਰਾਂ ਤੋਂ ਕੀਲੇ ਜਾਂਦੇ ਸਨ। ਫਿਰ ਵੀ ਉਹ ਪੰਥ ਤੇ ਪੰਜਾਬ ਦੇ ਰਾਜਨੀਤਿਕ ਮੁੱਦਿਆਂ ਲਈ ਬੁੱਧੀਜੀਵੀਆਂ ਨਾਲ ਜ਼ਰੂਰੀ ਸਲਾਹ ਮਸ਼ਵਰਾ ਕਰਨ ਨੂੰ ਪਹਿਲ ਦੇਆ ਕਰਦੇ ਸਨ। ਕੌਮੀ ਕਾਰਜ ਲਈ ਉਨ੍ਹਾਂ ਹਰੇਕ ਕੋਲ ਜਾਣ ਤੋਂ ਗੁਰੇਜ਼ ਨਹੀਂ ਕੀਤਾ। ਹਰੇਕ ਰਾਜਸੀ ਆਗੂ ਨਾਲ ਉਹਨਾਂ ਨੇ ਦੋਸਤੀ ਰੱਖੀ। ਭਾਰਤ ਅਤੇ ਭਾਰਤ ਤੋਂ ਬਾਹਰ ਵਾਸਤੇ ਸਿੱਖਾਂ ਨਾਲ ਸੰਪਰਕ ਬਣਾਈ ਰੱਖਿਆ। ਉਹ ਆਲ ਇੰਡੀਆ ਗੁਰਦੁਆਰਾ ਐਕਟ ਦੇ ਵੀ ਹਾਮੀ ਸਨ।
ਇਹ ਉਨ੍ਹਾਂ ਦੀ ਸਮਰੱਥਾ ਸੀ ਕਿ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਅਕਾਲ ਪੁਰਖ ਦੀ ਓਟ ਆਸਰੇ ਨਾਲ, ਨੰਗੇ ਪੈਰੀਂ ਵੱਡੇ ਸਰਮਾਏਦਾਰਾਂ ਦਾ ਟਾਕਰਾ ਕਰਦੇ ਹੋਏ ਉੱਚੀ ਮੁਕਾਮ ’ਤੇ ਪਹੁੰਚ ਕੇ ਸਿੱਖ ਕੌਮ ਦੇ ਮਹਾਨ ਆਗੂ ਵਜੋਂ ਪ੍ਰਵਾਨ ਚੜ੍ਹੇ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਇਤਿਹਾਸ ਵਿੱਚ 40 ਸਾਲ ਅਹਿਮ ਭੂਮਿਕਾ ਨਿਭਾਈ ਅਤੇ ਸਿਹਤ ਮੰਦ ਰਵਾਇਤਾਂ ਦੀ ਸਿਰਜਣਾ ਕੀਤੀ। ਉਹ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਦੀ ਸੂਚੀ ਵਿੱਚ ਸ਼ੁਮਾਰ ਸਨ। ਸਮਾਜਕ ਅਤੇ ਰਾਜਸੀ ਜੀਵਨ ਅੰਦਰ ਸਿਆਸੀ ਸੂਝ ਸਹਿਜਤਾ ਹਲੀਮੀ ਅਤੇ ਨਿੱਘ ਤੇ ਮਿਲਾਪੜੇ ਸੁਭਾਅ ਦੀ ਸ਼ਖ਼ਸੀਅਤ ਨੇ ਉਹਨਾਂ ਨੂੰ ਹਰਮਨ ਪਿਆਰੇ ਆਗੂ ਵਜੋਂ ਸਥਾਪਿਤ ਕੀਤਾ ਅਜਿਹੇ ਸੁਭਾਅ ਦੇ ਮਾਲਕ ਸਨ ਕਿ ਵਿਰੋਧੀ ਵੀ ਉਹਨਾਂ ਤੋਂ ਕੀਲੇ ਜਾਂਦੇ ਸਨ।
ਕੂਟਨੀਤੀ ਰਾਹੀਂ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਾਉਣ ਦੇ ਸਮਰੱਥ ਸਨ ਤੇ ਔਖੇ ਸਮੇਂ ਤੀਖਣ ਬੁੱਧੀ ਨਾਲ ਕੌਮ ਦੀ ਅਗਵਾਈ ਕੀਤੀ। ਸਿੱਖ ਜਗਤ ਦੀਆਂ ਜਜ਼ਬਾਤਾਂ ਨੂੰ ਸਮਝਣ ਵਾਲਾ, ਪੰਥ ਦੀ ਚੜ੍ਹਦੀ ਕਲਾ ਲਈ ਸਦਾ ਲੋਚਾ ਰੱਖਦੇ ਸਨ। ਸ਼੍ਰੋਮਣੀ ਕਮੇਟੀ ਆਪ ਦੀ ਪ੍ਰਧਾਨਗੀ ਹੇਠ ਇਕ ਗੌਰਵਮਈ ਤੇ ਸਰਵੋਤਮ ਸੰਸਥਾ ਬਣਿਆ ਅਤੇ ਸਿੱਖਾਂ ਦੀ ਪਾਰਲੀਮੈਂਟ ਹੋਣ ਦਾ ਦਰਜਾ ਕਮਾਇਆ। ਉਹਨਾਂ ਸ਼੍ਰੋਮਣੀ ਕਮੇਟੀ ਰਾਹੀਂ ਸਿੱਖਿਆ ਖੇਤਰ ਵਿੱਚ ਵੱਡੀਆਂ ਮਲਾਂ ਮਾਰੀਆਂ ਸਕੂਲ ਕਾਲਜ ਹੀ ਨਹੀਂ ਇੰਜੀਨੀਅਰ ਅਤੇ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਆਦਿ ਦੀ ਵੀ ਸਥਾਪਨਾ ਕੀਤੀ। ਗ਼ਰੀਬਾਂ, ਲੋੜਵੰਦਾਂ, ਸਾਹਿਤਕਾਰਾਂ ਦੀ ਮਾਲੀ ਮਦਦ ਲਈ ਸ਼੍ਰੋਮਣੀ ਕਮੇਟੀ ਰਾਹੀਂ ਉਹਨਾਂ ਕਈ ਨਵੀਂਆਂ ਪਿਰਤਾਂ ਪਾਈਆਂ।
ਮਾਨਵਵਾਦੀ ਸੁਭਾਅ ਦੇ ਮਾਲਕ ਹੋਣਾ ਉਹਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪਹਿਲੂਆਂ ਵਿੱਚੋਂ ਇੱਕ ਸੀ। ਟੌਹੜਾ ਸਾਹਿਬ ਹਿੰਦੂ ਸਿੱਖ ਏਕਤਾ ਸਦਭਾਵਨਾ ਅਤੇ ਪੁਰ ਅਮਨ ਸੰਘਰਸ਼ ਦਾ ਹਾਮੀ ਸਨ। ਉਹ ਹਿੰਦੂ -ਸਿੱਖਾਂ ਵਿੱਚ ਕਾਂਗਰਸ ਦੁਆਰਾ ਪੈਦਾ ਕੀਤੇ ਗਏ ਕੁੜੱਤਣ ਨੂੰ ਖ਼ਤਮ ਕਰਨ ਦੇ ਹਮੇਸ਼ਾ ਹੱਕ ਵਿੱਚ ਸਨ। ਪੰਥ ਹਿਤੈਸ਼ੀ ਤੇ ਪੰਜਾਬ ਹਿਤੈਸ਼ੀ ਵੱਲੋਂ ਪੰਥਕ ਜ਼ਿੰਮੇਵਾਰੀਆਂ ਸਫਲਤਾ ਪੂਰਵਕ ਨਿਭਾਉਣ ਤੋਂ ਇਲਾਵਾ ਪੰਜਾਬ ਵਿੱਚ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਸਨ। ਇਸ ਮਕਸਦ ਲਈ ਅਜਿਹੇ ਅਨੇਕਾਂ ਕਦਮ ਚੁੱਕੇ, ਬੇਸ਼ੱਕ ਉਨ੍ਹਾਂ ਨੂੰ ਆਲੋਚਨਾ ਦਾ ਹੀ ਕਿਉਂ ਨਾ ਸਾਹਮਣਾ ਕਰਨਾ ਪਿਆ ।
ਭਾਵੇਂ ਕਿ ਆਪ ਦਾ ਪਹਿਲਾ ਨਿਸ਼ਾਨਾ ਸੱਤਾ ਨਾ ਹੋਕੇ ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਤੇ ਪਸਾਰ, ਗੁਰਦਵਾਰਿਆਂ ਦਾ ਸਵੱਛ ਪ੍ਰਬੰਧ ਕਰਨਾ ਸੀ। ਦੇਸ਼ ਅੰਦਰ ਖ਼ਾਲਸੇ ਦੀ ਵਿਲੱਖਣ ਪਛਾਣ ਤੇ ਹੋਂਦ ਹਸਤੀ ਨੂੰ ਬਰਕਰਾਰ ਰੱਖਣਾ ਸੀ। ਪੰਥਕ ਸ਼ਕਤੀ ਵਿਚ ਕਈ ਵਾਰ ਟੁੱਟ ਭੱਜ ਆਈ ਪਰ ਆਪ ਪੰਥਕ ਏਕਤਾ ਦੇ ਸਦਾ ਮੁੱਦਈ ਰਹੇ । ਕੌਮ ਦੀ ਖ਼ਾਤਰ ਕੋਈ ਵੀ ਵੱਡਾ ਫ਼ੈਸਲਾ ਕਰਨ ਸਮੇਂ ਥਿੜਕਦੇ ਨਹੀਂ ਸਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਖੱਟੇ ਮਿੱਠੇ ਰਾਜਸੀ ਰਿਸ਼ਤਿਆਂ ’ਤੇ ਚੱਲਦਿਆਂ ਵੀ ਪੰਥ ਸਾਹਮਣੇ ਜਦੋਂ ਰਾਜਨੀਤਿਕ ਪ੍ਰਸਥਿਤੀਆਂ ਵੱਲੋਂ ਖੜੀਆਂ ਕੀਤੀਆਂ ਗਈਆਂ ਵੰਗਾਰਾਂ ਦੇ ਸਨਮੁਖ ਪੰਥ ਅਤੇ ਅਕਾਲੀ ਦਲ ਪ੍ਰਤੀ ਨਵੇਂ ਸਿਰਿਓਂ ਵਿਉਂਤਬੰਦੀ ਦੀ ਲੋੜ ਪਈ, ਉਹਨਾਂ ਸ. ਬਾਦਲ ਨਾਲ ਏਕਤਾ ਕਰਨ ਸਮੇਂ ਆਪਣੇ ਨਾਲ ਹੋਈਆਂ ਦੁਸ਼ਵਾਰੀਆਂ ਨੂੰ ਭੁਲਾ ਕੇ ਉਨ੍ਹਾਂ ਨੂੰ ਆਪਣਾ ਆਗੂ ਮੰਨਿਆ, ਅਜਿਹੇ ਫ਼ੈਸਲੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਉੱਚੇ ਮੁਕਾਮ ’ਤੇ ਲਿਜਾਂਦਾ ਸੀ।
ਜਥੇਦਾਰ ਟੌਹੜਾ ਹਕੂਮਤ ਨਾਲ ਟਕਰਾਅ ਦੀ ਸਥਿਤੀ ਨਹੀਂ ਸਨ ਚਾਹੁੰਦੇ। ਉਹ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦਾ ਦਿਲੋਂ ਸਤਿਕਾਰ ਕਰਿਆ ਕਰਦੇ ਸਨ। ਟੌਹੜਾ ਸਾਹਿਬ ਨੂੰ ਉਮੀਦ ਨਹੀਂ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰ ਦੇਵੇਗੀ। ’84 ਦੇ ਹਮਲੇ ਵੇਲੇ ਟੌਹੜਾ ਸਾਹਿਬ ਨੇ ਅਨੇਕਾਂ ਸਿੰਘਾਂ ਨੂੰ ਫ਼ੌਜ ਦੀ ਕਰੋਪੀ ਤੋਂ ਬਚਾਇਆ। ਜਦੋਂ ਉਹ ਤੇ ਬਾਦਲ ਸਾਹਿਬ ਤਿਹਾੜ ਜੇਲ੍ਹ ਵਿੱਚ ਬੰਦ ਸਨ ਤਾਂ ਸ੍ਰੀਮਤੀ ਇੰਦਰਾ ਗਾਂਧੀ ਨੇ ਸੁਲਾਹ ਸਫ਼ਾਈ ਦੀ ਪੇਸ਼ਕਸ਼ ਕੀਤੀ ਪਰ ਦੋਹਾਂ ਨੇ ਹੀ ਇਨਕਾਰ ਕਰ ਦਿੱਤਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਬਚੀ ਸੀ। ਹਕੂਮਤ ਟੌਹੜਾ ਸਾਹਿਬ ਦੀ ਸਮਰੱਥਾ ਤੋਂ ਜਾਣੂ ਸੀ। ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਰਾਜੀਵ ਗਾਂਧੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸਮਝੌਤਾ ਕੀਤਾ ਜੋ ਨੇਪਰੇ ਨਹੀਂ ਚੜ੍ਹ ਸਕਿਆ ਸਗੋਂ ਸੰਤ ਲੌਂਗੋਵਾਲ ਦੀ ਸ਼ਹਾਦਤ ਦਾ ਕਾਰਨ ਬਣਿਆ।
ਜਥੇਦਾਰ ਟੌਹੜਾ ਤੀਖਣ ਬੁੱਧੀ ਅਤੇ ਦੂਰ-ਅੰਦੇਸ਼ੀ ਨੀਤੀਵਾਨ ਹੋਣ ਦਾ ਪ੍ਰਮਾਣ ਇਸ ਗਲ ਤੋਂ ਮਿਲਦਾ ਹੈ ਕਿ ਉਨ੍ਹਾਂ ਨੇ ਬਤੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਫ਼ੌਜੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਵਿੱਤੀ ਹਰਜਾਨੇ ਦਾ ਕੇਸ ਦਾਇਰ ਕੀਤਾ। ਜਿਸ ਦਾ ਮਕਸਦ ਹਮਲੇ ਪ੍ਰਤੀ ਸਮੁੱਚੇ ਨੁਕਸਾਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ’ਤੇ ਪਾਉਂਦਿਆਂ ਉਸ ਤੋਂ ਇਹ ਸਵੀਕਾਰ ਕਰਾਉਣਾ ਸੀ ਕਿ ਗੁਰ ਅਸਥਾਨਾਂ ’ਤੇ ਕੀਤੇ ਗਏ ਫ਼ੌਜੀ ਹਮਲੇ ਪੂਰੀ ਤੌਰ ’ਤੇ ਨਜਾਇਜ਼ ਸੀ। ਸਮੁੱਚੇ ਵਿਸ਼ਵ ਨੂੰ ਇਹ ਦੱਸਣ ਲਈ ਕਿ ਕਾਂਗਰਸ ਦੀ ਹਕੂਮਤ ਦੀ ਵੱਡੀ ਗ਼ਲਤੀ ਕਾਰਨ ਹੀ ਤੀਸਰਾ ਘੱਲੂਘਾਰਾ ਵਾਪਰਿਆ। ਦਿਲੀ ਹਾਈ ਕੋਰਟ ਨੇ ਉਕਤ ਕੇਸ ਸੰਬੰਧੀ ਪਿਛਲੇ ਵਰ੍ਹੇ ਦੌਰਾਨ ਦੋਹਾਂ ਧਿਰਾਂ ਸ਼੍ਰੋਮਣੀ ਕਮੇਟੀ ਅਤੇ ਕੇਂਦਰ ਸਰਕਾਰ ਨੂੰ ਚਾਹੁਣ ’ਤੇ ਅਦਾਲਤ ਤੋਂ ਬਾਹਰ ਆਪਸ ਵਿਚ ਬੈਠ ਕੇ ਇਸ ਮਸਲੇ ਦਾ ਹੱਲ ਕਰ ਲੈਣ ਦੀ ਰਾਏ ਦਿੱਤੀ। ਪਰ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਨਾ ਮੰਨਣ ਲਈ ਸਿੱਖ ਜਗਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਜਥੇਦਾਰ ਟੌਹੜਾ ਸਾਹਿਬ ਦੇ ਉਸ ਮਕਸਦ ਨੂੰ ਹਾਸਲ ਕੀਤਾ ਜਾ ਸਕੇ। ਜਿਸ ’ਚ ਸਿੱਖ ਪੰਥ ਜਾਣਨਾ ਚਾਹੁੰਦੀ ਹੈ ਕਿ ਆਪਣੇ ਆਪ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਦਾ ਦਾਅਵਾ ਕਰਨ ਵਾਲੀ ਭਾਰਤ ਸਰਕਾਰ ਦੱਸੇ ਕਿ ਸਾਡੇ ਸਤਿਕਾਰ ਯੋਗ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਟੈਂਕਾ ਨਾਲ ਹਮਲਾ ਕਿਉਂ ਕੀਤਾ?
ਟੌਹੜਾ ਸਾਹਿਬ ਨੂੰ ਇਸ ਸੰਸਾਰ ਤੋਂ ਕੂਚ ਕੀਤਿਆਂ 21 ਵਰ੍ਹੇ ਹੋ ਗਏ ਹਨ, ਪਰ ਜਥੇਦਾਰ ਟੌਹੜਾ ਵਰਗੀ ਸ਼ਖ਼ਸੀਅਤ ਅਤੇ ਸੋਚ ਹੀ ਸਿੱਖ ਜਗਤ ਨੂੰ ਸੁਚੱਜੀ ਅਗਵਾਈ ਦੇ ਕੇ ਸਹੀ ਰਸਤਾ ਅਤੇ ਦਿਸ਼ਾ ਦਿਖਾ ਸਕਦੀ ਹੈ। ਅੱਜ ਜਥੇਦਾਰ ਟੌਹੜਾ ਵਰਗੇ ਪੰਥ ਤੇ ਪੰਜਾਬ ਹਿਤੈਸ਼ੀ ਸਿਦਕਵਾਨ ਸਿੱਖ ਨੇਤਾ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ।
ਹਜ਼ਾਰੋਂ ਸਾਲ ਨਰਗਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ।।