ਮੈਂ ਤੰਦਰੁਸਤ ਕਿਵੇਂ ਹੋਇਆ? ਪੁਸਤਕ : ਸਿਹਤਮੰਦ ਰਹਿਣ ਲਈ ਗੁਣਾਂ ਦੀ ਗੁੱਥਲੀ : ਉਜਾਗਰ ਸਿੰਘ

IMG_3409.resizedਪ੍ਰੋ. ਸ਼ਿੰਗਾਰਾ ਸਿੰਘ ਢਿਲੋਂ ਪੰਜਾਬੀ ਦਾ ਜਾਣਿਆਂ ਪਛਾਣਿਆਂ ਕਾਲਮ ਨਵੀਸ ਹੈ। ਉਸਦੇ ਦੇਸ ਅਤੇ ਵਿਦੇਸ ਦੇ ਅਖਬਾਰਾਂ ਵਿੱਚ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੱਖੋ-ਵੱਖ ਵਿਸ਼ਿਆਂ ‘ਤੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਸ਼ਿੰਗਾਰਾ ਸਿੰਘ ਢਿਲੋਂ ਦੀ ‘ਮੈਂ ਤੰਦਰੁਸਤ ਕਿਵੇਂ ਹੋਇਆ? ‘ਸਿਹਤਮੰਦ ਰਹਿਣ ਲਈ ਗੁਰ ਦੱਸਣ ਵਾਲੀ ਮਹੱਤਵਪੂਰਨ ਪੁਸਤਕ ਹੈ। ਸ਼ਖ਼ਸ਼ੀਅਤ ਬਨਾਉਣ ਲਈ ਨਿਯਮਤ ਢੰਗ ਤਰੀਕੇ ਆਪਨਾਉਣੇ ਪੈਂਦੇ ਹਨ। ਇੱਕ ਕਿਸਮ ਨਾਲ ਇਹ ਪੁਸਤਕ ਤੰਦਰੁਸਤ ਜੀਵਨ ਜਿਓਣ ਲਈ ਜੀਵਨ ਸ਼ੈਲੀ ਦੇ ਢੰਗ ਦੱਸਦੀ ਹੈ। ਚੰਗੀ ਸ਼ਖ਼ਸ਼ੀਅਤ ਬਣਾਉਣ ਲਈ ਚੰਗੀ ਸੋਚ ਤੇ ਤੰਦਰੁਸਤੀ ਜ਼ਰੂਰੀ ਹੈ। ਚੰਗੀ ਇਹ ਪੁਸਤਕ ਸ਼ਿੰਗਾਰਾ ਸਿੰਘ ਢਿਲੋਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ‘ਤੇ ਅਧਾਰਤ ਲਿਖੀ ਹੈ ਕਿਉਂਕਿ ਉਸਨੂੰ ਕਈ ਗੰਭੀਰ ਕਿਸਮ ਦੀਆਂ ਬਿਮਾਰੀਆਂ ਨੇ ਆ ਘੇਰਿਆ ਸੀ। ਉਨ੍ਹਾਂ ਬਿਮਾਰੀਆਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਜਿਹੜੇ ਗੁਰ ਤੰਦਰੁਸਤ ਹੋਣ ਲਈ ਉਸਨੇ ਵਰਤੇ, ਉਨ੍ਹਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਤੰਦਰੁਸਤੀ ਦਾ ਸਰੀਰ ਅਤੇ ਮਨ ਦੋਹਾਂ ਨਾਲ ਸੰਬੰਧ ਹੁੰਦਾ ਹੈ। ਗੁਰਬਾਣੀ ਵਿੱਚ ਲਿਖਿਆ ਹੈ ਕਿ ‘ਹੱਸਣ ਖੇਡਣ ਮਨ ਕਾ ਚਾਓ’। ਸਰੀਰ ਦੀ ਮਾਲਸ਼ ਨਾਲ ਵੀ ਬਹੁਤ ਸਾਰੇ ਰੋਗਾਂ ਤੋਂ ਮੁਕਤੀ ਮਿਲਦੀ ਹੈ। ਤੰਦਰੁਸਤੀ ਲਈ ਖ਼ੁਸ਼ ਰਹਿਣਾ ਤੇ ਹੱਸਣਾ ਰੂਹ ਦੀ ਖੁਰਾਕ ਹੁੰਦਾ ਹੈ। ਤਣਾਓ, ਪ੍ਰੇਸ਼ਾਨੀ ਤੇ ਨਖਿਧ ਸੋਚਾਂ ਬਿਮਾਰੀ ਦਾ ਕਾਰਨ ਬਣਦੇ ਹਨ। ਲੇਖਕ ਨੇ ਬਿਮਾਰੀਆਂ ਆਪਣੀ ਜੀਵਨ ਸ਼ੈਲੀ ਨਾਲ ਆਪ ਸਹੇੜੀਆਂ ਸਨ। ਲੇਖਕ ਨੂੰ ਡਾਕਟਰਾਂ ਨੇ ਕਿਹਾ ਕਿ ਉਹ ਸਿਰਫ 6 ਮਹੀਨੇ ਜੀਵੇਗਾ ਪ੍ਰੰਤੂ ਡਾਕਟਰਾਂ ਦੀ ਸਲਾਹ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀ ਖਾਣ-ਪੀਣ, ਅੱਧ-ਪੱਕੀਆਂ ਸਬਜ਼ੀਆਂ ਖਾਣ, ਸੈਰ, ਹਲਕੀ ਕਸਰਤ ਕਰਨ ਨਾਲ ਉਹ ਜਿੰਦਾ ਹੈ। ਇੱਕ-ਇੱਕ ਕਰਕੇ ਸਾਰੀਆਂ ਦਵਾਈਆਂ ਤੋਂ ਨਿਜਾਤ ਮਿਲ ਗਈ। ਕਈ ਗੱਲਾਂ ਦਾ ਡਾਕਟਰ ਓਹਲਾ ਰੱਖਦੇ ਹਨ। ਲੇਖਕ ਨੇ ਵਿਸਤਾਰ ਨਾਲ ਇਹ ਵੀ ਦੱਸਿਆ ਹੈ ਕਿ ਸਾਡੇ ਸਰੀਰ ਦੇ ਸਾਰੇ ਅੰਗਾਂ ਦੇ ਕੀ ਕੰਮ ਹਨ? ਤੇ ਉਹ ਕਿਵੇਂ ਆਪਣੇ ਕੰਮ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ। ਇਸ ਪੁਸਤਕ ਵਿੱਚ ਉਨ੍ਹਾਂ ਦੇ ਛੋਟੇ-ਛੋਟੇ 72 ਲੇਖ ਹਨ, ਜਿਨ੍ਹਾਂ ਵਿੱਚ ਸਾਰੀ ਜਾਣਕਾਰੀ ਬਾਕਮਾਲ ਢੰਗ ਨਾਲ ਦਿੱਤੀ ਗਈ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹਨ ਲਈ ਦਿਲਚਸਪੀ ਬਣੀ ਰਹਿੰਦੀ ਹੈ, ਇਕ ਲੇਖ ਤੋਂ ਬਾਅਦ ਅਗਲਾ ਲੇਖ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ। ਇਹ ਪੁਸਤਕ ਤੰਦਰੁਸਤ ਰਹਿਣ ਲਈ ਇੱਕ ਕਿਸਮ ਨਾਲ ਸੁੰਡ ਦੀ ਗੱਠੀ ਹੈ। ਇਸਨੂੰ ਗੁਣਾਂ ਦੀ ਗੁਥਲੀ ਵੀ ਕਿਹਾ ਜਾ ਸਕਦਾ ਹੈ। ਤੰਦਰੁਸਤੀ ਮਨੁੱਖ ਦੇ ਆਪਣੇ ਹੱਥਾਂ ਵਿੱਚ ਹੁੰਦੀ ਹੈ। ਪੁਸਤਕ ਦਾ ਪਹਿਲਾ ਲੇਖ ਵਿਲੱਖਣ ਢੰਗ ਨਾਲ ਢਿਲੋਂ ਦੇ ਸਰੀਰ ਵੱਲੋਂ ਉਸਨੂੰ ਸੰਬੋਧਨ ਕੀਤਾ ਹੋਇਆ ਹੈ ਕਿ ‘ਤੂੰ ਮੇਰੀ ਵਰਤੋਂ ਤਾਂ ਹਰ ਕੰਮ ਲਈ ਕਰ ਰਿਹਾ ਹੈਂ ਪ੍ਰੰਤੂ ਮੇਰੀ ਵੇਖ ਭਾਲ ਨਹੀਂ ਕਰਦਾ। ਜੇ ਇਸ ਤਰ੍ਹਾਂ ਕਰਦਾ ਰਿਹਾ ਤਾਂ ਮੈਂ ਤੁਹਾਨੂੰ ਇੱਕ-ਨਾ-ਇੱਕ ਦਿਨ ਜਵਾਬ ਦੇ ਜਾਵਾਂਗਾ’। ਉਦਾਹਰਣਾ ਦੇ ਕੇ ਸਵਾਲ ਜਵਾਬ ਕੀਤੇ ਗਏ ਹਨ। ਜੀਵਨ ਇੱਕ ਅਨਮੋਲ ਗਹਿਣਾ ਹੈ। ਲੇਖਕ ਨੇ ਇਹ ਸਬੂਤਾਂ ਸਮੇਤ ਦੱਸਿਆ ਹੈ ਕਿ ਬਿਮਾਰੀ ਇਨਸਾਨ ਦੀ ਆਪਣੀ ਗ਼ਲਤੀ ਦਾ ਨਤੀਜਾ ਹੁੰਦੀ ਹੈ, ਜੇਕਰ ਮਨੁੱਖ ਇਤਿਹਾਤ ਵਰਤਦਾ ਰਹੇ ਤਾਂ ਕੋਈ ਬਿਮਾਰੀ ਲੱਗ ਹੀ ਨਹੀਂ ਸਕਦੀ। ਇਨਸਾਨ ਦੇ ਸਰੀਰ ਦੇ ਕਈ ਅੰਗ ਹਨ, ਉਨ੍ਹਾਂ ਦੇ ਵੱਖੋ-ਵੱਖਰੇ ਕੰਮ ਹਨ। ਜੇਕਰ ਮਨੁੱਖ ਇਨ੍ਹਾਂ ਦਾ ਧਿਆਨ ਨਾ ਰੱਖੇ ਤਾਂ ਇਨ੍ਹਾਂ ਸਾਰੇ ਅੰਗਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਬਿਮਾਰੀਆਂ ਨਾਲ ਨਿਪਟਣ ਦੇ ਢੰਗ ਤਰੀਕੇ ਵੀ ਦੱਸੇ ਗਏ ਹਨ। ਉਨ੍ਹਾਂ ਅੰਗਾਂ ਦੀ ਜੇਕਰ ਅਸੀਂ ਵੇਖ ਭਾਲ ਕਰਦੇ ਰਹਾਂਗੇ ਤਾਂ ਉਹ ਸਹੀ ਢੰਗ ਨਾਲ ਕੰਮ ਕਰਦੇ ਰਹਿਣਗੇ। ਬਿਮਾਰੀ ਉਦੋਂ ਹੀ ਲੱਗਦੀ ਹੈ, ਜਦੋਂ ਕੋਈ ਅੰਗ ਆਪਣਾ ਕੰਮ ਕਰਨੋ ਜਵਾਬ ਦੇ ਦਿੰਦਾ ਹੈ। ਜਵਾਬ ਵੀ ਉਹ ਰਾਤੋ-ਰਾਤ ਨਹੀਂ ਦਿੰਦਾ । ਕਾਫੀ ਸਮਾਂ ਪਹਿਲਾਂ ਹੀ ਉਹ ਲੱਛਣਾ ਰਾਹੀਂ ਚੇਤਾਵਨੀ ਦਿੰਦਾ ਹੈ, ਮਨੁੱਖ ਅਣਗੌਲਿਆਂ ਕੰਮ ਕਰਦਾ ਰਹਿੰਦਾ ਹੈ। ਦਵਾਈਆਂ ਬਿਮਾਰੀਆਂ ਦਾ ਇਲਾਜ ਨਹੀਂ ਸਿਰਫ ਬਿਮਾਰੀ ਨੂੰ ਆਰਜ਼ੀ ਕੰਟਰੋਲ ਕਰਦੀਆਂ ਹਨ। ਹਰ ਦਵਾਈ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ ਤੇ ਆਪਣੀ ਮਰਜ਼ੀ ਨਾਲ ਬੰਦ ਨਹੀਂ ਕਰਨੀ ਚਾਹੀਦੀ। ਇਲਾਜ਼ ਤਾਂ ਸਰੀਰ ਦੇ ਅੰਦਰੋਂ ਹੀ ਆਪਣੇ ਆਪ ਹੁੰਦਾ ਰਹਿੰਦਾ ਹੈ, ਬਸ਼ਰਤੇ ਕਿ ਮਨੁੱਖ ਸਰੀਰ ਦੀ ਵੇਖ ਭਾਲ ਕਰਦਾ ਰਹੇ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਹੋਵੇ, ਕਿਉਂਕਿ ਸਰੀਰ ਤੇ ਮਨ ਦਾ ਗੂੜ੍ਹਾਂ ਸੰਬੰਧ ਹੁੰਦਾ ਹੈ। ਸਰੀਰ ਤੋਂ ਮਸ਼ੀਨ ਦੀ ਤਰ੍ਹਾਂ ਕੰਮ ਨਾ ਲਓ।  ਜਿਵੇਂ ਮਨੁੱਖ ਆਪਣੇ ਵਾਹਨ ਦੀ ਸਰਵਿਸ ਕਰਵਾਉਂਦਾ ਹੈ ਤਾਂ ਜੋ ਉਹ ਖ਼ਰਾਬ ਨਾ ਹੋ ਜਾਵੇ। ਬਿਲਕੁਲ ਇਸੇ ਤਰ੍ਹਾਂ ਮਨੁੱਖ ਨੂੰ ਆਪਣੇ ਸਰੀਰ ਦੀ ਵੇਖ ਭਾਲ ਭਾਵ ਸਰਵਿਸ ਕਰਦੇ ਰਹਿਣਾ ਚਾਹੀਦਾ ਹੈ। ਕੁਦਰਤ ਦਾ ਮਕੈਨਿਯਮ ਸਰੀਰ ਵਿੱਚ ਫਿਟ ਹੈ। ਲੋੜ ਤੋਂ ਵੱਧ ਕੋਈ ਚੀਜ਼ ਨਾ ਖਾਉ, ਉਤਨੀ ਚੀਜ਼ ਖਾਧੀ ਜਾਵੇ ਜਿਤਨੀ ਸਰੀਰ ਨੂੰ ਉਸਦੀ ਲੋੜ ਹੈ, ਜਦੋਂ ਮਨੁੱਖ ਸਵਾਦ ਲਈ ਵਧੇਰੇ ਖਾ ਲੈਂਦਾ ਹੈ ਤਾਂ ਬਿਮਾਰੀ ਨੂੰ ਸੱਦਾ ਦੇ ਰਿਹਾ ਹੁੰਦਾ ਹੈ। ਉਦਾਹਰਣ ਲਈ ਮਨੁੱਖ ਦੇ ਸਰੀਰ ਨੂੰ ਹਰ ਰੋਜ਼ 10 ਗ੍ਰਾਮ ਸ਼ੂਗਰ ਤੇ 5 ਗ੍ਰਾਮ ਲੂਣ ਦੀ ਲੋੜ ਹੁੰਦੀ ਹੈ। ਜਿਹੜੀ ਵੀ ਚੀਜ਼ ਮਨੁੱਖ ਖਾਂਦਾ ਹੈ ਹਰ ਚੀਜ਼ ਵਿੱਚ ਸ਼ੂਗਰ ਹੁੰਦੀ ਹੈ। ਅਸੀਂ ਆਈਸ ਕਰੀਮ, ਜਲੇਬੀਆਂ ਅਤੇ ਹੋਰ  ਮਿੱਠੀਆਂ ਚੀਜ਼ਾਂ ‘ਤੇ ਜ਼ੋਰ ਦਈ ਜਾਂਦੇ ਹਾਂ, ਜੋ ਨੁਕਸਾਨ ਕਰਦੀ ਹੈ, ਸਵਾਦ ਜ਼ਿੰਦਗੀ ਦਾ ਬੇੜਾ ਗਰਕ ਕਰਦਾ ਹੈ। ਮਨੁਖ ਦੇ ਸਰੀਰ ਵਿੱਚ 80 ਫ਼ੀ ਸਦੀ ਪਾਣੀ ਹੈ, ਪਾਣੀ ਦੀ ਘਾਟ ਨੁਕਸਾਨ ਕਰਦੀ ਹੈ, ਪਾਣੀ ਦੀ ਘਾਟ ਕਰਕੇ ਮੌਤ ਹੋ ਜਾਂਦੀ ਹੈ ਪ੍ਰੰਤੂ ਮਨੁੱਖ ਅਲਸੂ-ਪਲਸੂ ਖਾਈ ਜਾਂਦਾ ਹੈ। ਐਲੋਪੈਥਿਕ ਦਵਾਈ ਦੇ ਸਾਈਡ ਅਫ਼ੈਕਟ ਹੁੰਦੇ ਹਨ। 40 ਸਾਲ ਦੀ ਉਮਰ ਤੋਂ ਬਾਅਦ ਸਰੀਰ ਦਾ ਧਿਆਨ ਰੱਖਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਅਮਿਊਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਸੰਤੁਲਤ ਖ਼ੁਰਾਕ ਬਿਮਾਰੀਆਂ ਤੋਂ ਦੂਰ ਰੱਖੇਗੀ। ਵਿਟਾਮਿਨ ਸਰੀਰ ਲਈ ਜ਼ਰੂਰੀ ਹਨ, ਵਿਟਾਮਿਨ ਕੁਦਰਤ ਵਿੱਚੋਂ ਮਿਲਦੇ ਹਨ, ਜੇ ਘਾਟ ਰਹੇ ਤਾਂ ਬਜ਼ਾਰੋਂ ਲੈ ਕੇ ਖਾ ਲਓ ਪ੍ਰੰਤੂ ਟੈਸਟ ਕਰਵਾਉਂਦੇ ਰਹੋ ਤਾਂ ਜੋ ਤੁਹਾਨੂੰ ਹਰ ਘਾਟ ਦਾ ਪਤਾ ਲੱਗ ਸਕੇ। ਲੇਖਕ ਨੇ ਵਿਟਾਮਿਨ ਕਿਹੜੀ ਵਸਤਾਂ ਵਿੱਚੋਂ ਮਿਲਦੇ ਹਨ ਦੀ ਜਾਣਕਾਰੀ ਵੀ ਦਿੱਤੀ ਹੈ। ਸਲਾਹਾਂ ਦੇਣ ਵਾਲੇ ਬਜ਼ੁਰਗ ਛੋਟੇ ਪਰਿਵਾਰਾਂ ਕਰਕੇ ਰਹੇ ਨਹੀਂ, ਨੌਜਵਾਨ ਬੇਪ੍ਰਵਾਹ ਹੋ ਗਏ। ਇਹ ਗੱਲਾਂ ਲੇਖਕ ਨੂੰ ਬਿਮਾਰੀਆਂ ਨੇ ਹੀ ਸਮਝਾਈਆਂ ਹਨ। ਮਨੁੱਖ ਬਿਮਾਰੀ ਲੱਗਣ ਤੋਂ ਬਾਅਦ ਹੀ ਅਹਿਸਾਸ ਕਰਦਾ ਹੈ। ਮੋਟਾਪਾ ਮੁੱਖ ਤੌਰ ‘ਤੇ ਦਿਲ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਸਹੇੜਦਾ ਹੈ। ਹਰ ਵਸਤੂ ਦੀ ਵਰਤੋਂ ਨਿਸਚਤ ਮਾਤਰਾ ਵਿੱਚ ਕਰਨੀ ਲਾਭਦਾਇਕ ਰਹਿੰਦੀ ਹੈ, ਬਹੁਤਾਤ ਨੁਕਸਾਨ ਕਰਦੀ ਹੈ।  ਦੰਦਾਂ ਦੀ ਸਫ਼ਾਈ ਜ਼ਰੂਰੀ ਹੈ ਪ੍ਰੰਤੂ ਕੰਨਾਂ ਦੀ ਸਫ਼ਾਈ ਖੁਦ ਨਹੀਂ ਕਰਨੀ ਚਾਹੀਦੀ ਕਿਉਂਕਿ ਕੰਨਾਂ ਵਿੱਚੋਂ ਵੈਕਸ ਆਪਣੇ ਆਪ ਬਾਹਰ ਨਿਕਲ ਜਾਂਦੀ ਹੈ। ਕੰਨਾ ਵਿੱਚ ਪਾਣੀ ਨਹੀਂ ਪੈਣ ਦੇਣਾ ਚਾਹੀਦਾ ਅਤੇ ਨਾ ਹੀ ਕੋਈ ਤੇਲ ਆਦਿ ਪਾਉਣਾ ਚਾਹੀਦਾ ਹੈ। ਨਸ਼ੇ ਅਤੇ ਮਾੜੀਆਂ ਆਦਤਾਂ ਮਨੁੱਖ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਸ਼ੋਸ਼ਲ ਮੀਡੀਆ ਵੀ ਇੱਕ ਬਿਮਾਰੀ ਬਣ ਗਿਆ  ਹੈ, ਇਸ ਤੋਂ ਬਚਣ ਲਈ ਸੰਜਮ ਨਾਲ ਵਰਤੋਂ ਕੀਤੀ ਜਾਵੇ। ਮਨੁੱਖ ਗ਼ਲਤੀਆਂ ਦਾ ਪੁਤਲਾ ਹੈ, ਇਨ੍ਹਾਂ ਨੂੰ ਸੁਧਾਰਕੇ ਤੰਦਰੁਸਤ ਬਣ ਸਕਦਾ ਹੈ। ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਦੁੱਖਾਂ ਤੋਂ ਘਬਰਾਕੇ ਕੋਈ ਰੋਗ ਲਗਵਾਉਣ ਤੋਂ ਬਚਣਾ ਚਾਹੀਦਾ ਹੈ। ਦੁੱਖ-ਸੁੱਖ ਹਮੇਸ਼ਾ ਨਹੀਂ ਰਹਿੰਦੇ। ਉਨੀਂਦਰਾ ਕਿਸੇ ਸਮੱਸਿਆ ਦੇ ਹੱਲ ਨਾ ਹੋਣ ਕਰਕੇ ਬਹੁਤਾ ਸੋਚਣ ਨਾਲ ਹੋ ਜਾਂਦਾ ਹੈ। ਇਸ ਲਈ ਬਹੁਤਾ ਸੋਚਣਾ ਨਹੀਂ ਚਾਹੀਦਾ।  ਮਨੁੱਖ ਪਦਾਰਥਵਾਦੀ ਹੋ ਗਿਆ, ਪਦਾਰਥਕ ਚੀਜ਼ਾਂ ਦੀਆਂ ਇਛਾਵਾਂ ਵਧਾ ਲੈਂਦਾ ਹੈ, ਉਨ੍ਹਾਂ ਦੇ ਨਾ ਪੂਰਾ ਹੋਣ ਨਾਲ ਕਈ ਰੋਗ ਲੱਗ ਜਾਂਦੇ ਹਨ। ਰੋਗੀ ਨੂੰ ਬਹੁਤ ਲੋਕ ਸਲਾਹਾਂ ਦਿੰਦੇ ਹਨ, ਹਰ ਸਲਾਹ ਮੰਨਣਯੋਗ ਨਹੀਂ ਹੁੰਦੀ, ਸੋਚ ਸਮਝਕੇ ਫ਼ੈਸਲਾ ਕਰਨਾ ਚਾਹੀਦਾ ਹੈ। ਮਨੁੱਖ ਨੂੰ ਆਪਣੇ ਅੰਤਰਝਾਤ ਮਾਰਕੇ ਸਵੈ-ਮੁਲਾਂਕਣ ਕਰਨਾ ਚਾਹੀਦਾ ਹੈ। ਬਾਕੀ ਬਿਮਾਰੀਆਂ ਦੀ ਤਰ੍ਹਾਂ ਲਿਵਰ ਦੀ ਬਿਮਾਰੀ ਵੀ ਬਹੁਤ ਖ਼ਰਨਾਕ ਹੁੰਦੀ ਹੈ। ਇਸ ਲਈ ਜੰਕ ਫੂਡ ਅਤੇ ਲਿਵਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਖਾਣਾ ਬਿਲਕੁਲ ਨਹੀਂ ਖਾਣਾ ਚਾਹੀਦਾ। 65 ਨੰਬਰ ਲੇਖ ਵਿੱਚ ਸੰਸਾਰ ਦੇ ਵਿਦਵਾਨਾ ਦੀ ਤੰਦਰੁਸਤ ਸਿਹਤ ਲਈ ਦਿੱਤੇ ਸੁਝਆ ਦੱਸੇ ਗਏ ਹਨ। 67 ਨੰਬਰ ਲੇਖ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਦੇ ਮਾਪ ਦੰਡ ਲਿਖੇ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਹਰ ਲੇਖ ਦੇ ਅਖ਼ੀਰ ਵਿੱਚ ਇੱਕ ਡੱਬੀ ਵਿੱਚ ਸਿਹਤਮੰਦ ਰਹਿਣ ਲਈ ਨੁਕਤੇ ਦੱਸੇ ਗਏ ਹਨ, ਉਨ੍ਹਾਂ ‘ਤੇ ਅਮਲ ਕਰਨ ਨਾਲ ਸਰੀਰ ਤੰਦਰੁਸਤ ਰਹਿ ਸਕਦਾ ਹੈ।

ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਰਥਿਕ ਜੀਵਨ ਸ਼ੈਲੀ ਮਨੁੱਖ ਨੂੰ ਤੰਦਰੁਸਤ ਬਣਾ ਸਕਦੀ ਹੈ। ਪੁਸਤਕ ਵਿੱਚ ਦੁਹਰਾਓ ਬਹੁਤ ਹੈ, ਸ਼ਾਇਦ ਇਸ ਕਰਕੇ ਕਿ ਸਾਰੀਆਂ ਬਿਮਾਰੀਆਂ ਕਿਸੇ ਨਾ ਕਿਸੇ ਗੱਲ ਕਰਕੇ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਹਨ। ਇਹ ਵੀ ਹੋ ਸਕਦਾ ਹੈ ਕਿ ਲੇਖਕ ਪਾਠਕਾਂ ਨੂੰ ਸੁਚੇਤ ਕਰਨ ਲਈ ਵਾਰ-ਵਾਰ ਉਨ੍ਹਾਂ ਗੱਲਾਂ ਦਾ ਜ਼ਿਕਰ ਕਰਦਾ ਹੋਵੇ ਜੋ ਮਨੁੱਖਤਾ ਲਈ ਵਧੇਰੇ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ।

271 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ  ਸਾਹਿਬਦੀਪ ਪਬਲੀਕੇਸ਼ਨ, ਡਾਕਖਾਨਾ:ਭੀਖੀ, ਜ਼ਿਲ੍ਹਾ ਮਾਨਸਾ ਨੇ ਪ੍ਰਕਾਸ਼ਤ ਕੀਤੀ ਹੈ।

ਸੰਪਰਕ: ਪਬਲਿਸ਼ਰ : 09988913155

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>