ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ।
ਖਾਲਸੇ ਦੀ ਬਾਤ ਕੋਈ, ਸੁਣਾ ਨੀ ਵਿਸਾਖੀਏ।
ਪੰਜੇ ਨੇ ਪਿਆਰੇ ਵਿੱਚੋਂ, ਵੱਖ ਵੱਖ ਜਾਤਾਂ ਦੇ।
ਗੋਬਿੰਦ ਚਲਾਏ ਦੇਖੋ, ਰਾਜ ਪੰਚਾਇਤਾਂ ਦੇ।
ਜਾਤ ਪਾਤ ਭੇਦ ਨੂੰ, ਮਿਟਾ ਨੀ ਵਿਸਾਖੀਏ।
ਆ…….
ਆਪੇ ਗੁਰੂ ਆਪੇ ਹੀ ਉਹ, ਬਣ ਬੈਠਾ ਚੇਲਾ ਏ।
ਗੁਰੂ ਅਤੇ ਚੇਲੇ ਵਿੱਚ, ਰਿਹਾ ਨਾ ਝਮੇਲਾ ਏ।
ਏਹੋ ਜਿਹਾ ਸਭ ਨੂੰ, ਬਣਾ ਨੀ ਵਿਸਾਖੀਏ।
ਆ…….
ਸੀਸ ਭੇਟ ਕਰ ਜਿਹਨਾਂ, ਆਪਾ ਏ ਮਿਟਾ ਲਿਆ।
ਸਿੰਘ ਸਜ ਇੱਕ ਇੱਕ, ਲੱਖਾਂ ਨੂੰ ਮੁਕਾ ਲਿਆ।
ਮੁੜ ਓਹੀ ਸ਼ਕਤੀ, ਜਗਾ ਨੀ ਵਿਸਾਖੀਏ।
ਆ……..
ਗੋਬਿੰਦ ਗੁਲਾਮੀ ਵਾਲਾ, ਜੂਲਾ ਗਲੋਂ ਲਾਹ ਗਿਆ।
ਸੁੱਤੀ ਹੋਈ ਕੌਮ ਨੂੰ, ਝੰਜੋੜ ਕੇ ਜਗਾ ਗਿਆ।
ਐਸਾ ਮੁੜ ਬਿਗਲ, ਵਜਾ ਨੀ ਵਿਸਾਖੀਏ।
ਆ………
ਸਿੰਘ ਸਜ ਗੁਰੂ ਦੀਆਂ, ਖੁਸ਼ੀਆਂ ਨੂੰ ਮਾਣੀਏਂ।
ਬਾਣੀ ਅਤੇ ਬਾਣੇ ਦੀ, ਕਦਰ ‘ਦੀਸ਼’ ਜਾਣੀਏਂ।
ਖੰਡੇ ਵਾਲੀ ਪਾਹੁਲ, ਵਰਤਾ ਨੀ ਵਿਸਾਖੀਏ।
ਆ……