ਗੁਰ ਕੀ ਕਰਣੀ ਕਾਹੇ ਧਾਵਹੁ ??

1699 ਦੀ ਵਿਸਾਖੀ ਨੂੰ ਤੰਬੂ ਪਿੱਛੇ ਕੀ ਵਾਪਰਿਆ ਦਾ ਗੁਰੂ ਵਲੋਂ ਜਵਾਬ !!!!

ਜਦੋਂ ਅਸੀਂ ਇਤਿਹਾਸ ਪੜ੍ਹਦੇ ਸੁਣਦੇ ਹਾਂ ਤਾਂ ਬਹੁਤ ਸਾਰੀਆਂ ਘਟਨਾਵਾਂ ਜਾਂ ਸਾਖੀਆਂ ਸਾਡੇ ਮਨ ਨੂੰ ਟੁੰਬਦੀਆਂ ਹਨ, ਜਿਹਨਾਂ ਦਾ ਅਸਰ ਉਸ ਸਮੇਂ ਵੀ ਅਤੇ ਦੇਰ ਬਾਅਦ ਵੀ ਸਮਾਜ ਵਿੱਚ ਦੇਖਿਆ ਜਾ ਸਕਦਾ ਹੈ। ਜਿਹਨਾਂ ਘਟਨਾਵਾਂ ਨੇ ਸਮਾਜ ਵਿੱਚ ਇੱਕ ਇਨਕਲਾਬੀ ਮੋੜ ਲਿਆਂਦਾ ਹੋਵੇ, ਉਹ ਕਦੇ ਵੀ ਲੋਕ-ਮਾਨਸਿਕਤਾ ਤੋਂ ਪਰ੍ਹੇ ਨਹੀਂ ਹੋ ਸਕਦੀਆਂ। ਪਰ ਸਮੇਂ ਦੇ ਬੀਤਣ ਨਾਲ ਉਹਨਾਂ ਘਟਨਾਵਾਂ ਦੀ ਵਿਆਖਿਆ ਵਿੱਚ ਫਰਕ ਪੈ ਜਾਂਦਾ ਹੈ। ਕੁਝ ਗੱਲਾਂ ਦੇ ਹੋਣ ਜਾਂ ਨਾ ਹੋਣ ਬਾਰੇ ਇੱਕ ਬਹਿਸ ਵੀ ਛਿੜ ਜਾਂਦੀ ਹੈ । ਹਰੇਕ ਪੱਖ ਦੇ ਵਿਦਵਾਨ ਆਪੋ ਆਪਣੀ ਦਲੀਲ ਪੇਸ਼ ਕਰਦੇ ਹਨ। ਇਹ ਬਹਿਸ ਕਈ ਵਾਰ ਵਿਅਕਤੀਆਂ ਜਾਂ ਧੜਿਆਂ ਵਿੱਚ ਤੇਜ ਤਕਰਾਰ ਦਾ ਕਾਰਨ ਵੀ ਬਣ ਜਾਂਦੀ ਹੈ। ਆਮ ਜਗਿਆਸੂ ਵੀ ਇਹਨਾਂ ਵਿਦਵਾਨਾਂ ਦੀਆਂ ਦਲੀਲਾਂ ਤੋਂ ਕੋਈ ਫੈਸਲਾ ਨਹੀਂ ਕਰ ਸਕਦਾ ਅਤੇ ਇੱਕ ਇਤਿਹਾਸਕ ਭ੍ਰਾਂਤੀ ਦਾ ਸ਼ਿਕਾਰ ਹੋ ਜਾਂਦਾ ਹੈ ।ਪਰ ਵਾਹਿਗੁਰੂ ਜੀ ਕਈ ਵਾਰ ਬਖਸ਼ਿਸ਼ ਕਰਕੇ ਆਪ ਹੀ ਡਾਵਾਂਡੋਲ ਹਾਲਤ ਵਿਚੋਂ ਮਨ ਨੂੰ ਬਾਹਰ ਵੀ ਕੱਢ ਲੈਂਦੇ ਹਨ। ਅਜਿਹੀ ਹੀ ਇੱਕ ਘਟਨਾ, ਉਸ ਤੇ ਵਿਵਾਦ ਅਤੇ ਉਸ ਵਿਵਾਦ ਵਿਚੋਂ ਕਿਵੇਂ ਬਾਹਰ ਆਇਆ, ਇਸ ਬਾਰੇ ਵਿਚਾਰ ਕਰ ਰਿਹਾ ਹਾਂ ।

1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਹੜੀ ਨਾ ਤਾਂ ਪਹਿਲਾਂ ਕਦੇ ਹੋਈ ਸੀ, ਅਤੇ ਨਾ ਹੀ ਭਵਿੱਖ ਵਿੱਚ ਕਦੇ ਵੀ ਹੋ ਹੀ ਸਕਦੀ ਹੈ। ਖਾਲਸਾ ਪ੍ਰਗਟ ਕਰਨ ਦੀ ਗੱਲ ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਇੰਝ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੰਗੀ ਤੇਗ ਲੈ ਕੇ ਸਟੇਜ ਤੇ ਆਉਂਦੇ ਹਨ ਅਤੇ ਇੱਕ ਸੀਸ ਦੀ ਮੰਗ ਕਰਦੇ ਹਨ। ਪੰਡਾਲ ਵਿੱਚ ਸਾਰੇ ਪਾਸੇ ਚੁੱਪ ਛਾ ਜਾਂਦੀ ਹੈ। ਗੁਰੂ ਸਾਹਿਬ ਫਿਰ ਕੜਕਵੀਂ ਆਵਾਜ਼ ਵਿੱਚ ਆਪਣੀ ਮੰਗ ਦੁਹਰਾਉਂਦੇ  ਹਨ। ਫੇਰ  ਇੱਕ ਸੁੰਨ ! ਤੀਸਰੀ ਵਾਰੀ ਸੀਸ ਦੀ ਮੰਗ ਦੁਹਰਾਏ ਜਾਣ ਤੇ ਇੱਕ ਸਿੱਖ ਖੜ੍ਹਾ ਹੁੰਦਾ ਹੈ ਅਤੇ ਦੇਰੀ ਲਈ ਖਿਮਾ ਮੰਗਦਿਆਂ ਆਪਣਾ ਸੀਸ ਭੇਟ ਕਰਨ ਦੀ ਇੱਛਾ ਪ੍ਰਗਟਾਉਂਦਾ ਹੈ। ਇਹ ਲਾਹੌਰ ਦਾ ਭਾਈ ਦਇਆ ਰਾਮ ਹੈ। ਗੁਰੂ ਜੀ ਬਾਂਹ ਤੋੰ ਫੜ੍ਹ ਕੇ ਪਿਛਲੇ ਪਾਸੇ ਇਸਨੂੰ  ਤੰਬੂ ਦੇ ਅੰਦਰ ਲੈ ਜਾਂਦੇ ਹਨ। ਜ਼ੋਰਦਾਰ ਤਲਵਾਰ ਚੱਲਣ ਦੀ ਆਵਾਜ ਆਉਂਦੀ ਹੈ। ਕੁਝ ਪਲਾਂ ਬਾਅਦ ਹੀ ਗੁਰੂ ਜੀ ਦੇ ਹੱਥ ਵਿੱਚ ਲਹੂ ਨਾਲ ਰੰਗੀ ਹੋਈ  ਤੇਗ ਹੈ ਅਤੇ ਉਹ ਇਸ ਨੂੰ ਸੰਗਤ ਨੂੰ ਦਿਖਾਉਂਦੇ ਹੋਏ ਇੱਕ ਹੋਰ ਸੀਸ ਦੀ ਮੰਗ ਕਰਦੇ ਹਨ। ਪੰਡਾਲ ਵਿੱਚ ਬੈਠੇ ਹਰ ਵਿਅਕਤੀ ਦਾ ਦਿਲ ਧੜਕ ਰਿਹਾ ਹੈ।  ਫੇਰ ਇੱਕ ਸਿੱਖ ਉੱਠਦਾ ਹੈ, ਉਹੀ ਕਹਾਣੀ ਦੁਹਰਾਈ ਜਾਂਦੀ ਹੈ। ਇਸ ਨੂੰ ਵੀ ਗੁਰੂ ਜੀ ਤੰਬੂ ਵਿੱਚ ਲਿਜਾਂਦੇ ਹਨ, ਉਸੇ ਤਰਾਂ ਤੇਗ ਦੇ ਚੱਲਣ ਦੀ ਆਵਾਜ ਆਉਂਦੀ ਹੈ ਅਤੇ ਗੁਰੂ ਜੀ ਲਹੂ ਵਾਲੀ ਤੇਗ ਦਿਖਾ ਕੇ ਫੇਰ ਸੀਸ ਦੀ ਮੰਗ ਕਰਦੇ ਹਨ। ਇਸ ਤਰਾਂ ਉਹ ਪੰਜ ਵਾਰੀ ਕਰਦੇ ਹਨ। ਪੰਜ ਸਿੱਖ ਹਾਜਰ ਹੁੰਦੇ ਹਨ। ਗੁਰੂ ਜੀ ਕੁਝ ਦੇਰ ਬਾਅਦ ਪੰਜਾਂ ਨੂੰ ਬਾਹਰ ਲੈ ਆਉਂਦੇ ਹਨ। ਪੰਜੇ ਇੱਕ ਨਵੇਂ ਰੂਪ ਵਿੱਚ ਸਜੇ ਹੋਏ ਹਨ। ਨਵਾਂ ਬਾਣਾ ਪਾਇਆ ਹੋਇਆ ਹੈ। ਪੰਜ ਕਕਾਰ ਧਾਰਨ ਕੀਤੇ ਹੋਏ ਹਨ। ਸਭ ਦੇ ਚਿਹਰੇ ਤੇ ਇੱਕ ਲਾਲੀ ਹੈ। ਗੁਰੂ ਜੀ ਉਹਨਾਂ ਨੂੰ ਖੰਡੇ ਦੀ ਪਾਹੁਲ ਛਕਾਉਂਦੇ ਹਨ, ਉਹਨਾਂ ਤੋਂ ਆਪ ਵੀ ਛਕਦੇ ਹਨ ਅਤੇ ਉਹਨਾਂ ਨੂੰ ਪੰਜ ਪਿਆਰੇ ਦਾ ਖਿਤਾਬ ਦਿੰਦੇ ਹਨ।

ਖਾਲਸਾ ਪ੍ਰਗਟ ਕਰਨ ਦੀ ਇਸ ਸਾਖੀ ਤੇ ਤਿੰਨ ਤਰਾਂ ਦੇ ਵਿਚਾਰ ਸਿੱਖ ਕੌਮ ਵਿੱਚ ਪ੍ਰਚੱਲਿਤ ਹਨ–

1.ਪਹਿਲੀ ਤਰਾਂ ਦੇ ਵਿਦਵਾਨ, ਪ੍ਰਚਾਰਕ, ਸ਼ਰਧਾਲੂ ਸਿੱਖ ਇਹ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜਾਂ ਦੇ ਸਿਰ ਅਸਲ ਵਿੱਚ ਧੜ ਤੋਂ ਅਲੱਗ ਕਰ ਦਿੱਤੇ ਸਨ। ਬਾਅਦ ਵਿੱਚ ਧੜ ਅਤੇ ਸਿਰ ਬਦਲੇ ਗਏ, ਇੱਕ ਦੇ ਧੜ ਨੂੰ ਕਿਸੇ ਦੂਸਰੇ ਦਾ ਸਿਰ ਲਗਾਇਆ ਗਿਆ ਅਤੇ ਅਖੀਰ ਵਿੱਚ ਗੁਰੂ ਜੀ ਨੇ ਉਹਨਾਂ ਸਭਨਾਂ ਨੂੰ ਜਿਊਂਦਾ ਕਰ ਦਿੱਤਾ ਅਤੇ ਖਾਲਸਾ ਬਣਾਇਆ। ਇਹ ਵਿਦਵਾਨ ਗੁਰਬਾਣੀ ਫੁਰਮਾਨ -

ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ।।

ਸਤਿਗੁਰੁ ਮੇਰਾ ਮਾਰਿ  ਜੀਵਾਲੈ ।। ……………………………………………………………( ਪੰਨਾ ੧੧੪੨,ਭੈਰਉ ਮਹਲਾ ੫ ) ਅਤੇ

ਮਿਰਤਕ ਕਉ ਜੀਵਾਲਨਹਾਰ।।

ਭੂਖੇ ਕਉ ਦੇਵਤ ਅਧਾਰ ।।………………………………………………………………(ਪੰਨਾ ੨੮੩, ਗਉੜੀ ਸੁਖਮਨੀ ਮ: ੫ )

ਦਾ ਹਵਾਲਾ ਦੇ ਕੇ ਆਖਦੇ ਹਨ ਕਿ ਗੁਰੂ ਸਮਰੱਥ ਹੈ। ਉਹ ਮ੍ਰਿਤਕ ਨੂੰ ਜਿੰਦਾ ਕਰ ਸਕਦਾ ਹੈ। ਇਹ ਗੁਰੂ ਜੀ ਦਾ ਚੋਜ ਸੀ। ਹੋਰ ਅੱਗੇ ਚੱਲ ਕੇ ਇਹ ਵੀ ਜਿਕਰ ਆਉਂਦਾ ਹੈ  ਕਿ ਇਸ ਇਕੱਠ ਵਿੱਚ, ਜਿਸ ਦੀ ਗਿਣਤੀ ਅੱਸੀ ਹਜਾਰ ਦੱਸੀ ਗਈ ਹੈ, ਔਰੰਗਜੇਬ ਦਾ ਸੂਹੀਆ ਵੀ ਹਾਜਰ ਸੀ ਜਿਸ ਨੇ ਰੋਜ਼ਾਨਾ ਦੀ ਰਿਪੋਰਟ ਰਾਜੇ ਨੂੰ ਪੁਚਾਉਣੀ ਹੁੰਦੀ ਸੀ। ਇਹਨਾਂ ਵਿਦਵਾਨਾਂ ਅਨੁਸਾਰ ਉਸ ਸੂਹੀਏ ਨੇ ਆਪਣੀ ਰਿਪੋਰਟ ਵਿੱਚ ਇਹ ਹੀ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਮੁੱਚ ਪੰਜਾਂ ਦੇ ਪਹਿਲਾਂ ਸੀਸ ਕਲਮ ਕੀਤੇ ਅਤੇ ਫੇਰ ਉਹਨਾਂ ਨੂੰ ਸੁਰਜੀਤ ਕੀਤਾ ਗਿਆ। ਉਹ ਮੌਕੇ ਦਾ ਗਵਾਹ ਬਣਦਾ ਹੈ। ਅਤੇ ਇਸ ਰਿਪੋਰਟ ਨੂੰ ਆਖਰੀ ਕਹਿ ਕੇ ਉਹ ਖੁਦ ਵੀ ਸਿੰਘ ਸਜਦਾ ਹੈ।

2. ਅਜੋਕੇ ਵਿਗਿਆਨਕ ਯੁੱਗ ਵਿਚ ਇਹ ਮੰਨਣਾ ਬਹੁਤਿਆਂ ਨੂੰ ਔਖਾ ਲੱਗਦਾ ਹੈ ਕਿ ਗੁਰੂ ਜੀ ਨੇ ਸਿਰ ਅਸਲ ਵਿੱਚ ਉਤਾਰ ਕੇ ਫੇਰ ਜੋੜੇ। ਪਹਿਲੀ ਗੱਲ ਤਾਂ ਵਿਗਿਆਨ ਕਿਸੇ ਮਿਰਤਕ ਨੂੰ ਜਿਊਂਦਾ ਹੋਣ ਦੀ ਗੱਲ ਹੀ ਨਹੀਂ ਮੰਨਦਾ, ਦੂਜੀ ਗੱਲ ਕਿ ਗੁਰਮਤਿ ਵਿੱਚ ਕਰਾਮਾਤ ਦਿਖਾਏ ਜਾਣ ਦੀ ਮਨਾਹੀ ਹੈ। ਇਸ ਲਈ ਇਹ ਵਰਗ ਇਸ ਘਟਨਾ ਦੀ ਵਿਆਖਿਆ ਨੂੰ ਕੁਝ ਸੋਧਦਾ ਹੈ। ਇਸ  ਅਨੁਸਾਰ ਗੁਰੂ ਜੀ ਨੇ ਸਿਰ ਕਲਮ ਨਹੀਂ ਸੀ ਕੀਤੇ, ਉਹਨਾਂ ਨੇ ਤੰਬੂ ਵਿੱਚ ਬੱਕਰੇ ਝਟਕਾਏ ਸਨ ਅਤੇ ਜੋ ਲਹੂ ਭਿੱਜੀ ਤੇਗ ਉਹਨਾਂ ਸਭ ਦੇ ਸਾਹਮਣੇ ਲਿਆਂਦੀ ਸੀ, ਉਹ ਬੱਕਰਿਆਂ ਦੇ ਲਹੂ ਨਾਲ ਹੀ ਭਿੱਜੀ ਹੋਈ ਸੀ । ਇਹ ਵਿਦਵਾਨ ਆਖਦੇ ਹਨ ਕਿ ਗੁਰੂ ਜੀ ਨੇ ਇੱਕ ਨਾਟਕ ਰਚ ਕੇ ਸਿੱਖੀ ਦੀ ਪਰਖ ਕੀਤੀ ਸੀ ।ਕੁਝ ਗਿਆਨ ਰੱਖਣ ਵਾਲੇ ਇੱਥੇ ਸੰਤੁਸ਼ਟ ਹੋ ਜਾਂਦੇ ਹਨ।

3. ਦੂਸਰੇ ਨੁਕਤੇ ਤੇ ਵੀ ਆਲੋਚਕ, ਆਲੋਚਨਾ ਕਰਦੇ ਹਨ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਜੀ ਸਭ ਦੇ ਸਾਹਮਣੇ ਬੰਦੇ ਦਾ ਸੀਸ ਮੰਗਣ ,ਪਰ ਅਸਲ ਵਿੱਚ ਬੱਕਰੇ ਦਾ ਸਿਰ ਸਵੀਕਾਰ ਕਰ ਲੈਣ। ਗੁਰੂ ਜੀ ਦੀ ਕਹਿਣੀ ਅਤੇ ਕਰਨੀ  ਵੱਖਰੀ ਕਿਵੇਂ ਹੋ ਸਕਦੀ ਸੀ । ਤੀਸਰਾ ਗਰੁੱਪ ਵਿਦਵਾਨਾਂ ਦਾ ਅਜਿਹਾ ਹੈ ਜਿਹਨਾਂ  ਅਨੁਸਾਰ ਗੁਰੂ ਜੀ ਨੇ ਨਾ ਤਾਂ ਸਿਰ ਹੀ ਕਲਮ ਕੀਤੇ ਸਨ ਅਤੇ ਨਾ ਬੱਕਰੇ ਝਟਕਾਏ ਨੇ। ਇਹ ਵਿਦਵਾਨ ਲਹੂ ਭਿੱਜੀ ਤੇਗ ਬਾਰੇ ਚੁੱਪ ਧਾਰਨ ਕਰਦੇ ਹੋਏ ਆਪਣੀ ਵਿਆਖਿਆ ਵਿੱਚ ਕਹਿੰਦੇ ਹਨ ਕਿ ਸਿਰ ਵਿੱਚ ਹੁੰਦੀ ਹੈ ਸੋਚ। ਅਸਲ ਵਿੱਚ ਗੁਰੂ ਜੀ ਨੇ ਆਪਣੇ ਸਿੱਖਾਂ ਦੀ ਪਹਿਲੀ ਸੋਚ ਲੈ ਕੇ ਉਹਨਾਂ ਨੂੰ ਇੱਕ ਨਵੀਂ ਸੋਚ ਦਿੱਤੀ ਸੀ। ਇਹੀ ਮਤਲਬ ਹੈ ਸੀਸ ਭੇਟ ਕਰਨ ਦਾ। ਸੀਸ ਭੇਟ ਕਰਨ ਨੂੰ ਉਹ ਪ੍ਰਤੀਕਾਤਮਕ ਰੂਪ ਵਿਚ ਆਖਿਆ ਮੰਨਦੇ ਹਨ । ਉਹ ਆਪਣੀ ਗੱਲ ਨੂੰ ਠੀਕ ਸਿੱਧ ਕਰਨ ਲਈ ਗੁਰਬਾਣੀ ਫੁਰਮਾਨ ਦੇ ਹਵਾਲੇ ਦੇ ਕੇ ਆਖਦੇ ਹਨ ਕਿ ਗੁਰੂ ਨਾਨਕ ਜੀ ਨੇ ਵੀ ਤਾਂ ਸੀਸ ਦੀ ਮੰਗ ਕੀਤੀ ਸੀ–

ਜਉ ਤਉ ਪ੍ਰੇਮ ਖੇਲਣੁ ਕਾ ਚਾਉ ।।

ਸਿਰੁ ਧਰਿ ਤਲੀ ਗਲੀ ਮੇਰੀ ਆਉ।।…………………………………………( ਪੰਨਾ ੧੪੧੨,ਸਲੋਕ ਵਾਰਾਂ ਤੇ ਵਧੀਕ )

ਅਤੇ ਗੁਰੂ ਰਾਮਦਾਸ ਜੀ ਨੇ  ਨੇ ਵੀ ਸੀਸ ਭੇਟ ਕਰਨ ਦੀ ਗੱਲ ਕੀਤੀ ਹੈ।

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੈ ਭਾਵੈ ।……………………….( ਪੰਨਾ ੧੧੧੪, ਤੁਖਾਰੀ ਛੰਤ ਮਹਲਾ ੪ )

ਹੋਰ ਫੁਰਮਾਨ ਹੈ–

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਕੀਜੈ ।।

ਸੀਸੁ ਵਢੇ ਕਰਿ ਬੈਸਣੁ  ਦੀਜੈ ਬਿਨੁ ਸਿਰ ਸੇਵ ਕਰੀਜੈ ।।………………………..(ਪੰਨਾ ੫੫੮,ਵਡਹੰਸ ਮਹਲਾ ੧ ਘਰੁ ੨ )

ਇਸ ਤਰਾਂ ਇਹ ਵਿਦਵਾਨ ਆਖਦੇ ਨੇ ਕਿ ਸੀਸ ਭੇਟਾ ਕਰਨਾ ਤਾਂ ਇੱਕ ਅਲੰਕਾਰਕ ਬਿਰਤਾਂਤ ਹੈ। ਸੀਸ ਭੇਟ ਕਰਨ ਤੋਂ ਭਾਵ ਪੂਰੀ ਤਰਾਂ ਸਮਰਪਣ ਕਰਨਾ ਹੈ। ਸਾਡੇ ਆਧੁਨਿਕ ਵਿਦਵਾਨਾਂ ਨੂੰ ਇਹ ਤੀਸਰੀ ਵਿਆਖਿਆ ਜਿਆਦਾ ਠੀਕ ਲੱਗਦੀ ਹੈ।

ਇਸ ਤਰਾਂ ਦੀ ਵਿਚਾਰ-ਚਰਚਾ ਵਿੱਚ ਹੀ ਮੇਰਾ ਮਨ ਵੀ ਡਾਵਾਂਡੋਲ ਸੀ। ਮੈਂ ਸਾਇੰਸ ਮਾਸਟਰ ਰਿਹਾ ਹੋਣ ਕਰਕੇ ਵਿਗਿਆਨਕ ਸੋਚ ਦਾ ਧਾਰਨੀ ਸੀ ਤੇ ਮੈਨੂੰ ਪਹਿਲੀ ਵਿਚਾਰਧਾਰਾ ਨਾਲ ਸਹਿਮਤ ਹੋਣਾ ਔਖਾ ਲੱਗਦਾ ਸੀ, ਦੂਸਰੀ ਵਿੱਚ ਕਹਿਣੀ-ਕਰਨੀ ਵੱਖਰੀ ਹੋਣ ਵਾਲੀ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਸੀ। ਇਸ ਤਰਾਂ ਮੈ ਤੀਸਰੀ ਵਿਚਾਰਧਾਰਾ ਨਾਲ ਹੀ ਵਧੇਰੇ ਸਹਿਮਤ ਸੀ, ਪਰ ਸਿੱਖੀ ਸਿਦਕ ਨੂੰ ਸਾਹਮਣੇ ਰੱਖ ਕੇ ਅਤੇ ਇਤਿਹਾਸ ਵਿਚੋਂ ਹੋਰ ਕਾਫੀ ਉਦਾਹਰਣਾਂ ਯਾਦ ਆਉਂਦੀਆਂ ਤਾਂ ਮਨ ਡੋਲ ਜਾਂਦਾ । ਅਤੇ ਲੱਗਦਾ ਕਿ ਕਿਧਰੇ ਸਾਨੂੰ ਹੀ ਸਮਝ ਨਾ ਲੱਗੀ ਹੋਵੇ।

ਵਾਹਿਗੁਰੂ ਜੀ ਦੀ ਕਲਾ ਵਰਤੀ ਕਿ ਮੇਰੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ  ਉਪਰੋਕਤ ਸਵਾਲ ਦੀ ਮੇਰੀ ਉਲਝਣ ਹੀ ਦੂਰ ਕਰ ਦਿੱਤੀ। ਉਹ ਘਟਨਾ ਵੀ ਸਾਂਝੀ ਕਰਦਾ ਹਾਂ।

ਅਪ੍ਰੈਲ 2020  ਵਿੱਚ ਅਸੀਂ ਬੇਟੇ ਦਾ ਵਿਆਹ ਰੱਖ ਲਿਆ । ਅਜੇ ਲਾਕਡਾਊਨ ਆਦਿ ਨਹੀਂ ਸੀ ਲੱਗਿਆ। ਅਸੀਂ ਲੱਗ ਗਏ ਵਿਆਹ ਦੀਆਂ  ਤਿਆਰੀਆਂ ਕਰਨ। ਮੇਰੇ ਵਿੱਚ ਕੁਝ ਸਿੱਖੀ ਦਾ ਜਿੰਨਾ ਕੁ ਅੰਸ਼ ਸੀ, ਉਹ ਤਾਂ ਅਸਲ ਵਿੱਚ ਮਾਲਕ ਹੀ ਜਾਣਦਾ ਸੀ, ਪਰ ਆਲੇ ਦੁਆਲੇ ਰਿਸ਼ਤੇਦਾਰਾਂ ਅਤੇ ਦੋਸਤ ਮਿੱਤਰਾਂ ਤੇ (ਚੰਗੀ ਜਾਂ ਮਾੜੀ ਕਿਸਮਤ ਨੂੰ) ਇੱਕ ਵਧੀਆ ਗੁਰਸਿੱਖ ਹੋਣ ਦਾ ਪ੍ਰਭਾਵ ਬਣਿਆ ਹੋਇਆ ਸੀ, ਇਹ ਆਪਣੇ ਸੂਖਮ ਹੰਕਾਰ ਨੂੰ ਤਾਂ ਵਧਾ ਹੀ ਦਿੰਦਾ ਏ।—ਖ਼ੈਰ, ਇਸੇ ਕਾਰਨ ਇੱਕ ਖਿਆਲ  ਆਇਆ ਮਨ ਵਿੱਚ ਕੁਝ ਨਵਾਂ ਕਰਨ ਦਾ। ਨੂੰਹ ਰਾਣੀ ਪਹਿਲਾਂ ਹੀ ਅੰਮ੍ਰਿਤਧਾਰੀ ਸੀ, ਕੁਝ ਮੇਰੀ ਪ੍ਰੇਰਨਾ ਕਾਰਨ, ਕੁਝ ਬਹੂ ਦੇ ਅੰਮ੍ਰਿਤਧਾਰੀ ਹੋਣ ਕਾਰਨ  ਬੇਟੇ ਦਾ ਮਨ ਵੀ ਅੰਮ੍ਰਿਤ ਛਕਣ ਦਾ ਬਣ ਚੁੱਕਿਆ ਸੀ। ਨਿਸ਼ਚਿਤ ਇਹ ਹੋਇਆ ਕਿ ਕੈਨੇਡਾ ਤੋਂ ਆਉਂਦੇ ਹੀ ਵਿਸਾਖੀ ਵਾਲੇ ਦਿਨ ਬੇਟਾ ਵੀ ਅੰਮ੍ਰਿਤ ਛਕ ਲਵੇਗਾ। ਮੇਰੇ ਮਨ ਚ ਨਵਾਂ ਫੁਰਨਾ ਇਹ ਆਇਆ ਕਿ ਬੇਟੇ ਦੇ ਅੰਮ੍ਰਿਤ ਛਕਣ ਵਾਲੀ ਵੀਡੀਓ ਬਣਾਈ ਜਾਵੇ । ਇੱਕ ਵੀਡੀਓ ਬੇਟੇ ਅਤੇ ਨੂੰਹ ਨੂੰ ਖਾਲਸਾਈ ਬਾਣੇ ਵਿੱਚ ਕੁਝ ਸੇਵਾ ਕਰਦਿਆਂ ਦੀ  ਬਣਵਾ ਲਈ ਜਾਵੇ ਅਤੇ ਵਿਆਹ ਵਾਲੇ ਦਿਨ ਜਿੱਥੇ ਆਮ ਲੋਕ ਪ੍ਰੀ-ਵੈਡਿੰਗ ਸਕਰੀਨ ਤੇ ਚਲਾਉਂਦੇ ਹਨ, ਇਹ ਵੀਡੀਓ ਚਲਾਈ ਜਾਵੇ। ਇਸ ਨਾਲ ਜਿੱਥੇ ਆਪਣਾ ਪ੍ਰਭਾਵ ਤਾਂ ਵਧੀਆ ਪਵੇਗਾ ਹੀ, ਨਾਲ ਹੀ ਹੋਰ ਲੋਕ ਵੀ ਪ੍ਰੇਰਿਤ ਹੋਣਗੇ ਅਤੇ ਹੋ ਸਕਦਾ ਏ, ਕੁਝ ਲੋਕ ਇਸ ਤਰਾਂ ਸਿੱਖੀ ਨਾਲ ਜੁੜਨ ਵੀ । ਮੈਂ ਇਸ ਨਵੀਂ ਖੋਜ ਨਾਲ ਆਪਣੇ ਆਪ ਤੇ ਮਾਣ ਜਿਹਾ ਮਹਿਸੂਸ ਕੀਤਾ। ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਆਰੰਭ ਕਰਦਿਆਂ ਗੁਰਦੁਆਰਾ ਆਲਮਗੀਰ ਸਾਹਿਬ ,(ਜਿੱਥੇ ਬੇਟੇ ਨੇ ਅੰਮ੍ਰਿਤ ਛਕਣਾ ਸੀ, ) ਦੇ ਮੈਨੇਜਰ ਸਾਹਿਬ ਨੂੰ ਫੋਨ ਲਗਾ ਲਿਆ ਅਤੇ ਆਪਣੀ ਇੱਛਾ ਦੱਸਦੇ ਹੋਏ, ਅੰਮ੍ਰਿਤ ਸੰਚਾਰ ਸਮੇਂ ਵੀਡੀਓ ਬਣਾ ਲੈਣ ਦੇਣ ਦੀ ਆਗਿਆ ਮੰਗੀ। ਮੈਨੇਜਰ ਸਾਹਿਬ ਨੇ ਬੜੇ ਧੀਰਜ ਨਾਲ ਇਨਕਾਰ ਕਰਦਿਆਂ ਕਿਹਾ, “ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੀ ਭੇਟਾ ਪਰਦੇ ਵਿੱਚ ਲਈ ਸੀ। ਸੀਸ ਭੇਟ ਕਰਕੇ ਪ੍ਰੇਮ ਖੇਲਣ ਦੇ ਇਸ ਅਗੰਮੀ ਵਰਤਾਰੇ ਨੂੰ ਖੁੱਲੇ ਰੂਪ ਵਿੱਚ ਨਹੀਂ ਦਿਖਾਇਆ ਜਾ ਸਕਦਾ ਅਤੇ ਨਾ ਹੀ ਫਿਲਮ ਬਣਾਈ ਜਾ ਸਕਦੀ ਹੈ। ਇਹ ਰੂਹਾਨੀ ਰਮਜ ਦੀ ਗੱਲ ਹੈ ਇਸ ਨੂੰ ਦਿਖਾਵੇ ਵਿੱਚ ਨਹੀਂ ਲਿਆ ਜਾ ਸਕਦਾ।” ਜਵਾਬ ਸੁਣ ਕੇ ਮੈਂ ਸੁੰਨ ਹੋ ਗਿਆ। ਉਹਨਾਂ ਤੋਂ ਇੱਕਦਮ ਮੁਆਫੀ ਮੰਗੀ। ਬਾਅਦ ਵਿੱਚ ਕਿੰਨੀ ਦੇਰ ਇਸ ਵਿਸ਼ੇ ਤੇ ਸੋਚੀ ਗਿਆ ਕਿ ਅਸੀਂ ਕਿੰਨੇ ਮੂਰਖ ਹਾਂ, ਜੋ ਧਾਰਮਿਕ ਬਣਨਾ ਨਹੀ ਚਾਹੁੰਦੇ, ਪਰ ਧਾਰਮਿਕ  ਬਣ ਕੇ ਦਿਖਾਉਣਾ ਚਾਹੁੰਦੇ ਹਾਂ। ਇਹ ਮੈਨੂੰ ਕੀ ਹੋ ਗਿਆ ਸੀ ?? ਆਪਣੇ ਆਪ ਨੂੰ ਲਾਹਣਤਾਂ ਪਾਈਆਂ ਅਤੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਜੋ ਉਹਨਾਂ ਮੈਨੇਜਰ ਸਾਹਿਬ ਰਾਹੀਂ ਸੱਚ ਦੀ ਸੋਝੀ ਕਰਵਾ ਦਿੱਤੀ ਸੀ। ਜਿਸ ਗੱਲ ਨੂੰ ਦਸਵੇਂ ਪਾਤਸ਼ਾਹ ਨੇ ਪਰਦੇ ਵਿੱਚ ਰੱਖਿਆ ਸੀ, ਮੈਂ ਕੌਣ ਹੁੰਦਾ ਹਾਂ ਉਸ ਨੂੰ ਸਭ ਦੇ ਸਾਹਮਣੇ ਪੇਸ਼ ਕਰਨ ਵਾਲਾ ???

ਹੁਣ ਇਹ ਸਵਾਲ ਮਨ ਚੋਂ ਖੰਭ ਲਾ ਕੇ ਉੱਡ ਗਿਆ ਕਿ ਗੁਰੂ ਜੀ ਨੇ ਵਿਸਾਖੀ ਵਾਲੇ ਦਿਨ ਕੀ ਕੀਤਾ ਹੋਏਗਾ ?? ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਆਪ ਹੀ ਗੁਰਬਾਣੀ ਦੀਆਂ ਇਹ ਪੰਕਤੀਆਂ ਸਾਹਮਣੇ ਲੈ ਆਂਦੀਆਂ—-

ਗੁਰ ਕਹਿਆ ਸਾ ਕਾਰ ਕਮਾਵਹੁ ।।

ਗੁਰ ਕੀ ਕਰਣੀ ਕਾਹੇ ਧਾਵਹੁ ।।

ਨਾਨਕ  ਗੁਰਮਤਿ ਸਾਚ ਸਮਾਵਹੁ ।।…………………………………….( ਪੰਨਾ ੯੩੩,  ਰਾਮਕਲੀ ਮਹਲਾ ੧ ਦਖਣੀ ਓਅੰਕਾਰੁ)

(ਤੂੰ ਉਹ ਕੰਮ ਕਰ, ਜੋ ਗੁਰੂ ਜੀ ਆਖਦੇ ਹਨ। ਤੂੰ ਗੁਰਾਂ ਦੇ ਕੌਤਕਾਂ ਦੇ ਮਗਰ ਕਿਉਂ ਭੱਜਦਾ ਹੈਂ, ਜੋ ਕਿ ਅਗਾਧ ਹਨ। ਹੇ ਨਾਨਕ ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸੱਚੇ ਸਾਹਿਬ ਅੰਦਰ ਲੀਨ ਹੋ ਜਾ।)

ਮਨ ਵਿੱਚ ਇੱਕ ਸੰਤੁਸ਼ਟੀ ਆ ਗਈ ਸੀ। ਸੱਚਮੁੱਚ ਸਾਨੂੰ ਗੁਰੂ ਦੀ ਕਰਣੀ ਬਾਰੇ ਨਹੀਂ ਸੋਚਣਾ ਚਾਹੀਦਾ, ਸਗੋਂ ਜੋ ਗੁਰੂ ਜੀ ਨੇ ਉਪਦੇਸ਼ ਦਿੱਤੇ ਹਨ, ਉਹ ਹੀ ਮਨ ਵਿਚ ਵਸਾ ਕੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਦਾ ਕੋਟਾਨਿ ਕੋਟਿ ਸ਼ੁਕਰਾਨਾ ਕੀਤਾ ਜਿਸ ਨੇ ਭਰਮ ਅਤੇ ਦੁਬਿਧਾ ਦੇ ਬੱਦਲ ਮਨ ਦੇ ਅੰਬਰ ਤੋਂ ਦੂਰ ਕਰ ਦਿੱਤੇ ਸਨ ।।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>