ਭਾਵੇਂ ਹਰ ਸੰਸਥਾ ਵਲੋਂ ਬਣਾਈ ਗਈ ਬਿਲਡਿੰਗ ਦਾ ਕੋਈ ਨਾ ਕੋਈ ਮੰਤਵ ਹੁੰਦਾ ਹੈ ਪਰ ਕੁੱਝ ਸੰਸਥਾਵਾਂ ਵਲੋਂ ਬਣਾਈਆਂ ਬਿਲਡਿੰਗਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿ ਆਪਣੀ ਵਿਲੱਖਣਤਾ ਕਰਕੇ ਉਸ ਇਲਾਕੇ ਲਈ ਖਿੱਚ ਦਾ ਕੇਂਦਰ ਬਣ ਜਾਂਦੀਆ ਹਨ । ਲੁਧਿਆਣਾ-ਸਰਾਭਾ-ਰਾਏਕੋਟ ਰੋਡ ਉੱਤੇ ਪਿੰਡ ਸਰਾਭਾ ਦੇ ਨਜਦੀਕ ਨਵੀਂ ਬਣੀ ਇੱਕ ਅਜਿਹੀ ਹੀ ਬਿਲਡਿੰਗ ਦਾ ਨਾਉਂ ਹੈ “ਗੁਰੂ ਅਮਰ ਦਾਸ ਅਪਾਹਜ ਆਸ਼ਰਮ”। ਇਸ ਆਸ਼ਰਮ ਦਾ ਮੰਤਵ ਬੇਸਹਾਰਾ, ਲਾਵਾਰਸਾਂ, ਲਾਚਾਰਾਂ, ਕੋੜ੍ਹੀਆਂ, ਦਿਮਾਗੀ ਤੌਰ ਤੇ ਬਿਮਾਰ, ਨੇਤਰਹੀਣ, ਬੋਲੇ, ਗੁੰਗੇ, ਅਪਾਹਜਾਂ, ਯਤੀਮਾਂ ਆਦਿ ਨੂੰ ਆਸਰਾ ਦੇਣਾ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਨਾ ਹੈ।
ਕਈ ਪਿੰਡਾਂ ਦੇ ਵਿਚਕਾਰ ਸ਼ਾਂਤਮਈ ਵਾਤਾਰਨ ਵਿੱਚ ਤਿੰਨ ਹਜ਼ਾਰ ਵਰਗ ਗਜ਼ ਵਿੱਚ ਨਵਾਂ ਉਸਰਿਆ ਇਹ ਆਸ਼ਰਮ ਜਿੱਥੇ ਇਸ ਇਲਾਕੇ ਦੀ ਸ਼ੋਭਾ ਵਧਾਉਂਦਾ ਹੈ ਉੱਥੇ ਲੋੜਵੰਦਾਂ ਅਤੇ ਨਿਆਸਰਿਆਂ ਦੇ ਮਨਾਂ ਵਿੱਚ ਆਸ ਦੀ ਕਿਰਨ ਵੀ ਜਗਾਉਂਦਾ ਹੈ । ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਆਸ਼ਰਮ ਦੀ ਪਹਿਲੀ ਮੰਜਲ ਤਕਰੀਬਨ ਤਿਆਰ ਹੋ ਚੁੱਕੀ ਹੈ । ਇਸ ਆਸ਼ਰਮ ਵਿੱਚ ਕੁੱਝ ਕੁ ਲੋੜਵੰਦਾਂ ਨੇ ਰਹਿਣਾ ਸ਼ੁਰੂ ਵੀ ਕਰ ਦਿੱਤਾ ਹੈ । ਪਰ ਇਸ ਵਿੱਚ 35-40 ਦੇ ਕਰੀਬ ਲੋੜਵੰਦ ਰਹਿ ਸਕਦੇ ਹਨ । ਭਵਿੱਖ ਵਿੱਚ ਇਸ ਆਸ਼ਰਮ ਦੀਆਂ ਉਪਰਲੀਆਂ ਮੰਜਲਾਂ ਤਿਆਰ ਕਰਵਾਕੇ ਇਸ ਵਿੱਚ 200 ਦੇ ਕਰੀਬ ਲੋੜਵੰਦਾਂ ਦੇ ਰਹਿਣ ਦਾ ਪ੍ਰਬੰਧ ਕਰਨ ਦੀ ਯੋਜਨਾ ਹੈ । ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ, ਜਿਵੇਂ ਕਿ ਮੈਡੀਕਲ ਸਹਾਇਤਾ ਕਰਨੀ, ਇਸ਼ਨਾਨ ਆਦਿ ਕਰਾਉਣਾ, ਉਹਨਾਂ ਦੇ ਕਪੜੇ-ਲੀੜੇ ਆਦਿ ਧੋਣਾ, ਅਤੇ ਉਹਨਾਂ ਦੀਆਂ ਹੋਰ ਜਰੂਰੀ ਸਹੂਲਤਾਂ ਦਾ ਧਿਆਨ ਰੱਖਣਾ । ਆਸ਼ਰਮ ਵਿੱਚ ਗੁਰੂ ਕੇ ਲੰਗਰ ਦਾ ਵੀ ਪ੍ਰਬੰਧ ਹੈ । ਆਸ਼ਰਮ ਦੇ ਮਹੌਲ ਨੂੰ ਹਰਾ-ਭਰਾ ਰੱਖਣ ਅਤੇ ਲੋੜਵੰਦਾਂ ਦੀ ਚੰਗੀ ਸਿਹਤ ਲਈ ਸੌ ਤੋਂ ਵੱਧ ਦਰਖਤ-ਬੂਟੇ ਲਗਾਏ ਗਏ ਹਨ । ਸੰਸਥਾ ਦੀ ਆਮਦਨ ਦਾ ਸਾਧਨ ਸਿਰਫ ਸਿੱਖ ਸੰਗਤ ਵੱਲੋ ਦਿੱਤਾ ਦਾਨ ਹੀ ਹੈ।
ਇਸ ਸੰਸਥਾ ਨੂੰ ਸ਼ੁਰੂ ਕਰਨ ਵਾਲੇ ਹਨ ਪਿੰਡ ਜਟਾਣਾ ਦੇ ਜੰਮਪਲ ਡਾ. ਨੌਰੰਗ ਸਿੰਘ ਮਾਂਗਟ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ) ਅਤੇ ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ (ਕੈਨੇਡਾ) ਦੇ ਸਾਬਕਾ ਸਾਇੰਸਦਾਨ ਹਨ ਜਿਹਨਾਂ ਨੇ ਕੈਨੇਡਾ ਵਰਗੇ ਦੇਸ਼ ਦੀਆਂ ਸੁੱਖ-ਸੁਵਿਧਾਵਾਂ ਨੂੰ ਤਿਆਗ ਕੇ ਆਪਣਾ ਜੀਵਨ ਬੇਸਹਾਰਿਆਂ, ਅਪਾਹਜਾਂ, ਯਤੀਮਾਂ ਅਤੇ ਹੋਰ ਲੋੜਵੰਦਾਂ ਲਈ ਅਰਪਣ ਕਰ ਦਿੱਤਾ । ਅੱਜ ਕੱਲ ਉਹ ਕੈਲਗਰੀ (ਕੈਨੇਡਾ) ਆਏ ਹੋਏ ਹਨ । ਹੋਰ ਜਾਣਕਾਰੀ ਲਈ ਇਹਨਾਂ ਨਾਲ 22 ਨਵੰਬਰ ਤੱਕ 403-590-1463 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ: ਮੋਬਾਈਲ ਇੰਡੀਆ: 95018-42505 ਤੇ ਜਾਂ ਈਮੇਲ:nsmangat14@hotmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ ।