ਅੰਮ੍ਰਿਤਸਰ -ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 2 ਜੀ ਸਪੈਕਟਰਮ ਘੁਟਾਲੇ ਸੰਬੰਧੀ ਤਤਕਾਲੀ ਵਿਤ ਮੰਤਰਾਲੇ ਵੱਲੋਂ ਸੀ ਐਮ ਓ ਨੂੰ ਲਿਖੀ ਗਈ ਚਿੱਠੀ ਨਾਲ ਚਰਚਾ ਵਿਚ ਆਏ ਕੇਂਦਰੀ ਮੰਤਰੀ ਦੀ ਵਕਾਲਤ ਕਰਦਿਆਂ ਕਲੀਨ ਚਿਟ ਦੇ ਕੇ ਉਸ ਦਾ ਪਿੱਠ ਥਾਪੜਨਾ ਦੇਸ਼ ਦੀ 122 ਕਰੋੜ ਅਵਾਮ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸ਼ਰੇਆਮ ਧੋਖਾ ਹੈ ਜਿਸ ਲਈ ਦੇਸ਼ ਵਾਸੀ ਕਾਂਗਰਸ ਨੂੰ ਕਦੀ ਮੁਆਫ਼ ਨਹੀਂ ਕਰੇਗੀ ।
ਸ: ਮਜੀਠੀਆ ਨੇ ਕਿਹਾ ਕਿ ਵਿਤ ਮੰਤਰਾਲੇ ਵੱਲੋਂ ਸੀ ਐਮ ਓ ਨੂੰ ਲਿਖੀ ਗਈ ਚਿੱਠੀ ਦੇ ਜਗ ਜ਼ਾਹਿਰ ਹੋਣ ਨਾਲ ਯੂਥ ਅਕਾਲੀ ਦਲ ਵੱਲੋਂ ਲਏ ਗਏ ਉਸ ਸਟੈਂਡ ਜਿਸ ਵਿਚ ਯੂਥ ਅਕਾਲੀ ਦਲ ਨੇ ਉਕਤ ਸਪੈਕਟਰਮ ਘੋਟਾਲੇ ਸੰਬੰਧੀ ਏ ਰਾਜਾ ਵੱਲੋਂ ਘੜੀ ਜਾ ਰਹੀ ਅਪਰਾਧਿਕ ਸਾਜ਼ਿਸ਼ ਪ੍ਰਤੀ ਸੀ ਐਮ ਓ ਅਤੇ ਕਾਂਗਰਸ ਹਾਈ ਕਮਾਨ ਨੂੰ ਪੂਰੀ ਜਾਣਕਾਰੀ ਹੋਣ ਅਤੇ ਕਾਂਗਰਸ ਹਾਈ ਕਮਾਨ ਦੀ ਸਰਪ੍ਰਸਤੀ ਹੇਠ ਇਹ ਸਭ ਘੋਟਾਲੇ ਅਤੇ ਵਿਆਪਕ ਭ੍ਰਿਸ਼ਟਾਚਾਰ ਹੋਣ ਦੀ ਗਲ ਕਹੀ ਸੀ ਦੀ ਸਹੀ ਹੋਣ ਦੀ ਪੁਸ਼ਟੀ ਹੋ ਗਈ ਹੈ। ਉਹਨਾਂ ਕਿਹਾ ਕਿ ਤਤਕਾਲੀ ਵਿਤ ਮੰਤਰਾਲਾ ਵੱਲੋਂ ਸੀ ਐਮ ਓ ਨੂੰ ਲਿਖੇ ਗਏ ਇੱਕ ‘ ਨੋਟ’ ਵਿਚ ਇਹ ਗਲ ਸਪਸ਼ਟ ਸਾਹਮਣੇ ਆਈ ਕਿ ਸ੍ਰੀ ਚਿਦਾਂਬਰਮ ਨੇ ਵਿਤ ਮੰਤਰੀ ਰਹਿੰਦਿਆਂ ਨਿਲਾਮੀ ਪ੍ਰਕਿਰਿਆ ’ਤੇ ਜ਼ੋਰ ਦਿੱਤਾ ਹੁੰਦਾ ਤਾਂ 1.76 ਲੱਖ ਕਰੋੜ ਦਾ 2 ਜੀ ਸਪੈਕਟ੍ਰਮ ਘੋਟਾਲਾ ਹੋਣ ਅਤੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣ ਤੋਂ ਰੋਕਿਆ ਜਾ ਸਕਦਾ ਸੀ। ਸ: ਮਜੀਠੀਆ ਨੇ ਕਿਹਾ ਕਿ ਉਕਤ ਖੁਲਾਸਾ ਹੋ ਜਾਣ ਨਾਲ ਕਾਂਗਰਸ ਨੂੰ ਹੁਣ ਸਤਾ ਵਿਚ ਬਣੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਰਹਿ ਜਾਂਦਾ। ਉਹਨਾਂ ਕਿਹਾ ਕਿ ਹੁਣ ਸਾਬਕਾ ਦੂਰ ਸੰਚਾਰ ਮੰਤਰੀ ਏ ਰਾਜਾ ਹੀ ਨਹੀਂ ਸਗੋਂ ਸੀ ਐਮ ਓ ਵੀ ਦੋਸ਼ੀਆਂ ਦੀ ਕਤਾਰ ਵਿਚ ਸ਼ਰੇਆਮ ਸ਼ਾਮਿਲ ਹੋ ਗਿਆ ਹੈ ਜਿਸ ਬਾਰੇ ਜਾਂਚ ਉਪਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਲੋਕ ਜਾਣ ਚੁਕੇ ਹਨ ਕਿ ਕੇਂਦਰ ਵਿਚ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਅਤੇ ਕਾਂਗਰਸ ਦੇ ਕੁਸ਼ਾਸਨ, ਭ੍ਰਿਸ਼ਟਾਚਾਰ ਤੇ ਘੁਟਾਲਿਆਂ ਨੇ ਦੇਸ਼ ਨੂੰ ਖੋਖਲਿਆਂ ਕਰਕੇ ਰਖ ਦਿੱਤਾ ਹੈ। ਵੱਧ ਰਹੀ ਦਹਿਸ਼ਤ ਗਰਦੀ, ਮਹਿੰਗਾਈ ਤੇ ਤੇਲ ਕੀਮਤਾਂ ਵਿਚ ਕੀਤੇ ਗਏ ਬੇਤਹਾਸ਼ਾ ਵਾਧੇ ਨੇ ਲੋਕਾਂ ਨੂੰ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਉਹਨਾ ਕਿਹਾ ਕਿ ਕਾਂਗਰਸ ਵਲੋਂ ਫੈਲਾਈ ਗਈ ਇਸ ਮਹਾਂ ਮਾਰੀ ਦਾ ਜਵਾਬ ਪੰਜਾਬ ਦੇ ਲੋਕ ਰਾਜ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਲੱਕ ਤੋੜਵੀਂ ਹਾਰ ਦੇ ਕੇ ਦੇਣਗੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਦੇ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਦੌਰਾਨ ਸੰਯੁਕਤ ਰਾਸ਼ਟਰ ਹੈਡਕੁਆਟਰ ਦੇ ਬਾਹਰ ਭਾਰੀ ਗਿਣਤੀ ਸਿੱਖਾਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਭਾਰਤ ਸਰਕਾਰ ਵੱਲੋਂ ਗੈਰ ਸੰਜੀਦਗੀ ਵਾਲਾ ਰੁਖ ਅਪਣਾਉਣ ਖ਼ਿਲਾਫ਼ ਕੀਤੇ ਗਏ ਰੋਸ ਪ੍ਰਦਰਸ਼ਨ ਸੰਬੰਧੀ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਸਿੱਖ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਦੇ ਮਸਲਿਆਂ ਜਿਨ੍ਹਾਂ ਵਿਚ ’84 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂਆਂ ਨੂੰ ਸਜਾਵਾਂ ਦਿਵਾਉਣ ਦੇ ਕਾਰਜ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ਨਾਲ ਦੇਸ਼ ਵਿਦੇਸ਼ ਵਿਚ ਸਿੱਖ ਭਾਈਚਾਰੇ ਦਾ ਕਾਂਗਰਸ ਅਤੇ ਕੇਂਦਰ ਸਰਕਾਰ ਪ੍ਰਤੀ ਰੋਹ ਹੋਰ ਵੱਧ ਦਾ ਜਾਵੇਗਾ।
ਸ: ਮਜੀਠੀਆ ਨੇ ਕਿਹਾ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਤੋਂ ਬਚਾਉਣ ਲਈ ਸਮੁੱਚਾ ਸਿੱਖ ਸਮਾਜ ਇਕਮੁਠਤਾ ਦਾ ਪ੍ਰਗਟਾਵਾ ਕਰ ਰਿਹਾ ਹੈ। ਉਹਨਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰੋ: ਭੁੱਲਰ ਨੂੰ ਫਾਂਸੀ ਦੀ ਸਜਾ ਮੁਆਫ਼ ਕਰਨ ਸੰਬੰਧੀ ਵਿਧਾਨ ਸਭਾ ਵਿਚ ਪ੍ਰਸਤਾਵ ਲਿਆਉਣ ਦੀ ਗਲ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਕਤ ਪ੍ਰਸਤਾਵ ਦਾ ਵਿਰੋਧ ਕਰਨ ਸੰਬੰਧੀ ਜਾਰੀ ਬਿਆਨ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਅਤੇ ਇਸ ਨਾਲ ਕੈਪਟਨ ਦਾ ਅਖੌਤੀ ਸਿੱਖ ਹਿਤੈਸ਼ੀ ਚਿਹਰਾ ਵੀ ਬੇ ਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਵੱਲੋਂ ਪ੍ਰੋ: ਭੁੱਲਰ ਨੂੰ ਫਾਂਸੀ ਨਾ ਦੇਣ ਬਾਰੇ ਜਾਰੀ ਬਿਆਨ ਮਹਿਜ਼ ਖਾਨਾ ਪੂਰਤੀ ਅਤੇ ਲੋਕਾਂ ਦੇ ਅੱਖੀਂ ਘਟਾ ਪਾਉਣ ਤੋਂ ਸਿਵਾ ਕੁੱਝ ਨਹੀਂ ਸੀ। ਇਸ ਮੌਕੇ ਉਹਨਾਂ ਨਾਲ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।