ਨਵੀਂ ਦਿੱਲੀ -: ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਏ ਜਾਣ ਦੇ ਮੁੱਦੇ ਨੂੰ, ਰਾਜਸੀ ਲਾਹ ਲੈਣ ਦਾ ਮੁੱਦਾ ਨਾ ਬਣਾਉਣ। ਜੇ ਉਹ ਸਚਮੁਚ ਈਮਾਨਦਾਰ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ਤੇ ਮੱਗਰਮੱਛੀ ਅਥਰੂ ਵਹਾਣ ਦੀ ਬਜਾਏ ਪਸ਼ਚਾਤਾਪ ਕਰ, ਪਹਿਲਾਂ ਆਪਣੀ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਗਏ ਉਸ ਹਲਫੀਆ ਬਿਆਨ ਨੂੰ ਵਾਪਸ ਲੈਣ, ਜਿਸ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਨੂੰ ਇੱਕ ਖਤਰਨਾਕ ਅੱਤਵਾਦੀ ਕਰਾਰ ਦਿੰਦਿਆਂ ਉਸ ਨਾਲ ਕੋਈ ਵੀ ਰਿਆਇਤ ਨਾ ਕੀਤੇ ਜਾਣ ਦੀ ਮੰਗ ਕੀਤੀ ਗਈ ਹੋਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਸਰਕਾਰ ਵਲੋਂ ਦਿੱਲੀ ਦੀ ਸੈਂਟਰਲ ਜੇਲ੍ਹ ਨੂੰ ਲਿਖੀ ਉਸ ਚਿਠੀ ਨੂੰ ਵੀ ਵਾਪਸ ਲੈਣਾ ਚਾਹੀਦਾ ਹੈ, ਜਿਸ ਵਿੱਚ ਉਸ ਨੇ, ਪ੍ਰੋ. ਭੁਲਰ ਵਲੋਂ ਆਪਣੀ ਮਾਂ ਦੀ ਬਜ਼ੁਰਗੀ ਅਤੇ ਬੀਮਾਰੀ ਦਾ ਹਵਾਲਾ ਦਿੰਦਿਆਂ, ਆਪਣੇ ਆਪਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਬਦਲੇ ਜਾਣ ਦੀ ਕੀਤੀ ਗਈ ਮੰਗ ਦੇ ਜਵਾਬ ਵਿੱਚ ਦਾਖਲ ਕਰਦਿਆਂ ਕਿਹਾ ਹੈ ਕਿ ਇਤਨੇ ਖਤਰਨਾਕ ਅੱਤਵਾਦੀ ਲਈ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਕੋਈ ਥਾਂ ਨਹੀਂ ਹੈ। ਸ. ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੋ. ਭੁਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਸੰਬਧੀ ਮੱਤਾ ਪੰਜਾਬ ਅਸੰਬਲੀ ਵਿੱਚ ਪੇਸ਼ ਕਰਨ ਤੋਂ ਪਹਿਲਾਂ, ਇਸ ਸੰਬੰਧੀ ਪੰਜਾਬ ਕਾਂਗ੍ਰਸ ਦੇ ਮੁੱਖੀਆਂ ਨਾਲ ਗਲ ਕਰਨ ਦੇ ਦਿੱਤੇ ਬਿਆਨ ਪੁਰ ਟਿੱਪਣੀ ਕਰਦਿਆਂ ਸ. ਸਰਨਾ ਨੇ ਕਿਹਾ ਕਿ ਪਹਿਲਾਂ ਸ. ਬਾਦਲ ਨੂੰ ਆਪਣੀ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਦਾਖਲ ਕੀਤੇ ਗਏ ਹਲਫੀਆ ਬਿਆਨਾ ਅਤੇ ਤਿਹਾੜ ਜੇਲ ਨੂੰ ਲਿਖੀ ਚਿਠੀ ਨੂੰ ਵਾਪਸ ਲੈ, ਆਪਣੀ ਸਰਕਾਰ ਦੀ ਇਸ ਕਾਰਗੁਜ਼ਾਰੀ ਲਈ ਪਸ਼ਚਾਤਾਪ ਕਰਨਾ ਅਤੇ ਇਸ ਮੁੱਦੇ ਤੇ ਆਪਣੀ ਈਮਾਨਦਾਰੀ ਸਾਬਤ ਕਰਨੀ ਚਾਹੀਦੀ ਹੈ। ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜੇ ਸ. ਬਾਦਲ ਇਸ ਮੁੱਦੇ ਤੇ ਆਪਣੀ ਈਮਾਨਦਾਰੀ ਸਾਬਤ ਕਰ ਸਕਣ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਸ ਮੁੱਦੇ ਤੇ ਉਨ੍ਹਾਂ ਨੂੰ ਸਮਰਥਨ ਦੇਣ ਲਈ ਤਿਆਰ ਹੋਣਗੀਆਂ। ਸ. ਸਰਨਾ ਨੇ ਹੋਰ ਕਿਹਾ ਕਿ ਸ. ਬਾਦਲ ਨੂੰ ਚਾਹੀਦਾ ਹੈ ਕਿ ਉਹ ਹਰ ਪੰਥਕ ਮੁੱਦੇ ਨੂੰ ਰਾਜਸੀ ਲਾਹਾ ਲੈਣ ਲਈ ਵਰਤਣ ਦੀ ਬਜਾਏ ਉਸ ਪ੍ਰਤੀ ਈਮਾਨਦਾਰ ਹੋਣ ਦਾ ਅਹਿਸਾਸ ਕਰਵਾਇਆ ਕਰਨ।
ਬਾਦਲ ਭੁੱਲਰ ਦੀ ਸਜ਼ਾ ਮੁਆਫ਼ ਕਰਵਾਉਣ ਦੇ ਮੁੱਦੇ ਨੂੰ ਰਾਜਸੀ ਲਾਹੇ ਲਈ ਨਾਂ ਵਰਤੇ – ਸਰਨਾ
This entry was posted in ਭਾਰਤ.